ਜਮਾਤ ਵਿੱਚ ਬੈਠੇ ਬੱਚਿਆਂ ਨੇ ਯਕਦਮ ਕਿਹਾ ''ਅੰਗਰੇਜ਼ੀ''। ਅਸੀਂ ਸਿਰਫ਼ ਉਨ੍ਹਾਂ ਤੋਂ ਇਹੀ ਪੁੱਛਿਆ ਸੀ ਕਿ ਸਕੂਲ ਵਿੱਚ ਉਨ੍ਹਾਂ ਦਾ ਪਸੰਦੀਦਾ ਵਿਸ਼ਾ ਕੀ ਸੀ। ਹਾਲਾਂਕਿ, ਕਿਸੇ ਵੀ ਭਾਰਤੀ ਸਕੂਲ ਦੀਆਂ ਜਮਾਤਾਂ ਵਿੱਚ ਪੁੱਛਿਆ ਜਾਣ ਵਾਲ਼ਾ ਇਹ ਸਭ ਤੋਂ ਬੇਤੁਕਾ ਸਵਾਲ ਹੈ। ਜੇ ਸ਼ੁਰੂ ਦੇ ਦੋ ਬੱਚੇ ਖੜ੍ਹੇ ਹੋ ਕੇ ''ਅੰਗਰੇਜ਼ੀ'' ਕਹਿਣਗੇ ਤਾਂ ਬਾਕੀ ਦੀ ਪੂਰੀ ਜਮਾਤ ਉਨ੍ਹਾਂ ਦੋਵਾਂ ਦੀ ਹੀ ਤਾਂ ਨਕਲ ਕਰੇਗੀ। ਪਰ ਜੇਕਰ ਬੱਚਿਆਂ ਨੂੰ ਇਸ ਸਵਾਲ ਦਾ ਜਵਾਬ ਬਗੈਰ ਕਿਸੇ ਸਜ਼ਾ ਦੇ ਡਰੋਂ ਦੇਣ ਦੀ ਇਜਾਜ਼ਤ ਹੋਵੇ ਤਦ ਤੁਸੀਂ ਇਹਨੂੰ ਪੁੱਛਣ ਦਾ ਸਹੀ ਤਰੀਕਾ ਕਹਿ ਸਕਦੇ ਹੋ।
ਪਰ ਇਹ ਕੋਈ ਆਮ ਜਗ੍ਹਾ ਨਹੀਂ ਹੈ। ਏਡਾਲੀਪਾੜਾ ਵਿੱਚ ਏਕੀਕ੍ਰਿਤ ਕਬਾਇਲੀ ਵਿਕਾਸ ਪ੍ਰੋਜੈਕਟ ਸਕੂਲ, ਜਿਸ ਵਿੱਚ ਪੜ੍ਹਾਉਣ ਲਈ ਸਿਰਫ਼ ਇੱਕ ਅਧਿਆਪਕ ਹੀ ਹੈ, ਕੇਰਲ ਦੀ ਸਭ ਤੋਂ ਦੂਰ-ਦੁਰਾਡੇ ਅਤੇ ਇਕਲੌਤੀ ਕਬਾਇਲੀ ਪੰਚਾਇਤ ਏਡਾਮਲਾਕੁਡੀ ਵਿੱਚ ਸਥਿਤ ਹੈ। ਸਕੂਲ ਤੋਂ ਬਾਹਰ, ਤੁਸੀਂ ਕਿਸੇ ਨੂੰ ਅੰਗਰੇਜ਼ੀ ਵਿੱਚ ਗੱਲ ਕਰਦਿਆਂ ਨਹੀਂ ਸੁਣੋਗੇ। ਸਕੂਲ ਵਿੱਚ ਕੋਈ ਬੋਰਡ ਜਾਂ ਪੋਸਟਰ ਨਹੀਂ ਹਨ, ਅਤੇ ਅੰਗਰੇਜ਼ੀ ਵਿੱਚ ਇੱਕ ਚਿੰਨ੍ਹ ਤੱਕ ਨਹੀਂ ਲਿਖਿਆ ਹੋਇਆ ਹੈ। ਫਿਰ ਵੀ, ਜਿਵੇਂ ਕਿ ਬੱਚਿਆਂ ਨੇ ਦੱਸਿਆ, ਅੰਗਰੇਜ਼ੀ ਉਨ੍ਹਾਂ ਦਾ ਮਨਪਸੰਦ ਵਿਸ਼ਾ ਸੀ। ਕਈ ਹੋਰ ਸਕੂਲਾਂ ਦੀ ਤਰ੍ਹਾਂ, ਇਡੁੱਕੀ ਜ਼ਿਲ੍ਹੇ ਦੇ ਇਸ ਇੱਕ ਕਮਰੇ ਦੇ ਸਕੂਲ ਵਿੱਚ ਪਹਿਲੀ ਤੋਂ ਚੌਥੀ ਤੱਕ ਦੀਆਂ ਕਲਾਸਾਂ ਲੱਗਦੀਆਂ ਹਨ। ਸਕੂਲ ਦਾ ਸਾਰਾ ਕੰਮ ਇੱਕੋ, ਪਰ ਬੇਹੱਦ ਜ਼ਿੰਮੇਵਾਰ ਅਤੇ ਇਮਾਨਦਾਰ ਅਧਿਆਪਕ ਦੇ ਸਿਰ ਹੈ, ਇੰਨੀਆਂ ਪ੍ਰਤੀਕੂਲ ਹਾਲਤਾਂ ਵਿੱਚ ਇੰਨੀ ਮਿਹਨਤ ਕਰਨ ਦੇ ਬਾਵਜੂਦ, ਜਿਨ੍ਹਾਂ ਨੂੰ ਬਣਦੀ ਤਨਖਾਹ ਨਹੀਂ ਮਿਲ਼ਦੀ, ਫਿਰ ਵੀ ਉਹ ਆਪਣੇ ਫਰਜ਼ਾਂ ਅਤੇ ਵਿਦਿਆਰਥੀਆਂ ਦੀ ਪੜ੍ਹਾਈ ਪ੍ਰਤੀ ਪੂਰੀ ਤਰ੍ਹਾਂ ਵਫ਼ਾਦਾਰ ਹਨ।
ਹਾਲਾਂਕਿ, ਕਲਾਸ ਦਾ ਸਭ ਤੋਂ ਵੱਧ ਬਹਾਦੁਰ ਇੱਕ ਵਿਦਿਆਰਥੀ, ਛੋਟਾ ਮੁੰਡਾ ਖੜ੍ਹਾ ਹੁੰਦਾ ਹੈ ਅਤੇ ਪੂਰੀ ਹਿੰਮਤ ਨਾਲ਼ ਕਹਿੰਦਾ ਹੈ, "ਗਣਿਤ"। ਸਾਨੂੰ ਆਪਣਾ ਗਣਿਤ ਦਿਖਾ, ਉਸ ਨੂੰ ਕਲਾਸਰੂਮ ਵਿੱਚ ਖੜ੍ਹਾ ਕਰਕੇ ਅਸੀਂ ਉਹਨੂੰ ਕਿਹਾ। ਉਸਨੇ ਤੁਰੰਤ ਸਾਡੀ ਬੇਨਤੀ ਮੰਨ ਲਈ ਅਤੇ 1 ਤੋਂ 12 ਤੱਕ ਪਹਾੜੇ ਸੁਣਾਉਣ ਲੱਗਾ। ਉਸਨੇ ਨਾ ਆਪਣੀਆਂ ਪ੍ਰਸ਼ੰਸਾਵਾਂ ਦੀ ਪਰਵਾਹ ਕੀਤੀ ਤੇ ਨਾ ਹੀ ਸਾਹ ਲੈਣ ਲਈ ਇੱਕ ਪਲ ਵੀ ਰੁਕਿਆ।





