ਸਰੂ (ਬਦਲਿਆ ਹੋਇਆ ਨਾਮ) ਘਰ ਦੇ ਬਾਹਰ ਅੰਬ ਦੇ ਹੇਠਾਂ ਬੈਠੀਹੋਈ ਹਨ। ਉਨ੍ਹਾਂ ਦੀ ਗੋਦੀ ਵਿੱਚ ਬੱਚਾ ਹੈ ਤੇ ਚਿਹਰੇ 'ਤੇ ਕੁਝ ਉਦਾਸੀ ਹੈ। "ਮਾਹਵਾਰੀ ਦੇ ਦਿਨ ਨੇੜੇ ਆ ਰਹੇ ਨੇ, ਮੈਨੂੰ ਕੁਰਮਾ ਘਰ ਜਾਣਾ ਪੈਣਾ ਏ," ਉਹ ਕਹਿੰਦੀ ਹਨ। ਮਾਹਵਾਰੀ ਨੂੰ ਮਾੜਿਆ ਭਾਸ਼ਾ ਵਿੱਚ 'ਕੁਰਮਾ ' ਕਿਹਾ ਜਾਂਦਾ ਹੈ। ਸਰੂ ਨੂੰ ਆਪਣੀ ਮਾਹਵਾਰੀ ਦੇ 4-5 ਦਿਨ ਉਸੇ ਕੁਰਮਾ ਘਰ ਵਿੱਚ ਇਕੱਲੇ ਬਿਤਾਉਣੇ ਪੈਣੇ ਹਨ।
ਆਉਣ ਵਾਲ਼ੇ ਸਮੇਂ ਬਾਰੇ ਸੋਚਰ ਸੋਚ ਕੇਸਰੂ ਦੀ ਚਿੰਤਾ ਵੱਧਦੀ ਜਾਂਦੀ ਹੈ। "ਕੁਰਮਾ ਘਰ ਵਿੱਚ ਰਹਿੰਦਿਆਂ ਘੁਟਣ ਹੁੰਦੀ ਏ ਤੇ ਆਪਣੇ ਬੱਚਿਆਂ ਤੋਂ ਬਗ਼ੈਰ ਮੈਨੂੰ ਨੀਂਦ ਵੀ ਨਹੀਂ ਆਉਂਦੀ, ਆਪਣੇ ਨੌਂ ਮਹੀਨਿਆਂ ਦੇ ਬੱਚੇ ਨੂੰ ਦੁੱਧ ਪਿਆਉਂਦਿਆਂ ਉਹ ਸ਼ਾਂਤ ਬਣੀ ਰਹਿੰਦੀ ਹਨ। ਉਨ੍ਹਾਂ ਦੀ ਸਾਢੇ ਤਿੰਨ ਸਾਲਾ ਧੀ, ਕੋਮਲ (ਬਦਲਿਆ ਹੋਇਆ ਨਾਮ) ਨਰਸਰੀ ਸਕੂਲ ਪੜ੍ਹਦੀ ਹੈ। "ਉਹਨੂੰ ਵੀ ਕਿਸੇ ਦਿਨ ਪਾਲੀ (ਮਾਹਵਾਰੀ) ਆਉਣੀ ਹੀ ਆ; ਇਹ ਸੋਚ ਹੀ ਮੈਨੂੰ ਡਰਾ ਦਿੰਦੀ ਏ,'' ਸਰੂ (30 ਸਾਲਾ) ਕਹਿੰਦੀ ਹਨ। ਉਹ ਘਬਰਾਹਟ ਵਿੱਚ ਇਸਲਈ ਹਨ ਕਿਉਂਕਿ ਹਰ ਔਰਤ ਨੂੰ ਆਪਣੇ ਮਾੜਿਆ ਕਬਾਇਲੀ ਸਮਾਜ ਦੀ ਇਸ ਪਰੰਪਰਾ ਦਾ ਪਾਲਣ ਕਰਨਾ ਪੈਂਦਾ ਹੈ।
ਸਰੂ ਦੇ ਪਿੰਡ ਵਿੱਚ ਚਾਰ ਕੁਰਮਾ ਘਰ ਹਨ। ਉਨ੍ਹਾਂ ਵਿੱਚੋਂ ਇੱਕ ਤਾਂ ਉਨ੍ਹਾਂ ਦੀ ਝੌਂਪੜੀ ਤੋਂ100 ਮੀਟਰ ਤੋਂ ਵੀ ਘੱਟ ਦੂਰ ਹੈ। ਪਿੰਡ ਦੀਆਂ 27 ਔਰਤਾਂ ਅਤੇ ਕਿਸ਼ੋਰ ਕੁੜੀਆਂ ਆਪੋ-ਆਪਣੀ ਮਾਹਵਾਰੀ ਦੌਰਾਨ ਇਨ੍ਹਾਂ ਝੌਂਪੜੀਆਂ ਵਿੱਚ ਹੀ ਰਹਿੰਦੀਆਂ ਹਨ। "ਮੈਂ ਬਚਪਨ ਤੋਂ ਆਪਣੀ ਮਾਂ ਅਤੇ ਨਾਨੀ ਨੂੰ ਕੁਰਮਾ ਘਰ ਜਾਂਦੇ ਦੇਖਿਆ। ਹੁਣ ਮੈਂ ਜਾ ਰਹੀ ਹਾਂ। ਪਰ ਮੈਂ ਕੋਮਲ ਨੂੰ ਇਸ ਪਰੰਪਰਾ ਦਾ ਹਿੱਸਾ ਬਣਦਿਆਂ ਨਹੀਂ ਦੇਖਣਾ ਚਾਹੁੰਦੀ," ਉਹ ਕਹਿੰਦੀ ਹਨ।
ਮਾੜਿਆ ਭਾਈਚਾਰੇ ਵਿੱਚ, ਮਾਹਵਾਰੀ ਦੇ ਦਿਨੀਂ ਔਰਤਾਂ ਨੂੰ ਅਸ਼ੁੱਧ ਅਤੇ ਅਛੂਤ ਮੰਨਿਆ ਜਾਂਦਾ ਹੈ ਅਤੇ ਉਨ੍ਹਾਂ ਨੂੰ ਘਰ ਤੋਂ ਦੂਰ ਰਹਿਣ ਭੇਜ ਦਿੱਤਾ ਜਾਂਦਾ ਹੈ। "13 ਸਾਲ ਦੀ ਉਮਰ ਤੋਂ ਮੈਂ ਵੀ ਕੁਰਮਤ ਘਰ ਜਾਂਦੀ ਆਈ ਹਾਂ," ਸਰੂਦੱਸਦੀ ਹਨ। ਉਸ ਵੇਲ਼ੇ ਉਹ ਆਪਣੇ ਪੇਕਿਆਂ ਦੇ ਘਰ ਰਹਿੰਦੀ ਸਨ ਜੋ ਮਹਾਰਾਸ਼ਟਰ ਦੇ ਗੜ੍ਹਚਿਰੌਲੀ ਜ਼ਿਲ੍ਹੇ ਸਥਿਤ ਉਨ੍ਹਾਂ ਦੇ ਸਹੁਰੇ ਘਰ ਤੋਂ ਕੋਈ 50 ਕਿਲੋਮੀਟਰ ਦੂਰ ਸਥਿਤ ਹੈ।
ਉਦੋਂ ਤੋਂ ਲੈ ਕੇ ਹੁਣ ਤੱਕ ਦੇ ਦਿਨਾਂ ਦੀ ਗਿਣਤੀ 'ਤੇ ਨਜ਼ਰ ਮਾਰੀਏ ਤਾਂ ਇਨ੍ਹਾਂ 18 ਸਾਲਾਂ 'ਚ ਸਰੂ ਨੇ ਕੁਰਮਤ ਘਰ'ਚ ਆਪਣੀ ਜ਼ਿੰਦਗੀ ਦੇ ਕਰੀਬ 1,000 ਬਿਤਾਏ ਹਨ, ਉਹ ਵੀ ਬਗ਼ੈਰ ਕਿਸੇ ਪਖਾਨੇ, ਬਗ਼ੈਰ ਸਾਫ਼ ਪਾਣੀ, ਬਗ਼ੈਰ ਬਿਜਲੀ ਦੇ। ਜਿੱਥੇ ਲੰਮੇ ਪੈਣ ਲਈ ਨਾ ਕੋਈ ਬੈੱਡ ਹੈ ਤੇ ਨਾ ਹੀ ਕੋਈ ਪੱਖਾ ਹੀ। "ਅੰਦਰ ਹਨ੍ਹੇਰਾ ਖੂਹ ਜਾਪਦਾ ਏ। ਰਾਤ ਵੇਲ਼ੇ ਮੈਨੂੰ ਡਰ ਲੱਗਦਾ ਏ। ਇਓਂ ਜਾਪਦਾ ਜਿਓਂ ਹਨ੍ਹੇਰੇ ਮੈਨੂੰ ਨਿਗਲ਼ ਰਿਹਾ ਹੋਵੇ,'' ਉਨ੍ਹਾਂ ਨੇ ਸਹਿਮਭਰੀ ਅਵਾਜ਼ ਵਿੱਚ ਕਿਹਾ। ''ਕਦੇ ਕਦੇ ਲੱਗਦਾ ਇੱਥੋਂ ਭੱਜ ਜਾਵਾਂ ਤੇ ਜਾ ਕੇ ਆਪਣੇ ਬੱਚਿਆਂ ਨੂੰ ਹਿੱਕ ਨਾਲ਼ ਲਵਾਂ... ਪਰ ਮੈਂ ਇੰਝ ਵੀ ਨਹੀਂ ਕਰ ਸਕਦੀ।''


















