'' ਜਦੋਂ ਬੀਜੂ ਆਉਂਦਾ, ਅਸੀਂ ਸਾਰੇ ਤੜਕੇ ਹੀ ਉੱਠ ਫੁੱਲ ਤੋੜਨ ਚਲੇ ਜਾਈਦਾ। ਫਿਰ ਤੋੜੇ ਹੋਏ ਫੁੱਲਾਂ ਨੂੰ ਨਦੀ ਦੇ ਪਾਣੀ ਵਿੱਚ ਪਾਈ ਤਾਰੀ ਲਾਉਂਦੇ। ਇਸ ਤੋਂ ਬਾਅਦ ਅਸੀਂ ਪਿੰਡ ਦੇ ਹਰੇਕ ਘਰ ਜਾਂਦੇ, ਸਾਰਿਆਂ ਨੂੰ ਮਿਲ਼ਦੇ ਤੇ ਵਧਾਈਆਂ ਦਿੰਦੇ, '' ਜਯਾ ਕਹਿੰਦੇ ਹਨ। ਇਸ ਗੱਲ ਨੂੰ ਭਾਵੇਂ ਅੱਧੀ ਸਦੀ ਬੀਤ ਚੁੱਕੀ ਹੈ ਪਰ ਉਨ੍ਹਾਂ ਦੀਆਂ ਯਾਦਾਂ ਧੁੰਦਲੀਆਂ ਨਹੀਂ ਪਈਆਂ।

'' ਅਸੀਂ ਮੁੱਠੀ-ਮੁੱਠੀ ਚੌਲ਼ (ਖੁਸ਼ ਕਿਸਮਤੀ ਦੀ ਨਿਸ਼ਾਨੀ) ਸਾਰਿਆਂ ਨੂੰ ਤੋਹਫੇ ਵਜੋਂ ਦਿੰਦੇ ਤੇ ਬਦਲੇ ਵਿੱਚ ਉਹ ਸਾਨੂੰ ਲੰਗੀ (ਚੌਲ਼ਾਂ ਦੀ ਬੀਅਰ) ਦਿੰਦੇ। ਹਰੇਕ ਘਰ ਤੋਂ ਬੱਸ ਕੁਝ ਕੁ ਘੁੱਟਾਂ ਹੀ ਪੀਂਦੇ, ਪਰ ਅਸੀਂ ਇੰਨਾ ਜ਼ਿਆਦਾ ਘੁੰਮਣਾ ਹੁੰਦਾ ਸੀ ਕਿ ਅਖੀਰ ਤੱਕ ਆਉਂਦੇ-ਆਉਂਦੇ ਸਾਨੂੰ ਨਸ਼ਾ ਵੀ ਹੋ ਜਾਂਦਾ ਤੇ ਅਫਰੇਵਾਂ ਵੀ, '' ਨਾਲ਼ ਹੀ ਉਹ ਕਹਿੰਦੇ ਹਨ, '' ਉਸ ਦਿਨ ਪਿੰਡ ਦੇ ਜੁਆਨ ਲੋਕ ਬਜ਼ੁਰਗਾਂ ਪ੍ਰਤੀ ਆਪਣਾ ਅਦਬ ਦਿਖਾਉਂਦਿਆਂ ਉਨ੍ਹਾਂ ਨੂੰ ਨਦੀ ਵਿੱਚ ਇਸ਼ਨਾਨ ਕਰਾਉਂਦੇ। '' ਸਾਲ ਦੇ ਉਨ੍ਹਾਂ ਜਸ਼ਨਾਂ ਨੂੰ ਚੇਤੇ ਕਰਦਿਆਂ ਜਯਾ ਦਾ ਚਿਹਰੇ ਦਗ-ਦਗ ਕਰਨ ਲੱਗਾ।

