ਛੱਤੀਸਗੜ੍ਹ ਦੇ ਆਦਿਵਾਸੀ ਭਾਈਚਾਰਿਆਂ ਦਾ ਸੰਗੀਤ ਤਬਦੀਲੀ ਦਾ ਸੰਗੀਤ ਹੈ- ਦਹਾਕਿਆਂ ਦੇ ਹਿੰਸਕ ਸੰਘਰਸ਼ ਵਿੱਚ ਫਸੇ ਲੋਕਾਂ ਦਾ ਸੰਗੀਤ, ਸੰਗੀਤ ਜੋ ਢੋਲ਼ ਦੀ ਥਾਪ ਬਗ਼ੈਰ ਅਧੂਰਾ, ਸੰਗੀਤ ਕੈਸਾ ਜੋ ਧਰਤੀ ਦੀ ਸੁੰਦਰਤਾ ਦੀ ਗੱਲ ਨਾ ਕਰੇ, ਉਨ੍ਹਾਂ ਦੇ ਜੰਗਲਾਂ ਬਾਰੇ, ਉਨ੍ਹਾਂ ਦੇ ਰੋਜ਼ਮੱਰਾ ਦੇ ਜੀਵਨ ਬਾਰੇ ਤਰੰਗ ਨਾ ਛੇੜੇ। ਹੋਰ ਤਾਂ ਹੋਰ ਜੋ ਕੁਦਰਤ ਦੀ ਪੂਜਾ ਦੀ ਗੱਲ ਨਾ ਕਰੇ। ਬੱਚਿਆਂ ਨੂੰ ਵੀ ਛੋਟੀ ਉਮਰੇ ਹੀ ਉਨ੍ਹਾਂ ਦੇ ਪਰਿਵਾਰਾਂ ਵਿੱਚ ਇਹ ਗੀਤ ਵੀ ਸਿਖਾ ਦਿੱਤੇ ਜਾਂਦੇ ਹਨ।
ਅਸੀਂ ਅਗਸਤ 2016 ਵਿੱਚ ਦੱਖਣੀ ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਦੀ ਭਾਈਰਾਮਗੜ੍ਹ ਤਹਿਸੀਲ ਦੇ ਫਰਸੇਗੜ੍ਹ ਪਿੰਡ ਦਾ ਦੌਰਾ ਕੀਤਾ ਸੀ। ਬੀਜਾਪੁਰ ਦੀ ਲਗਭਗ 255,000 ਦੀ ਆਬਾਦੀ (ਮਰਦਮਸ਼ੁਮਾਰੀ 2011) ਵਿੱਚੋਂ, 80 ਪ੍ਰਤੀਸ਼ਤ ਲੋਕ ਅਨੁਸੂਚਿਤ ਕਬੀਲਿਆਂ ਨਾਲ਼ ਸਬੰਧਤ ਹਨ। ਫਰਸੇਗੜ੍ਹ ਦੇ 1,400 ਵਸਨੀਕ ਅਤੇ ਗੁਆਂਢੀ ਪਿੰਡਾਂ ਦੇ ਲੋਕ ਜ਼ਿਆਦਾਤਰ ਮੁਰੀਆ ਗੋਂਡ ਹਨ। ਇਹ ਪਿੰਡ ਨਕਸਲੀ ਅੱਤਵਾਦੀਆਂ, ਰਾਜ ਅਤੇ ਰਾਜ ਸਮਰਥਿਤ ਸਲਵਾ ਜੁਡਮ ਸਮੇਤ ਕਈ ਝੜਪਾਂ ਨਾਲ਼ ਪ੍ਰਭਾਵਿਤ ਹੋਇਆ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਹ ਲਗਾਤਾਰ ਹਿੰਸਾ ਦੇ ਚੱਕਰ ਵਿੱਚ ਫਸੇ ਹੋਏ ਹਨ।
ਫਰਸੇਗੜ੍ਹ ਦੀ ਇੱਕ ਔਰਤ, ਜਿਸ ਨੇ ਝਗੜੇ ਵਿੱਚ ਆਪਣੇ ਪਤੀ ਨੂੰ ਗੁਆ ਦਿੱਤਾ, ਪੁੱਛਦੀ ਹੈ, "ਜੇ ਇੱਕ ਪੁੱਤਰ ਨਕਸਲੀ ਹੋਵੇ ਅਤੇ ਦੂਜੇ ਨੂੰ ਪੁਲਿਸ ਦਾ ਮੁਖ਼ਬਰ ਬਣਾਇਆ ਜਾਵੇ ਤਾਂ ਕੀ ਹੋਵੇਗਾ? ਜੇ ਉਹ ਇੱਕ ਦੂਜੇ ਨੂੰ ਮਾਰਨ ਲਈ ਬਾਹਰ ਚਲੇ ਜਾਣ ਤਾਂ ਪਰਿਵਾਰ ਕੀ ਕਰੇਗਾ? ਇਹ ਉਹ ਹਕੀਕਤ ਹੈ ਜਿਸ ਵਿੱਚ ਅਸੀਂ ਫਸੇ ਰਹਿੰਦੇ ਹਾਂ," 50 ਸਾਲਾ ਕਿਸਾਨ ਔਰਤ ਨੇ ਕਿਹਾ, ਜੋ ਆਪਣਾ ਨਾਮ ਗੁਪਤ ਰੱਖਣਾ ਚਾਹੁੰਦੀ ਸੀ। "ਅਸੀਂ ਜ਼ਿਆਦਾ ਕਮਾਈ ਨਹੀਂ ਕਰਦੇ। ਸਾਨੂੰ ਇਹ ਵੀ ਨਹੀਂ ਪਤਾ ਕਿ ਅਸੀਂ ਕੱਲ੍ਹ ਨੂੰ ਜ਼ਿੰਦਾ ਹੋਵਾਂਗੇ ਜਾਂ ਨਹੀਂ। ਅਸੀਂ ਅੱਜ ਜ਼ਿੰਦਾ ਹਾਂ ਅਤੇ ਅਸੀਂ ਸਿਰਫ਼ ਇਸ ਬਾਰੇ ਹੀ ਸੋਚਦੇ ਹਾਂ।''
ਸਰਕਾਰ ਦੀਆਂ ਬਹੁਤ ਸਾਰੀਆਂ ਯੋਜਨਾਵਾਂ ਫਰਸੇਗੜ੍ਹ ਤੱਕ ਨਹੀਂ ਪਹੁੰਚਦੀਆਂ - ਰਾਜ ਦੀ ਇੱਥੇ ਮੌਜੂਦਗੀ ਸਿਰਫ਼ ਰਿਹਾਇਸ਼ੀ ਸਕੂਲ, ਪੁਲਿਸ ਅਤੇ ਕੇਂਦਰੀ ਰਿਜ਼ਰਵ ਪੁਲਿਸ ਫੋਰਸ (ਸੀਆਰਪੀਐਫ) ਕੈਂਪਾਂ ਦੇ ਰੂਪ ਵਿੱਚ ਹੈ।








