ਜ਼ਾਕਿਰ ਹੁਸੈਨ ਅਤੇ ਮਹੇਸ਼ ਕੁਮਾਰ ਚੌਧਰੀ ਬਚਪਨ ਦੇ ਦੋਸਤ ਹਨ, ਅਤੇ ਇਸ ਸਮੇਂ ਉਮਰ ਦੇ ਚਾਲੀਵਿਆਂ ਵਿੱਚ ਵੀ ਉਹਨਾਂ ਵਿੱਚ ਕਾਫ਼ੀ ਨੇੜਤਾ ਹੈ। ਜ਼ਾਕਿਰ ਅਜਨਾ ਪਿੰਡ ਦੇ ਨਿਵਾਸੀ ਹਨ ਅਤੇ ਪਾਕੁਰ ਵਿਖੇ ਉਸਾਰੀ ਠੇਕੇਦਾਰ ਹਨ ਜਿੱਥੇ ਮਹੇਸ਼ ਛੋਟਾ ਜਿਹਾ ਰੈਸਟੋਰੈਂਟ ਚਲਾਉਂਦੇ ਹਨ।
“ਪਾਕੁਰ [ਜਿਲਾ] ਇੱਕ ਸ਼ਾਂਤਮਈ ਜਗ੍ਹਾ ਹੈ ਅਤੇ ਲੋਕ ਆਪਸ ਵਿੱਚ ਭਾਈਚਾਰੇ ਨਾਲ ਰਹਿੰਦੇ ਹਨ,” ਮਹੇਸ਼ ਜੀ ਦਾ ਕਹਿਣਾ ਹੈ।
“ਇਹ ਸਿਰਫ਼ ਹੇਮੰਤ ਬਿਸਵਾ ਸਰਮਾ [ਅਸਾਮ ਦੇ ਮੁੱਖ ਮੰਤਰੀ] ਵਰਗੇ ਬਾਹਰੋਂ ਆਏ ਲੋਕ ਹੀ ਹਨ ਜੋ ਲੋਕਾਂ ਨੂੰ ਆਪਣੇ ਭਾਸ਼ਨਾਂ ਨਾਲ ਭੜਕਾ ਰਹੇ ਹਨ,” ਆਪਣੇ ਦੋਸਤ ਦੇ ਨਾਲ ਬੈਠੇ ਜ਼ਾਕਿਰ ਕਹਿੰਦੇ ਹਨ।
ਪਾਕੁਰ, ਸੰਥਾਲ ਪਰਗਨਾ ਇਲਾਕੇ ਦਾ ਇੱਕ ਹਿੱਸਾ ਹੈ ਜੋ ਝਾਰਖੰਡ ਦੇ ਪੂਰਬੀ ਹਿੱਸੇ ਵਿੱਚ ਪੈਂਦਾ ਹੈ ਅਤੇ ਸੂਬੇ ਵਿੱਚ 20 ਨਵੰਬਰ 2024 ਨੂੰ ਵਿਧਾਨ ਸਭਾ ਚੋਣਾਂ ਹੋਣ ਜਾਂ ਰਹੀਆਂ ਹਨ। 2019 ਵਿੱਚ ਹੋਈਆਂ ਪਿਛਲੀਆਂ ਚੋਣਾਂ ਵਿੱਚ ਝਾਰਖੰਡ ਮੁਕਤੀ ਮੋਰਚਾ (ਜੇ. ਐਮ. ਐਮ.) ਦੀ ਅਗਵਾਈ ਵਾਲੇ ਗਠਜੋੜ ਨੇ ਭਾਜਪਾ ਨੂੰ ਸੱਤਾ ਤੋਂ ਬਾਹਰ ਕਰ ਦਿੱਤਾ ਸੀ।
ਸੱਤਾ ਵਿੱਚ ਮੁੜ ਵਾਪਸੀ ਲਈ ਹੁਣ ਭਾਜਪਾ ਨੇ ਅਸਾਮ ਦੇ ਮੁੱਖ ਮੰਤਰੀ ਨੂੰ ਵੋਟਰਾਂ ਨੂੰ ਰਿਝਾਉਣ ਲਈ ਭੇਜਿਆ ਹੈ। ਭਾਜਪਾ ਦੇ ਲੀਡਰਾਂ ਨੇ ਮੁਸਲਮਾਨਾਂ ਖਿਲਾਫ ਗੁੱਸਾ ਭੜਕਾਉਣ ਦੀ ਕੋਸ਼ਿਸ਼ ਵਿੱਚ ਉਹਨਾਂ ਨੂੰ ‘ਬੰਗਲਾਦੇਸ਼ ਤੋਂ ਆਏ ਘੁਸਪੈਠੀਆਂ’ ਦਾ ਨਾਮ ਦਿੱਤਾ ਹੈ।
