ਜਿਵੇਂ-ਜਿਵੇਂ ਅਸੀਂ ਕਰੀਬ 200 ਸਾਲ ਪੁਰਾਣੀ ਇਮਾਰਤ ਦੇ ਹੇਠਾਂ ਪੌੜੀਆਂ ਉੱਤਰਦੇ ਜਾਂਦੇ ਹਾਂ, ਸ਼੍ਰੀ ਭਾਦਰੀਆ ਮਾਤਾ ਜੀ ਮੰਦਿਰ ਦੀ ਡਿਊਢੀ 'ਤੇ ਬੈਠੇ ਸੰਗੀਤਵਾਦਕਾਂ ਦੀਆਂ ਅਵਾਜ਼ਾਂ ਮੱਧਮ ਪੈਂਦੀਆਂ ਜਾਂਦੀਆਂ ਹਨ। ਇੱਕਦਮ ਹਰ ਅਵਾਜ਼ ਸੁਣਾਈ ਦੇਣੀ ਬੰਦ ਹੋ ਜਾਂਦੀ ਹੈ - ਅਸੀਂ ਹੁਣ ਜ਼ਮੀਨ ਦੇ 20 ਫੁੱਟ ਹੇਠਾਂ ਹਾਂ।
ਸਾਹਮਣੇ 15000 ਵਰਗ ਫੁੱਟ 'ਚ ਫੈਲੀ ਵਿਸ਼ਾਲ ਲਾਇਬ੍ਰੇਰੀ ਦਿਖਾਈ ਦਿੰਦੀ ਹੈ ਜੋ ਕਿਸੇ ਭੁੱਲ-ਭਲੱਈਏ ਤੋਂ ਘੱਟ ਨਹੀਂ ਜਾਪਦੀ।। ਭੀੜੇ ਗਲਿਆਰਿਆਂ 'ਚ ਥੋੜ੍ਹੀ-ਥੋੜ੍ਹੀ ਵਿੱਥ 'ਤੇ ਬਣੀਆਂ 562 ਅਲਮਾਰੀਆਂ 'ਚ ਦੋ ਲੱਖ ਕਿਤਾਬਾਂ ਹਨ। ਹਿੰਦੂਤਵ, ਇਸਲਾਮ, ਇਸਾਈਅਤ ਅਤੇ ਹੋਰਨਾਂ ਧਰਮਾਂ 'ਤੇ ਲਿਖੀਆਂ ਚਮੜੇ ਦੀ ਜਿਲਦ ਵਾਲੀਆਂ ਕਿਤਾਬਾਂ, ਛਿੱਲ 'ਤੇ ਲਿਖਿਆ ਇੱਕ ਖਰੜਾ, ਪੁਰਾਣੀਆਂ ਜਿਲਦਾਂ ਤੇ ਪੇਪਰਬੈਕ ਜਿਲਦਾਂ ਤੋਂ ਲੈ ਕੇ ਕਾਨੂੰਨ, ਦਵਾਈਆਂ, ਦਰਸ਼ਨ, ਭੂਗੋਲ, ਇਤਿਹਾਸ ਅਤੇ ਹੋਰਨਾਂ ਵਿਸ਼ਿਆਂ 'ਤੇ ਨਵੀਆਂ ਨਕੋਰ ਕਿਤਾਬਾਂ। ਗਲਪ ਵਾਲਾ ਹਿੱਸਾ ਵੀ ਸ਼ਾਹਕਾਰਾਂ ਤੇ ਹਾਲੀਆ ਨਾਵਲਾਂ ਨਾਲ ਭਰਪੂਰ ਹੈ। ਜ਼ਿਆਦਾਤਰ ਕਿਤਾਬਾਂ ਹਿੰਦੀ 'ਚ ਹਨ, ਜਦਕਿ ਕੁਝ ਅੰਗਰੇਜ਼ੀ ਅਤੇ ਸੰਸਕ੍ਰਿਤ 'ਚ ਹਨ।
