"ਓਸ਼ੋਬ ਵੋਟ-ਟੋਟ ਛਾਰੋ। ਸੰਧਿਆ ਨਾਮਰ ਆਗੇ ਅਨੇਕ ਕਾਜ ਗੋ... (ਵੋਟ-ਸ਼ੋਟ ਛੱਡੋ, ਹਨ੍ਹੇਰਾ ਹੋਣ ਤੋਂ ਪਹਿਲਾਂ ਹਜ਼ਾਰਾਂ ਕੰਮ ਮੁਕਾਉਣੇ ਨੇ...] ਆਓ ਸਾਡੇ ਕੋਲ਼ ਆ ਕੇ ਬੈਠੋ, ਜੇ ਤੁਸੀਂ ਬਦਬੂ ਬਰਦਾਸ਼ਤ ਕਰ ਸਕਦੇ ਹੋ ਤਾਂ," ਭੁੰਜੇ ਬੈਠੀ ਮਾਲਤੀ ਮਾਲ ਆਪਣੇ ਨਾਲ਼ ਪਈ ਖਾਲੀ ਥਾਂ ਵੱਲ ਇਸ਼ਾਰਾ ਕਰਦਿਆਂ ਕਹਿੰਦੀ ਹਨ। ਉਹ ਮੈਨੂੰ ਧੁੱਪ ਅਤੇ ਧੂੜ ਦੀ ਪਰਵਾਹ ਕੀਤੇ ਬਗ਼ੈਰ ਪਿਆਜ਼ ਦੇ ਇੱਕ ਵੱਡੇ ਢੇਰ ਦੁਆਲ਼ੇ ਕੰਮ ਕਰਨ ਲਈ ਜੁੜੀਆਂ ਔਰਤਾਂ ਦੇ ਇੱਕ ਸਮੂਹ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੰਦੀ ਹਨ। ਮੈਂ ਲਗਭਗ ਇੱਕ ਹਫ਼ਤੇ ਤੋਂ ਇਸ ਪਿੰਡ ਦੀਆਂ ਔਰਤਾਂ ਦਾ ਪਿੱਛਾ ਕਰ ਰਹੀ ਹਾਂ ਅਤੇ ਅਗਾਮੀ ਚੋਣਾਂ ਨੂੰ ਲੈ ਕੇ ਸਵਾਲ ਪੁੱਛ ਰਹੀ ਹਾਂ।
ਇਹ ਅਪ੍ਰੈਲ ਦੇ ਸ਼ੁਰੂਆਤੀ ਦਿਨ ਹਨ। ਪੱਛਮੀ ਬੰਗਾਲ ਦੇ ਮੁਰਸ਼ਿਦਾਬਾਦ ਜ਼ਿਲ੍ਹੇ ਦੇ ਇਸ ਹਿੱਸੇ ਵਿੱਚ ਸੂਰਜ ਹਰ ਰੋਜ਼ 41 ਡਿਗਰੀ ਤੱਕ ਪਹੁੰਚ ਜਾਂਦਾ ਹੈ। ਮਾਲ ਪਹਾੜੀਆ ਝੌਂਪੜੀ ਵਿੱਚ, ਸ਼ਾਮੀਂ 5 ਵਜੇ ਵੀ ਲੂੰਹਦੀ ਗਰਮੀ ਮਹਿਸੂਸ ਕੀਤੀ ਜਾ ਸਕਦੀ ਹੈ। ਇਲਾਕੇ ਵਿੱਚ ਮੌਜੂਦ ਵਿਰਲੇ-ਟਾਂਵੇ ਰੁੱਖਾਂ ਦਾ ਇੱਕ ਪੱਤਾ ਵੀ ਨਹੀਂ ਸੀ ਹਿਲ ਰਿਹਾ। ਤਾਜ਼ਾ ਪਿਆਜਾਂ ਦੀ ਹਵਾੜ ਹਵਾ ਵਿੱਚ ਤੈਰ ਰਹੀ ਹੁੰਦੀ ਹੈ।
