ਕਰਾਡਾਗਾ ਪਿੰਡ ਵਿੱਚ ਜੇ ਕਿਸੇ ਘਰ ਬੱਚਾ ਜੰਮੇ ਤਾਂ ਇਸ ਦੀ ਖ਼ਬਰ ਸਭ ਤੋਂ ਪਹਿਲਾਂ ਸੋਮਕਾ ਪੁਜਾਰੀ ਨੂੰ ਦਿੱਤੀ ਜਾਂਦੀ ਹੈ। ਸੋਮਕਾ 9,000 ਲੋਕਾਂ ਦੀ ਅਬਾਦੀ ਵਾਲ਼ੇ ਪਿੰਡ ਦੀ ਇਕਲੌਤੀ ਕਾਰੀਗਰ ਹਨ ਜੋ ਭੇਡਾਂ ਦੇ ਵਾਲ਼ਾਂ ਨਾਲ਼ ਕੰਗਣ ਬਣਾ ਸਕਦੀ ਹਨ। ਸਥਾਨਕ ਤੌਰ 'ਤੇ ਕੰਡਾ ਵਜੋਂ ਜਾਣੇ ਜਾਂਦੇ, ਇਹ ਕੰਗਣ ਇੰਨੇ ਸ਼ੁੱਭ ਮੰਨੇ ਜਾਂਦੇ ਹਨ ਕਿ ਨਵਜੰਮੇ ਬੱਚੇ ਦੇ ਗੁੱਟ ਦਾ ਸ਼ਿੰਗਾਰ ਬਣਦੇ ਹਨ।

"ਭੇਡਾਂ ਅਕਸਰ ਖ਼ਰਾਬ ਮੌਸਮ ਦਾ ਸਾਹਮਣਾ ਕਰਦਿਆਂ ਚਰਾਗਾਹਾਂ ਦੀ ਭਾਲ਼ ਵਿੱਚ ਇੱਕ ਪਿੰਡ ਤੋਂ ਦੂਜੇ ਪਿੰਡ ਜਾਂਦੀਆਂ ਹਨ ਤੇ ਵੰਨ-ਸੁਵੰਨੇ ਲੋਕਾਂ ਨਾਲ਼ ਟਕਰਾਉਂਦੀਆਂ ਹਨ," ਸੋਮਕਾ ਕਹਿੰਦੀ ਹਨ, ਜਿਨ੍ਹਾਂ ਦੀ ਉਮਰ 55 ਤੋਂ ਪਾਰ ਹੈ। ਭੇਡਾਂ ਨੂੰ ਸਹਿਣਸ਼ੀਲਤਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਅਤੇ ਇਹ ਵੀ ਮੰਨਿਆ ਜਾਂਦਾ ਹੈ ਕਿ ਉਨ੍ਹਾਂ ਦੇ ਵਾਲ਼ਾਂ ਤੋਂ ਬਣਿਆ ਕੰਡਾ ਬੁਰਾਈ ਨੂੰ ਦੂਰ ਕਰਦਾ ਹੈ।

ਇਹ ਕੰਗਣ ਰਵਾਇਤੀ ਤੌਰ 'ਤੇ ਧੰਗਰ ਭਾਈਚਾਰੇ ਨਾਲ਼ ਸਬੰਧਤ ਔਰਤਾਂ ਦੁਆਰਾ ਬਣਾਏ ਜਾਂਦੇ ਹਨ। ਅੱਜ, ਇਹ ਕਿਹਾ ਜਾਂਦਾ ਹੈ ਕਿ ਕਰਾਡਾਗਾ ਵਿੱਚ ਸਿਰਫ਼ ਅੱਠ ਧੰਗਰ ਪਰਿਵਾਰ ਇਸ ਕਲਾ ਦਾ ਅਭਿਆਸ ਕਰ ਰਹੇ ਹਨ। " ਨਿੰਮਾ ਗਵਾਲਾ ਘਾਟਲਾ ਆਹੇ [ਮੈਂ ਇਸ ਪਿੰਡ ਦੇ ਅੱਧੇ ਬੱਚਿਆਂ ਦੇ ਗੁੱਟਾਂ ਨੂੰ ਇਨ੍ਹਾਂ ਕੰਗਣਾਂ ਨਾਲ਼ ਸਜਾਇਆ ਹੈ]," ਸੋਮਕਾ ਮਰਾਠੀ ਵਿੱਚ ਕਹਿੰਦੀ ਹਨ। ਕਰਾਡਾਗਾ ਪਿੰਡ ਮਹਾਰਾਸ਼ਟਰ ਦੀ ਸਰਹੱਦ ਨਾਲ਼ ਲੱਗਦੇ ਕਰਨਾਟਕ ਦਾ ਇੱਕ ਪਿੰਡ ਹੈ ਬੇਲਗਾਵੀ ਜ਼ਿਲ੍ਹੇ ਵਿੱਚ ਪੈਂਦਾ ਹੈ, ਇੱਥੇ ਸੋਮਕਾ ਵਰਗੇ ਬਹੁਤ ਸਾਰੇ ਵਸਨੀਕ ਕੰਨੜ ਅਤੇ ਮਰਾਠੀ ਦੋਵੇਂ ਬੋਲ ਸਕਦੇ ਹਨ।

"ਸਾਰੀਆਂ ਜਾਤਾਂ ਅਤੇ ਧਰਮਾਂ ਦੇ ਲੋਕ ਸਾਡੇ ਕੋਲ਼ ਕੰਡਾ ਮੰਗਣ ਆਉਂਦੇ ਹਨ," ਸੋਮਕਾ ਕਹਿੰਦੇ ਹਨ।

ਬਚਪਨ ਵਿੱਚ, ਸੋਮਕਾ ਨੇ ਆਪਣੀ ਮਾਂ, ਮਰਹੂਮ ਕਿਸਨਾਬਾਈ ਬਨਾਕਰ ਨੂੰ ਕਰਾਡਾਗਾ ਵਿੱਚ ਹੀ ਸਭ ਤੋਂ ਵਧੀਆ ਕੰਡਾ ਬਣਾਉਂਦੇ ਹੋਏ ਦੇਖਿਆ ਸੀ। "ਮੈਂ ਸਦਾ ਇਹ ਜਾਣਨ ਲਈ ਉਤਸੁਕ ਰਹਿੰਦੀ ਕਿ ਉਹ ਕੰਡਾ ਬਣਾਉਣ ਤੋਂ ਪਹਿਲਾਂ ਭੇਡ ਦੇ ਹਰ ਇੱਕ ਵਾਲ਼ (ਜਿਸ ਨੂੰ ਲੋਕਾਰ ਵੀ ਕਿਹਾ ਜਾਂਦਾ ਹੈ) ਦੀ ਜਾਂਚ ਕਿਉਂ ਕਰਦੀ ਸੀ," ਉਹ ਯਾਦ ਕਰਦਿਆਂ ਕਹਿੰਦੀ ਹਨ ਕਿ ਉਨ੍ਹਾਂ ਦੀ ਮਾਂ ਵਧੀਆ ਤੋਂ ਵਧੀਆ ਵਾਲ਼ ਦੀ ਵਰਤੋਂ ਕਰਿਆ ਕਰਦੀ ਕਿਉਂਕਿ ਉਨ੍ਹਾਂ ਨੂੰ ਆਸਾਨੀ ਨਾਲ਼ ਆਕਾਰ ਵਿੱਚ ਲਿਆਂਦਾ ਜਾ ਸਕਦਾ ਸੀ। ਜਿਨ੍ਹਾਂ ਭੇਡਾਂ ਦੇ ਵਾਲ਼ ਪਹਿਲੀ ਵਾਰ ਕੁਤਰੇ ਜਾਣੇ ਹੁੰਦੇ ਸਨ, ਉਨ੍ਹਾਂ ਹੀ ਵਾਲ਼ਾ ਨੂੰ ਵਰਤਿਆ ਜਾਂਦਾ ਕਿਉਂਕਿ ਉਹ ਮੁਕਾਬਲਤਨ ਖੁਰਦੁਰੇ ਹੁੰਦੇ। "ਸੌ ਭੇਡਾਂ ਦੇ ਝੁੰਡ ਵਿੱਚੋਂ ਵਾਲ਼ ਤਾਂ ਸਿਰਫ਼ ਕਿਸੇ ਇੱਕ ਭੇਡ ਦੇ ਹੀ ਸਹੀ ਪਾਏ ਜਾਂਦੇ।''

ਸੋਮਕਾ ਨੇ ਕੰਡਾ ਬਣਾਉਣਾ ਆਪਣੇ ਪਿਤਾ, ਮਰਹੂਮ ਅੱਪਾਜੀ ਬਨਾਕਰ ਤੋਂ ਸਿੱਖਿਆ। ਉਸ ਸਮੇਂ ਉਹ 10 ਸਾਲ ਦੀ ਸਨ। ਇਸ ਕਲਾ ਨੂੰ ਸਿੱਖਣ ਵਿੱਚ ਉਨ੍ਹਾਂ ਨੂੰ ਦੋ ਮਹੀਨੇ ਲੱਗ ਗਏ। ਚਾਰ ਦਹਾਕਿਆਂ ਬਾਅਦ ਵੀ, ਸੋਮਕਾ ਨੇ ਇਸ ਕਲਾ ਦਾ ਅਭਿਆਸ ਕਰਨਾ ਜਾਰੀ ਰੱਖਿਆ ਹੈ ਅਤੇ ਮੌਜੂਦਾ ਸਮੇਂ ਉਹ ਕੰਡਾ ਦੀ ਘਟਦੀ ਪ੍ਰਸਿੱਧੀ ਤੋਂ ਚਿੰਤਤ ਹਨ: "ਇਨ੍ਹੀਂ ਦਿਨੀਂ ਆਜੜੀ ਨੌਜਵਾਨ ਭੇਡਾਂ ਨਹੀਂ ਚਰਾ ਰਹੇ। ਫਿਰ ਉਹ ਭੇਡਾਂ ਦੇ ਵਾਲ਼ਾਂ ਤੋਂ ਹੁੰਦੀ ਇਸ ਕਲਾ ਬਾਰੇ ਕੀ ਹੀ ਜਾਣਨਗੇ?"

