ਤਿੰਨੇ ਨੌਜਵਾਨ ਉਸਾਰੀ ਵਾਲ਼ੀ ਥਾਂ 'ਤੇ ਕੰਮ ਪੂਰਾ ਕਰਨ ਤੋਂ ਬਾਅਦ ਆਪਣੇ ਪਿੰਡ ਮਾਰੀ ਪਰਤ ਰਹੇ ਸਨ। "ਇਹ ਲਗਭਗ 15 ਸਾਲ ਪਹਿਲਾਂ ਦੀ ਕਹਾਣੀ ਸੀ," ਅਜੈ ਪਾਸਵਾਨ ਯਾਦ ਕਰਦੇ ਹਨ। "ਅਸੀਂ ਪਿੰਡ ਦੀ ਖਸਤਾ ਹਾਲ ਮਸਜਿਦ ਦੇ ਸਾਹਮਣਿਓਂ ਲੰਘ ਰਹੇ ਸਾਂ। ਫਿਰ ਅਸੀਂ ਇਹਨੂੰ ਅੰਦਰੋਂ ਦੇਖਣ ਲਈ ਉਤਸੁਕ ਹੋ ਉੱਠੇ।''
ਜ਼ਮੀਨ 'ਤੇ ਕਾਈ ਉੱਗ ਗਈ ਹੋਈ ਸੀ ਤੇ ਝਾੜੀਆਂ ਨੇ ਇਮਾਰਤ ਨੂੰ ਪੂਰੀ ਤਰ੍ਹਾਂ ਢੱਕ ਲਿਆ ਹੋਇਆ ਸੀ।
"ਅੰਦਰ ਗਏ ਤੋ ਹਮ ਲੋਗੋਂ ਕਾ ਮਨ ਬਦਲ ਗਿਆ,'' 33 ਸਾਲਾ ਦਿਹਾੜੀਦਾਰ ਮਜ਼ਦੂਰ, ਅਜੈ ਕਹਿੰਦੇ ਹਨ, ''ਸ਼ਾਇਦ ਅੱਲ੍ਹਾ ਚਾਹੁੰਦਾ ਸੀ ਅਸੀਂ ਅੰਦਰ ਜਾਈਏ।''
ਅਜੈ ਪਾਸਵਾਨ, ਬਕੋਰੀ ਬਿੰਦ ਅਤੇ ਗੌਤਮ ਪ੍ਰਸਾਦ ਨੇ ਮਸਜਿਦ ਦੀ ਸਾਫ਼-ਸਫ਼ਾਈ ਕਰਨ ਦਾ ਫ਼ੈਸਲਾ ਕੀਤਾ। "ਅਸੀਂ ਉੱਥੇ ਉੱਗੇ ਝਾੜ-ਝੰਭ ਨੂੰ ਕੱਟ ਦਿੱਤਾ ਅਤੇ ਮਸਜਿਦ ਦਾ ਰੰਗ-ਰੋਗਣ ਕੀਤਾ। ਅਸੀਂ ਮਸਜਿਦ ਦੇ ਸਾਹਮਣੇ ਇੱਕ ਵੱਡਾ ਸਾਰਾ ਥੜ੍ਹਾ ਵੀ ਬਣਾਇਆ। ਉਦੋਂ ਤੋਂ, ਉਨ੍ਹਾਂ ਨੇ ਹਰ ਸ਼ਾਮੀਂ ਉੱਥੇ ਚਿਰਾਗ਼ ਜਗਾਉਣਾ ਸ਼ੁਰੂ ਕਰ ਦਿੱਤਾ।
ਤਿੰਨਾਂ ਨੇ ਮਸਜਿਦ ਦੇ ਮਾਈਕ-ਸਪੀਕਰ ਦਾ ਪ੍ਰਬੰਧ ਕੀਤਾ ਅਤੇ ਮਸਜਿਦ ਦੇ ਗੁੰਬਦ 'ਤੇ ਲਾਊਡ ਸਪੀਕਰ ਲਟਕਾ ਦਿੱਤਾ। "ਅਸੀਂ ਸਾਊਂਡ ਸਿਸਟਮ ਰਾਹੀਂ ਅਜ਼ਾਨ ਵਜਾਉਣ ਦਾ ਫ਼ੈਸਲਾ ਕੀਤਾ," ਅਜੈ ਕਹਿੰਦੇ ਹਨ। ਇਸ ਦੇ ਨਾਲ਼ ਹੀ ਬਿਹਾਰ ਦੇ ਨਾਲੰਦਾ ਜ਼ਿਲ੍ਹੇ ਦੇ ਪਿੰਡ ਮਾਰੀ ਵਿੱਚ ਸਾਰੇ ਮੁਸਲਮਾਨਾਂ ਦੇ ਕੰਨੀਂ ਦਿਨ ਵਿੱਚ ਪੰਜ ਵਾਰੀਂ ਅਜ਼ਾਨ ਪੈਣ ਲੱਗੀ।












