“ਅਸੀਂ ਚੋਰੀ ਛਿਪੇ ਖੁਫ਼ੀਆ ਰਸਤੇ ਤੋਂ ਹੁੰਦੇ ਆਏ ਹਾਂ। ਪਰ ਅਸੀਂ ਕਰ ਵੀ ਕੀ ਸਕਦੇ ਹਾਂ? ਜੇ ਸਾਡੇ ਕੋਲ ਸਮਾਨ ਹੋਵੇਗਾ ਤਾਂ ਅਸੀਂ ਘੱਟੋ ਘੱਟ ਟੋਕਰੀਆਂ ਤਿਆਰ ਕਰ ਕੇ ਘਰੇ ਰੱਖ ਤਾਂ ਲਵਾਂਗੇ,” ਤੇਲੰਗਾਨਾ ਦੇ ਪਿੰਡ ਕਨਗਲ ਦੇ ਟੋਕਰੀਆਂ ਬਣਾਉਣ ਵਾਲੇ ਇੱਕ ਟੋਲੇ ਦਾ ਕਹਿਣਾ ਹੈ। ਉਹਨਾਂ ਦਾ ਖੁਫ਼ੀਆ ਰਸਤਾ? ਉਹ ਜਿੱਥੇ ਨਾ ਤਾਂ ਪੁਲਿਸ ਵਾਲਿਆਂ ਦਾ ਨਾਕਾ ਹੈ ਤੇ ਨਾ ਹੀ ਪਿੰਡ ਵਾਲਿਆਂ ਵੱਲੋਂ ਕੀਤੀ ਹੋਈ ਕੰਡਿਆਲੀ ਵਾੜ।
4 ਅਪ੍ਰੈਲ ਨੂੰ ਨੇਲੀਗੁੰਡਾਰਸ਼ੀ ਰਾਮੁਲੰਮਾ ਦੇ ਨਾਲ ਚਾਰ ਔਰਤਾਂ ਤੇ ਇੱਕ ਆਦਮੀ 9 ਵਜੇ ਦੇ ਕਰੀਬ ਆਟੋਰਿਕਸ਼ੇ ਵਿੱਚ ਇਕੱਠੇ ਵੇਲੀਡੰਡੁਪਾੜੂ ਵੱਲ ਖਜੂਰ ਦੇ ਪੱਤੇ ਲੈਣ ਜਾਂਦੇ ਹਨ ਜੋ ਕਨਗਲ ਤੋਂ 7 ਕਿਲੋਮੀਟਰ ਦੀ ਦੂਰੀ ‘ਤੇ ਹੈ। ਖਜੂਰ ਦੇ ਪੱਤਿਆਂ ਨਾਲ ਹੀ ਇਹ ਲੋਕ ਟੋਕਰੀਆਂ ਬਣਾਉਂਦੇ ਹਨ। ਇਹ ਲੋਕ ਆਮ ਤੌਰ ‘ਤੇ ਕਿਸੇ ਸਾਂਝੀ ਥਾਂ ਤੋਂ ਪੱਤੇ ਇਕੱਠੇ ਕਰਦੇ ਹਨ ਜਾਂ ਕਿਸੇ ਦੇ ਖੇਤ ਵਿੱਚੋਂ ਟੋਕਰੀਆਂ ਦੇ ਕੇ ਪੱਤੇ ਲੈ ਲੈਂਦੇ ਹਨ।
ਕਨਗਲ ਦੇ ਟੋਕਰੀ ਬਣਾਉਣ ਵਾਲੇ ਯੇਰੂਕੁਲਾ ਭਾਈਚਾਰੇ ਨਾਲ ਸਬੰਧ ਰੱਖਦੇ ਹਨ ਜੋ ਕਿ ਤੇਲੰਗਾਨਾ ਵਿੱਚ ਅਦਿਵਾਸੀਆਂ ਦੀ ਸ਼੍ਰੇਣੀ ਵਿੱਚ ਆਉਂਦੇ ਹਨ। ਮਾਰਚ ਤੋਂ ਮਈ ਦਾ ਸਮਾਂ ਇਹਨਾਂ ਲਈ ਬਹੁਤ ਮਹੱਤਵਪੂਰਨ ਹੈ। ਇਹਨਾਂ ਮਹੀਨਿਆਂ ਵਿੱਚ ਵੱਧ ਤਾਪਮਾਨ ਪੱਤੇ ਸੁਕਾਉਣ ਲਈ ਬਹੁਤ ਅਨੁਕੂਲ ਹੈ।
ਬਾਕੀ ਦਾ ਸਾਰਾ ਸਾਲ ਉਹ ਖੇਤੀਬਾੜੀ ਮਜਦੂਰ ਵਜੋਂ ਕੰਮ ਕਰਦੇ ਹਨ ਜਿੱਥੇ ਇਹਨਾਂ ਨੂੰ 200 ਰੁਪਏ ਦਿਹਾੜੀ ਮਿਲ ਜਾਂਦੀ ਹੈ। ਦਸੰਬਰ ਤੋਂ ਫ਼ਰਵਰੀ ਦੌਰਾਨ ਜਦ ਨਰਮੇ ਦੀ ਚੁਗਾਈ ਦਾ ਸਮਾਂ ਹੁੰਦਾ ਹੈ ਤਾਂ ਕੰਮ ਦੇ ਹਿਸਾਬ ਨਾਲ ਇੱਕ ਮਹੀਨਾ ਕਦੇ ਕਦਾਈਂ 700-800 ਰੁਪਏ ਦਿਹਾੜੀ ਵੀ ਬਣ ਜਾਂਦੀ ਹੈ।
ਇਸ ਸਾਲ ਕੋਵਿਡ-19 ਦੀ ਤਾਲਾਬੰਦੀ ਕਾਰਨ ਟੋਕਰੀਆਂ ਤੋਂ ਹੁੰਦੀ ਆਮਦਨ ‘ਤੇ ਵਿਰਾਮ ਲੱਗ ਗਿਆ ਹੈ। “ਜਿਨ੍ਹਾਂ ਕੋਲ ਪੈਸਾ ਹੈ ਉਹਨਾਂ ਦੇ ਢਿੱਡ ਭਰੇ ਹਨ। ਪਰ ਸਾਡੇ ਕੋਲ ਤਾਂ ਕੋਈ ਪੈਸਾ ਨਹੀਂ ਇਸ ਕਰਕੇ ਸਾਨੂੰ ਘਰੋਂ ਬਾਹਰ ਨਿਕਲਣਾ ਪੈਂਦਾ ਹੈ (ਪੱਤੇ ਇਕੱਠੇ ਕਰਨ ਲਈ)। ਨਹੀਂ ਤਾਂ ਸਾਨੂੰ ਜੋਖਿਮ ਲੈਣ ਦੀ ਕੀ ਲੋੜ ਸੀ?” 70 ਸਾਲਾ ਰਾਮੁਲੰਮਾ ਪੁੱਛਦੇ ਹਨ।







