ਕਰਨਾਟਕ ਦੇ ਤਟੀ ਇਲਾਕਿਆਂ ਵਿੱਚ ਹੋਣ ਵਾਲ਼ੇ ਕਈ ਸੱਭਿਆਚਾਰਕ ਸਮਾਰੋਹਾਂ ਵਿੱਚ, ਤੁਲੁਨਾਡੂ ਦੇ ਗਰਨਾਲ ਸਾਈਬੇਰ ਜਾਂ ਪਟਾਕਾ ਕਾਰੀਗਰਾਂ ਦੀ ਬੇਹੱਦ ਮੰਗ ਹੈ। ਭੂਤ ਕੋਲਾ, ਤਿਓਹਾਰਾਂ, ਵਿਆਹਾਂ ਜਨਮਦਿਨ ਦੇ ਸਮਾਰੋਹਾਂ, ਗ੍ਰਹਿ-ਪ੍ਰਵੇਸ਼ ਤੇ ਇੱਥੋਂ ਤੱਕ ਕਿ ਅੰਤਮ-ਕਿਰਿਆਵਾਂ ਮੌਕੇ ਵੀ ਉਨ੍ਹਾਂ ਦੀ ਸ਼ਮੂਲੀਅਤ ਦੀ ਉਮੀਦ ਕੀਤੀ ਜਾਂਦੀ ਹੈ।
ਗਰਨਾਲ ਇੱਕ ਪਟਾਕਾ ਹੁੰਦਾ ਹੈ ਤੇ ਸਾਈਬੇਰ ਸ਼ਬਦ ਮੁਸਲਮਾਨ ਲਈ ਇਸਤੇਮਾਲ ਹੁੰਦਾ ਹੈ।
ਮੁਲਕੀ ਕਸਬੇ ਦੇ ਗਰਨਾਲ ਸਾਈਬੇਰ ਆਮਿਰ ਹੁਸੈਨ ਕਹਿੰਦੇ ਹਨ ਕਿ ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਨੂੰ ਇਹ ਹੁਨਰ ਸਿਖਾਇਆ ਸੀ ਤੇ ਉਨ੍ਹਾਂ ਦੇ ਪਰਿਵਾਰ ਵਿੱਚ ਇਹ ਪੇਸ਼ਾ ਪੀੜ੍ਹੀਆਂ ਤੋਂ ਚੱਲਦਾ ਆਇਆ ਹੈ।
ਕਰਨਾਟਕ ਦੇ ਮਣੀਪਾਲ ਅਕੈਡਮੀ ਆਫ਼ ਹਾਇਰ ਐਜੂਕੇਸ਼ਨ ਦੇ ਰਿਸਰਚ ਐਸੋਸੀਏਟ ਨਿਤੇਸ਼ ਅੰਚਨ ਕਹਿੰਦੇ ਹਨ,''ਪਟਾਕੇ ਉਛਾਲ਼ਣਾ ਤੇ ਸੰਭਾਲ਼ਣਾ ਖ਼ਤਰਨਾਕ ਕੰਮ ਹੈ, ਖ਼ਾਸ ਕਰਕੇ ਵੱਡੀ ਆਤਿਸ਼ਬਾਜ਼ੀ ਸੰਭਾਲ਼ਣੀ ਬਹੁਤੀ ਔਖੀ ਹੁੰਦੀ ਹੈ।''
ਉਡੁਪੀ ਜ਼ਿਲ੍ਹੇ ਦੇ ਆਤਰਾੜੀ ਪਿੰਡ ਦੇ ਇੱਕ ਨੌਜਵਾਨ ਮੁਸਤਾਕ ਆਤਰਾੜੀ, ਭੂਤ-ਪੂਜਾ ਵਿੱਚ ਗਰਨਾਲ ਬਣਾਉਂਦੇ ਤੇ ਸੁੱਟਦੇ ਹਨ। ਉਹ ਖ਼ਾਸ ਤੌਰ 'ਤੇ ਸਭ ਤੋਂ ਸ਼ਕਤੀਸ਼ਾਲੀ ਗਰਨਾਲ ਵਿੱਚੋਂ ਇੱਕ ਕਦੋਨੀ ਬਣਾਉਣ ਵਿੱਚ ਕੁਸ਼ਲ ਹਨ। ਉਹ ਕਹਿੰਦੇ ਹਨ,''ਕਦੋਨੀ ਕਈ ਤਰ੍ਹਾਂ ਦੇ ਕੈਮੀਕਲਸ ਤੋਂ ਬਣ ਕੇ ਤਿਆਰ ਹੋਣ ਵਾਲ਼ਾ ਪਟਾਸ ਪਾਊਡਰ ਹੈ। ਇਹਨੂੰ ਕਾਫ਼ੀ ਲੰਬੀ-ਚੌੜੀ ਪ੍ਰਕਿਰਿਆ ਨਾਲ਼ ਬਣਾਇਆ ਜਾਂਦਾ ਹੈ।'' ਕਿਹਾ ਜਾਂਦਾ ਹੈ ਕਿ ਕਦੋਨੀ ਦੇ ਫਟਣ ਨਾਲ਼ ਲਾਗਿਓਂ ਦੀ ਜ਼ਮੀਨ ਤੱਕ ਹਿੱਲ ਜਾਂਦੀ ਹੈ।


