ਇੱਕ ਨੌਜਵਾਨ ਪਰਦੇ ਦੇ ਪਿੱਛਿਓਂ ਭੱਜਦਾ ਹੋਇਆ ਆਉਂਦਾ ਹੈ ਅਤੇ ਦੀਵੇ ਤੱਕ ਪਹੁੰਚਦਾ ਹੈ ਤਾਂ ਜੋ ਇਹ ਬੁੱਝ ਨਾ ਜਾਵੇ। ਇੱਕ ਘੰਟੇ ਦੇ ਪ੍ਰਦਰਸ਼ਨ ਦੌਰਾਨ, ਉਸਨੂੰ ਕਈ ਵਾਰ ਇਹ ਯਕੀਨੀ ਬਣਾਉਣਾ ਪੈਂਦਾ ਹੈ। ਉਸ ਨੂੰ ਇਹ ਵੀ ਧਿਆਨ ਰੱਖਣਾ ਪੈਂਦਾ ਹੈ ਕਿ ਪੇਸ਼ਕਾਰੀ ਦੌਰਾਨ ਉਹ ਗ਼ਲਤੀ ਨਾਲ਼ ਆਪਣੇ ਸਾਥੀਆਂ ਜਾਂ ਸਾਜ਼ੋ-ਸਾਮਾਨ ਨੂੰ ਵੀ ਛੇੜ ਨਾ ਦੇਵੇ।
ਇਹ ਸਾਰੇ ਤੋਲਪਾਵਕੂਤੁ ਕਠਪੁਤਲੀ ਕਲਾਕਾਰ ਹਨ। ਇਹ ਅਦਾਕਾਰ ਪ੍ਰਦਰਸ਼ਨ ਦੌਰਾਨ ਹਮੇਸ਼ਾ ਪਰਦੇ ਦੇ ਪਿੱਛੇ ਹੀ ਹੁੰਦੇ ਹਨ।
ਇਸ ਚਿੱਟੇ ਸੂਤੀ ਪਰਦੇ ਦੇ ਦੂਜੇ ਪਾਸੇ, ਹੱਥਾਂ ਵਿੱਚ ਚਮੜੇ ਦੀਆਂ ਕਠਪੁਤਲੀਆਂ ਲੈ ਕੇ ਇਹ ਕਲਾਕਾਰ ਇੱਧਰ-ਉੱਧਰ ਘੁੰਮਦੇ ਰਹਿੰਦੇ ਹਨ। ਉਨ੍ਹਾਂ ਦੇ ਪੈਰਾਂ ਦੇ ਨੇੜੇ ਲਗਭਗ 50-60 ਹੋਰ ਕਠਪੁਤਲੀਆਂ ਪਈਆਂ ਹਨ, ਜੋ ਵਰਤੇ ਜਾਣ ਲਈ ਤਿਆਰ ਹਨ। ਬਾਹਰ, ਸਪੀਕਰ 'ਤੇ ਕਿੱਸਾਗੋਈ ਦੀ ਆਵਾਜ਼ ਸੁਣਾਈ ਦੇ ਰਹੀ ਹੈ ਅਤੇ ਪਰਦੇ 'ਤੇ ਉਸ ਨੂੰ ਪਰਛਾਵੇਂ ਦਰਸਾਉਂਦੇ ਨਜ਼ਰੀਂ ਪੈ ਰਹੇ ਹਨ।
ਇਸ ਕਲਾ ਦਾ ਖ਼ਾਸਾ ਅਜਿਹਾ ਹੈ ਕਿ ਕਲਾਕਾਰਾਂ ਦੀ ਅਸਲ ਮਿਹਨਤ ਅਤੇ ਪ੍ਰਦਰਸ਼ਨ ਵੱਲ ਧਿਆਨ ਨਹੀਂ ਦਿੱਤਾ ਜਾਂਦਾ। ਇਸ ਲਈ 2021 'ਚ ਜਦੋਂ ਕਠਪੁਤਲੀ ਕਲਾਕਾਰ ਰਾਮਚੰਦਰ ਪੁਲਵਾਰ ਨੂੰ ਦੇਸ਼ ਦੇ ਚੌਥੇ ਸਭ ਤੋਂ ਵੱਡੇ ਨਾਗਰਿਕ ਪੁਰਸਕਾਰ ਪਦਮ ਸ਼੍ਰੀ ਨਾਲ਼ ਸਨਮਾਨਿਤ ਕੀਤਾ ਗਿਆ ਤਾਂ ਇਹ ਜਸ਼ਨ ਦਾ ਪਲ ਸੀ ਅਤੇ ਪਰਦੇ ਦੇ ਪਿੱਛੇ ਦੇ ਕਲਾਕਾਰ ਦੁਨੀਆ ਦੇ ਸਾਹਮਣੇ ਨਜ਼ਰ ਆਏ। ਆਪਣੇ ਭਾਸ਼ਣ ਵਿੱਚ ਉਨ੍ਹਾਂ ਕਿਹਾ,"ਇਹ ਪੁਰਸਕਾਰ... ਇਹ ਕਲਾਕਾਰਾਂ ਦੇ ਸਮੂਹਿਕ ਯਤਨਾਂ ਦਾ ਨਤੀਜਾ ਹੈ ਜਿਨ੍ਹਾਂ ਨੇ ਪਿਛਲੇ ਕਈ ਸਾਲਾਂ ਤੋਂ ਇਸ ਕਲਾ ਨੂੰ ਜ਼ਿੰਦਾ ਰੱਖਿਆ ਹੈ।''
ਹਾਲਾਂਕਿ, ਪੁਲਵਾਰ ਅਤੇ ਉਨ੍ਹਾਂ ਦੀ ਮੰਡਲੀ ਨੂੰ ਇਸ ਸਫਲਤਾ ਦੀ ਕੀਮਤ ਅਦਾ ਕਰਨੀ ਪਈ। ਉਨ੍ਹਾਂ ਦੇ ਆਲੋਚਕਾਂ ਅਤੇ ਸ਼ਰਧਾਲੂਆਂ ਨੇ ਉਨ੍ਹਾਂ 'ਤੇ ਕਲਾ ਨੂੰ ਕਾਰੋਬਾਰ ਵਿੱਚ ਬਦਲਣ ਦਾ ਦੋਸ਼ ਲਾਇਆ ਹੈ। ਪਰ ਇਨ੍ਹਾਂ ਆਲੋਚਨਾਵਾਂ ਦਾ ਰਾਮਚੰਦਰ 'ਤੇ ਜ਼ਿਆਦਾ ਅਸਰ ਨਹੀਂ ਹੋਇਆ ਹੈ। "ਆਪਣਾ ਢਿੱਡ ਭਰਨ ਲਈ ਇਹਨੂੰ ਵਪਾਰਕ ਹੋਣਾ ਚਾਹੀਦਾ ਹੈ," ਉਹ ਕਹਿੰਦੇ ਹਨ। ''ਜੇ ਅਦਾਕਾਰ ਅਤੇ ਡਾਂਸਰ ਆਪਣੇ ਕੰਮ ਲਈ ਪੈਸੇ ਲੈ ਸਕਦੇ ਹਨ, ਤਾਂ ਅਸੀਂ ਕਠਪੁਤਲੀ ਕਲਾਕਾਰ ਪੈਸੇ ਕਿਉਂ ਨਹੀਂ ਲੈ ਸਕਦੇ?''