ਅੱਜ, ਅੰਤਰਰਾਸ਼ਟਰੀ ਸਰਹੱਦ ਦੇ ਪਾਰ ਅਤੇ ਉਸ ਘਰ ਤੋਂ ਸੈਂਕੜੇ ਕਿਲੋਮੀਟਰ ਦੂਰ, ਜੋ ਕੁਝ ਬਚਿਆ ਰਹਿ ਗਿਆ ਹੈ ਉਹ ਹੈ ਲੰਗੀ - ਇੱਕ ਅਜਿਹੀ ਤੰਦ ਜੋ ਸਾਰੇ ਪਨਾਹਗੀਰਾਂ ਨੂੰ ਉਨ੍ਹਾਂ ਦੇ ਚਕਮਾ ਭਾਈਚਾਰੇ ਨਾਲ਼ ਜੋੜਦੀ ਹੈ।''ਇਹ ਰਿਵਾਜ ਸਾਡੇ ਸੱਭਿਆਚਾਰ ਦਾ ਅਨਿਖੜਵਾਂ ਅੰਗ ਹੈ,'' ਜਯਾ ਕਹਿੰਦੇ ਹਨ ਜੋ ਬੰਗਲਾਦੇਸ਼ ਦੇ ਰੰਗਾਮਤੀ ਵਿੱਚ ਵੱਡੇ ਹੋਏ ਹਨ। ਇਹ ਤੰਦ ਵੀ ਤਾਂ ਹੀ ਜੁੜੀ ਰਹੀ ਕਿਉਂਕਿ ਇਸ ਇਲਾਕੇ ਦੇ ਬਹੁਤੇਰੇ ਕਬੀਲੇ ਰਸਮਾਂ ਤੇ ਭੇਟਾਂ ਵਿੱਚ ਲੰਗੀ ਦੀ ਹੀ ਵਰਤੋਂ ਕਰਦੇ ਹਨ।

''ਆਪਣੇ ਮਾਪਿਆਂ ਨੂੰ ਬਣਾਉਂਦਿਆਂ ਦੇਖ-ਦੇਖ ਮੈਂ ਵੀ ਬਣਾਉਣੀ ( ਲੰਗੀ ) ਸਿੱਖ ਗਈ। ਵਿਆਹ ਤੋਂ ਬਾਅਦ ਮੈਂ ਤੇ ਮੇਰੇ ਪਤੀ, ਸੁਰੇਨ ਇਕੱਠਿਆਂ ਰਲ਼ ਬਣਾਉਣ ਲੱਗੇ,'' ਉਹ ਗੱਲ ਪੂਰੀ ਕਰਦੀ ਹਨ। ਜਯਾ ਤੇ ਸੁਰੇਨ ਨੂੰ ਤਿੰਨ ਹੋਰ ਤਰੀਕਿਆਂ ਦੀ ਬੀਅਰ- ਲੰਗੀ , ਮੋਡ ਤੇ ਜੋਗੋਰਾ ਵੀ ਬਣਾਉਣੀ ਆਉਂਦੀ ਹੈ।

ਜੋਗੋਰਾ ਬਣਾਉਣ ਲਈ ਵੀ ਚੌਲ਼ਾਂ ਦੀ ਹੀ ਵਰਤੋਂ ਹੁੰਦੀ ਹੈ ਤੇ ਇਹਦੀ ਤਿਆਰੀ ਚੈਤਰ (ਬੰਗਾਲੀ ਕੈਲੰਡਰ ਮੁਤਾਬਕ ਸਾਲ ਦਾ ਅਖੀਰਲਾ ਮਹੀਨਾ) ਦੇ ਪਹਿਲੇ ਦਿਨ ਸ਼ੁਰੂ ਹੁੰਦੀ ਹੈ। ''ਅਸੀਂ ਬਿਰੋਇਨ ਛਾਲ (ਬਿਹਤਰੀਨ ਤੇ ਚਿਪਚਿਪੇ ਚੌਲ਼ਾਂ ਦੀ ਕਿਸਮ) ਵਰਤਦੇ ਹਾਂ ਤੇ ਬੀਅਰ ਕੱਢਣ ਤੋਂ ਪਹਿਲਾਂ ਖਮੀਰ ਕਰਨ ਲਈ ਕੁਝ ਹਫ਼ਤੇ ਬਾਂਸ ਅੰਦਰ ਰੱਖਦੇ ਹਾਂ। ਹੁਣ ਅਸੀਂ ਜੋਗੋਰਾ ਨਹੀਂ ਬਣਾਉਂਦੇ,'' ਇਸ ਮਗਰਲਾ ਕਾਰਨ ਦੱਸਦਿਆਂ ਜਯਾ ਕਹਿੰਦੇ ਹਨ ਕਿਉਂਕਿ ਬੀਅਰ ਬਣਨ ਦੀ ਪ੍ਰਕਿਰਿਆ ਕੋਈ ਇੱਕ ਮਹੀਨਾ ਲੈਂਦੀ ਹੈ ਤੇ ਬਾਕੀ ਚੌਲ਼ ਵੀ ਬੜੇ ਮਹਿੰਗੇ ਹੋ ਗਏ ਹਨ। ''ਪਹਿਲਾਂ-ਪਹਿਲ ਅਸੀਂ ਝੂਮ (ਪਹਾੜੀ ਖੇਤੀ) ਕਰਕੇ ਚੌਲ਼ ਉਗਾ ਲਿਆ ਕਰਦੇ ਸਾਂ ਪਰ ਹੁਣ ਖੇਤੀ ਕੀਤੀ ਜਾ ਸਕੇ ਇੰਨੀ ਜ਼ਮੀਨ ਹੀ ਕਿੱਥੇ ਬਚੀ ਹੈ।''

