"ਇਸ ਐਕਟ ਦੇ ਤਹਿਤ ਜਾਂ ਇਹਦੇ ਅਧੀਨ ਬਣਾਏ ਗਏ ਕਿਸੇ ਵੀ ਨਿਯਮ ਜਾਂ ਹੁਕਮ ਦੇ ਅਨੁਸਾਰ ਸਦਭਾਵਨਾ ਨਾਲ਼ ਕੀਤੀ ਗਈ ਜਾਂ ਕਿਤੇ ਜਾਣ ਵਾਲੀ ਕਿਸੇ ਵੀ ਵਸਤੂ ਦੇ ਸਬੰਧ ਵਿੱਚ ਕੇਂਦਰ ਸਰਕਾਰ ਜਾਂ ਸੂਬਾ ਸਰਕਾਰ, ਜਾਂ ਕੇਂਦਰ ਸਰਕਾਰ ਜਾਂ ਸੂਬਾ ਸਰਕਾਰ ਦੇ ਕਿਸੇ ਅਧਿਕਾਰੀ ਜਾਂ ਕਿਸੇ ਹੋਰ ਵਿਅਕਤੀ (ਸਬੰਧਤ) ਦੇ ਖਿਲਾਫ਼ ਕੋਈ ਵੀ ਮੁਕੱਦਮਾ, ਮਾਮਲਾ ਜਾਂ ਹੋਰ ਕੋਈ ਕਨੂੰਨੀ ਕਾਰਵਾਈ ਕਰਨ ਯੋਗ ਨਹੀਂ ਹੋਵੇਗੀ।"
ਦਿ ਫਾਰਮਰਸ ਪ੍ਰੋਡਿਊਸ ਟਰੇਡ ਐਂਡ ਕਮਰਸ (ਪ੍ਰਮੋਸ਼ਨ ਐਂਡ ਫੈਸੀਲਿਏਸ਼ਨ) ਬਿੱਲ, 2020 ਦੇ ਖੰਡ 13 ਵਿੱਚ ਤੁਹਾਡਾ ਸਵਾਗਤ ਹੈ (ਜਿਹਦਾ ਇੱਕੋ-ਇੱਕ ਮਕਸਦ ਐਗਰੀਕਲਚਰ ਪ੍ਰੋਡਿਊਸ ਮਾਰਕੇਟਿੰਗ ਕਮੇਟੀਆਂ, ਜਿਨ੍ਹਾਂ ਨੂੰ ਏਪੀਐੱਮਸੀ ਵੀ ਕਿਹਾ ਜਾਂਦਾ ਹੈ, ਦਾ ਲੱਕ ਤੋੜਨਾ)।
ਅਤੇ ਤੁਸੀਂ ਸੋਚਿਆ ਇਹ ਨਵੇਂ ਕਨੂੰਨ ਸਿਰਫ਼ ਕਿਸਾਨਾਂ ਬਾਰੇ ਹੀ ਹਨ? ਯਕੀਨਨ, ਕੁਝ ਕਨੂੰਨ ਅਜਿਹੇ ਵੀ ਹਨ ਜੋ ਆਪਣੇ ਲੋਕ-ਸੇਵਕਾਂ ਨੂੰ ਆਪਣੇ ਕਨੂੰਨੀ ਕਰਤੱਵਾਂ ਨੂੰ ਪੂਰਿਆਂ ਕਰਨ ਵਿੱਚ ਮੁਕੱਦਮੇ ਤੋਂ ਬਾਹਰ ਰੱਖਦੇ ਹਨ। ਪਰ ਇਹ ਉਨ੍ਹਾਂ ਸਾਰਿਆਂ ਤੋਂ ਉੱਪਰ ਹੈ। 'ਸਦਭਾਵਨਾ ਨਾਲ਼' ਉਨ੍ਹਾਂ ਨੂੰ ਕੁਝ ਵੀ ਕਰਨ ਦੇ ਸਬੰਧ (ਜੋ ਵੀ ਉਹ ਕਰਨ) ਵਿੱਚ, ਬਖ਼ਸ਼ਿਆ ਗਿਆ ਬਚਾਅ, ਬਹੁਤ ਹੀ ਪ੍ਰਭਾਵੀ ਹੈ। ਨਾ ਸਿਰਫ਼ ਇਹ ਕਿ ਜੇਕਰ ਉਹ 'ਸਦਭਾਵਨਾ ਨਾਲ਼' ਕੋਈ ਅਪਰਾਧ ਕਰਨ, ਤਾਂ ਉਨ੍ਹਾਂ ਨੂੰ ਅਦਾਲਤੀ ਕਾਰਵਾਈ ਵਿੱਚ ਘੜੀਸਿਆ ਜਾ ਸਕਦਾ ਹੈ-ਸਗੋਂ ਉਨ੍ਹਾਂ ਨੂੰ ਉਨ੍ਹਾਂ ਅਪਰਾਧਾਂ ਦੇ ਖਿਲਾਫ਼ ਕਨੂੰਨੀ ਕਾਰਵਾਈ ਤੋਂ ਵੀ ਸੁਰੱਖਿਅਤ ਰੱਖਿਆ ਗਿਆ ਹੈ, ਜਿਹਨੂੰ (ਜਾਹਰ ਹੈ 'ਸਦਭਾਵਨਾ ਨਾਲ਼') ਉਨ੍ਹਾਂ ਨੇ ਹੁਣ ਤੱਕ ਨੇਪਰੇ ਨਹੀਂ ਚਾੜ੍ਹਿਆ।
