"ਅੰਮਾ, ਸਕੂਲ ਕਦੋਂ ਖੁੱਲ੍ਹੇਗਾ?" ਮੁਨੀਆ ਪੁੱਛਦੀ ਹੈ। ਸਹਾਰਾ ਵੱਲੋਂ ਜੂਟ ਦੇ ਪੌਦਿਆਂ ਨੂੰ ਪੇਤਲਾ ਕਰਨ ਦੀਆਂ ਕੋਸ਼ਿਸ਼ਾਂ ਦਾ ਆਖਰੀ ਦੌਰ ਜਾਰੀ ਰਿਹਾ। ਉਨ੍ਹਾਂ ਦੇ 0.10 ਏਕੜ ਦੇ ਖੇਤ ਵਿੱਚ ਇਹ ਰੁਝੇਵੇਂ ਭਰੇ ਦਿਨਾਂ ਦਾ ਸਮਾਂ ਹੈ। ਉਨ੍ਹਾਂ ਕੋਲ਼ ਮੁਨੀਆ ਦੇ ਸਵਾਲਾਂ ਦਾ ਜਵਾਬ ਦੇਣ ਦਾ ਸਮਾਂ ਨਹੀਂ ਹੈ।
"ਸਕੂਲ ਕਿਉਂ ਨਹੀਂ ਖੁੱਲ੍ਹ ਰਹੇ...!" ਛੋਟੀ ਕੁੜੀ ਦੁਬਾਰਾ ਉਹੀ ਸਵਾਲ ਪੁੱਛ ਰਹੀ ਹੈ। ਇਸ ਵਾਰ ਸਹਾਰਾ ਦਾ ਹੱਥ ਰੁਕਦਾ ਹੈ ਤੇ ਉਸ ਵੱਲ ਮੁੜਦੀ ਹੋਈ ਆਪਣੀ ਅਵਾਜ਼ ਵਿਚਲੀ ਨਿਰਾਸ਼ਾ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰਦੀ ਹੋਈ: "ਦੇਖਿਸ਼ ਨਾ ਕੀ ਗਰੂਮ (ਕੀ ਤੈਨੂੰ ਲੂੰਹਦੀ ਧੁੱਪ ਨਹੀਂ ਦਿੱਸਦੀ? ਅੱਠ ਮਹੀਨਿਆਂ ਤੋਂ ਮੀਂਹ ਨਹੀਂ ਪਿਆ ਹੈ)।''
"ਫਿਰ ਉਹ ਏਸੀ ਕਿਉਂ ਨਹੀਂ ਲਾਉਂਦੇ?" ਮੁਨੀਆ ਹਾਰ ਨਹੀਂ ਮੰਨਦੀ।
"ਸਰਕਾਰ ਕੋਲ਼ ਪੈਸੇ ਨਹੀਂ ਹਨ।'' ਸਹਾਰਾ ਦਾ ਸਬਰ ਖ਼ਤਮ ਹੋ ਰਿਹਾ ਹੈ।
"ਬੋਰੋਲੋਕ ਇੰਗਲਿਸ਼ ਸਕੂਲਾਂ (ਅਮੀਰਾਂ ਦੇ ਅੰਗਰੇਜ਼ੀ ਮਾਧਿਅਮ ਸਕੂਲ) ਵਿੱਚ ਫਿਰ ਇੰਨੇ ਏਸੀ ਕਿਵੇਂ ਹਨ?"
ਸ਼ਾਮ ਤੱਕ ਸਹਾਰਾ ਸਖ਼ਤ ਮਿਹਨਤ ਕਰਦੀ ਰਹੀ ਤੇ ਚੁੱਪ ਧਾਰੀ ਮਸ਼ਰੂਫ਼ ਰਹੀ। ਉਸ ਨੂੰ ਉਸ ਦਿਨ ਆਪਣਾ ਕੰਮ ਵਿਚਾਲ਼ੇ ਛੱਡ ਕਾਹਲੀ-ਕਾਹਲੀ ਮੁਨੀਆ ਨਾਲ਼ ਘਰ ਮੁੜਨਾ ਪਿਆ। ਇਹ ਵੋਟਿੰਗ ਦਾ ਦਿਨ ਸੀ। ਸਹਾਰਾ ਆਪਣੀ ਅੱਠ ਸਾਲਾ ਬੇਟੀ ਨਾਲ਼ ਵੋਟ ਪਾਉਣ ਲਈ ਪ੍ਰਾਇਮਰੀ ਸਕੂਲ ਦੇ ਬੂਥ ਵੱਲ ਭੱਜਦੀ ਹੈ।
"ਸਾਨੂੰ ਵੋਟ ਕਿਉਂ ਪਾਉਣੀ ਚਾਹੀਦੀ ਹੈ, ਅੰਮੀ?" ਮੁਨੀਆ ਦੇ ਸਵਾਲ ਰੁਕੇ ਨਹੀਂ। ਸਹਾਰਾ ਨੂੰ ਪਰ ਇਸ ਗੱਲੋਂ ਕੁਝ ਰਾਹਤ ਮਿਲੀ ਕਿ ਸ਼ੁਕਰ ਸੀ ਉਹਦੇ ਸਵਾਲ ਬਦਲ ਗਏ ਸਨ। ਪਰ ਉਹਦੇ ਅੰਦਰ ਸਵਾਲਾਂ ਦੇ ਜਵਾਬ ਦੇਣ ਦੀ ਤਾਕਤ ਨਹੀਂ ਸੀ।
''ਮੈਂ ਕੱਲ੍ਹ ਟੀਵੀ 'ਤੇ ਸੁਣਿਆ। ਇੱਕ ਵੱਡਾ ਨੇਤਾ ਕਹਿ ਰਿਹਾ ਸੀ ਕਿ ਸਾਨੂੰ ਮੁਸਲਿਮ ਵੋਟਾਂ ਨਹੀਂ ਚਾਹੀਦੀਆਂ! ਅਸੀਂ ਤਾਂ ਮੁਸਲਮਾਨ ਹਾਂ, ਅੰਮੀ? ਫਿਰ ਅਸੀਂ ਵੋਟ ਕਿਉਂ ਪਾ ਰਹੇ ਹਾਂ?"
ਕਤਾਰ ਵਿੱਚ ਹੌਲ਼ੀ-ਹੌਲ਼ੀ ਅੱਗੇ ਵੱਧਦੀ ਸਹਾਰਾ ਯਕਦਮ ਅਹਿੱਲ ਹੋ ਜਾਂਦੀ ਹੈ ਤੇ ਆਪਣੀ ਬੱਚੀ ਵੱਲ ਬਿਟਰ-ਬਿਟਰ ਦੇਖਣ ਲੱਗਦੀ ਹੈ। ਮੁਨੀਆ ਨੂੰ ਉਸ ਯਖ਼ ਕਰ ਸੁੱਟਣ ਵਾਲ਼ੀ ਨਜ਼ਰ ਦਾ ਮਤਲਬ ਪਤਾ ਹੁੰਦਾ ਹੈ ਤੇ ਉਹ ਦੜ ਵੱਟ ਜਾਂਦੀ ਹੈ।