PHOTO • Sanket Jain
PHOTO • Sanket Jain

ਖੱਬੇ: ਕਰਾਡਾਗਾ ਪਿੰਡ ਦੀ ਸੋਮਕਾ ਬੱਚੇ ਦੇ ਗੁੱਟ ' ਤੇ ਕੰਡਾ ਸਜਾਉਂਦੀ ਹੋਈ। ਸੱਜੇ: ਭੇਡਾਂ ਦੇ ਵਾਲ਼ ਕੁਤਰਣ ਵਾਲ਼ੀ ਧਾਤੂ ਦੀ ਕੈਂਚੀ – ਕਤਰਭੂਨੀ

PHOTO • Sanket Jain

ਸੋਮਕਾ ਕੰਡਾ ਦੀ ਜੋੜੀ ਦਿਖਾਉਂਦੀ ਹੋਈ। ਮਾਨਤਾ ਹੈ ਕਿ ਇਹ ਬੁਰੀ ਨਜ਼ਰ ਤੋਂ ਬਚਾਉਂਦਾ ਹੈ

ਸੋਮਕਾ ਦੱਸਦੀ ਹਨ, "ਇੱਕ ਭੇਡ ਤੋਂ ਆਮ ਤੌਰ 'ਤੇ 1-2 ਕਿਲੋ ਲੋਕਾਰ ਮਿਲ਼ ਹੀ ਜਾਂਦਾ ਹੈ।'' ਉਨ੍ਹਾਂ ਦੇ ਪਰਿਵਾਰ ਕੋਲ਼ ਭੇਡਾਂ ਹਨ ਅਤੇ ਪੁਰਸ਼ ਸਾਲ ਵਿੱਚ ਦੋ ਵਾਰ ਵਾਲ਼ ਕੁਤਰਦੇ ਹਨ, ਆਮ ਤੌਰ 'ਤੇ ਦੀਵਾਲੀ ਅਤੇ ਬੇਂਦੂਰ (ਜੂਨ ਅਤੇ ਅਗਸਤ ਦੇ ਵਿਚਕਾਰ ਬਲਦਾਂ ਨਾਲ਼ ਮਨਾਇਆ ਜਾਣ ਵਾਲ਼ਾ ਤਿਉਹਾਰ) ਮੌਕੇ। ਵਾਲ਼ਾਂ ਨੂੰ ਕਤਰਭੂਨੀ ਜਾਂ ਰਵਾਇਤੀ ਕੈਂਚੀ ਦੀ ਵਰਤੋਂ ਕਰਕੇ ਕੱਟਿਆ ਜਾਂਦਾ ਹੈ। ਇੱਕ ਭੇਡ ਦੇ ਵਾਲ਼ ਕੱਟਣ ਵਿੱਚ ਲਗਭਗ 10 ਮਿੰਟ ਲੱਗਦੇ ਹਨ ਅਤੇ ਆਮ ਤੌਰ 'ਤੇ ਇਹ ਕੰਮ ਸਵੇਰੇ ਕੀਤਾ ਜਾਂਦਾ ਹੈ।

ਹਰੇਕ ਵਾਲ਼ ਦੀ ਗੁਣਵੱਤਾ ਦੀ ਜਾਂਚ ਉਸੇ ਥਾਵੇਂ ਕੀਤੀ ਜਾਂਦੀ ਹੈ ਜਿੱਥੇ ਕਟਾਈ ਕੀਤੀ ਗਈ ਹੁੰਦੀ ਹੈ। ਕੰਡਾ ਬਣਾਉਣ ਵਿੱਚ ਸੋਮਕਾ ਨੂੰ 10 ਮਿੰਟ ਲੱਗਦੇ ਹਨ। ਸੋਮਕਾ ਹੁਣ ਜਿਸ ਲੋਕਾਰ ਦੀ ਵਰਤੋਂ ਕਰ ਰਹੀ ਹਨ, ਉਸਦੀ ਕਟਾਈ ਦੀਵਾਲੀ 2023 ਦੌਰਾਨ ਹੋਈ ਸੀ- "ਮੈਂ ਇਸ ਨੂੰ ਨਵਜੰਮੇ ਬੱਚਿਆਂ ਲਈ ਸੁਰੱਖਿਅਤ ਰੱਖ ਲਿਆ ਹੈ," ਉਹ ਕਹਿੰਦੀ ਹਨ।

ਵਾਲ਼ਾਂ ਨੂੰ ਆਕਾਰ ਦੇਣਾ ਸ਼ੁਰੂ ਕਰਨ ਤੋਂ ਪਹਿਲਾਂ, ਸੋਮਕਾ ਇਸ ਵਿੱਚੋਂ ਧੂੜ ਅਤੇ ਹੋਰ ਅਸ਼ੁੱਧੀਆਂ ਨੂੰ ਹਟਾ ਦਿੰਦੀ ਹਨ। ਫਿਰ ਇਸ ਨੂੰ ਸਿੱਧਾ ਖਿੱਚਦੀ ਹੋਈ ਗੋਲਾਕਾਰ ਆਕਾਰ ਦਿੰਦੀ ਹਨ। ਉਹ ਨਵਜੰਮੇ ਬੱਚੇ ਦੇ ਗੁੱਟ ਦੇ ਅਨੁਸਾਰ ਕੰਡੇ ਦਾ ਆਕਾਰ ਨਿਰਧਾਰਤ ਕਰਦੀ ਹਨ। ਇੱਕ ਵਾਰ ਜਦੋਂ ਗੋਲਾਕਾਰ ਢਾਂਚਾ ਤਿਆਰ ਹੋ ਜਾਂਦਾ ਹੈ, ਤਾਂ ਉਹ ਇਸ ਨੂੰ ਆਪਣੀਆਂ ਤਲ਼ੀਆਂ ਵਿਚਕਾਰ ਰੱਖ ਕੇ ਰਗੜਦੀ ਹਨ ਇੰਝ ਮਾੜੀ-ਮੋਟੀ ਕਮੀਪੇਸ਼ੀ ਵੀ ਦੂਰ ਹੋ ਜਾਂਦੀ ਹੈ।

