“ਕਾਗਜ਼ਾਂ ਵਿੱਚ ਤਾਂ ਇੱਥੇ ਬਹੁਤ ਸਾਰੇ ਜੁਲਾਹੇ ਹਨ ਪਰ ਮੇਰੇ ਮਰਨ ਤੋਂ ਬਾਅਦ ਇਹ ਕੰਮ (ਅਸਲ ਵਿੱਚ) ਮੁੱਕ ਜਾਵੇਗਾ,” ਆਪਣੀ ਬਾਂਸ ਦੀ ਝੌਂਪੜੀ ਵਿੱਚ ਖੱਡੀ ਦੀ ਬੁਣਤੀ ਤੋਂ ਕੁਝ ਚਿਰ ਆਰਾਮ ਲੈਂਦਿਆਂ ਰੂਪਚੰਦ ਦੇਬਨਾਥ ਨੇ ਕਿਹਾ। ਝੌਂਪੜੀ ਵਿੱਚ ਖੱਡੀ ਤੋਂ ਇਲਾਵਾ, ਜਿਸਨੇ ਸਭ ਤੋਂ ਜ਼ਿਆਦਾ ਥਾਂ ਘੇਰੀ ਹੋਈ ਹੈ, ਕਾਫੀ ਟੁੱਟ-ਫੁੱਟ – ਹੋਰ ਚੀਜ਼ਾਂ ਦੇ ਨਾਲ-ਨਾਲ ਟੁੱਟਿਆ ਫਰਨੀਚਰ, ਧਾਤ ਦੇ ਕਲਪੁਰਜੇ ਤੇ ਬਾਂਸ ਦੇ ਟੁਕੜੇ – ਪਏ ਹਨ। ਬਸ ਇੱਕ ਬੰਦੇ ਜੋਗੀ ਹੀ ਥਾਂ ਮਸਾਂ ਹੈ।
73 ਸਾਲਾ ਰੂਪਚੰਦ ਭਾਰਤ-ਬੰਗਲਾਦੇਸ਼ ਦੀ ਸਰਹੱਦ ’ਤੇ ਪੈਂਦੇ ਸੂਬੇ ਤ੍ਰਿਪੁਰਾ ਦੇ ਧਰਮਨਗਰ ਸ਼ਹਿਰ ਦੇ ਬਾਹਰਵਾਰ ਗੋਬਿੰਦਪੁਰ ਵਿੱਚ ਰਹਿੰਦਾ ਹੈ। ਇੱਕ ਭੀੜੀ ਜਿਹੀ ਸੜਕ ਪਿੰਡ ਵੱਲ ਨੂੰ ਜਾਂਦੀ ਹੈ ਜਿੱਥੇ ਸਥਾਨਕ ਲੋਕਾਂ ਮੁਤਾਬਕ ਕਿਸੇ ਵੇਲੇ ਜੁਲਾਹਿਆਂ ਦੇ 200 ਪਰਿਵਾਰ ਤੇ 600 ਤੋਂ ਵੱਧ ਕਾਰੀਗਰ ਰਹਿੰਦੇ ਸਨ। ਭੀੜੀਆਂ ਗਲੀਆਂ ’ਚ ਪੈਂਦੇ ਕੁਝ ਘਰਾਂ ਵਿਚਕਾਰ ਗੋਬਿੰਦਪੁਰ ਜੁਲਾਹਾ ਐਸੋਸੀਏਸ਼ਨ ਦਾ ਦਫ਼ਤਰ ਹੈ, ਤੇ ਇਹਦੀਆਂ ਭੁਰਦੀਆਂ ਕੰਧਾਂ ਲੰਘੇ ਸਮੇਂ ਦੀ ਕਹਾਣੀ ਕਹਿੰਦੀਆਂ ਹਨ।
“ਇੱਕ ਵੀ ਘਰ ਅਜਿਹਾ ਨਹੀਂ ਸੀ ਜਿੱਥੇ ਖੱਡੀ ਨਹੀਂ ਸੀ,” ਰੂਪਚੰਦ ਨੇ ਦੱਸਿਆ ਜੋ ਨਾਥ ਭਾਈਚਾਰੇ (ਸੂਬੇ ਵਿੱਚ ਹੋਰ ਪਛੜੀਆਂ ਜਾਤੀਆਂ ਦੀ ਸੂਚੀ ਵਿੱਚ ਸ਼ਾਮਲ) ਨਾਲ ਸਬੰਧ ਰੱਖਦਾ ਹੈ। ਤਿੱਖੀ ਧੁੱਪ ਚੜ੍ਹੀ ਹੋਈ ਹੈ ਤੇ ਉਹ ਆਪਣਾ ਕੰਮ ਕਰਦਿਆਂ ਮੂੰਹ ਤੋਂ ਪਸੀਨਾ ਪੂੰਝਦਾ ਹੈ। “ਸਮਾਜ ਵਿੱਚ ਸਾਡੀ ਇੱਜ਼ਤ ਹੁੰਦੀ ਸੀ। ਹੁਣ ਕਿਸੇ ਨੂੰ ਕੋਈ ਫ਼ਰਕ ਨਹੀਂ ਪੈਂਦਾ। ਦੱਸੋ ਅਜਿਹੇ ਧੰਦੇ ਦੀ ਕੌਣ ਇੱਜ਼ਤ ਕਰੇਗਾ ਜਿਸ ਵਿੱਚ ਪੈਸਾ ਹੀ ਨਹੀਂ?” ਉਹਨੇ ਭਾਵਨਾਤਮਕ ਹੁੰਦਿਆਂ ਕਿਹਾ।
ਅਨੁਭਵੀ ਜੁਲਾਹਾ ਹੱਥੀਂ ਬੁਣੀਆਂ ਨਕਸ਼ੀ ਸਾੜ੍ਹੀਆਂ ਬਣਾਉਣ ਦੇ ਕੰਮ ਨੂੰ ਯਾਦ ਕਰਦਾ ਹੈ ਜਿਹਨਾਂ ’ਤੇ ਫੁੱਲਾਂ ਦੇ ਜਟਿਲ ਨਮੂਨੇ ਬਣੇ ਹੁੰਦੇ ਸਨ। ਪਰ 1980ਵਿਆਂ ਵਿੱਚ “ਜਦ ਧਰਮਨਗਰ ਵਿੱਚ ਪੁਰਬਾਸ਼ਾ (ਤ੍ਰਿਪੁਰਾ ਸਰਕਾਰ ਦਾ ਐਂਪੋਰੀਅਮ) ਦੀ ਦੁਕਾਨ ਖੁੱਲ੍ਹੀ ਤਾਂ ਉਹਨਾਂ ਨੇ ਸਾਨੂੰ ਨਕਸ਼ੀ ਸਾੜ੍ਹੀਆਂ ਛੱਡ ਸਾਦਾ ਸਾੜ੍ਹੀਆਂ ਬਣਾਉਣ ਲਈ ਕਿਹਾ,” ਰੂਪਚੰਦ ਨੇ ਕਿਹਾ। ਇਹਨਾਂ ਦੀ ਗੁਣਵੱਤਾ ਅਤੇ ਕੰਮ ਕਾਫ਼ੀ ਮਾੜਾ ਹੁੰਦਾ ਸੀ, ਇਸੇ ਕਰਕੇ ਇਹ ਸਸਤੀਆਂ ਪੈਂਦੀਆਂ ਸਨ।
ਹੌਲੀ-ਹੌਲੀ, ਉਹਨੇ ਕਿਹਾ, ਇਲਾਕੇ ਵਿੱਚ ਨਕਸ਼ੀ ਸਾੜ੍ਹੀਆਂ ਖ਼ਤਮ ਹੋ ਗਈਆਂ, ਤੇ ਅੱਜ, ਉਹਨੇ ਦੱਸਿਆ “ਨਾ ਤਾਂ ਕਾਰੀਗਰ ਬਚੇ ਹਨ ਤੇ ਨਾ ਹੀ ਖੱਡੀਆਂ ਲਈ ਕਲਪੁਰਜੇ।” ਪਿਛਲੇ ਚਾਰ ਸਾਲਾਂ ਤੋਂ ਜੁਲਾਹਾ ਐਸੋਸੀਏਸ਼ਨ ਦੇ ਪ੍ਰਧਾਨ ਦੀ ਆਰਜੀ ਤੌਰ ‘ਤੇ ਜ਼ਿੰਮੇਵਾਰੀ ਨਿਭਾ ਰਿਹਾ ਰਬਿੰਦਰਾ ਦੇਬਨਾਥ ਵੀ ਉਸ ਦੀਆਂ ਗੱਲਾਂ ਨਾਲ ਸਹਿਮਤ ਹੈ ਜਿਸਦਾ ਕਹਿਣਾ ਹੈ, “ਜਿਹੜੇ ਕੱਪੜੇ ਅਸੀਂ ਬਣਾ ਰਹੇ ਸੀ, ਉਹਨਾਂ ਲਈ ਬਜ਼ਾਰ ਹੀ ਨਹੀਂ ਸੀ।” 63 ਸਾਲ ਦੀ ਉਮਰ ਵਿੱਚ ਉਹ ਬੁਣਤੀ ਦੇ ਕੰਮ ਵਿੱਚ ਲਗਦੀ ਸਰੀਰਕ ਮਿਹਨਤ ਨਹੀਂ ਲਾ ਸਕਦਾ। ...














