ਹੇਮੰਤ ਕਾਵਲੇ ਆਪਣੇ ਨਾਮ ਅੱਗੇ ਇੱਕ ਹੋਰ ਵਿਸ਼ੇਸ਼ਣ ਜੋੜਨ ‘ਤੇ ਜ਼ੋਰ ਦਿੰਦੇ ਹਨ।
“ਮੈਂ ਪੜ੍ਹਿਆ ਲਿਖਿਆ, ਬੇਰੁਜ਼ਗਾਰ, ਅਤੇ ... ਕੁਆਰਾ ਹਾਂ,” ਇਹ 30 ਸਾਲਾ ਜਵਾਨ ਆਪਣੇ ਇਕਲਾਪੇ ਦੀ ਸਥਿਤੀ ਬਿਆਨ ਕਰਦੇ ਹੋਏ ਆਪਣੀ ਅਤੇ ਆਪਣੇ ਜਵਾਨ ਕਿਸਾਨ ਸਾਥੀਆਂ ਦਾ ਮਜ਼ਾਕ ਉਡਾਉਂਦੇ ਹਨ।
“ਸੂ-ਸ਼ਿਕਸ਼ਿਤ, ਬੇਰੁਜਗਾਰ, ਅਵਿਵਾਹਿਤ,” ਉਹ ਹਰੇਕ ਸ਼ਬਦ ਜ਼ੋਰ ਦੇ ਕੇ ਕਹਿੰਦੇ ਹਨ। ਪਾਨ ਦੇ ਛੋਟੇ ਜਿਹੇ ਖੋਖੇ ਕੋਲ ਖੜ੍ਹੇ ਉਹਨਾਂ ਦੇ ਸਾਥੀ-ਮਿੱਤਰ ਜੋ ਤੀਹਵੇਂ ਦਹਾਕੇ ਦੇ ਅੱਧ ਵਿੱਚ ਲੱਗਦੇ ਹਨ, ਆਪਣੇ ਮਜਬੂਰਨ ਕੁਆਰੇਪਨ ਦੀ ਸ਼ਰਮਿੰਦਗੀ ਅਤੇ ਗੁੱਸੇ ਨੂੰ ਲੁਕਾਉਂਦੇ ਹੋਏ ਮਿੰਨਾ ਜਿਹਾ ਮੁਸਕੁਰਾਉਂਦੇ ਹਨ।
“ਇਹੀ ਸਾਡਾ ਮੁੱਖ ਮੁੱਦਾ ਹੈ,” ਕਾਵਲੇ ਕਹਿੰਦੇ ਹਨ ਜਿਨ੍ਹਾਂ ਨੇ ਅਰਥ-ਸ਼ਾਸ਼ਤਰ ਦੀ ਐੱਮ.ਏ. ਕੀਤੀ ਹੈ।
ਅਸੀਂ ਮਹਾਰਾਸ਼ਟਰ ਦੇ ਕਿਸਾਨ ਆਤਮ ਹੱਤਿਆ ਨਾਲ ਜੂਝ ਰਹੇ ਪੂਰਬੀ ਇਲਾਕੇ ਵਿਦਰਭ ਵਿੱਚ ਯਮਤਵਾਲ-ਦਰਵਾਹਾ ਸੜਕ ‘ਤੇ ਪੈਂਦੇ ਪਿੰਡ ਸੇਲੋੜੀ ਵਿੱਚ ਹਾਂ ਜੋ ਲੰਮੇ ਸਮੇਂ ਤੋਂ ਖੇਤੀ ਸੰਕਟ ਅਤੇ ਉੱਚ ਪ੍ਰਵਾਸ ਦਰ ਦੇ ਕਾਲੇ ਦੌਰ ਵਿੱਚੋਂ ਲੰਘ ਰਿਹਾ ਹੈ। ਨੌਜਵਾਨਾਂ ਦਾ ਸਮੂਹ ਪਿੰਡ ਦੇ ਵਿਚਾਲੇ ਕਾਵਲੇ ਦੁਆਰਾ ਲਗਾਏ ਗਏ ਖੋਖੇ ਕੋਲ ਰੁੱਖ ਦੀ ਛਾਂਵੇ ਆਪਣਾ ਵਿਹਲਾ ਸਮਾਂ ਬਿਤਾਉਂਦੇ ਹਨ। ਉਹ ਸਾਰੇ ਗ੍ਰੈਜੂਏਟ ਜਾਂ ਪੋਸਟਗ੍ਰੈਜੂਏਟ ਹਨ; ਸਾਰਿਆਂ ਕੋਲ ਵਾਹੁਣਯੋਗ ਜ਼ਮੀਨਾਂ ਹਨ; ਸਾਰੇ ਹੀ ਕੁਆਰੇ ਹਨ। ਉਹਨਾਂ ਵਿੱਚੋਂ ਕਿਸੇ ਦਾ ਵੀ ਵਿਆਹ ਨਹੀਂ ਹੋਇਆ ਹੈ।