ਸੋਮਕਾ ਇਸ ਗੋਲਾਕਾਰ ਕੰਗਣ ਨੂੰ ਹਰ ਕੁਝ ਸਕਿੰਟਾਂ ਬਾਅਦ ਪਾਣੀ ਵਿੱਚ ਡੁਬੋ ਦਿੰਦੀ ਹਨ। "ਜਿੰਨਾ ਜ਼ਿਆਦਾ ਪਾਣੀ ਤੁਸੀਂ ਮਿਲਾਉਂਦੇ ਜਾਂਦੇ ਹੋ, ਓਨਾ ਹੀ ਇਸਦਾ ਆਕਾਰ ਮਜ਼ਬੂਤ ਹੁੰਦਾ ਜਾਂਦਾ ਹੈ," ਉਹ ਕਹਿੰਦੀ ਹਨ, ਹੁਨਰਮੰਦ ਹੱਥਾਂ ਨਾਲ਼ ਵਾਲ਼ਾਂ ਨੂੰ ਸੈੱਟ ਕਰਦੀ ਹੋਈ ਆਪਣੀਆਂ ਤਲ਼ੀਆਂ ਦੇ ਵਿਚਕਾਰ ਰਗੜਦੀ ਹਨ।

"1-3 ਸਾਲ ਦੇ ਬੱਚੇ ਇਸ ਕੰਗਣ ਨੂੰ ਪਹਿਨਦੇ ਹਨ," ਉਹ ਕਹਿੰਦੀ ਹਨ, ਨਾਲ਼ ਹੀ ਇਹ ਵੀ ਦੱਸਦੀ ਹਨ ਕਿ ਕੰਗਣ ਦੀ ਇੱਕ ਜੋੜੀ ਤਿੰਨ ਸਾਲ ਹੰਢਦੀ ਹੈ। ਧੰਗਰ ਔਰਤਾਂ ਇਹ ਕੰਗਣ ਬਣਾਉਂਦੀਆਂ ਤੇ ਭਾਈਚਾਰੇ ਦੇ ਮਰਦ ਭੇਡਾਂ ਚਰਾਉਂਦੇ ਜਾਂ ਖੇਤਾਂ ਦੀ ਦੇਖਭਾਲ਼ ਕਰਦੇ ਹਨ। ਧੰਗਰ ਭਾਈਚਾਰਾ ਮਹਾਰਾਸ਼ਟਰ ਵਿੱਚ ਖਾਨਾਬਦੀ ਕਬੀਲਿਆਂ ਅਤੇ ਕਰਨਾਟਕ ਵਿੱਚ ਹੋਰ ਪੱਛੜੀਆਂ ਸ਼੍ਰੇਣੀਆਂ ਦੇ ਅਧੀਨ ਸੂਚੀਬੱਧ ਹੈ।

PHOTO • Sanket Jain
PHOTO • Sanket Jain

ਸੋਮਕਾ ਸਾਫ਼ ਕੀਤੇ ਵਾਲ਼ਾਂ ਨੂੰ ਆਕਾਰ ਦੇਣ ਲਈ ਆਪਣੀਆਂ ਤਲ਼ੀਆਂ ਵਿਚਕਾਰ ਰਗੜਦੀ ਹਨ

PHOTO • Sanket Jain
PHOTO • Sanket Jain

ਗੋਲ਼ਾਕਾਰ ਕੰਡਾ ਨੂੰ ਮਜ਼ਬੂਤ ਕਰਨ ਲਈ , ਇਸ ਨੂੰ ਪਾਣੀ ਵਿੱਚ ਡੁਬੋ ਦਿੱਤਾ ਜਾਂਦਾ ਹੈ ਅਤੇ ਫਿਰ ਵਾਧੂ ਪਾਣੀ ਨੂੰ ਨਿਚੋੜਿਆ ਜਾਂਦਾ ਹੈ

ਸੋਮਕਾ ਦੇ ਪਤੀ ਬਾਲੂ ਪੁਜਾਰੀ ਨੇ 15 ਸਾਲ ਦੀ ਉਮਰ ਤੋਂ ਹੀ ਬਤੌਰ ਆਜੜੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਹੁਣ ਉਹ 62 ਸਾਲ ਦੇ ਹੋ ਚੁੱਕੇ ਹਨ ਅਤੇ ਆਪਣੀ ਵੱਧਦੀ ਉਮਰ ਕਾਰਨ ਪਸ਼ੂਆਂ ਨੂੰ ਚਰਾਉਣਾ ਬੰਦ ਕਰ ਗਏ ਹਨ। ਇਨ੍ਹੀਂ ਦਿਨੀਂ ਉਹ ਕਿਸਾਨੀ ਦਾ ਕੰਮ ਕਰ ਰਹੇ ਹਨ। ਉਹ ਪਿੰਡ ਵਿੱਚ ਆਪਣੀ ਦੋ ਏਕੜ ਜ਼ਮੀਨ 'ਤੇ ਗੰਨਾ ਉਗਾਉਂਦੇ ਹਨ।

