ਅਹਿਮਦੋਸ ਸਿਤਾਰਮੇਕਰ ਪੈਰਿਸ ਜਾ ਸਕਦਾ ਸੀ ਪਰ ਉਸ ਦੇ ਪਿਤਾ ਨੇ ਇਜਾਜ਼ਤ ਨਾ ਦਿੱਤੀ। “ਜੇ ਤੂੰ ਬਾਹਰ ਦੀ ਦੁਨੀਆ ਵੇਖ ਲਈ, ਤੂੰ ਵਾਪਸ ਨਹੀਂ ਆਉਣਾ,” ਉਹਨਾਂ ਨੇ ਕਿਹਾ ਸੀ। ਹੁਣ ਉਹਨਾਂ ਲਫ਼ਜਾਂ ਨੂੰ ਯਾਦ ਕਰਦਿਆਂ 99 ਸਾਲਾ ਅਹਿਮਦੋਸ ਦੇ ਚਿਹਰੇ ’ਤੇ ਮੁਸਕੁਰਾਹਟ ਆ ਗਈ।
ਜਦ ਪੰਜਵੀਂ ਪੀੜ੍ਹੀ ਦਾ ਸਿਤਾਰਮੇਕਰ ਆਪਣੇ 30ਵਿਆਂ ਵਿੱਚ ਸੀ, ਪੈਰਿਸ ਤੋਂ ਦੋ ਮਹਿਲਾਵਾਂ ਉਹਨਾਂ ਦੇ ਕਸਬੇ ਵਿੱਚ ਸਿਤਾਰ, ਕਲਾਸਿਕ ਤਾਰਾਂ ਵਾਲਾ (ਤੰਤੀ) ਸਾਜ਼, ਬਣਾਉਣ ਦੀ ਕਲਾ ਸਿੱਖਣ ਆਈਆਂ ਸਨ। “ਆਸੇ-ਪਾਸੇ ਪੁੱਛ ਕੇ ਉਹ ਮੇਰੇ ਕੋਲ ਮਦਦ ਲਈ ਆਈਆਂ ਅਤੇ ਮੈਂ ਉਹਨਾਂ ਨੂੰ ਸਿਖਾਉਣਾ ਸ਼ੁਰੂ ਕਰ ਦਿੱਤਾ,” ਮਿਰਾਜ ਵਿੱਚ ਸਿਤਾਰਮੇਕਰ ਗਲੀ ਵਿਚਲੇ ਆਪਣੇ ਦੋ ਮੰਜ਼ਿਲਾ ਘਰ ਅਤੇ ਵਰਕਸ਼ਾਪ, ਜਿੱਥੇ ਉਸ ਦੇ ਪਰਿਵਾਰ ਦੀਆਂ ਕਈ ਪੀੜ੍ਹੀਆਂ ਰਹੀਆਂ ਅਤੇ ਕੰਮ ਕਰਦੀਆਂ ਰਹੀਆਂ ਸਨ, ਦੀ ਜ਼ਮੀਨੀ ਮੰਜ਼ਿਲ ’ਤੇ ਬੈਠਿਆਂ ਅਹਿਮਦੋਸ ਨੇ ਕਿਹਾ।
“ਉਸ ਵੇਲੇ ਸਾਡੇ ਘਰ ਵਿੱਚ ਪਖਾਨਾ ਨਹੀਂ ਸੀ,” ਅਹਿਮਦੋਸ ਨੇ ਦੱਸਿਆ, “ਅਸੀਂ ਇੱਕ ਦਿਨ ਵਿੱਚ ਪਖਾਨਾ ਬਣਵਾਇਆ ਕਿਉਂਕਿ ਅਸੀਂ ਉਹਨਾਂ (ਵਿਦੇਸ਼ੀ ਮਹਿਮਾਨਾਂ) ਨੂੰ ਸਾਡੇ ਵਾਂਗ ਖੇਤਾਂ ਵਿੱਚ ਜਾਣ ਲਈ ਨਹੀਂ ਸੀ ਕਹਿ ਸਕਦੇ।” ਜਦ ਉਹ ਗੱਲ ਕਰ ਰਿਹਾ ਹੈ, ਇੱਕ ਸਿਤਾਰ ਦੀ ਮੱਧਮ ਆਵਾਜ਼ ਸੁਣਾਈ ਦੇ ਰਹੀ ਹੈ ਜਿਸ ਨੂੰ ਸੁਰ ਕੀਤਾ ਜਾ ਰਿਹਾ ਹੈ। ਉਸਦਾ ਬੇਟਾ, ਗੌਸ ਸਿਤਾਰਮੇਕਰ, ਕੰਮ ਕਰ ਰਿਹਾ ਹੈ।