ਲਾਇਬ੍ਰੇਰੀ ਬਣਾਉਣ ਦਾ ਖਿਆਲ ਪੰਜਾਬ ਦੇ ਇੱਕ ਧਾਰਮਿਕ ਵਿਦਵਾਨ, ਹਰਵੰਸ਼ ਸਿੰਘ ਨਿਰਮਲ ਦਾ ਸੀ। ਉਹਨਾਂ ਬਾਰੇ ਕਿਹਾ ਜਾਂਦਾ ਹੈ ਕਿ ਉਹ ਮੰਦਿਰ ਦੇ ਪਰਿਸਰ 'ਚ 25 ਸਾਲ ਇੱਕ ਗੁਫਾ ਅੰਦਰ ਇਕਾਂਤਵਾਸ 'ਚ ਰਹੇ ਅਤੇ ਉਹਨਾਂ ਨੇ ਇਸਦੇ ਹੇਠਾਂ ਲਾਇਬ੍ਰੇਰੀ ਬਣਾਉਣ ਦਾ ਫੈਸਲਾ ਕੀਤਾ। ਨਿਰਮਲ ਦੀ 2010 'ਚ ਮੌਤ ਹੋ ਗਈ ਪਰ ਉਸ ਤੋਂ ਪਹਿਲਾਂ ਉਹਨਾਂ ਨੇ ਸਿੱਖਿਆ ਅਤੇ ਜਾਨਵਰਾਂ ਦੀ ਦੇਖਭਾਲ ਲਈ ਪੈਸਾ ਇਕੱਠਾ ਕੀਤਾ।
"ਉਹ ਮਾਨਵਤਾਵਾਦੀ ਸਨ। ਸਾਰੇ ਧਰਮਾਂ ਦਾ ਇੱਕੋ ਹੀ ਸੁਨੇਹਾ ਹੈ : ਕਿ ਇਨਸਾਨਾਂ ਦੀ ਚਮੜੀ ਭਾਵੇਂ ਵੱਖੋ-ਵੱਖਰੀ ਹੋਵੇ, ਵਾਲ ਵੱਖਰੇ ਹੋਣ, ਪਰ ਅੰਦਰੋਂ ਅਸੀਂ ਸਭ ਇੱਕੋ ਹਾਂ," ਮੰਦਿਰ ਅਤੇ ਲਾਇਬ੍ਰੇਰੀ ਦਾ ਪ੍ਰਬੰਧ ਚਲਾਉਣ ਵਾਲੀ, ਅਤੇ 40,000 ਤੋਂ ਵੱਧ ਗਾਵਾਂ ਲਈ ਗਊਸ਼ਾਲਾ ਚਲਾਉਣ ਵਾਲੀ ਸ਼੍ਰੀ ਜਗਦੰਬਾ ਸੇਵਾ ਸਮਿਤੀ ਦੇ ਸਕੱਤਰ ਜੁਗਲ ਕਿਸ਼ੋਰ ਨੇ ਕਿਹਾ।
ਲਾਇਬ੍ਰੇਰੀ ਬਣਾਉਣ ਦਾ ਕੰਮ 1983 'ਚ ਸ਼ੁਰੂ ਹੋਇਆ ਅਤੇ ਇਮਾਰਤ 1998 'ਚ ਬਣ ਕੇ ਤਿਆਰ ਹੋ ਗਈ। ਉਸ ਤੋਂ ਬਾਅਦ ਕਿਤਾਬਾਂ ਦੀ ਭਾਲ ਸ਼ੁਰੂ ਹੋਈ। "ਉਹ (ਨਿਰਮਲ) ਇਸਨੂੰ ਇੱਕ ਗਿਆਨ ਦਾ ਕੇਂਦਰ, ਇੱਕ ਯੂਨੀਵਰਸਿਟੀ ਬਣਾਉਣਾ ਚਾਹੁੰਦੇ ਸਨ," ਕਿਸ਼ੋਰ ਨੇ ਕਿਹਾ, "ਮਹਾਰਾਜਾ ਜੀ ਚਾਹੁੰਦੇ ਸਨ ਕਿ ਲੋਕ ਇਸ ਜਗ੍ਹਾ ਆਉਣ ਅਤੇ ਦੇਖਣ ਕਿ ਗਿਆਨ ਦੀ ਤਲਾਸ਼ 'ਚ ਆਉਂਦੇ ਲੋਕਾਂ ਦੀ ਭਾਲ ਇੱਥੇ ਮੁੱਕਦੀ ਹੈ।”