ਸੋਮਕਾ ਦੇ ਸਭ ਤੋਂ ਵੱਡੇ ਬੇਟੇ, 34 ਸਾਲਾ ਮਾਲੂ ਪੁਜਾਰੀ ਨੇ ਪਸ਼ੂਆਂ ਨੂੰ ਚਰਾਉਣ ਦਾ ਬੀੜ੍ਹਾ ਚੁੱਕਿਆ ਹੈ। ਬਾਲੂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਬੇਟਾ ਹੁਣ 50 ਕੁ ਭੇਡਾਂ ਅਤੇ ਬੱਕਰੀਆਂ ਚਰਾਉਂਦਾ ਹੈ। "ਇੱਕ ਦਹਾਕਾ ਪਹਿਲਾਂ, ਸਾਡੇ ਪਰਿਵਾਰ ਨੇ 200 ਤੋਂ ਵੱਧ ਪਸ਼ੂ ਪਾਲ਼ੇ ਸਨ," ਉਹ ਯਾਦ ਕਰਦੇ ਹਨ ਨਾਲ਼ ਇਹ ਵੀ ਕਹਿੰਦੇ ਹਨ ਕਿ ਇਸ ਗਿਰਾਵਟ ਦਾ ਮੁੱਖ ਕਾਰਨ ਕਰਾਡਾਗਾ ਅਤੇ ਇਸ ਦੇ ਆਲ਼ੇ-ਦੁਆਲ਼ੇ ਚਰਾਂਦਾਂ ਦਾ ਘਟਦਾ ਜਾਣਾ ਸੀ।

ਜਿਵੇਂ-ਜਿਵੇਂ ਝੁੰਡ ਦਾ ਆਕਾਰ ਘਟਦਾ ਗਿਆ, ਕੰਡਾ ਬਣਾਉਣ ਲਈ ਲੋੜੀਂਦੇ ਵਾਲ਼ ਲੱਭਣਾ ਮੁਸ਼ਕਲ ਹੁੰਦਾ ਗਿਆ।

ਸੋਮਕਾ ਨੂੰ ਯਾਦ ਹੈ ਕਿ ਉਹ ਕਈ ਵਾਰ ਭੇਡਾਂ ਅਤੇ ਬੱਕਰੀਆਂ ਨੂੰ ਚਰਾਉਣ ਲਈ ਬਾਲੂ ਦੇ ਨਾਲ਼ ਜਾਂਦੀ ਰਹੀ ਸਨ। ਉਹ ਕਰਨਾਟਕ ਦੇ ਬੀਜਾਪੁਰ ਤੋਂ 151 ਕਿਲੋਮੀਟਰ ਅਤੇ ਮਹਾਰਾਸ਼ਟਰ ਦੇ ਸੋਲਾਪੁਰ ਤੋਂ 227 ਕਿਲੋਮੀਟਰ ਦੀ ਯਾਤਰਾ ਕਰ ਲਿਆ ਕਰਦੇ। "ਅਸੀਂ ਇੰਨੀ ਯਾਤਰਾ ਕੀਤੀ ਕਿ ਚਰਾਂਦਾਂ ਹੀ ਸਾਡਾ ਘਰ ਬਣ ਗਈਆਂ," ਸੋਮਕਾ ਇੱਕ ਦਹਾਕੇ ਪਹਿਲਾਂ ਦੀ ਆਪਣੀ ਜ਼ਿੰਦਗੀ ਬਾਰੇ ਕਹਿੰਦੀ ਹਨ। "ਮੈਂ ਹਰ ਰੋਜ਼ ਖੁੱਲ੍ਹੇ ਮੈਦਾਨਾਂ ਵਿੱਚ ਸੌਂਇਆਂ ਕਰਦੀ। ਸਾਡੇ ਸਿਰਾਂ ਦੇ ਉੱਪਰ ਤਾਰੇ ਅਤੇ ਚੰਦਰਮਾ ਚਮਕਦੇ ਰਹਿੰਦੇ। ਸਾਡੇ ਲਈ ਤਾਂ ਇਹੀ ਘਰ ਸੀ ਜੋ ਚੁਫੇਰਿਓਂ ਪੂਰੀ ਤਰ੍ਹਾਂ ਸੁਰੱਖਿਅਤ ਸੀ।''

ਸੋਮਕਾ ਵੀ ਲਗਭਗ 10 ਕਿਲੋਮੀਟਰ ਦੂਰ, ਕਰਾਡਾਗਾ ਅਤੇ ਇਸ ਦੇ ਨੇੜਲੇ ਪਿੰਡਾਂ ਦੇ ਖੇਤਾਂ ਵਿੱਚ ਕੰਮ ਕਰਨ ਜਾਇਆ ਕਰਦੀ। ਉਹ ਹਰ ਰੋਜ਼ ਪੈਦਲ ਤੁਰਦੀ ਤੇ ਕੰਮ ਲਈ ਉਨ੍ਹਾਂ "ਖੂਹ ਵੀ ਪੁੱਟੇ ਅਤੇ ਪੱਥਰ ਵੀ ਚੁੱਕੇ", ਉਹ ਕਹਿੰਦੀ ਹਨ। 1980 ਦੇ ਦਹਾਕੇ ਵਿੱਚ, ਉਨ੍ਹਾਂ ਨੂੰ ਖੂਹ ਪੁੱਟਣ ਲਈ 25 ਪੈਸੇ ਦਿੱਤੇ ਜਾਂਦੇ। "ਉਸ ਸਮੇਂ, ਇੱਕ ਕਿਲੋ ਚਾਵਲ 2 ਰੁਪਏ ਦੇ ਮਿਲ਼ਿਆ ਕਰਦੇ ਸਨ,'' ਉਹ ਚੇਤੇ ਕਰਦੀ ਹਨ।