ਦੋਵੇਂ ਮਹਿਲਾਵਾਂ ਅਹਿਮਦੋਸ ਦੇ ਪਰਿਵਾਰ ਕੋਲ ਨੌਂ ਮਹੀਨੇ ਤੱਕ ਰਹੀਆਂ, ਪਰ ਇਸ ਤੋਂ ਪਹਿਲਾਂ ਕਿ ਉਹ ਆਖਰੀ ਪੜਾਅ ਸਿੱਖ ਸਕਦੀਆਂ, ਉਹਨਾਂ ਦਾ ਵੀਜ਼ਾ ਖ਼ਤਮ ਹੋ ਗਿਆ। ਕੁਝ ਮਹੀਨਿਆਂ ਬਾਅਦ ਉਹਨਾਂ ਨੇ ਆਖਰੀ ਪੜਾਅ ਸਿੱਖਣ ਲਈ ਉਸਨੂੰ ਪੈਰਿਸ ਸੱਦਿਆ।
ਪਰ ਅਹਿਮਦੋਸ ਆਪਣੇ ਪਿਤਾ ਦੀਆਂ ਹਦਾਇਤਾਂ ਮੰਨ ਕੇ ਘਰ ਹੀ ਰਿਹਾ, ਅਤੇ ਮਹਾਰਾਸ਼ਟਰ ਦੇ ਸਾਂਗਲੀ ਜ਼ਿਲ੍ਹੇ, ਇਸ ਕਲਾ ਲਈ ਜਾਣਿਆ ਜਾਣ ਵਾਲਾ ਇਲਾਕਾ, ਵਿੱਚ ਕਾਰੀਗਰ ਦੇ ਤੌਰ ’ਤੇ ਕੰਮ ਕਰਦਾ ਰਿਹਾ। ਅਹਿਮਦੋਸ ਦਾ ਪਰਿਵਾਰ ਸੱਤ ਪੀੜ੍ਹੀਆਂ ਤੋਂ, 150 ਸਾਲ ਤੋਂ ਜ਼ਿਆਦਾ ਤੋਂ ਇਸ ਕੰਮ ਵਿੱਚ ਲੱਗਿਆ ਹੈ; ਉਹ 99 ਸਾਲ ਦੀ ਉਮਰ ਵਿੱਚ ਵੀ ਕੰਮ ਕਰ ਰਿਹਾ ਹੈ।
ਅਹਿਮਦੋਸ ਦੇ ਘਰ-ਵਰਕਸ਼ਾਪ ਵਾਂਗ, ਗੁਆਂਢ ਦੇ ਹਰ ਘਰ ਦੀਆਂ ਛੱਤਾਂ ਤੋਂ ਭੋਪਲਾ ਜਾਂ ਕੱਦੂ ਲਟਕ ਰਹੇ ਹਨ।
ਸਿਤਾਰਮੇਕਰ ਤੂੰਬਾ ਜਾਂ ਸਿਤਾਰ ਦਾ ਆਧਾਰ ਬਣਾਉਣ ਲਈ ਭੋਪਲਾ ਵਰਤਦੇ ਹਨ। ਇਹ ਸਬਜ਼ੀ ਮਿਰਾਜ ਤੋਂ ਕਰੀਬ 130 ਕਿਲੋਮੀਟਰ ਦੂਰ ਪੰਧਾਰਪੁਰ ਇਲਾਕੇ ਵਿੱਚ ਉਗਾਈ ਜਾਂਦੀ ਹੈ। ਕੌੜਾ ਹੋਣ ਕਰਕੇ ਕੱਦੂ ਖਾਣ ਦੇ ਕੰਮ ਨਹੀਂ ਆਉਂਦਾ ਅਤੇ ਕਿਸਾਨ ਇਹਨਾਂ ਨੂੰ ਸਾਜ਼ ਬਣਾਉਣ ਵਾਲੇ ਸਿਤਾਰਮੇਕਰਾਂ ਨੂੰ ਵੇਚਣ ਲਈ ਹੀ ਉਗਾਉਂਦੇ ਹਨ। ਕਾਰੀਗਰ ਗਰਮੀਆਂ ਵਿੱਚ ਪਹਿਲਾਂ ਹੀ ਫ਼ਸਲ ਦੇ ਪੈਸੇ ਦੇ ਦਿੰਦੇ ਹਨ ਤਾਂ ਕਿ ਸਰਦੀਆਂ ਵਿੱਚ ਵਾਢੀ ਦੇ ਸਮੇਂ ਉਹਨਾਂ ਨੂੰ ਜ਼ਿਆਦਾ ਪੈਸੇ ਨਾ ਦੇਣੇ ਪੈਣ। ਕੱਦੂ ਛੱਤ ਤੋਂ ਲਟਕਾਏ ਜਾਂਦੇ ਹਨ ਤਾਂ ਕਿ ਉਹ ਜ਼ਮੀਨ ਤੋਂ ਨਮੀ ਨਾ ਸੋਖਣ। ਜੇ ਉਹ ਜ਼ਮੀਨ ’ਤੇ ਪਏ ਰਹਿਣ ਤਾਂ ਉਹਨਾਂ ਨੂੰ ਉੱਲ੍ਹੀ ਲੱਗ ਜਾਂਦੀ ਹੈ ਜਿਸ ਨਾਲ ਸਾਜ਼ ਦੇ ਥਿੜਕਣ ਅਤੇ ਲੰਬਾ ਸਮਾਂ ਚੱਲਣ ਦੀ ਸੰਭਾਵਨਾ ਵਿੱਚ ਰੁਕਾਵਟ ਪੈਦਾ ਹੋ ਜਾਂਦੀ ਹੈ।
“ਪਹਿਲਾਂ ਅਸੀਂ ਇੱਕ ਕੱਦੂ ਦੇ 200-300 ਰੁਪਏ ਕੀਮਤ ਦਿੰਦੇ ਸੀ ਪਰ ਹੁਣ ਇਸ ਦਾ ਭਾਅ 1,000 ਜਾਂ ਸਗੋਂ 1,500 ਰੁਪਏ ਤੱਕ ਵੀ ਚਲਾ ਜਾਂਦਾ ਹੈ,” ਇਮਤਿਆਜ਼ ਸਿਤਾਰਮੇਕਰ ਨੇ ਕਿਹਾ ਜੋ ਕੱਦੂ ਨੂੰ ਸਾਫ਼ ਕਰਕੇ ਲੋੜੀਂਦੇ ਆਕਾਰ ਕੱਟਦਾ ਹੈ। ਢੁਆਈ ਦਾ ਖਰਚਾ ਵਧਣ ਕਰਕੇ ਵੀ ਕੀਮਤ ਵਧੀ ਹੈ। ਇਮਤਿਆਜ਼ ਦੇ ਕਹਿਣ ਮੁਤਾਬਕ ਇੱਕ ਸਮੱਸਿਆ ਇਹ ਵੀ ਹੈ ਕਿ ਹੱਥੀਂ ਬਣਾਏ ਸਾਜ਼ਾਂ ਦੀ ਮੰਗ ਘਟਣ ਕਾਰਨ ਕਿਸਾਨ ਕੱਦੂ ਘੱਟ ਉਗਾ ਰਹੇ ਹਨ ਜਿਸ ਕਾਰਨ ਇਹ ਮਹਿੰਗੇ ਹੁੰਦੇ ਜਾ ਰਹੇ ਹਨ।
ਜਦ ਤੂੰਬਾ ਤਿਆਰ ਹੋ ਜਾਂਦਾ ਹੈ, ਬਣਤਰ ਪੂਰੀ ਕਰਨ ਲਈ ਲੱਕੜ ਦੀ ਹੱਥੀ ਫਿੱਟ ਕੀਤੀ ਜਾਂਦੀ ਹੈ। ਫਿਰ ਕਾਰੀਗਰ ਡਿਜ਼ਾਈਨ ਉੱਤੇ ਕੰਮ ਸ਼ੁਰੂ ਕਰਦੇ ਹਨ ਜਿਸ ਨੂੰ ਪੂਰਾ ਕਰਨ ਵਿੱਚ ਇੱਕ ਹਫ਼ਤੇ ਦਾ ਸਮਾਂ ਲੱਗ ਸਕਦਾ ਹੈ। ਵਰਮੀ ਅਤੇ ਪਲਾਸਟਿਕ ਦੀ ਸਟੈਂਸਿਲ ਨਾਲ ਇਰਫ਼ਾਨ ਸਿਤਾਰਮੇਕਰ ਵਰਗੇ ਮਾਹਰ ਡਿਜਾਈਨਰ ਲੱਕੜ ਨੂੰ ਤਰਾਸ਼ਦੇ ਹਨ। “ਘੰਟਿਆਂ-ਬੱਧੀਂ ਝੁਕ ਕੇ ਕੰਮ ਕਰਨ ਕਰਨੇ ਪਿੱਠ ਦਰਦ ਅਤੇ ਹੋਰ ਦਿੱਕਤਾਂ ਹੋ ਜਾਂਦੀਆਂ ਹਨ,” 48 ਸਾਲਾ ਇਰਫ਼ਾਨ ਨੇ ਕਿਹਾ। “ਸਾਲ-ਦਰ-ਸਾਲ ਇਹ ਕੰਮ ਸਰੀਰ ’ਤੇ ਬੁਰਾ ਅਸਰ ਪਾਉਂਦਾ ਹੈ,” ਉਸਦੀ ਪਤਨੀ ਸ਼ਾਹੀਨ ਨੇ ਕਿਹਾ।
“ਮੈਂ ਕਲਾ ਜਾਂ ਰਵਾਇਤ ਨੂੰ ਮਾੜਾ ਨਹੀਂ ਸਮਝਦੀ,” ਸ਼ਾਹੀਨ ਸਿਤਾਰਮੇਕਰ ਨੇ ਕਿਹਾ, “ਜੋ ਪਛਾਣ ਮੇਰੇ ਪਤੀ ਨੇ ਮਿਹਨਤ ਜ਼ਰੀਏ ਬਣਾਈ ਹੈ, ਮੈਨੂੰ ਉਸ ’ਤੇ ਮਾਣ ਹੈ।” ਦੋ ਬੱਚਿਆਂ ਦੀ ਮਾਂ ਜੋ ਘਰ ਦਾ ਕੰਮ ਸਾਂਭਦੀ ਹੈ, ਸ਼ਾਹੀਨ ਦਾ ਮੰਨਣਾ ਹੈ ਕਿ ਜਿੰਨੀ ਸਰੀਰਕ ਥਕਾਵਟ ਹੁੰਦੀ ਹੈ, ਉਸਦੇ ਮੁਕਾਬਲੇ ਇਸ ਕਲਾ ਤੋਂ ਮਿਲਣ ਵਾਲੇ ਪੈਸੇ ਬਹੁਤ ਥੋੜ੍ਹੇ ਹਨ। “ਅਸੀਂ ਮੇਰੇ ਪਤੀ ਦੀ ਦਿਨ ਦੀ ਕਮਾਈ ਦੇ ਮੁਤਾਬਕ ਖਾਣਾ ਖਾਂਦੇ ਹਾਂ। ਮੈਂ ਜਿੰਦਗੀ ਤੋਂ ਖੁਸ਼ ਹਾਂ ਪਰ ਅਸੀਂ ਆਪਣੀਆਂ ਲੋੜਾਂ ਨੂੰ ਦਰਕਿਨਾਰ ਨਹੀਂ ਕਰ ਸਕਦੇ,” ਆਪਣੀ ਰਸੋਈ ਵਿੱਚ ਖੜ੍ਹਿਆਂ ਉਸਨੇ ਕਿਹਾ।
ਉਹਨਾਂ ਦੇ ਦੋ ਬੇਟੇ ਆਪਣੇ ਦਾਦੇ ਦੇ ਭਰਾ ਕੋਲੋਂ ਸਿਤਾਰ ਵਜਾਉਣਾ ਸਿੱਖ ਰਹੇ ਹਨ। “ਉਹ ਚੰਗਾ ਵਜਾਉਂਦੇ ਹਨ,” ਸ਼ਾਹੀਨ ਨੇ ਕਿਹਾ, “ਭਵਿੱਖ ਵਿੱਚ ਉਹ ਦੋਵੇਂ ਚੰਗਾ ਨਾਮ ਕਮਾਉਣਗੇ।”