PHOTO • Amit Kumar Nath
PHOTO • Adarsh Ray

ਖੱਬੇ : ਜਯਾ ਦੇ ਬੀਅਰ ਬਣਾਉਣ ਲਈ ਲੋੜੀਂਦਾ ਸਮਾਨ- ਭਾਂਡੇ, ਕੰਟੇਨਰ ਤੇ ਸਟੋਵ ਜੋ ਲੰਗੀ ਕੱਢਣ ਲਈ ਇਸਤੇਮਾਲ ਹੁੰਦਾ ਹੈ, ਇੱਥੇ ਪਏ ਹਨ ਅਤੇ ਇੱਕ ਪਾਸੇ ਮੋਡ ਵੀ  ਪਿਆ ਹੈ। ਸੱਜੇ : ਤ੍ਰਿਪਰਾ ਵਿਖੇ ਬਾਂਸ ਦੀਆਂ ਕੰਧਾਂ ਵਾਲ਼ੇ ਘਰ ਤੇ ਦੁਕਾਨਾਂ

ਇਹ ਜੋੜਾ ਤ੍ਰਿਪੁਰਾ ਦੇ ਓਨਕੋਟੀ ਜ਼ਿਲ੍ਹੇ ਵਿਖੇ ਰਹਿੰਦਾ ਹੈ। ਦੇਸ਼ ਦੇ ਇਸ ਦੂਜੇ ਛੋਟੇ ਰਾਜ ਦਾ ਇੱਕ ਤਿਹਾਈ ਹਿੱਸਾ ਤਾਂ ਜੰਗਲ ਹੀ ਹੈ। ਖੇਤੀਬਾੜੀ ਇੱਥੋਂ ਦਾ ਮੁੱਖ ਪੇਸ਼ਾ ਹੈ, ਉਂਝ ਲੋਕੀਂ ਵਾਧੂ ਆਮਦਨੀ ਵਾਸਤੇ ਜੰਗਲੀ ਉਤਪਾਦਾਂ 'ਤੇ ਵੀ ਨਿਰਭਰ ਕਰਦੇ ਹਨ।

''ਓਦੋਂ ਮੈਂ ਕਾਫ਼ੀ ਛੋਟੀ ਸਾਂ ਜਦੋਂ ਮੈਨੂੰ ਆਪਣਾ ਘਰ ਛੱਡਣਾ ਪਿਆ। ਪੂਰੇ ਦਾ ਪੂਰਾ ਭਾਈਚਾਰਾ ਹੀ ਉਜੜ ਗਿਆ ਸੀ,'' ਜਯਾ ਕਹਿੰਦੇ ਹਨ। ਇੱਕ ਡੈਮ ਬਣਾਉਣ ਖਾਤਰ ਉਨ੍ਹਾਂ ਨੂੰ ਉਜਾੜ ਦਿੱਤਾ ਗਿਆ ਸੀ, ਡੈਮ ਜੋ ਪੂਰਬੀ ਪਾਕਿਸਤਾਨ (ਬੰਗਲਾਦੇਸ਼) ਦੇ ਚਿੱਤਗਾਓਂ ਵਿਖੇ ਪੈਂਦੀ ਕਰਨਾਫੁਲੀ ਨਦੀ 'ਤੇ ਬਣਾਇਆ ਜਾਣਾ ਸੀ। ''ਸਾਡੇ ਕੋਲ਼ ਨਾ ਤਾਂ ਭੋਜਨ ਸੀ ਨਾ ਹੀ ਪੈਸੇ। ਅਸੀਂ ਅਰੁਣਾਚਲ ਪ੍ਰਦੇਸ਼ ਵਿਖੇ ਇੱਕ ਕੈਂਪ ਵਿੱਚ ਪਨਾਹ ਲਈ... ਕੁਝ ਸਾਲਾਂ ਬਾਅਦ ਅਸੀਂ ਤ੍ਰਿਪੁਰਾ ਚਲੇ ਗਏ,'' ਜਯਾ ਕਹਿੰਦੇ ਹਨ। ਬਾਅਦ ਵਿੱਚ ਉਨ੍ਹਾਂ ਨੇ ਤ੍ਰਿਪੁਰਾ ਦੇ ਵਾਸੀ ਸੁਰੇਨ ਨਾਲ਼ ਵਿਆਹ ਕਰਵਾ ਲਿਆ।

