ਅੰਜਨਾ ਦੇਵੀ ਦੀ ਮੰਨੀਏ ਤਾਂ ਬਜਟ ਵਗੈਰਾ ਬਾਰੇ ਜਾਣਨ ਦਾ ਕੰਮ ਪੁਰਸ਼ਾਂ ਦਾ ਹੈ।
''ਮਰਦ ਲੋਗ ਹੀ ਜਾਨਤਾ ਹੈ ਏ ਸਬ, ਲੇਕਿਨ ਵੋਹ ਤੋਹ ਨਹੀਂ ਹੈਂ ਘਰ ਪੇ,'' ਉਹ ਕਹਿੰਦੇ ਹਨ। ਹਾਂ ਪਰ ਉਨ੍ਹਾਂ ਦੇ ਆਪਣੇ ਘਰ ਦਾ ਬਜਟ ਤਾਂ ਉਹ ਖ਼ੁਦ ਹੀ ਸਾਂਭਦੇ ਹਨ। ਚਮਾਰ ਜਾਤੀ ਨਾਲ਼ ਤਾਅਲੁੱਕ ਰੱਖਦੇ ਅੰਜਨਾ ਪਿਛੜੀ ਜਾਤੀ ਤੋਂ ਆਉਂਦੇ ਹਨ।
''ਬੱਜਟ!'' ਉਹ ਕਹਿੰਦੇ ਹਨ ਤੇ ਦਿਮਾਗ਼ 'ਤੇ ਜ਼ੋਰ ਪਾਉਣ ਦੀ ਕੋਸ਼ਿਸ਼ ਕਰਨ ਲੱਗਦੇ ਹਨ ਕਿ ਭਲ਼ਾ ਉਨ੍ਹਾਂ ਨੇ ਨਵੇਂ ਐਲਾਨਾਂ ਬਾਬਤ ਕੁਝ ਸੁਣਿਆ ਵੀ ਹੈ ਜਾਂ ਨਹੀਂ। ''ਊ ਸਬ ਹਮ ਨਹੀਂ ਸੁਣੇ ਹੈਂ।'' ਪਰ ਬਿਹਾਰ ਦੇ ਵੈਸ਼ਾਲੀ ਜ਼ਿਲ੍ਹੇ ਦੇ ਸੋਂਧੋ ਰਤੀ ਪਿੰਡ ਦੀ ਇਸ ਦਲਿਤ ਨਿਵਾਸੀ ਦਾ ਇੰਨਾ ਜ਼ਰੂਰ ਕਹਿਣਾ ਹੈ,''ਈ ਸਬ (ਬਜਟ) ਪੈਸੇ ਵਾਲ਼ੇ ਲੋਕਾਂ ਲਈ ਆ।''
ਅੰਜਨਾ ਦੇ ਪਤੀ, 80 ਸਾਲਾ ਸ਼ੰਭੂ ਰਾਮ, ਜੋ ਉਸ ਸਮੇਂ ਭਜਨ ਗਾਉਣ ਕਿਤੇ ਬਾਹਰ ਗਏ ਸਨ, ਆਪਣੇ ਘਰੇ ਹੀ ਰੇਡੀਓ ਮੁਰੰਮਤ ਦਾ ਕੰਮ ਕਰਦੇ ਹਨ। ਪਰ ਬਹੁਤ ਹੀ ਘੱਟ ਲੋਕ ਉਨ੍ਹਾਂ ਕੋਲ਼ ਆਉਂਦੇ ਹਨ। "ਅਸੀਂ ਹਫ਼ਤੇ ਵਿੱਚ ਬਾਮੁਸ਼ਕਿਲ 300-400 ਰੁਪਏ ਕਮਾਉਂਦੇ ਹਾਂ," ਉਹ ਕਹਿੰਦੇ ਹਨ। ਸਲਾਨਾ ਕਮਾਈ ਜੋੜੀਏ ਤਾਂ ਇਹ ਵੱਧ ਤੋਂ ਵੱਧ 16,500 ਰੁਪਏ ਹੀ ਬਣਦੇ ਹਨ ਜਾਂ ਇੰਝ ਕਹਿ ਲਈਏ ਕਿ 12 ਲੱਖ ਰੁਪਏ ਦੀ ਟੈਕਸ ਮੁਕਤ ਆਮਦਨ ਸੀਮਾ ਦਾ ਸਿਰਫ਼ 1.35 ਪ੍ਰਤੀਸ਼ਤ। ਜਦੋਂ ਅੰਜਨਾ ਨੂੰ ਟੈਕਸ ਛੋਟ ਦੀ ਸੀਮਾ ਵਿੱਚ ਵਾਧੇ ਬਾਰੇ ਦੱਸਿਆ ਜਾਂਦਾ ਹੈ, ਤਾਂ ਉਹ ਹੱਸਣ ਲੱਗਦੇ ਹਨ। "ਕਈ ਵਾਰ ਤਾਂ ਅਸੀਂ ਹਫ਼ਤੇ ਦੇ 100 ਰੁਪਏ ਵੀ ਨਹੀਂ ਕਮਾ ਪਾਉਂਦੇ। ਇਹ ਮੋਬਾਇਲ ਫ਼ੋਨ ਦਾ ਯੁੱਗ ਹੈ। ਹੁਣ ਰੇਡੀਓ ਸੁਣਦਾ ਈ ਕੌਣ ਏ!" ਉਹ ਨਿਰਾਸ਼ਾ ਨਾਲ਼ ਕਹਿੰਦੇ ਹਨ।