ਕੁਝ ਸਿਤਾਰਮੇਕਰ ਪ੍ਰਕਿਰਿਆ ਦਾ ਸਿਰਫ਼ ਇੱਕ ਪੜਾਅ ਤਿਆਰ ਕਰਦੇ ਹਨ, ਜਿਵੇਂ ਕਿ ਕੱਦੂ ਕੱਟਣਾ ਜਾਂ ਡਿਜ਼ਾਈਨ ਤਿਆਰ ਕਰਨਾ ਅਤੇ ਉਹਨਾਂ ਨੂੰ ਉਹਨਾਂ ਦੇ ਕੰਮ ਲਈ ਦਿਹਾੜੀ ਮਿਲਦੀ ਹੈ। ਡਿਜ਼ਾਈਨਰਾਂ ਅਤੇ ਪੇਂਟਰਾਂ ਨੂੰ ਉਹਨਾਂ ਦੇ ਕੰਮ ਦੀ ਕਿਸਮ ਅਤੇ ਕਿੰਨਾ ਕੰਮ ਹੈ, ਉਸ ਮੁਤਾਬਕ 350 ਤੋਂ 500 ਰੁਪਏ ਮਿਲਦੇ ਹਨ। ਪਰ ਹੋਰ ਵੀ ਹਨ ਜੋ ਸ਼ੁਰੂ ਤੋਂ ਸਿਤਾਰ ਨੂੰ ਬਣਾਉਂਦੇ ਹਨ – ਕੱਦੂ ਨੂੰ ਧੋਣ ਤੋਂ ਲੈ ਕੇ ਅਖੀਰ ਵਿੱਚ ਪਾਲਸ਼ ਕਰਨ ਅਤੇ ਸਾਜ਼ ਨੂੰ ਸੁਰ ਕਰਨ ਤੱਕ। ਹੱਥੀਂ ਬਣਾਏ ਇੱਕ ਸਿਤਾਰ ਦੀ ਕੀਮਤ ਤਕਰੀਬਨ 30-35000 ਰੁਪਏ ਹੁੰਦੀ ਹੈ।
ਪਰਿਵਾਰ ਦੀਆਂ ਮਹਿਲਾਵਾਂ ਆਮ ਤੌਰ ’ਤੇ ਇਸ ਕੰਮ ਵਿੱਚ ਹਿੱਸਾ ਨਹੀਂ ਪਾਉਂਦੀਆਂ। “ਮੈਂ ਤੁਹਾਨੂੰ ਯਕੀਨ ਦਿਵਾਉਂਦਾ ਹਾਂ, ਜੇ ਮੇਰੀਆਂ ਬੇਟੀਆਂ ਅੱਜ ਸ਼ੁਰੂ ਕਰਨ ਤਾਂ ਉਹ ਕੁਝ ਹੀ ਦਿਨਾਂ ਵਿੱਚ ਸਿੱਖ ਸਕਦੀਆਂ ਹਨ। ਮੈਨੂੰ ਮਾਣ ਹੈ ਕਿ ਉਹ ਦੋਵੇਂ ਪੜ੍ਹਾਈ ਦੇ ਮਾਮਲੇ ਵਿੱਚ ਕਾਮਯਾਬ ਰਹੀਆਂ ਹਨ,” ਦੋ ਜਵਾਨ ਲੜਕੀਆਂ ਦੇ ਪਿਤਾ ਗੌਸ ਨੇ ਕਿਹਾ। 55 ਸਾਲਾ ਗੌਸ ਬਚਪਨ ਤੋਂ ਸਿਤਾਰ ਪਾਲਸ਼ ਅਤੇ ਫਿੱਟ ਕਰ ਰਿਹਾ ਹੈ। “ਲੜਕੀਆਂ ਦੇ ਆਖਰ ਨੂੰ ਵਿਆਹ ਹੋ ਜਾਣਗੇ। ਅਕਸਰ ਉਹਨਾਂ ਦਾ ਵਿਆਹ ਸਿਤਾਰਮੇਕਰ ਪਰਿਵਾਰ ਵਿੱਚ ਨਹੀਂ ਹੁੰਦਾ ਜਿਸ ਕਰਕੇ ਇਸ ਹੁਨਰ ਦਾ ਕੋਈ ਫਾਇਦਾ ਨਹੀਂ ਹੁੰਦਾ,” ਉਹਨਾਂ ਨੇ ਦੱਸਿਆ। ਕਈ ਵਾਰ ਮਹਿਲਾਵਾਂ ਆਧਾਰ ਨੂੰ ਪਾਲਸ਼ ਕਰਦੀਆਂ ਜਾਂ ਪ੍ਰਕਿਰਿਆ ਦੇ ਕਿਸੇ ਹੋਰ ਪੜਾਅ ਵਿੱਚ ਯੋਗਦਾਨ ਪਾਉਂਦੀਆਂ ਹਨ। ਪਰ ਪੁਰਸ਼ਾਂ ਵਾਲੇ ਸਮਝੇ ਜਾਂਦੇ ਕੰਮ ਜੇ ਮਹਿਲਾਵਾਂ ਕਰਨ ਤਾਂ ਸਮਾਜ ਇਸ ਨੂੰ ਸਵੀਕਾਰ ਨਹੀਂ ਕਰਦਾ ਅਤੇ ਉਹਨਾਂ ਨੂੰ ਫ਼ਿਕਰ ਰਹਿੰਦੀ ਹੈ ਕਿ ਲਾੜੇ ਦਾ ਪਰਿਵਾਰ ਇਸ ਨੂੰ ਸਵੀਕਾਰ ਨਹੀਂ ਕਰੇਗਾ।
*****
ਤੰਤੀ ਸਾਜ਼ ਬਣਾਉਣ ਦੇ ਮਾਮਲੇ ਵਿੱਚ ਉੱਨੀਵੀਂ ਸਦੀ ਵਿੱਚ ਮਿਰਾਜ ਦੇ ਰਾਜੇ ਸ਼੍ਰੀਮੰਤ ਬਾਲਾਸਾਹਿਬ ਪਟਵਰਧਨ ਦੂਜੇ ਦੇ ਸਮੇਂ ਸਿਤਾਰਮੇਕਰਾਂ ਨੇ ਇਸ ਕੰਮ ਵਿੱਚ ਆਪਣਾ ਨਾਂ ਬਣਾਇਆ। ਸੰਗੀਤ ਦੇ ਸਰਪ੍ਰਸਤ ਦੇ ਤੌਰ ’ਤੇ ਉਹ ਆਪਣੇ ਦਰਬਾਰ ਵਿੱਚ ਆਗਰੇ ਅਤੇ ਬਨਾਰਸ ਵਰਗੀਆਂ ਹੋਰਨਾਂ ਥਾਵਾਂ ਤੋਂ ਸੰਗੀਤਵਾਦਕਾਂ ਨੂੰ ਬੁਲਾਉਂਦਾ ਸੀ। ਪਰ ਰਾਹ ਵਿੱਚ ਬਹੁਤ ਸਾਰੇ ਸਾਜ਼ ਨੁਕਸਾਨੇ ਜਾਂਦੇ ਸਨ ਅਤੇ ਰਾਜੇ ਨੂੰ ਇਹਨਾਂ ਦੀ ਮੁਰੰਮਤ ਲਈ ਲੋਕ ਲੱਭਣੇ ਪਏ।
“ਉਹਨਾਂ ਦੀ ਭਾਲ ਉਹਨਾਂ ਨੂੰ ਸਿਕਲੀਗਰ ਭਾਈਚਾਰੇ ਦੇ ਦੋ ਭਰਾਵਾਂ ਮੋਹੀਨੁਦੀਨ ਅਤੇ ਫ਼ਰੀਦਸਾਹਿਬ ਤੱਕ ਲੈ ਗਈ,” ਇਬਰਾਹੀਮ ਨੇ ਕਿਹਾ ਜੋ ਸਿਤਾਰਮੇਕਰਾਂ ਦੀ ਛੇਵੀਂ ਪੀੜ੍ਹੀ ’ਚੋਂ ਹੈ। ਸਿਕਲੀਗਰ, ਜੋ ਮਹਾਰਾਸ਼ਟਰ ਵਿੱਚ ਹੋਰ ਪਛੜੀਆਂ ਸ਼੍ਰੇਣੀਆਂ ਵਿੱਚ ਆਉਂਦੇ ਹਨ, ਲੁਹਾਰ ਸਨ ਅਤੇ ਹਥਿਆਰ ਅਤੇ ਹੋਰ ਔਜ਼ਾਰ ਬਣਾਉਂਦੇ ਸਨ। ਇਬਰਾਹੀਮ ਦਾ ਕਹਿਣਾ ਹੈ, “ਰਾਜੇ ਦੇ ਕਹਿਣ ਤੇ ਉਹਨਾਂ ਨੇ ਸਾਜ਼ ਠੀਕ ਕਰਨ ’ਤੇ ਹੱਥ ਅਜ਼ਮਾਇਆ; ਕੁਝ ਸਮੇਂ ਬਾਅਦ ਇਹ ਉਹਨਾਂ ਦਾ ਮੁੱਖ ਪੇਸ਼ਾ ਬਣ ਗਿਆ ਅਤੇ ਉਹਨਾਂ ਦਾ ਨਾਂ ਵੀ ਸਿਕਲੀਗਰ ਤੋਂ ਸਿਤਾਰਮੇਕਰ ਪੈ ਗਿਆ।” ਅੱਜ ਦੇ ਸਮੇਂ ਮਿਰਾਜ ਵਿਚਲੀ ਉਹਨਾਂ ਦੀ ਅਗਲੀ ਪੀੜ੍ਹੀ ਦੋਵੇਂ ਨਾਵਾਂ ਨੂੰ ਆਪਣੇ ਗੋਤ ਦੇ ਤੌਰ ’ਤੇ ਇਸਤੇਮਾਲ ਕਰਦੀ ਹੈ।
ਪਰ ਇਸ ਕੰਮ ਨੂੰ ਚਲਦਾ ਰੱਖਣ ਲਈ ਅੱਜ ਦੀ ਪੀੜ੍ਹੀ ਨੂੰ ਇਤਿਹਾਸਕ ਵਿਰਾਸਤ ਤੋਂ ਵੱਧ ਕੁਝ ਚਾਹੀਦਾ ਹੈ। ਸ਼ਾਹੀਨ ਅਤੇ ਇਰਫ਼ਾਨ ਦੇ ਬੇਟਿਆਂ ਵਾਂਗ ਹੋਰ ਬੱਚਿਆਂ ਨੇ ਵੀ ਸਿਤਾਰ ਬਣਾਉਣਾ ਸਿੱਖਣ ਦੀ ਬਜਾਏ ਉਹਨਾਂ ਨੂੰ ਵਜਾਉਣਾ ਸ਼ੁਰੂ ਕਰ ਦਿੱਤਾ ਹੈ।
ਜਿਵੇਂ-ਜਿਵੇਂ ਵੱਖ-ਵੱਖ ਸਾਜ਼ਾਂ ਦੀ ਆਵਾਜ਼ ਕੱਢਣ ਵਾਲੇ ਸਾਫਟਵੇਅਰ ਦਾ ਵਿਕਾਸ ਹੋਇਆ ਹੈ, ਬਹੁਤੇ ਸੰਗੀਤਕਾਰ ਹੱਥੀਂ ਬਣਾਏ ਸਿਤਾਰ ਅਤੇ ਤਾਨਪੁਰੇ ਤੋਂ ਦੂਰ ਜਾਣ ਲੱਗੇ ਹਨ ਜਿਸ ਨਾਲ ਕੰਮ ’ਤੇ ਅਸਰ ਪਿਆ ਹੈ। ਮਸ਼ੀਨ ਦੇ ਬਣੇ ਸਿਤਾਰ ਦੀ ਕੀਮਤ ਹੱਥੀਂ ਬਣਾਏ ਸਿਤਾਰ ਤੋਂ ਬਹੁਤ ਘੱਟ ਹੈ, ਇਸ ਨਾਲ ਵੀ ਸਿਤਾਰਮੇਕਰਾਂ ਲਈ ਸਮੱਸਿਆਵਾਂ ਖੜ੍ਹੀਆਂ ਹੋ ਗਈਆਂ ਹਨ।
ਆਪਣਾ ਖਰਚਾ ਚਲਾਉਣ ਲਈ ਸਿਤਾਰਮੇਕਰ ਹੁਣ ਸੈਲਾਨੀਆਂ ਨੂੰ ਵੇਚਣ ਲਈ ਛੋਟੇ ਆਕਾਰ ਦੇ ਸਿਤਾਰ ਬਣਾਉਂਦੇ ਹਨ। 3,000 ਤੋਂ 5,000 ਦੀ ਕੀਮਤ ਵਾਲੇ ਤਿੱਖੇ ਰੰਗਾਂ ਵਾਲੇ ਇਹ ਸਿਤਾਰ ਕੱਦੂ ਦੀ ਬਜਾਏ ਫਾਈਬਰ ਦੇ ਬਣਾਏ ਹੋਏ ਹਨ।