ਉਹਨਾਂ ਵਿੱਚੋਂ ਬਹੁਤਿਆਂ ਨੇ ਦੂਰ-ਦੂਰਾਡੇ ਸ਼ਹਿਰਾਂ ਜਿਵੇਂ ਕਿ ਬੰਬਈ, ਨਾਗਪੁਰ ਜਾਂ ਅਮਰਾਵਤੀ ਵਿੱਚ ਆਪਣੀ ਕਿਸਮਤ ਅਜਮਾਈ ਹੈ: ਥੋੜ੍ਹੇ ਸਮੇਂ ਲਈ ਘੱਟ ਤਨਖਾਹ ‘ਤੇ ਕੰਮ ਕੀਤਾ, ਸਟੇਟ ਅਤੇ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਅਤੇ ਦੂਜੇ ਸਰਕਾਰੀ ਨੌਕਰੀਆਂ ਦੇ ਪੇਪਰ ਵੀ ਦਿੱਤੇ ਪਰ ਅਖੀਰ ਅਸਫਲ ਹੋਏ।
ਇਸ ਹਿੱਸੇ ਦੇ ਅਤੇ ਸ਼ਾਇਦ ਸਾਰੇ ਦੇਸ਼ ਦੇ ਜ਼ਿਆਦਾਤਰ ਨੌਜਵਾਨਾਂ ਵਾਂਗ ਕਾਵਲੇ ਇਹੀ ਸੋਚਦੇ ਹੋਏ ਵੱਡੇ ਹੋਏ ਕਿ ਇੱਕ ਚੰਗੀ ਨੌਕਰੀ ਲਈ ਉਹਨਾਂ ਨੂੰ ਚੰਗੀ ਸਿੱਖਿਆ ਦੀ ਲੋੜ ਹੈ।
ਪਰ ਹੁਣ ਉਹਨਾਂ ਨੂੰ ਇਹ ਪਤਾ ਲੱਗਿਆ ਹੈ ਕਿ ਵਿਆਹ ਕਰਵਾਉਣ ਲਈ ਉਹਨਾਂ ਨੂੰ ਇੱਕ ਪੱਕੀ ਸਰਕਾਰੀ ਨੌਕਰੀ ਦੀ ਲੋੜ ਹੈ।
ਨੌਕਰੀਆਂ ਦੀ ਘਾਟ ਕਾਰਨ ਕਾਵਲੇ ਪਿੰਡ ਵਿੱਚ ਆਪਣੀ ਜੱਦੀ ਜ਼ਮੀਨ ‘ਤੇ ਖੇਤੀ ਕਰਨ ਲਈ ਵਾਪਸ ਆ ਗਏ ਅਤੇ ਵਾਧੂ ਕਮਾਈ ਲਈ ਪਿੰਡ ਵਿੱਚ ਇੱਕ ਖੋਖਾ ਵੀ ਖੋਲ੍ਹ ਲਿਆ।
“ਮੈਂ ਪਾਨ ਦਾ ਖੋਖਾ ਖੋਲ੍ਹਣ ਦੀ ਸੋਚੀ, ਇੱਕ ਮਿੱਤਰ ਨੂੰ ਰਸਵੰਤੀ (ਗੰਨੇ ਦੇ ਰਸ) ਦੀ ਰੇੜ੍ਹੀ ਲਾਉਣ ਦੀ ਸਲਾਹ ਦਿੱਤੀ ਅਤੇ ਇੱਕ ਹੋਰ ਮਿੱਤਰ ਨੂੰ ਖਾਣ-ਪੀਣ ਵਾਲੀਆਂ ਚੀਜਾਂ ਦਾ ਖੋਖਾ ਲਾਉਣ ਦੀ ਸਲਾਹ ਦਿੱਤੀ ਤਾ ਕਿ ਅਸੀਂ ਕੁਝ ਕਾਰੋਬਾਰ ਕਰ ਸਕੀਏ,” ਤੀਖਣ ਬੁੱਧੀ ਵਾਲੇ ਕਾਵਲੇ ਕਹਿੰਦੇ ਹਨ। “ਪੁਣੇ ਵਿੱਚ ਇੱਕ ਪੂਰੀ ਰੋਟੀ ਖਾਣ ਦੀ ਬਜਾਏ ਆਪਣੇ ਪਿੰਡ ਵਿੱਚ ਅੱਧੀ ਰੋਟੀ ਖਾਣੀ ਵੀ ਕਿਤੇ ਜ਼ਿਆਦਾ ਬਿਹਤਰ ਹੈ,” ਉਹ ਕਹਿੰਦੇ ਹਨ।









