ਮਿਹਨਤਕਸ਼ ਜਮਾਤ ਲਈ ਟੁੱਟੀਆਂ-ਭੱਜੀਆਂ ਚੱਪਲਾਂ ਵੀ ਕਿਸੇ ਖ਼ਜ਼ਾਨੇ ਤੋਂ ਘੱਟ ਨਹੀਂ। ਪੱਲੇਦਾਰਾਂ ਦੀਆਂ ਚੱਪਲਾਂ ਅੰਦਰ ਵੱਲ ਨੂੰ ਧੱਸੀਆਂ ਬਾਹਰੋਂ ਧਨੁੱਖਨੁਮਾ ਜਾਪਦੀਆਂ ਹਨ ਜਦੋਂ ਕਿ ਲੱਕੜ ਕੱਟਣ ਵਾਲ਼ਿਆਂ ਦੀਆਂ ਚੱਪਲਾਂ ਕੰਡਿਆਂ ਨਾਲ਼ ਭਰੀਆਂ ਹੁੰਦੀਆਂ ਹਨ। ਮੇਰੀਆਂ ਚੱਪਲਾਂ ਦੀਆਂ ਵੱਧਰਾਂ ਵੀ ਅਕਸਰ ਟੁੱਟੀਆਂ ਰਹਿੰਦੀਆਂ ਤੇ ਮੈਂ ਉਨ੍ਹਾਂ ਨੂੰ ਬਸਕੂਏ ਨਾਲ਼ ਜੋੜੀ ਰੱਖਦਾ।
ਭਾਰਤ ਦੇ ਵੱਖ-ਵੱਖ ਹਿੱਸਿਆਂ ਦੀ ਆਪਣੀ ਯਾਤਰਾ ਦੌਰਾਨ, ਮੈਂ ਚੱਪਲਾਂ ਅਤੇ ਜੁੱਤੀਆਂ ਦੀਆਂ ਫ਼ੋਟੋਆਂ ਖਿੱਚਦਾ ਰਿਹਾ ਹਾਂ ਅਤੇ ਆਪਣੀਆਂ ਫ਼ੋਟੋਆਂ ਰਾਹੀਂ ਇਨ੍ਹਾਂ ਦੀਆਂ ਕਹਾਣੀਆਂ ਕਹਿਣ ਦੀ ਕੋਸ਼ਿਸ਼ ਵੀ ਕਰਦਾ ਰਿਹਾਂ। ਮਿਹਨਤਕਸ਼ਾਂ ਦੀਆਂ ਇਨ੍ਹਾਂ ਚੱਪਲਾਂ ਤੱਕ ਪਹੁੰਚਦੇ-ਪਹੁੰਚਦੇ ਮੈਂ ਮੇਰੀ ਆਪਣੀ ਯਾਤਰਾ ਨਾਲ਼ ਵੀ ਰੂਬਰੂ ਹੋਇਆਂ।
ਹਾਲ ਹੀ ਵਿੱਚ, ਓਡੀਸ਼ਾ ਦੇ ਜਾਜਪੁਰ ਦੀ ਕੰਮ ਦੀ ਯਾਤਰਾ ਦੌਰਾਨ, ਮੈਨੂੰ ਬਾਰਾਬੰਕੀ ਅਤੇ ਪੂਰਨਮਤੀਰਾ ਪਿੰਡਾਂ ਦੇ ਸਕੂਲਾਂ ਦਾ ਦੌਰਾ ਕਰਨ ਦਾ ਮੌਕਾ ਮਿਲ਼ਿਆ। ਜਦੋਂ ਅਸੀਂ ਉੱਥੇ ਜਾਂਦੇ ਤਾਂ ਜਿਸ ਕਮਰੇ ਵਿੱਚ ਆਦਿਵਾਸੀ ਭਾਈਚਾਰਿਆਂ ਦੇ ਲੋਕ ਇਕੱਠੇ ਹੁੰਦੇ ਸਨ, ਉਸ ਦੇ ਬਾਹਰ ਬੜੇ ਕਰੀਨੇ ਨਾਲ਼ ਲਾਹੀਆਂ ਤੇ ਟਿਕਾਈਆਂ ਚੱਪਲਾਂ ਮੇਰਾ ਧਿਆਨ ਖਿੱਚਦੀਆਂ ਰਹਿੰਦੀਆਂ।
ਸ਼ੁਰੂ ਵਿੱਚ, ਮੈਂ ਉਨ੍ਹਾਂ ਵੱਲ ਜ਼ਿਆਦਾ ਧਿਆਨ ਨਹੀਂ ਦਿੱਤਾ, ਪਰ ਦੋ ਜਾਂ ਤਿੰਨ ਦਿਨਾਂ ਬਾਅਦ, ਮੈਂ ਟੁੱਟੀਆਂ-ਭੱਜੀਆਂ ਚੱਪਲਾਂ ਵੱਲ ਧਿਆਨ ਦੇਣਾ ਸ਼ੁਰੂ ਕਰ ਦਿੱਤਾ, ਕੁਝ ਚੱਪਲਾਂ ਤਾਂ ਸੁਰਾਖਾਂ ਨਾਲ਼਼ ਭਰੀਆਂ ਹੋਈਆਂ ਸਨ।
