ਸਰਕਾਰ ਵੱਲੋਂ ਕੋਈ ਮਾਨਤਾ ਜਾਂ ਮਦਦ ਅਜੇ ਤੱਕ ਨਹੀਂ ਮਿਲੀ। ਭਾਵੇਂ ਕਿ ਕਲਾਕਾਰਾਂ ਅਤੇ ਪੇਸ਼ਕਾਰਾਂ ਲਈ ਕਈ ਸਕੀਮਾਂ ਹਨ ਪਰ ਇਹ ਸਾਜ਼ ਬਣਾਉਣ ਵਾਲੇ ਲੋਕਾਂ ਨੂੰ ਮਾਨਤਾ ਮਿਲਣੀ ਅਜੇ ਬਾਕੀ ਹੈ। “ਜੇ ਸਰਕਾਰ ਸਾਨੂੰ ਅਤੇ ਸਾਡੀ ਮਿਹਨਤ ਨੂੰ ਮਾਨਤਾ ਦਵੇ ਤਾਂ ਅਸੀਂ ਹੋਰ ਵੀ ਵਧੀਆ ਸਾਜ਼ ਬਣਾ ਸਕਦੇ ਹਾਂ। ਇਸ ਨਾਲ ਕਾਰੀਗਰਾਂ ਨੂੰ ਆਰਥਿਕ ਮਦਦ ਵੀ ਮਿਲੇਗੀ ਅਤੇ ਉਹਨਾਂ ਨੂੰ ਇਹ ਅਹਿਸਾਸ ਹੋਵੇਗਾ ਕਿ ਉਹਨਾਂ ਦੀ ਮਿਹਨਤ ਦੀ ਕਦਰ ਕੀਤੀ ਜਾ ਰਹੀ ਹੈ,” ਇਬਰਾਹੀਮ ਨੇ ਕਿਹਾ। ਅਹਿਮਦੋਸ ਵਰਗੇ ਪੁਰਾਣੇ ਕਾਰੀਗਰਾਂ ਦਾ ਕਹਿਣਾ ਹੈ ਕਿ ਆਪਣੀ ਪੂਰੀ ਜ਼ਿੰਦਗੀ ਇਸ ਕਲਾ ਵਿੱਚ ਲਾਉਣ ’ਤੇ ਉਹਨਾਂ ਨੂੰ ਕੋਈ ਅਫ਼ਸੋਸ ਨਹੀਂ। “ਅੱਜ ਵੀ ਜੇ ਤੁਸੀਂ ਮੈਨੂੰ ਪੁੱਛੋ ਕਿ ਕੀ ਮੈਨੂੰ ਕੋਈ ਮਦਦ ਜਾਂ ਆਰਥਿਕ ਸਹਾਇਤਾ ਚਾਹੀਦੀ ਹੈ...ਮੈਂ ਇਹ ਕਦੇ ਨਹੀਂ ਲਵਾਂਗਾ। ਕਦੇ ਵੀ ਨਹੀਂ,” ਉਸਨੇ ਕਿਹਾ।
ਇੰਟਰਨੈਟ ਕਰਕੇ ਹੁਣ ਖਰੀਦਦਾਰ ਸਿੱਧੇ ਕਾਰੀਗਰਾਂ ਦੀ ਵੈਬਸਾਈਟ ਤੋਂ ਆਰਡਰ ਕਰ ਸਕਦੇ ਹਨ ਜਿਸ ਨਾਲ ਦੁਕਾਨ ਮਾਲਕਾਂ ਅਤੇ ਵਿਚੋਲਿਆਂ ਦਾ ਕਮਿਸ਼ਨ ਖ਼ਤਮ ਹੋ ਗਿਆ ਹੈ। ਜ਼ਿਆਦਾਤਰ ਖਰੀਦਦਾਰ ਦੇਸ਼ ਵਿੱਚੋਂ ਹੀ ਹਨ; ਵੈਬਸਾਈਟਾਂ ਜ਼ਰੀਏ ਵਿਦੇਸ਼ੀ ਖਰੀਦਦਾਰ ਵੀ ਜੁੜਨ ਲੱਗੇ ਹਨ।
ਹੱਥੀਂ ਸਿਤਾਰ ਕਿਵੇਂ ਬਣਾਇਆ ਜਾਂਦਾ ਹੈ ਇਹ ਦੇਖਣ ਲਈ ਅਤੇ ਸਿਤਾਰਮੇਕਰਾਂ ਦੀਆਂ ਸਮੱਸਿਆਵਾਂ ਜਾਣਨ ਲਈ ਵੀਡੀਓ ਦੇਖੋ।
ਪੰਜਾਬੀ ਤਰਜਮਾ: ਅਰਸ਼ਦੀਪ ਅਰਸ਼ੀ