ਸੁਨੀਤਾ ਭੁਰਕੁਟੇ ਦੀ ਮਾਂ-ਬੋਲੀ ਹੈ ਕੋਲਾਮੀ, ਪਰ ਕਪਾਹ ਦੀ ਇਹ ਕਿਸਾਨ ਪੂਰਾ ਦਿਨ ਮਰਾਠੀ ਵਿੱਚ ਹੀ ਗੱਲਬਾਤ ਕਰਦੀ ਹੈ। "ਆਪਣੀ ਕਪਾਹ ਵੇਚਣ ਵਾਸਤੇ ਸਾਨੂੰ ਮੰਡੀ ਦੀ ਭਾਸ਼ਾ ਆਉਣੀ ਚਾਹੀਦੀ ਹੈ," ਉਹ ਕਹਿੰਦੀ ਹਨ।
ਮਹਾਰਾਸ਼ਟਰ ਦੇ ਯਵਤਮਾਲ ਜ਼ਿਲ੍ਹੇ ਵਿੱਚ ਹੀ ਪਲ਼ਿਆ ਤੇ ਵੱਡਾ ਹੋਇਆ ਉਨ੍ਹਾਂ ਦਾ ਪਰਿਵਾਰ ਘਰੇ ਕੋਲਾਮੀ ਭਾਸ਼ਾ ਵਿੱਚ ਹੀ ਗੱਲ ਕਰਿਆ ਕਰਦਾ। ਸੁਨੀਤਾ ਸੁਰ ਦੇਵੀ ਪੋਡ (ਪਿੰਡ) ਵਿਖੇ ਆਪਣੇ ਮਾਹੇਰ (ਪੇਕੇ) ਬਾਰੇ ਦੱਸਦੀ ਹਨ ਕਿ ਕਿਵੇਂ ਉਨ੍ਹਾਂ ਦੇ ਦਾਦਾ-ਦਾਦੀ ਨੂੰ ਮੁਕਾਮੀ ਭਾਸ਼ਾ, ਮਰਾਠੀ ਬੋਲਣ ਲਈ ਕਿੰਨੀ ਪਰੇਸ਼ਾਨੀ ਝੱਲਣੀ ਪੈਂਦੀ ਸੀ। ਉਹ ਕਹਿੰਦੀ ਹਨ,"ਉਹ ਕਦੇ ਸਕੂਲ ਦੀਆਂ ਪੌੜੀਆਂ ਵੀ ਨਹੀਂ ਚੜ੍ਹੇ। ਉਨ੍ਹਾਂ ਦੀ ਜ਼ੁਬਾਨ ਫਿਸਲ-ਫਿਸਲ ਜਾਂਦੀ ਤੇ ਉਹ ਟੁੱਟੀ-ਭੱਜੀ ਮਰਾਠੀ ਵਿੱਚ ਗੱਲ ਕਰਿਆ ਕਰਦੇ।"
ਪਰ ਜਿਓਂ-ਜਿਓਂ ਪਰਿਵਾਰ ਦੇ ਬਾਕੀ ਲੋਕ ਵੀ ਕਪਾਹ ਵੇਚਣ ਲਈ ਸਥਾਨਕ ਮੰਡੀਆਂ ਵਿੱਚ ਜਾਣ ਲੱਗੇ ਤਾਂ ਉਨ੍ਹਾਂ ਨੇ ਵੀ ਮਰਾਠੀ ਬੋਲਣੀ ਸਿੱਖ ਲਈ। ਅੱਜ ਭੂਲਗੜ੍ਹ ਪਿੰਡ ਵਿਖੇ ਉਨ੍ਹਾਂ ਦੀ ਬਸਤੀ ਦੇ ਸਾਰੇ ਲੋਕੀਂ, ਜੋ ਕੋਲਾਮ ਆਦਿਵਾਸੀ ਹਨ, ਬਹੁਭਾਸ਼ਾਈ ਹੀ ਹਨ: ਉਹ ਮਰਾਠੀ, ਹਿੰਦੀ ਤੇ ਕੋਲਾਮੀ ਦਾ ਮਿਲ਼ਗੋਭਾ ਬਣਾ ਕੇ ਗੱਲ ਕਰਦੇ ਹਨ।
ਕੋਲਾਮੀ ਇੱਕ ਦ੍ਰਵਿੜ ਭਾਸ਼ਾ ਹੈ, ਜੋ ਮੁੱਖ ਰੂਪ ਨਾਲ਼ ਮਹਾਰਾਸ਼ਟਰ, ਆਂਧਰਾ ਪ੍ਰਦੇਸ਼, ਤੇਲੰਗਾਨਾ ਤੇ ਛੱਤੀਸਗੜ੍ਹ ਵਿੱਚ ਬੋਲੀ ਜਾਂਦੀ ਹੈ। ਯੂਨੈਸਕੋ ਦੇ ਐਟਲਸ ਆਫ਼ ਦਿ ਵਰਲਡਸ ਲੈਂਗਵੇਜ਼ ਇਨ ਡੇਂਜਰ ਨੇ ਇਹਨੂੰ 'ਪੱਕੇ ਤੌਰ 'ਤੇ ਅਲੋਪ' ਭਾਸ਼ਾ ਗਰਦਾਨ ਦਿੱਤਾ ਹੈ। ਇੱਕ ਸ਼੍ਰੇਣੀ ਹੈ ਜਿਸ ਵਿੱਚ ਉਨ੍ਹਾਂ ਭਾਸ਼ਾਵਾਂ ਨੂੰ ਸ਼ਾਮਲ ਕੀਤਾ ਗਿਆ ਹੈ, ਜਿਹਨੂੰ ਹੁਣ ਕੋਈ ਬੱਚਾ ਵੀ ਆਪਣੀ ਮਾਂ-ਬੋਲੀ ਵਜੋਂ ਨਹੀਂ ਸਿੱਖ ਰਿਹਾ।
''ਪਨ ਆਮਚੀ ਭਾਸ਼ਾ ਕਮੀ ਹੋਤ ਨਾਹੀ। (ਪਰ ਸਾਡੀ ਭਾਸ਼ਾ ਮਰ ਨਹੀਂ ਰਹੀ ਅਸੀਂ ਘਰੇ ਇਹਦਾ ਇਸਤੇਮਾਲ ਕਰਦੇ ਹਾਂ।)!'' 40 ਸਾਲਾ ਸੁਨੀਤਾ ਦਲੀਲ ਦਿੰਦੀ ਹਨ।














