ਜਿਓਂ-ਜਿਓਂ ਸਰਦੀਆਂ ਦੀ ਫ਼ਸਲ ਦੀ ਕਟਾਈ ਦਾ ਸਮਾਂ ਨੇੜੇ ਆਉਂਦਾ ਜਾ ਰਿਹਾ ਹੈ, ਕ੍ਰਿਸ਼ਨਾ ਅੰਬੁਲਕਰ ਰੋਜ਼ ਤੜਕੇ 7 ਵਜੇ ਹੀ ਘਰ-ਘਰ ਜਾ ਕੇ ਵਸੂਲੀ ਲਈ ਨਿਕਲ਼ ਪੈਂਦੇ ਹਨ, ਜਾਇਦਾਦ ਅਤੇ ਪਾਣੀ 'ਤੇ ਲੱਗੇ ਟੈਕਸ ਦੀ ਵਸੂਲੀ ਦਾ ਅਭਿਆਨ ਹੈ।
"ਇੱਥੋਂ ਦੇ ਕਿਸਾਨ ਇੰਨੇ ਗ਼ਰੀਬ ਹਨ ਕਿ ਦਿੱਤੇ ਗਏ ਟੀਚੇ ਦੀ 65 ਪ੍ਰਤੀਸ਼ਤ ਵਸੂਲੀ ਵੀ ਇੱਕ ਅਸੰਭਵ ਕੰਮ ਜਾਪਦਾ ਹੈ," ਜ਼ਮਕੋਲੀ ਵਿੱਚ ਨਿਯੁਕਤ ਇੱਕੋ-ਇੱਕ ਪੰਚਾਇਤ ਕਰਮਚਾਰੀ ਕਹਿੰਦੇ ਹਨ।
ਜ਼ਮਕੋਲੀ ਨਾਗਪੁਰ ਤੋਂ 75 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ, ਜਿੱਥੇ ਮੁੱਖ ਤੌਰ 'ਤੇ ਮਾਨਾ ਅਤੇ ਗੋਵਰੀ (ਅਨੁਸੂਚਿਤ ਜਨਜਾਤੀ) ਭਾਈਚਾਰੇ ਰਹਿੰਦੇ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਲੋਕ ਥੁੜ੍ਹਾਂ ਮਾਰੇ ਅਤੇ ਗ਼ਰੀਬ ਛੋਟੇ ਕਿਸਾਨ ਹਨ ਜੋ ਸੁੱਕੀ ਜ਼ਮੀਨ 'ਤੇ ਖੇਤੀ ਕਰਦੇ ਹਨ। ਜੇ ਉਨ੍ਹਾਂ ਦਾ ਆਪਣਾ ਖੂਹ ਜਾਂ ਬੋਰਵੈੱਲ ਹੋਵੇ, ਤਾਂ ਇਹ ਕਿਸਾਨ ਕਪਾਹ, ਸੋਇਆਬੀਨ, ਅਰਹਰ ਅਤੇ ਇੱਥੋਂ ਤੱਕ ਕਿ ਕਣਕ ਵੀ ਉਗਾਉਂਦੇ ਹਨ। ਚਾਲ੍ਹੀ ਸਾਲਾ ਕ੍ਰਿਸ਼ਨਾ ਪਿੰਡ ਦੇ ਇਕਲੌਤੇ ਵਿਅਕਤੀ ਹਨ ਜੋ ਹੋਰ ਪੱਛੜੀਆਂ ਸ਼੍ਰੇਣੀਆਂ (ਓਬੀਸੀ) ਨਾਲ਼ ਸਬੰਧਤ ਹਨ - ਉਹ ਨਹਵੀ (ਨਾਈ) ਜਾਤੀ ਦੇ ਹਨ।
ਇਸ ਸਾਲ ਖੇਤੀ ਨੂੰ ਕੇਂਦਰ ਵਿੱਚ ਰੱਖ ਕੇ ਬਣਾਏ ਗਏ ਬਜਟ ਦੇ ਨਵੀਂ ਦਿੱਲੀ ਦੇ ਖੋਖਲੇ ਦਾਅਵਿਆਂ ਅਤੇ ਮੱਧ ਵਰਗ ਲਈ ਟੈਕਸ ਰਾਹਤ ਨੂੰ ਲੈ ਕੇ ਕਥਿਤ ਤੌਰ 'ਤੇ ਵਿਤੋਂ-ਵੱਧ ਉਤਸ਼ਾਹ ਦੇ ਬਾਵਜੂਦ, ਅੰਬੁਲਖਰ ਪੰਚਾਇਤ ਵਿੱਚ ਟੈਕਸ ਵਸੂਲੀ ਨੂੰ ਲੈ ਕੇ ਤਣਾਅ ਬਰਕਰਾਰ ਹੈ। ਦੂਜੇ ਪਾਸੇ ਪਿੰਡ ਦੇ ਕਿਸਾਨ ਫ਼ਸਲਾਂ ਦੀਆਂ ਕੀਮਤਾਂ 'ਚ ਗਿਰਾਵਟ ਨੂੰ ਲੈ ਕੇ ਚਿੰਤਤ ਹਨ।
ਕ੍ਰਿਸ਼ਨਾ ਦੀ ਚਿੰਤਾ ਨੂੰ ਆਸਾਨੀ ਨਾਲ਼ ਸਮਝਿਆ ਜਾ ਸਕਦਾ ਹੈ - ਜੇ ਉਹ ਟੈਕਸ ਵਸੂਲੀ ਦੇ ਆਪਣੇ ਟੀਚੇ ਨੂੰ ਪ੍ਰਾਪਤ ਕਰਨ ਵਿੱਚ ਅਸਫ਼ਲ ਰਹਿੰਦੇ ਹਨ, ਤਾਂ ਉਨ੍ਹਾਂ ਨੂੰ ਆਪਣੀ ਤਨਖਾਹ ਦੇ 11,500 ਰੁਪਏ ਨਹੀਂ ਮਿਲ਼ਣਗੇ, ਜੋ ਪੰਚਾਇਤ ਦੇ ਟੈਕਸ ਮਾਲੀਆ ਵਜੋਂ ਇਕੱਠੇ ਕੀਤੇ ਗਏ 5.5 ਲੱਖ ਰੁਪਏ ਤੋਂ ਹੀ ਆਉਣੀ ਹੈ।