ਔਰਤਾਂ ਆਪਣੇ ਘਰਾਂ ਤੋਂ ਮਸਾਂ 50 ਕੁ ਮੀਟਰ ਦੀ ਵਿੱਥ 'ਤੇ ਇੱਕ ਖੁੱਲੀ ਥਾਵੇਂ ਪਿਆਜ਼ ਦੇ ਢੇਰ ਦੁਆਲ਼ੇ ਅਰਧ-ਚੱਕਰ ਬਣਾਈ ਬੈਠੀਆਂ ਹਨ। ਉਹ ਦਾਤੀ ਨਾਲ਼ ਪਿਆਜ਼ ਦੀਆਂ ਗੰਢੀਆਂ ਨੂੰ ਡੰਠਲਾਂ ਤੋਂ ਵੱਖ ਕਰ ਰਹੀਆਂ ਹੁੰਦੀਆਂ ਹਨ। ਦੁਪਹਿਰ ਦੀ ਲੂੰਹਦੀ ਤਪਸ਼ ਤੇ ਪਿਆਜ਼ਾਂ ਦੀ ਹਵਾੜ 'ਚੋਂ ਉੱਡਦੀ ਭਾਫ਼ ਨਾਲ਼ ਮੁੜ੍ਹਕੋ-ਮੁੜ੍ਹਕੀ ਹੋਏ ਉਨ੍ਹਾਂ ਦੇ ਚਿਹਰੇ ਸਖ਼ਤ ਮਿਹਨਤ ਦਾ ਸਬੂਤ ਬਣ ਲਿਸ਼ਕਦੇ ਹਨ।
"ਇਹ ਸਾਡਾ ਦੇਸ਼ (ਜੱਦੀ ਪਿੰਡ) ਨਹੀਂ ਹੈ। ਅਸੀਂ ਪਿਛਲੇ ਸੱਤ-ਅੱਠ ਸਾਲਾਂ ਤੋਂ ਇੱਥੇ ਆਉਂਦੇ ਰਹੇ ਹਾਂ," 60 ਸਾਲਾ ਮਾਲਤੀ ਕਹਿੰਦੀ ਹਨ। ਉਹ ਅਤੇ ਸਮੂਹ ਦੀਆਂ ਹੋਰ ਔਰਤਾਂ ਮਾਲ ਪਹਾੜੀਆ ਆਦਿਵਾਸੀ ਭਾਈਚਾਰੇ ਨਾਲ਼ ਸਬੰਧਤ ਹਨ। ਉਹ ਇਸ ਰਾਜ ਵਿੱਚ ਅਨੁਸੂਚਿਤ ਕਬੀਲਿਆਂ ਦੇ ਅਧੀਨ ਸੂਚੀਬੱਧ ਹਨ ਅਤੇ ਇਹ ਇੱਥੋਂ ਦਾ ਸਭ ਤੋਂ ਕਮਜ਼ੋਰ ਕਬਾਇਲੀ ਸਮੂਹ ਵੀ ਹੈ।
"ਸਾਡੇ ਪਿੰਡ ਗੋਆਸਸ ਕਾਲੀਕਾਪੁਰ ਵਿਖੇ ਸਾਨੂੰ ਕੋਈ ਕੰਮ ਨਹੀਂ ਮਿਲ਼ਦਾ," ਉਹ ਕਹਿੰਦੀ ਹਨ। ਮੁਰਸ਼ਿਦਾਬਾਦ ਜ਼ਿਲ੍ਹੇ ਦੇ ਰਾਣੀਨਗਰ-1 ਬਲਾਕ ਵਿੱਚ ਪੈਂਦੇ ਗੋਆਸਸ ਪਿੰਡ ਦੇ 30 ਤੋਂ ਵੱਧ ਪਰਿਵਾਰ ਹੁਣ ਬਿਸ਼ੂਰਪੁਕੂਰ ਪਿੰਡ ਦੇ ਬਾਹਰਵਾਰ ਅਸਥਾਈ ਝੌਂਪੜੀਆਂ ਦੀ ਇੱਕ ਬਸਤੀ ਵਿੱਚ ਰਹਿੰਦੇ ਹਨ ਅਤੇ ਸਥਾਨਕ ਖੇਤਾਂ ਵਿੱਚ ਕੰਮ ਕਰਦੇ ਹਨ।
ਔਰਤਾਂ ਨੇ ਮੈਨੂੰ ਦੱਸਿਆ ਕਿ ਉਨ੍ਹਾਂ ਨੇ 7 ਮਈ ਨੂੰ ਲੋਕ ਸਭਾ ਚੋਣਾਂ ਵਿੱਚ ਵੋਟ ਪਾਉਣ ਲਈ ਆਪਣੇ ਪਿੰਡ ਜਾਣਾ ਸੀ। ਗੋਆਸਸ ਕਾਲੀਕਾਪੁਰ, ਬਿਸ਼ੂਪੁਰਕੂਰ ਤੋਂ ਲਗਭਗ 60 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ।




























