"ਇਸ ਸ਼ਹਿਰ ਵਿਆਹ ਕਰਵਾਉਣ ਦਾ ਮੈਨੂੰ ਸਦਾ ਅਫ਼ਸੋਸ ਰਹੇਗਾ।''
29 ਸਾਲਾ ਸੱਜ-ਵਿਆਹੀ, ਰੋਜ਼ੀ ਆਪਣਾ ਤਜ਼ਰਬਾ ਸਾਂਝਾ ਕਰ ਰਹੀ ਹਨ। ਅਜਿਹੀ ਰਾਇ ਸਿਰਫ਼ ਉਨ੍ਹਾਂ ਦੀ ਹੀ ਨਹੀਂ ਹੈ। ਸ਼੍ਰੀਨਗਰ ਦੇ ਡਲ ਝੀਲ ਇਲਾਕੇ ਦੇ ਵਸਨੀਕਾਂ ਦਾ ਕਹਿਣਾ ਹੈ ਕਿ ਇੱਥੋਂ ਦੇ ਕਿਸੇ ਵੀ ਵਸਨੀਕ ਨਾਲ਼ ਕੋਈ ਕੁੜੀ ਵਿਆਹ ਨਹੀਂ ਕਰਨਾ ਚਾਹੁੰਦੀ। "ਅਸੀਂ ਪਹਿਲਾਂ ਹੀ ਤਿੰਨ ਥਾਓਂ ਵਿਆਹ ਲਈ ਨਾਂਹ-ਨਾਂਹ ਸੁਣ ਚੁੱਕੇ ਹਾਂ," ਗੁਲਸ਼ਨ ਨਜ਼ੀਰ ਕਹਿੰਦੀ ਹਨ, ਜੋ ਆਪਣੇ ਵੱਡੇ ਬੇਟੇ ਲਈ ਰਿਸ਼ਤਾ ਭਾਲ਼ ਕਰ ਰਹੀ ਹਨ। "ਇੱਥੋਂ ਤੱਕ ਕਿ ਵਿਚੋਲਿਆਂ ਨੇ ਵੀ ਇੱਥੇ ਆਉਣਾ ਬੰਦ ਕਰ ਦਿੱਤਾ ਹੈ।''
ਬਾਰੋ ਮੁਹੱਲੇ ਦੀ ਵਾਸੀ ਇਸ ਮਾਂ ਦਾ ਕਹਿਣਾ ਹੈ ਕਿ ਇਸ ਦਾ ਵੱਡਾ ਕਾਰਨ ਪਾਣੀ ਦੀ ਕਮੀ ਹੈ। ਵਿਡੰਬਨਾ ਦੇਖੋ ਇਸ ਥਾਵੇਂ ਰਾਜ ਦੀ ਸਭ ਤੋਂ ਵੱਡੀ ਤਾਜ਼ੇ ਪਾਣੀ ਦੀ ਝੀਲ ਮੌਜੂਦ ਹੈ।
"ਨੌਂ ਸਾਲ ਪਹਿਲਾਂ, ਅਸੀਂ ਆਪਣੀਆਂ ਕਿਸ਼ਤੀਆਂ ਲੈ ਕੇ ਡਲ ਝੀਲ ਵਿੱਚ ਵੱਖ-ਵੱਖ ਥਾਵਾਂ ਤੋਂ ਪਾਣੀ ਇਕੱਠਾ ਕਰਿਆ ਕਰਦੇ," ਮੁਸ਼ਤਾਕ ਅਹਿਮਦ ਕਹਿੰਦੇ ਹਨ, ਜੋ ਕਾਰਪੇਂਟਰ ਦਾ ਕੰਮ ਕਰਦੇ ਹਨ। "ਉਸ ਸਮੇਂ ਪਾਣੀ ਦੇ ਟੈਂਕਰ ਨਹੀਂ ਸਨ ਹੁੰਦੇ।''
ਪਰ ਪਿਛਲੇ ਇੱਕ ਦਹਾਕੇ ਤੋਂ, ਮੁਸ਼ਤਾਕ ਸਵੇਰੇ 9 ਵਜੇ ਮੁੱਖ ਸੜਕ 'ਤੇ ਆਉਣ ਵਾਲ਼ੇ ਸਰਕਾਰੀ ਪਾਣੀ ਦੇ ਟੈਂਕਰਾਂ ਦੀ ਉਡੀਕ ਕਰ ਰਹੇ ਹਨ। ਗੁਡੂ ਮੁਹੱਲੇ ਵਿੱਚ ਰਹਿਣ ਵਾਲ਼ਾ ਉਨ੍ਹਾਂ ਦਾ 10 ਮੈਂਬਰੀ ਪਰਿਵਾਰ ਉਨ੍ਹਾਂ 'ਤੇ ਹੀ ਨਿਰਭਰ ਹੈ। ਸਥਿਤੀ ਨੂੰ ਸੁਖਾਲਾ ਬਣਾਉਣ ਲਈ, ਉਨ੍ਹਾਂ ਨੇ ਪਾਣੀ ਸਟੋਰ ਕਰਨ ਵਾਲ਼ੀਆਂ ਟੈਂਕੀਆਂ ਵੀ ਖਰੀਦੀਆਂ ਅਤੇ 20,000-25,000 ਰੁਪਏ ਦੀ ਲਾਗਤ ਨਾਲ਼ ਪਾਈਪਲਾਈਨ ਵਿਛਾਈ। "ਇਹ ਪ੍ਰਣਾਲੀ ਉਦੋਂ ਹੀ ਕੰਮ ਕਰੇਗੀ ਜਦੋਂ ਬਿਜਲੀ ਹੋਵੇਗੀ, ਜੋ ਕਸ਼ਮੀਰ ਵਿੱਚ ਸਰਦੀਆਂ ਵੇਲ਼ੇ ਦੀ ਇੱਕ ਵੱਡੀ ਸਮੱਸਿਆ ਹੈ," ਉਹ ਕਹਿੰਦੇ ਹਨ। ਇਸ ਮਹੀਨੇ (ਮਾਰਚ) ਟਰਾਂਸਫਾਰਮਰ ਵਿੱਚ ਖ਼ਰਾਬੀ ਕਾਰਨ ਉਨ੍ਹਾਂ ਨੂੰ ਮੁੜ ਬਾਲਟੀਆਂ ਵਿੱਚ ਪਾਣੀ ਢੋਹਣਾ ਪਿਆ।






