ਤੁਹਾਡੇ ਇਸ ਨੁਕਤੇ ਤੋਂ ਖੁੰਝ ਜਾਣ ਦੀ ਸੂਰਤ ਵਿੱਚ- ਕਿ ਤੁਹਾਡੇ ਲਈ ਅਦਾਲਤਾਂ ਵਿੱਚ ਕੋਈ ਕਨੂੰਨੀ ਆਸਰਾ ਨਹੀਂ ਹੈ- ਖੰਡ 15 ਕਹਿੰਦਾ ਹੈ-
"ਇਸ ਐਕਟ ਤਹਿਤ ਜਾਂ ਇਹਦੇ ਅਧੀਨ ਜਾਂ ਇਹਦੇ ਅਨੁਸਾਰ ਬਣਾਏ ਗਏ ਨਿਯਮਾਂ ਦੇ ਤਹਿਤ ਅਧਿਕਾਰ ਸ਼ਕਤੀ ਦੇ ਸਬੰਧ ਵਿੱਚ ਕਿਸੇ ਵੀ ਸਿਵਿਲ ਕੋਰਟ ਦੇ ਕੋਲ਼ ਅਜਿਹੇ ਕਿਸੇ ਵੀ ਮੁਕੱਦਮੇ ਜਾਂ ਕਾਰਵਾਈ 'ਤੇ ਵਿਚਾਰ ਕਰਨ ਦਾ ਅਦਾਲਤੀ-ਇਖ਼ਤਿਆਰ ਨਹੀਂ ਹੋਵੇਗਾ, ਜਿਹਦਾ ਨੋਟਿਸ ਉਹਦੇ ਦੁਆਰਾ ਲਿਆ ਜਾ ਸਕਦਾ ਹੋਵੇ ਜਾਂ ਜਿਹਦੇ ਨਿਪਟਾਰਾ ਕੀਤਾ ਜਾ ਸਕਦਾ ਹੋਵੇ।"
'ਸਦਭਾਵਨਾ ਨਾਲ਼' ਕੰਮ/ਚੀਜਾਂ ਕਰਨ ਵਾਲੇ 'ਕੋਈ ਹੋਰ ਵਿਅਕਤੀ' ਕੌਣ ਹੈ, ਜਿਹਨੂੰ ਕਨੂੰਨੀ ਰੂਪ ਵਿੱਚ ਚੁਣੌਤੀ ਨਹੀਂ ਦਿੱਤੀ ਜਾ ਸਕਦੀ? ਇਸ਼ਾਰਾ: ਉਨ੍ਹਾਂ ਕਾਰਪੋਰੇਟ ਦੈਂਤਾਂ ਦੇ ਨਾਂਅ ਸੁਣਨ ਦੀ ਕੋਸ਼ਿਸ਼ ਕਰੋ ਜੋ ਨਾਂਅ ਪ੍ਰਦਰਸ਼ਨਕਾਰੀ ਕਿਸਾਨਾਂ ਦੀਆਂ ਜੁਬਾਨਾਂ 'ਤੇ ਹਨ। ਇਹ ਕਾਰੋਬਾਰ ਦੀ ਸੌਖ਼ ਬਾਰੇ ਹੈ- ਵੱਡੇ, ਬਹੁਤ ਵੱਡੇ ਕਾਰੋਬਾਰ ਬਾਰੇ।
"ਕੋਈ ਮਾਮਲਾ, ਮੁਕੱਦਮਾ ਜਾਂ ਹੋਰ ਕਨੂੰਨੀ ਕਾਰਵਾਈ ਅਮਲੀ ਰੂਪ ਨਹੀਂ ਲਵੇਗੀ..." ਸਿਰਫ਼ ਕਿਸਾਨ ਹੀ ਨਹੀਂ ਹਨ, ਜੋ ਮੁਕੱਦਮਾ ਨਹੀਂ ਕਰ ਸਕਦੇ। ਕੋਈ ਦੂਸਰਾ ਵੀ ਕਰ ਸਕਦਾ। ਇਹ ਲੋਕਹਿੱਤ ਮੁਕੱਦਮੇਬਾਜੀ 'ਤੇ ਵੀ ਲਾਗੂ ਹੁੰਦਾ ਹੈ। ਨਾ ਹੀ ਗੈਰ-ਮੁਨਾਫੇਕਾਰੀ ਸਮੂਹ, ਨਾ ਹੀ ਕਿਸਾਨੀ ਯੂਨੀਅਨਾਂ ਜਾਂ ਕੋਈ ਵੀ ਨਾਗਰਿਕ (ਚੰਗੀ ਜਾਂ ਮਾੜੀ ਨੀਅਤ ਨਾਲ਼) ਦਖ਼ਲ ਹੀ ਦੇ ਸਕਦਾ ਹੈ।
ਇਹ ਨਿਸ਼ਚਿਤ ਰੂਪ ਨਾਲ਼ 1975-77 ਦੀ ਐਮਰਜੈਂਸੀ (ਜਦੋਂ ਅਸੀਂ ਸਾਰੇ ਮੌਲਿਕ ਅਧਿਕਾਰਾਂ ਨੂੰ ਮੁਅੱਤਲ ਕਰ ਦਿੱਤਾ ਸੀ) ਤੋਂ ਬਾਦ ਵਾਲੇ ਕਿਸੇ ਵੀ ਕਨੂੰਨ ਵਿੱਚ ਨਾਗਰਿਕਾਂ ਨੂੰ ਵਿਆਪਕ ਰੂਪ ਨਾਲ਼ ਕਨੂੰਨੀ ਅਧਿਕਾਰ ਦੇਣ ਤੋਂ ਮਨ੍ਹਾ ਕਰਨਾ ਹੈ।







