ਹੋ ਸਕਦਾ ਹੈ ਕਿ ਤੁਸੀਂ ਸਤਜੇਲਿਆ ਵਿੱਚ ਬਣੇ ਇਕਲੌਤੇ ਡਾਕ ਘਰ ਨੂੰ ਨਜ਼ਰਅੰਦਾਜ਼ ਕਰ ਦਿਉ। ਕੱਚੀ ਝੋਂਪੜੀ ਵਿੱਚ ਬਣੇ ਇਸ ਡਾਕ ਘਰ ਦੀ ਇੱਕੋ ਇੱਕ ਨਿਸ਼ਾਨੀ ਇਸ ਦੇ ਬਾਹਰ ਲਟਕਦਾ ਲਾਲ ਲੋਹੇ ਦਾ ਲੈਟਰ ਬਾਕਸ ਹੈ।
ਪੱਛਮੀ ਬੰਗਾਲ ਦੇ 24 ਪਰਗਨਾ ਜ਼ਿਲ੍ਹੇ ਦਾ ਇਹ 80 ਸਾਲ ਪੁਰਾਣਾ ਸਬ ਡਾਕ ਘਰ ਸੱਤ ਗ੍ਰਾਮ ਪੰਚਾਇਤਾਂ ਲਈ ਕੰਮ ਕਰਦਾ ਹੈ। ਇਹ ਕੱਚੀ ਇਮਾਰਤ ਸੁੰਦਰਬੰਸ ਵਿੱਚ ਤਬਾਹੀ ਮਚਾਉਣ ਵਾਲੇ ਆਈਲਾ ਅਤੇ ਅਮਫ਼ਾਨ ਵਰਗੇ ਮਹਾਂ ਚੱਕਰਵਾਤਾਂ ਦੀ ਮਾਰ ਵੀ ਝੱਲ ਚੁੱਕੀ ਹੈ। ਇੱਥੋਂ ਦੇ ਵਸਨੀਕਾਂ ਲਈ ਇਹ ਇੱਕ ਸੰਜੀਵਨੀ ਬੂਟੀ ਵਾਂਗ ਹੈ ਜਿਨ੍ਹਾਂ ਦੇ ਇੱਥੇ ਬੱਚਤ ਖਾਤੇ ਹਨ ਅਤੇ ਸਰਕਾਰੀ ਕਾਗਜ਼ ਜਿਵੇਂ ਕਿ ਸ਼ਨਾਖਤੀ ਕਾਰਡ ਆਦਿ ਡਾਕ ਰਾਹੀਂ ਇੱਥੇ ਹੀ ਆਉਂਦੇ ਹਨ।
ਗੋਸਾਬਾ ਬਲਾਕ ਤਿੰਨ ਪਾਸਿਉਂ ਨਦੀਆਂ ਨਾਲ਼ ਘਿਰਿਆ ਹੋਇਆ ਹੈ- ਉੱਤਰ-ਪੱਛਮੀ ਹਿੱਸੇ ਵਿੱਚ ਗੋਮਤੀ, ਦੱਖਣ ਵਿੱਚ ਦੱਤਾ ਅਤੇ ਪੂਰਬ ਵਿੱਚ ਗੰਦਲ। ਲਕਸਬਾਗਾਨ ਪਿੰਡ ਦੇ ਵਸਨੀਕ ਜਯੰਤ ਮੰਡਲ ਦਾ ਕਹਿਣਾ ਹੈ, “ਇਸ ਟਾਪੂ ਵਾਲੇ ਇਲਾਕੇ ਵਿੱਚ ਇਹ ਡਾਕ ਘਰ ਸਾਡੀ ਇੱਕੋ ਇੱਕ ਉਮੀਦ ਹੈ [ਸਰਕਾਰੀ ਦਸਤਾਵੇਜ਼ ਪ੍ਰਾਪਤ ਕਰਨ ਲਈ]।”
ਇੱਥੋਂ ਦੇ ਮੌਜੂਦਾ ਪੋਸਟ ਮਾਸਟਰ ਨਿਰੰਜਨ ਮੰਡਲ ਜੀ ਨੂੰ ਇੱਥੇ ਕੰਮ ਕਰਦਿਆਂ 40 ਸਾਲ ਹੋ ਗਏ ਹਨ। ਇਹਨਾਂ ਤੋਂ ਪਹਿਲਾਂ ਇਹਨਾਂ ਦੇ ਪਿਤਾ ਇੱਥੇ ਪੋਸਟ ਮਾਸਟਰ ਸਨ। ਰੋਜ਼ ਸਵੇਰੇ ਉਹ ਕੁਝ ਕੁ ਮਿੰਟਾਂ ਦਾ ਸਫ਼ਰ ਪੈਦਲ ਤੈਅ ਕਰ ਕੇ ਉਹ ਆਪਣੇ ਘਰ ਤੋਂ ਇੱਥੇ ਕੰਮ ਕਰਨ ਪਹੁੰਚਦੇ ਹਨ। ਡਾਕ ਘਰ ਦੇ ਨੇੜੇ ਹੀ ਸਥਾਨਕ ਚਾਹ ਦੀ ਦੁਕਾਨ ਹੈ ਜਿੱਥੇ ਸਾਰਾ ਦਿਨ ਲੋਕਾਂ ਦਾ ਆਉਣਾ ਜਾਣਾ ਲੱਗਿਆ ਰਹਿੰਦਾ ਹੈ ਇਸ ਲਈ ਡਾਕ ਘਰ ਵਿੱਚ ਕੋਈ ਨਾ ਕੋਈ ਆਇਆ ਹੀ ਰਹਿੰਦਾ ਹੈ।
59 ਸਾਲਾ ਪੋਸਟ ਮਾਸਟਰ ਦਾ ਕੰਮ ਸਵੇਰੇ 10 ਵਜੇ ਸ਼ੁਰੂ ਹੋ ਕੇ ਸ਼ਾਮ 4 ਵਜੇ ਖਤਮ ਹੁੰਦਾ ਹੈ। ਡਾਕ ਘਰ ਵਿੱਚ ਰੌਸ਼ਨੀ ਦਾ ਜ਼ਰੀਆ ਸੌਰ ਊਰਜਾ ਨਾਲ਼ ਚੱਲਣ ਵਾਲੀ ਲਾਈਟ ਹੈ ਜੋ ਬਾਰਿਸ਼ਾਂ ਵਿੱਚ ਕਾਮਯਾਬ ਨਹੀਂ। ਜਦ ਸੌਰ ਪੈਨਲ ਚਾਰਜ ਨਹੀਂ ਹੁੰਦੇ ਤਾਂ ਕਰਮਚਾਰੀ ਮਿੱਟੀ ਦੇ ਤੇਲ ਨਾਲ਼ ਚੱਲਣ ਵਾਲੇ ਲੈਂਪ ਨਾਲ਼ ਕੰਮ ਚਲਾਉਂਦੇ ਹਨ। ਨਿਰੰਜਨ ਜੀ ਦੱਸਦੇ ਹਨ ਉਹਨਾਂ ਨੂੰ ਰੱਖ ਰਖਾਅ ਲਈ 100 ਰੁਪਏ ਪ੍ਰਤੀ ਮਹੀਨਾ ਮਿਲਦੇ ਹਨ- 50 ਰੁਪਏ ਕਿਰਾਏ ਲਈ ਅਤੇ 50 ਰੁਪਏ ਹੋਰ ਸਮਾਨ ਖਰੀਦਣ ਲਈ।
ਨਿਰੰਜਨ ਜੀ ਨਾਲ਼ ਚਪੜਾਸੀ ਬਾਬੂ ਕੰਮ ਕਰਦੇ ਹਨ ਜਿਨ੍ਹਾਂ ਦਾ ਕੰਮ ਆਪਣੀ ਸਾਈਕਲ ਤੇ ਪਿੰਡਾਂ ਵਿੱਚ ਚਿੱਠੀਆਂ ਵੰਡਣ ਦਾ ਹੈ।
ਨਿਰੰਜਨ ਬਾਬੂ ਨੂੰ ਡਾਕ ਘਰ ਵਿੱਚ ਕੰਮ ਕਰਦਿਆਂ ਲਗਭਗ ਅੱਧੀ ਸਦੀ ਹੋ ਗਈ ਹੈ ਅਤੇ ਉਹ ਕੁਝ ਸਾਲਾਂ ਵਿੱਚ ਰਿਟਾਇਰਡ ਹੋਣ ਵਾਲੇ ਹਨ। ਉਸ ਤੋਂ ਪਹਿਲਾਂ, “ਪੱਕੀ ਇਮਾਰਤ ਬਣਦੇ ਦੇਖਣ ਮੇਰਾ ਇੱਕੋ ਇੱਕ ਸੁਪਨਾ ਹੈ,” ਉਹ ਕਹਿੰਦੇ ਹਨ।
ਇਸ ਰਿਪੋਰਟ ਵਿੱਚ ਮਦਦ ਕਰਨ ਲਈ ਪੱਤਰਕਾਰ ਊਰਨਾ ਰਾਉਤ ਦੇ ਧੰਨਵਾਦੀ ਹਨ ।
ਤਰਜਮਾ: ਨਵਨੀਤ ਸਿੰਘ ਧਾਲੀਵਾਲ