ਆਪਣੇ ਸਾਹਮਣੇ ਪਈਆਂ ਵੱਖ-ਵੱਖ ਕਠਪੁਤਲੀਆਂ ਨੂੰ ਵੇਖ ਰਾਮਾਚੰਦਰਾ ਪੁਲਵਰ ਨੇ ਕਿਹਾ, “ਸਾਡੇ ਲਈ ਇਹ ਮਹਿਜ਼ ਚਮੜੇ ਦੀਆਂ ਵਸਤਾਂ ਨਹੀਂ। ਇਹ ਦੇਵਤੇ ਅਤੇ ਦੇਵੀਆਂ ਹਨ, ਅਤੇ ਪਵਿੱਤਰ ਰੂਹਾਂ ਦੇ ਸਰੂਪ ਹਨ।” ਉਹਨਾਂ ਦੇ ਸਾਹਮਣੇ ਪਏ ਬੜੀ ਹੀ ਨੀਝ ਨਾਲ ਬਣਾਏ ਸਰੂਪ ਤੋਲਪਾਵਕੂਤੁ ਕਠਪੁਤਲੀ ਤਮਾਸ਼ੇ ਵਿੱਚ ਇਸਤੇਮਾਲ ਹੁੰਦੇ ਹਨ, ਜੋ ਕੇਰਲ ਦੇ ਦੱਖਣ ਤੱਟਵਰਤੀ ਇਲਾਕੇ ਮਾਲਾਬਾਰ ਵਿੱਚ ਇੱਕ ਮਸ਼ਹੂਰ ਨਾਟਕੀ ਕਲਾ ਹੈ।
ਰਵਾਇਤੀ ਤੌਰ ’ਤੇ ਇਹ ਸਰੂਪ ਕੁਝ ਖ਼ਾਸ ਸਮਾਜਾਂ ਦੇ ਲੋਕ ਜਿਵੇਂ ਕਿ ਚੱਕੀਲੀਆਨ ਹੀ ਬਣਾਉਂਦੇ ਸਨ। ਪਰ ਇਸ ਕਲਾ ਦੀ ਮਕਬੂਲੀਅਤ ਘਟਣ ਕਾਰਨ ਇਸ ਸਮਾਜ ਦੇ ਲੋਕਾਂ ਨੇ ਇਸ ਕਲਾ ਨੂੰ ਛੱਡ ਦਿੱਤਾ। ਇਸ ਲਈ ਕ੍ਰਿਸ਼ਨਨਕੁੱਟੀ ਪੁਲਵਰ ਨੇ ਇਸ ਕਲਾ ਨੂੰ ਜਿਉਂਦਿਆਂ ਰੱਖਣ ਲਈ ਹੋਰਾਂ ਨੂੰ ਕਠਪੁਤਲੀ ਬਣਾਉਣ ਦੀ ਕਲਾ ਸਿਖਾਉਣੀ ਸ਼ੁਰੂ ਕਰ ਦਿੱਤੀ ਹੈ। ਉਹਨਾਂ ਦੇ ਬੇਟੇ ਰਾਮਾਚੰਦਰਾ ਤਾਂ ਇੱਕ ਕਦਮ ਹੋਰ ਅੱਗੇ ਵਧ ਕੇ ਆਪਣੇ ਪਰਿਵਾਰ ਤੇ ਆਪਣੇ ਆਸ-ਪਾਸ ਦੀਆਂ ਮਹਿਲਾਵਾਂ ਨੂੰ ਕਠਪੁਤਲੀ ਬਣਾਉਣ ਦੀ ਕਲਾ ਸਿਖਾ ਰਹੇ ਹਨ। ਰਾਜਾਲਕਸ਼ਮੀ, ਰਜਿਥਾ ਅਤੇ ਅਸ਼ਵਥੀ ਮਹਿਲਾ ਕਠਪੁਤਲੀਕਾਰ ਹਨ ਉਸ ਖ਼ਾਸ ਥਾਵੇਂ ਜੋ ਰਵਾਇਤੀ ਤੌਰ ’ਤੇ ਮੰਦਿਰ ਦੇ ਵਿਹੜੇ ਵਿੱਚ ਕੰਮ ਕਰਦੇ ਪੁਰਸ਼ਾਂ ਲਈ ਸੀਮਤ ਹੁੰਦੀ।
ਇਹਨਾਂ ਕਠਪੁਤਲੀਆਂ ਨੂੰ ਨਾ ਸਿਰਫ਼ ਕਾਮੇ ਹੀ ਪਵਿੱਤਰ ਸਰੂਪ ਮੰਨਦੇ, ਸਗੋਂ ਕਠਪੁਤਲੀ ਦਾ ਤਮਾਸ਼ਾ ਦੇਖਣ ਆਉਣ ਵਾਲ਼ੇ ਭਗਤ ਵੀ ਇਹਨਾਂ ਨੂੰ ਪਵਿੱਤਰ ਮੰਨਦੇ ਹਨ। ਇਹਨਾਂ ਨੂੰ ਮੱਝ ਅਤੇ ਬੱਕਰੀ ਦੇ ਚਮੜੇ ਤੋਂ ਬਣਾਇਆ ਜਾਂਦਾ ਹੈ। ਕਠਪੁਤਲੀਕਾਰ ਚਮੜੇ ’ਤੇ ਬੜੇ ਹੀ ਧਿਆਨ ਨਾਲ ਪਹਿਲਾਂ ਰੂਪ-ਰੇਖਾ ਵਾਹੁੰਦੇ ਹਨ ਅਤੇ ਫੇਰ ਛੈਣੀ ਤੇ ਛੇਕਣ ਵਾਲੇ ਖ਼ਾਸ ਸੰਦ ਦੀ ਮਦਦ ਨਾਲ ਉਸ ’ਤੇ ਨੱਕਾਸ਼ੀ ਕਰਦੇ ਹਨ। “ਮਾਹਰ ਲੁਹਾਰਾਂ ਦੀ ਕਮੀ ਕਰਕੇ ਇਹ ਸੰਦ ਮਿਲਣੇ ਵੀ ਹੁਣ ਮੁਸ਼ਕਿਲ ਹੋ ਗਏ ਹਨ,” ਰਾਮਾਚੰਦਰਾ ਦੇ ਬੇਟੇ ਰਾਜੀਵ ਪੁਲਵਰ ਨੇ ਦੱਸਿਆ।