ਲਾਇਬ੍ਰੇਰੀ ਦੇ ਪ੍ਰਬੰਧਕਾਂ ਮੁਤਾਬਕ ਜ਼ਮੀਂਦੋਜ਼ (ਭੂਮੀਗਤ) ਜਗ੍ਹਾ ਨੁਕਸਾਨ ਤੇ ਧੂੜ ਨੂੰ ਘੱਟ ਕਰਨ ਲਈ ਚੁਣੀ ਗਈ - ਭਾਰਤੀ ਫੌਜ ਦੀ ਫਾਇਰਿੰਗ ਰੇਂਜ, ਪੋਖਰਣ ਇੱਥੋਂ 10 ਕਿਲੋਮੀਟਰ ਦੂਰ ਹੈ ਅਤੇ ਜਦੋਂ ਰਾਜਸਥਾਨ ਦੀਆਂ ਚਰਾਗਾਹਾਂ 'ਚ ਹਵਾਵਾਂ ਚਲਦੀਆਂ ਹਨ, ਤਾਂ ਹਰ ਪਾਸੇ ਧੂੜ ਉੱਠਦੀ ਹੈ।
ਅਸ਼ੋਕ ਕੁਮਾਰ ਦੇਵਪਾਲ ਲਾਇਬ੍ਰੇਰੀ ਦੀ ਸਾਂਭ-ਸੰਭਾਲ ਵਾਲੀ ਟੀਮ 'ਚ ਹਨ। ਉਹਨਾਂ ਨੇ ਦੱਸਿਆ ਕਿ ਇਸਨੂੰ 6 ਵੱਡੇ ਨਿਕਾਸ ਵਾਲੇ ਪੱਖਿਆਂ ਨਾਲ ਖੁਸ਼ਕ ਰੱਖਿਆ ਜਾਂਦਾ ਹੈ; ਸਮੇਂ-ਸਮੇਂ 'ਤੇ ਹਵਾ ਨੂੰ ਖੁਸ਼ਕ ਕਰਨ ਲਈ ਕਪੂਰ ਜਲਾਇਆ ਜਾਂਦਾ ਹੈ। ਉੱਲੀ ਲੱਗਣ ਤੋਂ ਰੋਕਣ ਲਈ, "ਅਸੀਂ ਕਿਤਾਬਾਂ ਨੂੰ ਖੋਲ੍ਹ ਕੇ ਹਵਾ ਲਗਵਾਉਂਦੇ ਹਾਂ। ਸਾਡੇ ਵਿੱਚੋਂ 7-8 ਜਣੇ ਹਰ ਦੋ ਮਹੀਨੇ ਤੱਕ ਇਹੀ ਕੰਮ ਕਰਦੇ ਹਨ।"
ਮੰਦਿਰ ਦੇ ਟਰੱਸਟ ਕੋਲ 1.25 ਲੱਖ ਬਿੱਘੇ (ਤਕਰੀਬਨ 20,000 ਏਕੜ) ਜ਼ਮੀਨ ਦੀ ਮਾਲਕੀ ਹੈ, ਜੋ ਭਾਦਰੀਆ ਓਰਨ (ਪਵਿੱਤਰ ਵਣ) ਹੈ, ਜਿੱਥੇ ਰਵਾਇਤ ਇਹ ਹੈ ਕਿ "ਮਹਿਜ਼ ਇੱਕ ਟਾਹਣੀ ਵੀ ਨਹੀਂ ਵੱਢੀ ਜਾ ਸਕਦੀ," 70 ਸਾਲ ਦੀ ਉਮਰ 'ਚ ਟਰੱਸਟ ਦੀ ਗਊਸ਼ਾਲਾ ’ਚ 40,000 ਤੋਂ ਵੱਧ ਗਾਵਾਂ ਦੀ ਸੰਭਾਲ ਕਰਨ ਵਾਲੇ ਕਿਸ਼ੋਰ ਨੇ ਦੱਸਿਆ। ਇੱਕ ਸਾਲ ਵਿੱਚ, ਤਕਰੀਬਨ 2-3 ਲੱਖ ਲੋਕ ਆਉਂਦੇ ਹਨ; ਚਾਰ ਸਲਾਨਾ ਤਿਉਹਾਰਾਂ ਦੌਰਾਨ ਆਉਣ ਵਾਲੇ ਲੋਕਾਂ 'ਚ ਸਭ ਤੋਂ ਵੱਧ ਰਾਜਪੂਤ, ਬਿਸ਼ਨੋਈ ਅਤੇ ਜੈਨ ਭਾਈਚਾਰਿਆਂ ਦੇ ਲੋਕ ਸ਼ਾਮਲ ਹਨ। ਇਸ ਸਮੇਂ, ਜਦ ਤੱਕ ਲਾਇਬ੍ਰੇਰੀ ਦਾ ਉਦਘਾਟਨ ਨਹੀਂ ਹੁੰਦਾ, ਇਹ ਸਾਰੇ ਉਹ ਲੋਕ ਨੇ ਜੋ ਇੱਕ ਨਜ਼ਰ ਦੇਖਣ ਲਈ ਪੌੜੀਆਂ ਉੱਤਰਦੇ ਹਨ।
ਲਾਇਬ੍ਰੇਰੀ ਦੇ ਨਾਲ ਹੀ, 150 ਮੁਲਾਜ਼ਮਾਂ ਦੁਆਰਾ ਚਲਾਈ ਜਾਂਦੀ ਇੱਕ ਵੱਡੀ ਗਊਸ਼ਾਲਾ ਹੈ। ਵੱਖ-ਵੱਖ ਕਿਸਮਾਂ - ਗਿਰ, ਥਾਰਪਾਰਕਰ, ਰਾਠੀ ਅਤੇ ਨਗੋਰੀ - ਦੀਆਂ ਕਈ ਦਹਿ ਹਜ਼ਾਰ ਗਾਵਾਂ ਤੇ ਬਲਦ। "ਓਰਨ ਪੰਛੀਆਂ ਅਤੇ ਜਾਨਵਰਾਂ ਲਈ ਹੈ," ਟਰੱਸਟ ਦੇ ਪ੍ਰਬੰਧਕ ਅਸ਼ੋਕ ਸੋਡਾਨੀ ਨੇ ਕਿਹਾ। ਜਾਨਵਰਾਂ ਨੂੰ ਉਸ ਵੇਲੇ ਇੱਥੇ ਲਿਆਂਦਾ ਜਾਂਦਾ ਹੈ, ਜਦ ਉਹ ਕੰਮ ਲਾਇਕ ਨਹੀਂ ਰਹਿੰਦੇ ਅਤੇ 90 ਫ਼ੀਸਦ ਨਰ ਹੁੰਦੇ ਹਨ। "ਸਾਡੇ ਕੋਲ ਗਊਸ਼ਾਲਾ ਲਈ 14 ਟਿਊਬਵੈਲ ਹਨ ਅਤੇ ਟਰੱਸਟ ਵੱਲੋਂ ਹਰ ਸਾਲ ਚਾਰੇ ਲਈ ਤਕਰੀਬਨ 25 ਕਰੋੜ ਰੁਪਏ ਖਰਚ ਕੀਤੇ ਜਾਂਦੇ ਹਨ," ਸੋਡਾਨੀ ਨੇ ਦੱਸਿਆ ਅਤੇ ਕਿਹਾ, "ਹਰ ਦਿਨ 3-4 ਟਰੱਕ ਭਰ ਕੇ ਹਰਿਆਣਾ, ਪੰਜਾਬ ਅਤੇ ਮੱਧ ਪ੍ਰਦੇਸ਼ ਤੋਂ ਆਉਂਦੇ ਹਨ।" ਉਹਨਾਂ ਮੁਤਾਬਕ ਇਸ ਸਭ ਦੇ ਪ੍ਰਬੰਧ ਲਈ ਸਾਰਾ ਪੈਸਾ ਦਾਨ ਤੋਂ ਆਉਂਦਾ ਹੈ।
ਜਿਵੇਂ ਹੀ ਅਸੀਂ ਸੂਰਜ ਦੀ ਰੌਸ਼ਨੀ 'ਚ ਪਹੁੰਚਦੇ ਹਾਂ, ਢੋਲੀ ਭਾਈਚਾਰੇ ਦੇ ਪ੍ਰੇਮ ਚੌਹਾਨ ਅਤੇ ਲਛਮਣ ਚੌਹਾਨ ਅਜੇ ਵੀ ਸ਼੍ਰੀ ਭਾਦਰੀਆ ਮਾਤਾ ਬਾਰੇ ਹਾਰਮੋਨੀਅਮ 'ਤੇ ਗਾਇਨ ਕਰ ਰਹੇ ਹਨ, ਜੋ ਇਸ ਮੰਦਿਰ 'ਤੇ, ਅਤੇ ਇਸ ਦੇ ਆਲੇ-ਦੁਆਲੇ ਅਤੇ ਹੇਠਾਂ ਵੀ ਰਾਜ ਕਰਦੀ ਹੈ।
ਤਰਜਮਾ: ਅਰਸ਼ਦੀਪ ਅਰਸ਼ੀ