“ਯਾਕਾਂ ਦੀ ਆਬਾਦੀ ਘੱਟਦੀ ਜਾ ਰਹੀ ਹੈ,” ਪਦਮਾ ਥੂਮੋ ਨੇ ਕਿਹਾ। 30 ਸਾਲਾਂ ਤੋਂ ਯਾਕ ਚਰਾ ਰਹੀ ਥੂਮੋ ਨੇ ਦੱਸਿਆ, “ਅੱਜ ਕੱਲ੍ਹ ਹੇਠਲੇ ਪਠਾਰ (ਤਕਰੀਬਨ 3,000 ਮੀਟਰ) ’ਤੇ ਬਹੁਤ ਘੱਟ ਯਾਕ ਦਿਖਾਈ ਦਿੰਦੇ ਹਨ।”
ਪਦਮਾ ਜ਼ੰਸਕਾਰ ਬਲਾਕ ਦੇ ਅਬਰਾਨ ਪਿੰਡ ਦੀ ਰਹਿਣ ਵਾਲੀ ਹੈ ਅਤੇ ਲੱਦਾਖ ਦੀਆਂ ਉੱਚੀਆਂ ਅਤੇ ਠੰਢੀਆਂ ਚੋਟੀਆਂ ’ਤੇ ਹਰ ਸਾਲ ਤਕਰੀਬਨ 120 ਜਾਨਵਰਾਂ ਨਾਲ ਸਫ਼ਰ ਕਰਦੀ ਆ ਰਹੀ ਹੈ, ਜਿੱਥੇ ਤਾਪਮਾਨ ਮਨਫੀ 15 ਡਿਗਰੀ ਸੈਲਸੀਅਸ ਤੱਕ ਡਿੱਗ ਜਾਂਦਾ ਹੈ।
ਯਾਕ (ਬੌਸ ਗਰਨੀਅਨਜ਼) ਅਜਿਹੇ ਠੰਢੇ ਤਾਪਮਾਨ ਦੇ ਸੌਖਿਆਂ ਆਦੀ ਹੋ ਜਾਂਦੇ ਹਨ, ਪਰ 13 ਡਿਗਰੀ ਸੈਲਸੀਅਸ ਤੋਂ ਉੱਤੇ ਦੇ ਤਾਪਮਾਨ ਵਿੱਚ ਇਹਨਾਂ ਦਾ ਜਿਉਂਦੇ ਰਹਿਣਾ ਮੁਸ਼ਕਿਲ ਹੁੰਦਾ ਹੈ।
ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਪਿਛਲੇ ਕੁਝ ਦਹਾਕਿਆਂ ਵਿੱਚ ਜ਼ੰਸਕਾਰ ਘਾਟੀ ਵਿਚਲੇ ਹੇਠਲੇ ਪਠਾਰਾਂ ਵਿੱਚ ਗਰਮੀਆਂ ਵਿੱਚ ਔਸਤ ਤਾਪਮਾਨ 25 ਤੋਂ 32 ਡਿਗਰੀ ਸੈਲਸੀਅਸ ਤੱਕ ਵਧਣ ਲੱਗਿਆ ਹੈ। “ਸਰਦੀਆਂ ਅਤੇ ਗਰਮੀਆਂ ਦੇ ਤਾਪਮਾਨ ਵਿੱਚ ਬਹੁਤ ਜ਼ਿਆਦਾ ਫ਼ਰਕ ਆ ਗਿਆ ਹੈ,” ਘਾਟੀ ਵਿੱਚ ਰਹਿੰਦੇ ਇੱਕ ਡਰਾਈਵਰ, ਤੈਨਜ਼ਿਨ ਐਨ. ਦਾ ਕਹਿਣਾ ਹੈ।
ਇਸ ਅਸਧਾਰਨ ਗਰਮੀ ਦਾ ਯਾਕਾਂ ਦੀ ਆਬਾਦੀ ਉੱਤੇ ਖ਼ਾਸਾ ਅਸਰ ਪਿਆ ਹੈ, 2012 ਤੋਂ ਲੈ ਕੇ 2019 ਤੱਕ ਜੰਮੂ-ਕਸ਼ਮੀਰ ਵਿੱਚ ਇਨ੍ਹਾਂ ਦੀ ਅਬਾਦੀ ਅੱਧੀ (20ਵੀਂ ਪਸ਼ੂ ਗਣਨਾ) ਰਹਿ ਗਈ ਹੈ।