PHOTO • Sanket Jain

ਸੋਮਕਾ ਅਤੇ ਉਨ੍ਹਾਂ ਦੇ ਪਤੀ ਬਾਲੂ ਨੇ ਆਪਣੀਆਂ ਭੇਡਾਂ ਅਤੇ ਬੱਕਰੀਆਂ ਨੂੰ ਚਰਾਉਣ ਲਈ ਘਰ ਤੋਂ ਸੈਂਕੜੇ ਕਿਲੋਮੀਟਰ ਦੂਰ ਮੁਸ਼ਕਲ ਇਲਾਕਿਆਂ ਦੀ ਯਾਤਰਾ ਵੀ ਕੀਤੀ

PHOTO • Sanket Jain
PHOTO • Sanket Jain

ਖੱਬੇ: ਧੰਗਰ ਭਾਈਚਾਰੇ ਦੀਆਂ ਔਰਤਾਂ ਦੁਆਰਾ ਬੁਣਨ ਲਈ ਵਰਤਿਆ ਜਾਣ ਵਾਲਾ ਇੱਕ ਰਵਾਇਤੀ ਸੰਦ। ਸੱਜੇ: ਕਿੱਲ ਨਾਲ਼ ਪਿੱਤਲ ਦੀ ਗੜਵੀ ' ਤੇ ਉਕੇਰਿਆ ਪੰਛੀ ਦਾ ਚਿੱਤਰ। ' ਮੈਨੂੰ ਇਹ ਕੰਮ ਬਹੁਤ ਪਸੰਦ ਹੈ, ' ਬਾਲੂ ਕਹਿੰਦੇ ਹਨ, ' ਇਹ ਭਾਂਡੇ ਦੀ ਨਿਸ਼ਾਨਦੇਹੀ ਕਰਦਾ ਚਿੰਨ੍ਹ ਹੈ '

ਹੱਥੀਂ ਕੰਡਾ ਬਣਨ ਪ੍ਰਕਿਰਿਆ ਭਾਵੇਂ ਦੇਖਣ ਨੂੰ ਸੌਖੀ ਲੱਗਦੀ ਹੋਵੇ ਪਰ ਇਸ ਵਿੱਚ ਕਈ ਚੁਣੌਤੀਆਂ ਹਨ। ਇਸ ਕੰਮ ਨੂੰ ਕਰਦੇ ਸਮੇਂ ਵਾਲ਼ਾਂ ਦੇ ਸੂਖਣ ਰੇਸ਼ੇ ਕੰਡਾ ਬਣਾਉਣ ਵਾਲ਼ੇ ਦੇ ਨੱਕ ਅਤੇ ਮੂੰਹ ਵਿੱਚ ਦਾਖਲ ਹੋ ਜਾਂਦੇ ਹਨ, ਜਿਸ ਨਾਲ਼ ਖੰਘ ਅਤੇ ਛਿੱਕਾਂ ਆਉਂਦੀਆਂ ਹਨ। ਫਿਰ ਆਉਂਦੀ ਹੈ ਇਸ ਕੰਮ ਦੀ ਖੁੱਲ੍ਹੀ ਪ੍ਰਕਿਰਤੀ- ਜਿਸ ਵਿੱਚ ਪੈਸੇ ਦਾ ਅਦਾਨ-ਪ੍ਰਦਾਨ ਨਹੀਂ ਹੁੰਦਾ, ਉੱਤੋਂ ਦੀ ਚਰਾਂਦਾਂ ਦੇ ਘਟਦੇ ਜਾਣ ਨਾਲ਼ ਵੀ ਇਸ ਕਲਾ ਨੂੰ ਗੰਭੀਰ ਝਟਕਾ ਲੱਗਿਆ ਹੈ।

ਨਵਜੰਮੇ ਬੱਚੇ ਦੇ ਗੁੱਟ 'ਤੇ ਕੰਡਾ ਸਜਾਉਣ ਦੀ ਰਸਮ ਤੋਂ ਬਾਅਦ, ਹਲਦ-ਕੁਮਕੂ (ਹਲਦੀ-ਕੁਮਕੁਮ), ਟੋਪੀ (ਰਵਾਇਤੀ ਟੋਪੀ), ਪਾਨ (ਪਾਨ ਦਾ ਪੱਤਾ), ਸੁਪਾਰੀ (ਸੁਪਾਰੀ), ਜੰਪਰ (ਬਲਾਊਜ਼ ਦਾ ਪੀਸ), ਸਾੜੀ, ਨਾਰਲ (ਨਾਰੀਅਲ) ਅਤੇ ਤਾਵਲ (ਤੌਲੀਆ) ਵਰਗੀਆਂ ਚੀਜ਼ਾਂ ਆਮ ਤੌਰ 'ਤੇ ਸੋਮਕਾ ਨੂੰ ਭੇਟ ਕੀਤੀਆਂ ਜਾਂਦੀਆਂ ਹਨ। "ਕੁਝ ਪਰਿਵਾਰ ਕੁਝ ਪੈਸੇ ਵੀ ਦਿੰਦੇ ਹਨ," ਸੋਮਕਾ ਕਹਿੰਦੀ ਹਨ, ਪਰ ਉਹ ਆਪਣੇ ਆਪ ਕੁਝ ਨਹੀਂ ਮੰਗਦੀ। "ਇਹ ਕਲਾ ਪੈਸੇ ਕਮਾਉਣ ਲਈ ਨਹੀਂ ਹੈ," ਉਹ ਜ਼ੋਰ ਦੇ ਕੇ ਕਹਿੰਦੀ ਹਨ।