“ਮੇਰੇ ਗੁਆਂਢ ਵਿੱਚ ਹਿੰਦੂ ਰਹਿੰਦੇ ਹਨ ਅਤੇ ਸਾਡਾ ਇੱਕ ਦੂਜੇ ਦੇ ਘਰਾਂ ਵਿੱਚ ਆਉਣਾ ਜਾਣਾ ਹੈ,” ਜ਼ਾਕਿਰ ਆਪਣੀ ਗੱਲ ਜਾਰੀ ਰੱਖਦੇ ਹਨ, “ਹਿੰਦੂ-ਮੁਸਲਮਾਨ ਦਾ ਮੁੱਦਾ ਸਿਰਫ਼ ਵੋਟਾਂ ਵੇਲੇ ਹੀ ਸਿਰ ਚੱਕਦਾ ਹੈ। ਹੋਰ ਭਾਜਪਾ ਵਾਲੇ ਕਿਸ ਤਰ੍ਹਾਂ ਜਿੱਤਣਗੇ?”
ਸਤੰਬਰ 2024 ਵਿੱਚ ਜਮਸ਼ੇਦਪੁਰ ਵਿੱਚ ਇੱਕ ਰੈਲੀ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣਾ ਸਾਰਾ ਜੋਰ ਘੁਸਪੈਠ ਦੇ ਮੁੱਦੇ ਨੂੰ ਉਜਾਗਰ ਕਰਨ ਵਿੱਚ ਲਾਇਆ। “ਸੰਥਾਲ ਪਰਗਨਾ (ਇਲਾਕਾ) ਵਿੱਚ ਆਦਿਵਾਸੀਆਂ ਦੀ ਗਿਣਤੀ ਦਿਨੋਂ ਦਿਨ ਘਟਦੀ ਜਾ ਰਹੀ ਹੈ, ਜ਼ਮੀਨਾਂ ਹਥਿਆਈਆਂ ਜਾਂ ਰਹੀਆਂ ਹਨ, ਅਤੇ ਪੰਚਾਇਤਾਂ ਵਿੱਚ ਅਹੁਦਿਆਂ ਤੇ ਘੁਸਪੈਠੀਆਂ ਦੀ ਪਕੜ ਹੁੰਦੀ ਜਾਂ ਰਹੀ ਹੈ,” ਉਹਨਾਂ ਨੇ ਭੀੜ ਨੂੰ ਸੰਬੋਧਨ ਕਰਦਿਆਂ ਕਿਹਾ ਸੀ।
ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਭਾਸ਼ਨਾਂ ਦਾ ਲਹਿਜਾ ਵੀ ਅਜਿਹਾ ਹੀ ਸੀ। ਭਾਜਪਾ ਦੇ ਚੋਣ ਮੈਨੀਫ਼ੈਸਟੋ ਅਨੁਸਾਰ, “ਅਸੀਂ ਝਾਰਖੰਡ ਵਿੱਚ ਗੈਰ-ਕਾਨੂੰਨੀ ਬੰਗਲਾਦੇਸ਼ੀ ਘੁਸਪੈਠ ਨੂੰ ਰੋਕਣ ਲਈ ਠੋਸ ਕਦਮ ਚੁੱਕਾਂਗੇ ਅਤੇ ਕਬੀਲਿਆਂ ਦੇ ਹੱਕਾਂ ਦੀ ਰਾਖੀ ਕਰਾਂਗੇ।’’












