ਗੁਮਲਾ ਜ਼ਿਲ੍ਹੇ ਵਿੱਚ ਲੁਪੁੰਗਪਾਤ ਗ੍ਰਾਮ ਸਭਾ ਦੀ ਸਰਗਰਮੀ ਝਾਰਖੰਡ ਵਿੱਚ ਚਰਚਾ ਦਾ ਵਿਸ਼ਾ ਹੈ। ਜ਼ਿਲ੍ਹਾ ਹੈੱਡਕੁਆਰਟਰ ਤੋਂ ਇੱਕ ਘੰਟੇ ਤੋਂ ਥੋੜ੍ਹਾ ਜ਼ਿਆਦਾ ਦੂਰ ਅਤੇ ਸੂਬੇ ਦੀ ਰਾਜਧਾਨੀ ਰਾਂਚੀ ਤੋਂ ਕਰੀਬ 165 ਕਿਲੋਮੀਟਰ ਦੂਰ ਸਥਿਤ ਇਸ ਪਿੰਡ ਤੱਕ ਪਹੁੰਚਣਾ ਆਸਾਨ ਨਹੀਂ ਹੈ। ਇਹ ਜੰਗਲ ਦੇ ਅੰਦਰ ਹੈ ਅਤੇ ਇੱਥੇ ਪਹੁੰਚਣ ਲਈ, ਤੁਹਾਨੂੰ ਪਹਿਲਾਂ ਪਹਾੜੀ 'ਤੇ ਚੜ੍ਹਨਾ ਪੈਂਦਾ ਹੈ ਅਤੇ ਫਿਰ ਕੱਚੀ ਸੜਕ ਰਾਹੀਂ ਜਾਣਾ ਪੈਂਦਾ ਹੈ। ਇੱਥੇ ਜਨਤਕ ਆਵਾਜਾਈ ਦੀਆਂ ਵੱਡੀਆਂ ਬੱਸਾਂ ਆਸਾਨੀ ਨਾਲ਼ ਨਹੀਂ ਆਉਂਦੀਆਂ, ਪਰ ਆਟੋ ਅਤੇ ਛੋਟੀਆਂ ਗੱਡੀਆਂ ਦਿੱਸ ਜਾਂਦੀਆਂ ਹਨ, ਹਾਲਾਂਕਿ ਉਹ ਵੀ ਅਕਸਰ ਨਹੀਂ ਆਉਂਦੀਆਂ।
ਇਸ ਪਿੰਡ ਵਿੱਚ ਅਸੁਰ ਭਾਈਚਾਰੇ ਦੇ ਲਗਭਗ 100 ਪਰਿਵਾਰ ਰਹਿੰਦੇ ਹਨ, ਜਿਨ੍ਹਾਂ ਨੂੰ ਪੀਵੀਟੀਜੀ ਵਜੋਂ ਸੂਚੀਬੱਧ ਕੀਤਾ ਗਿਆ ਹੈ, ਜੋ ਕਿ ਇੱਕ ਵਿਸ਼ੇਸ਼ ਤੌਰ 'ਤੇ ਕਮਜ਼ੋਰ ਕਬਾਇਲੀ ਸਮੂਹ ਹੈ। ਗੁਮਲਾ ਤੋਂ ਇਲਾਵਾ, ਇਹ ਕਬੀਲਾ ਝਾਰਖੰਡ ਦੇ ਲੋਹਰਦਗਾ, ਪਲਾਮੂ ਅਤੇ ਲਾਤੇਹਾਰ ਜ਼ਿਲ੍ਹਿਆਂ ਵਿੱਚ ਰਹਿੰਦਾ ਹੈ ਅਤੇ ਰਾਜ ਵਿੱਚ ਇਸਦੀ ਕੁੱਲ ਆਬਾਦੀ 22,459 ਹੈ (ਭਾਰਤ ਵਿੱਚ ਅਨੁਸੂਚਿਤ ਕਬੀਲਿਆਂ ਦਾ ਅੰਕੜਾ ਪ੍ਰੋਫਾਈਲ, 2013)।