ਅੱਜ-ਕੱਲ੍ਹ ਕੁਝ ਲੋਕ ਭੇਡਾਂ ਦੇ ਵਾਲ਼ਾਂ ਵਿੱਚ ਕਾਲ਼ਾ ਧਾਗਾ ਮਿਲਾ ਕੇ ਤਿਆਰ ਕੰਡਾ 10-10 ਰੁਪਏ ਵਿੱਚ ਵੇਚਦੇ (ਮੇਲਿਆਂ ਵਿੱਚ) ਵੇਚਦੇ ਹਨ। "ਹੁਣ ਅਸਲੀ ਕੰਡਾ ਪ੍ਰਾਪਤ ਕਰਨਾ ਮੁਸ਼ਕਲ ਹੈ," ਸੋਮਕਾ ਦਾ ਸਭ ਤੋਂ ਛੋਟਾ ਪੁੱਤਰ, 30 ਸਾਲਾ ਰਾਮਚੰਦਰ ਕਹਿੰਦੇ ਹਨ, ਜੋ ਪਿੰਡ ਦੇ ਇੱਕ ਮੰਦਰ ਵਿੱਚ ਪੁਜਾਰੀ ਹਨ ਅਤੇ ਆਪਣੇ ਪਿਤਾ ਨਾਲ਼ ਖੇਤੀ ਵੀ ਕਰਦੇ ਹਨ।

PHOTO • Sanket Jain
PHOTO • Sanket Jain

ਖੱਬੇ: ਬਾਲੂ ਅਤੇ ਸੋਮਕਾ ਪੁਜਾਰੀ ਦਾ ਪਰਿਵਾਰ ਪਿਛਲੀਆਂ ਛੇ ਪੀੜ੍ਹੀਆਂ ਤੋਂ ਕਰਾਡਾਗਾ ਵਿੱਚ ਹੈ। ਸੱਜੇ: ਪੁਜਾਰੀ ਪਰਿਵਾਰ ਨਾਲ਼ ਸਬੰਧਤ ਭੇਡਾਂ ਦੀ ਉੱਨ ਤੋਂ ਬਣਿਆ ਇੱਕ ਰਵਾਇਤੀ ਘੋਂਗੜੀ ਕੰਬਲ

ਸੋਮਕਾ ਦੀ 28 ਸਾਲਾ ਧੀ ਮਹਾਦੇਵੀ ਨੇ ਇਹ ਹੁਨਰ ਉਨ੍ਹਾਂ ਤੋਂ ਸਿੱਖਿਆ। "ਹੁਣ ਬਹੁਤ ਘੱਟ ਲੋਕ ਇਸ ਵਿੱਚ ਦਿਲਚਸਪੀ ਰੱਖਦੇ ਹਨ," ਸੋਮਕਾ ਯਾਦ ਕਰਦੇ ਹੋਏ ਕਹਿੰਦੀ ਹਨ ਕਿ ਇੱਕ ਸਮਾਂ ਸੀ ਜਦੋਂ ਧੰਗਰ ਭਾਈਚਾਰੇ ਦੀ ਹਰ ਔਰਤ ਕੰਡਾ ਬਣਾਉਣਾ ਜਾਣਦੀ ਸੀ।

ਸੋਮਕਾ ਨੇ ਲੋਕਾਰ (ਭੇਡ ਦੇ ਵਾਲ਼ਾਂ) ਤੋਂ ਧਾਗਾ ਬਣਾਉਣਾ ਵੀ ਸਿੱਖ ਲਿਆ ਹੈ ਜੋ ਉਹ ਵਾਲ਼ਾਂ ਦੇ ਰੇਸ਼ਿਆਂ ਨੂੰ ਆਪਣੇ ਪੱਟਾਂ 'ਤੇ ਰੱਖ ਕੇ ਮਰੋੜੀਆਂ ਚਾੜ੍ਹ-ਚਾੜ੍ਹ ਕੇ ਬੁਣਦੀ ਹਨ। ਪਰ ਇਸ ਬੁਣਾਈ ਦੌਰਾਨ ਹੋਣ ਵਾਲ਼ੀ ਰਗੜ ਉਨ੍ਹਾਂ ਦੀ ਚਮੜੀ 'ਤੇ ਸਾੜ ਪੈਦਾ ਕਰਦੀ ਹੈ, ਇਸ ਲਈ ਕੁਝ ਲੋਕ ਅਜਿਹੀ ਬੁਣਾਈ ਲਈ ਲੱਕੜ ਦੇ ਚਰਖੇ ਦੀ ਵਰਤੋਂ ਕਰਦੇ ਹਨ। ਉਨ੍ਹਾਂ ਦਾ ਪਰਿਵਾਰ ਬੁਣੇ ਹੋਏ ਲੋਕਾਰ ਨੂੰ ਸੰਗਰ ਭਾਈਚਾਰੇ ਨੂੰ ਵੇਚਦਾ ਹੈ, ਜੋ ਘੋਂਗੜੀ ਬਣਾਉਣ ਲਈ ਜਾਣਿਆ ਜਾਂਦਾ ਹੈ - ਭੇਡਾਂ ਦੀ ਉੱਨ ਤੋਂ ਬਣਿਆ ਕੰਬਲ। ਇਹ ਕੰਬਲ ਗਾਹਕਾਂ ਨੂੰ 1,000 ਰੁਪਏ ਤੋਂ ਵੱਧ ਦੀ ਕੀਮਤ 'ਤੇ ਵੇਚਿਆ ਜਾਂਦਾ ਹੈ, ਜਦੋਂ ਕਿ ਸੋਮਕਾ ਆਪਣੇ ਬੁਣੇ ਹੋਏ ਧਾਗੇ ਨੂੰ 7 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ਼ ਵੇਚਦੀ ਹਨ।