ਲਗਭਗ ਅੱਧਾ ਪਿੰਡ ਪੜ੍ਹਿਆ-ਲਿਖਿਆ ਹੈ, ਫਿਰ ਵੀ ਗ੍ਰਾਮ ਸਭਾ ਦੇ ਸਾਰੇ ਕੰਮਾਂ ਦਾ ਦਸਤਾਵੇਜ਼ੀਕਰਨ ਕੀਤਾ ਗਿਆ ਹੈ। ਇੱਕ ਊਰਜਾਵਾਨ ਨੌਜਵਾਨ ਨੇਤਾ ਅਤੇ ਸਾਬਕਾ ਫੁੱਟਬਾਲ ਖਿਡਾਰੀ ਸੰਚਿਤ ਅਸੁਰ ਕਹਿੰਦੇ ਹਨ, "ਹਰ ਚੀਜ਼ ਦਾ ਦਸਤਾਵੇਜ਼ੀਕਰਨ ਕੀਤਾ ਜਾ ਰਿਹਾ ਹੈ। ਏਜੰਡਾ ਤੈਅ ਕੀਤਾ ਜਾ ਰਿਹਾ ਹੈ ਅਤੇ ਅਸੀਂ ਅਜਿਹੇ ਮੁੱਦੇ ਉਠਾ ਰਹੇ ਹਾਂ ਜੋ ਲੋਕਾਂ ਦੀਆਂ ਸਮੱਸਿਆਵਾਂ ਨਾਲ਼ ਜੁੜੇ ਹੋਏ ਹਨ।'' ਕਮੇਟੀ ਵਿੱਚ ਲਿੰਗਕ ਸਮਾਨਤਾ 'ਤੇ ਜ਼ੋਰ ਦੇਣ ਨੂੰ ਰੇਖਾਂਕਿਤ ਕਰਦਿਆਂ ਉਹ ਕਹਿੰਦੇ ਹਨ,''ਗ੍ਰਾਮ ਸਭਾ ਪੁਰਸ਼ਾਂ ਤੇ ਔਰਤਾਂ ਦੋਵਾਂ ਦੀ ਹੀ ਹੈ।''
ਸਰਿਤਾ ਦਾ ਕਹਿਣਾ ਹੈ ਕਿ ਪਹਿਲਾਂ ਸਿਰਫ ਮਰਦ ਹੀ ਗ੍ਰਾਮ ਸਭਾ ਦੀਆਂ ਮੀਟਿੰਗਾਂ ਵਿੱਚ ਜਾਂਦੇ ਸਨ। ਸਾਬਕਾ ਰਾਸ਼ਟਰੀ ਹਾਕੀ ਖਿਡਾਰੀ ਨੇ ਕਿਹਾ, "ਸਾਨੂੰ ਔਰਤਾਂ ਨੂੰ ਇਸ ਗੱਲ ਦੀ ਜਾਣਕਾਰੀ ਨਾ ਹੁੰਦੀ ਕਿ ਉੱਥੇ ਕਿਸ ਵਿਸ਼ੇ 'ਤੇ ਗੱਲਬਾਤ ਹੋਈ।'' ਬੈਠਕਾਂ ਖ਼ਾਸ ਤੌਰ 'ਤੇ ਪਿੰਡ ਵਿੱਚ ਪਰਿਵਾਰਾਂ ਦੇ ਝਗੜੇ ਨਜਿੱਠਣ ਵੱਲ ਧਿਆਨ ਦਿੰਦੀਆਂ ਸਨ।
ਖ਼ੁਸ਼ੀ ਭਰੇ ਸੁਰ ਵਿੱਚ ਸਰਿਤਾ ਦੱਸਦੀ ਹਨ,"ਪਰ ਹੁਣ ਇੰਝ ਨਹੀਂ ਹੈ। ਅਸੀਂ ਪਿੰਡ ਦੀ ਗ੍ਰਾਮ ਸਭਾ ਵਿੱਚ ਜਾ ਰਹੇ ਹਾਂ ਅਤੇ ਹਰ ਮੁੱਦੇ 'ਤੇ ਵਿਚਾਰ-ਵਟਾਂਦਰਾ ਕਰ ਰਹੇ ਹਾਂ ਅਤੇ ਫ਼ੈਸਲਿਆਂ ਵਿੱਚ ਸਾਡੀ ਰਾਏ ਵੀ ਮਾਅਨੇ ਰੱਖਦੀ ਹੈ।''