ਇਹ ਧਾਗੇ ਵਿਠਲ ਬਿਰਦੇਵ ਯਾਤਰਾ ਦੌਰਾਨ ਵੇਚੇ ਜਾਂਦੇ ਹਨ, ਜੋ ਹਰ ਸਾਲ ਅਕਤੂਬਰ ਅਤੇ ਦਸੰਬਰ ਦੇ ਵਿਚਕਾਰ ਕੋਲਹਾਪੁਰ ਦੇ ਪੱਟਨ ਕੋਡੋਲੀ ਪਿੰਡ ਵਿੱਚ ਹੁੰਦੀ ਹੈ। ਸੋਮਕਾ ਯਾਤਰਾ ਸ਼ੁਰੂ ਹੋਣ ਤੋਂ ਇੱਕ ਦਿਨ ਪਹਿਲਾਂ ਕਈ-ਕਈ ਘੰਟੇ ਕੰਮ ਕਰਦੀ ਹੋਈ ਧਾਗਿਆਂ ਦੇ ਘੱਟੋ ਘੱਟ 2,500 ਰੇਸ਼ੇ ਬੁਣ ਲੈਂਦੀ ਹਨ। "ਇੰਨਾ ਕੰਮ ਕਰਨ ਨਾਲ਼ ਮੇਰੀਆਂ ਲੱਤਾਂ ਸੁੱਜ ਜਾਂਦੀਆਂ ਹਨ," ਉਹ ਕਹਿੰਦੀ ਹਨ। ਸੋਮਕਾ ਆਪਣੇ ਸਿਰ 'ਤੇ 10 ਕਿਲੋ ਧਾਗਿਆਂ ਦੀ ਭਰੀ ਟੋਕਰੀ ਲੱਦੀ 16 ਕਿਲੋਮੀਟਰ ਦੀ ਦੂਰੀ ਤੈਅ ਕਰਦੀ ਹਨ ਉਹ ਵੀ ਸਿਰਫ਼ 90 ਰੁਪਏ ਕਮਾਉਣ ਲਈ।

ਮੁਸ਼ਕਲਾਂ ਦੇ ਬਾਵਜੂਦ ਕੰਡਾ ਬਣਾਉਣ ਲਈ ਸੋਮਕਾ ਦਾ ਉਤਸ਼ਾਹ ਘੱਟ ਨਹੀਂ ਹੋਇਆ ਹੈ। "ਮੈਨੂੰ ਮਾਣ ਹੈ ਕਿ ਮੈਂ ਇਸ ਪਰੰਪਰਾ ਨੂੰ ਜਿਉਂਦਾ ਰੱਖਿਆ ਹੈ," ਉਹ ਆਪਣੇ ਮੱਥੇ 'ਤੇ ਭੰਡਾਰਾ (ਹਲ਼ਦੀ) ਲਗਾਉਂਦੇ ਹੋਏ ਕਹਿੰਦੀ ਹਨ। "ਮੈਂ ਭੇਡਾਂ ਅਤੇ ਬੱਕਰੀਆਂ ਦੇ ਝੁੰਡਾਂ ਵਿਚਕਾਰ ਪੈਦਾ ਹੋਈ ਅਤੇ ਮਰਨ ਤੱਕ ਇਸ ਕਲਾ ਨੂੰ ਜਿਉਂਦਾ ਰੱਖਾਂਗੀ," ਸੋਮਕਾ ਕਹਿੰਦੇ ਹਨ।

ਇਹ ਰਿਪੋਰਟ ਸੰਕੇਤ ਜੈਨ ਦੀ ਪੇਂਡੂ ਕਾਰੀਗਰਾਂ ਬਾਰੇ ਲੜੀ ਦਾ ਹਿੱਸਾ ਹੈ। ਇਸ ਨੂੰ ਮ੍ਰਿਣਾਲਿਨੀ ਮੁਖਰਜੀ ਫਾਊਂਡੇਸ਼ਨ ਦੁਆਰਾ ਸਮਰਥਨ ਪ੍ਰਾਪਤ ਹੈ।

ਤਰਜਮਾ: ਕਮਲਜੀਤ ਕੌਰ

Sanket Jain

संकेत जैन हे कोल्हापूर स्थित ग्रामीण पत्रकार आणि ‘पारी’चे स्वयंसेवक आहेत.

यांचे इतर लिखाण Sanket Jain
Editor : Dipanjali Singh

Dipanjali Singh is an Assistant Editor at the People's Archive of Rural India. She also researches and curates documents for the PARI Library.

यांचे इतर लिखाण Dipanjali Singh
Translator : Kamaljit Kaur

कमलजीत कौर पंजाबच्या रहिवासी असून मुक्त अनुवादक आहेत. त्यांनी पंजाबी साहित्यामध्ये एमए केलं आहे. समाज न्याय आणि समताधिष्ठित असावा असा त्यांचा ठाम विश्वास असून तो प्रत्यक्षात आणण्यासाठी त्या कार्यरत असतात.

यांचे इतर लिखाण Kamaljit Kaur