*****

ਲੰਗੀ ਇੱਕ ਪਸੰਦੀਦਾ ਪੇਯ ਪਦਾਰਥ ਹੈ ਤੇ ਸੈਂਕੜੇ ਹੀ ਕਬਾਇਲੀ ਔਰਤਾਂ ਇਸ ਦੇ ਉਤਪਾਦਨ ਤੇ ਵਿਕਰੀ ਦੇ ਕੰਮਾਂ ਵਿੱਚ ਰੁਝੀਆਂ ਹੋਈਆਂ ਹਨ, ਕਿਉਂਕਿ ਕਬਾਇਲੀ ਸਮਾਜ ਦੇ ਸਾਰੇ ਸਮਾਜਿਕ ਤੇ ਧਾਰਮਿਕ ਰੀਤੀ-ਰਿਵਾਜ ਇਸ ਪੇਯ ਬਗੈਰ ਅਧੂਰੇ ਹਨ। ਹਾਲਾਂਕਿ ਕਨੂੰਨ ਲਾਗੂ ਕਰਨ ਵਾਲ਼ਿਆਂ ਵੱਲੋਂ ਇਹਦੇ ਉੱਤੇ ਚੇਪਿਆ 'ਨਜਾਇਜ਼' ਦਾ ਟੈਗ ਦਰਅਸਲ ਪ੍ਰੋਸੈਸਰ-ਵਪਾਰੀਆਂ ਭਾਵ ਸਾਰੀਆਂ ਔਰਤਾਂ ਨੂੰ ਅਪਮਾਨਤ ਤੇ ਪਰੇਸ਼ਾਨ ਕਰਨ ਦਾ ਬਾਇਸ ਬਣਦਾ ਹੈ।

ਜਯਾ ਮੁਤਾਬਕ ਇੱਕ ਖੇਪ ਬਣਨ ਵਿੱਚ ਦੋ-ਤਿੰਨ ਦਿਨ ਲੱਗਦੇ ਹਨ। ''ਇਹ ਕੋਈ ਸੌਖਾ ਕੰਮ ਨਹੀਂ, ਇੱਥੋਂ ਤੱਕ ਕਿ ਤੁਹਾਨੂੰ ਘਰ ਦੇ ਕੰਮ ਕਰਨ ਤੱਕ ਦੀ ਵਿਹਲ ਨਹੀਂ ਮਿਲ਼ਦੀ,'' ਉਹ ਆਪਣੀ ਦੁਕਾਨ 'ਤੇ ਬੈਠੀ ਹੋਈ ਹਨ ਜੋ ਇਸ ਤੱਪਦੀ ਦੁਪਹਿਰ ਵਿੱਚ ਉਨ੍ਹਾਂ ਲਈ ਕਿਸੇ ਠ੍ਹਾਰ ਤੋਂ ਘੱਟ ਨਹੀਂ, ਗੱਲਬਾਤ ਦੌਰਾਨ ਉਹ ਹੁੱਕੇ ਦਾ ਸੂਟਾ ਮਾਰਨਾ ਨਹੀਂ ਭੁੱਲਦੀ।

ਜਰਨਲ ਆਫ਼ ਐਥਨਿਕ ਫੂਡਜ਼ ਦੇ 2016 ਦੇ ਅੰਕ ਵਿੱਚ ਕਿਹਾ ਗਿਆ ਹੈ ਕਿ ਲੰਗੀ ਬਣਾਉਣ ਲਈ ਵਰਤੀ ਜਾਣ ਵਾਲ਼ੀ ਸਮੱਗਰੀ ਬਦਲਦੀ ਰਹਿੰਦੀ ਹੈ, ਫ਼ਲਸਰੂਪ ਭਾਈਚਾਰੇ ਦੇ ਆਪੋ-ਆਪਣੇ ਸੁਆਦ ਮੁਤਾਬਕ ਉਤਪਾਦ ਦਾ ਜ਼ਾਇਕਾ ਵੱਖੋ-ਵੱਖ ਹੁੰਦੇ ਹਨ। ''ਹਰੇਕ ਭਾਈਚਾਰੇ ਦੇ ਕੋਲ ਲੰਗੀ ਬਣਾਉਣ ਦਾ ਆਪਣਾ ਹੀ ਨੁਸਖਾ ਹੈ। ਅਸੀਂ ਜਿਹੜੀ ਲੰਗੀ ਬਣਾਉਂਦੇ ਹਾਂ ਉਹ ਰਿਆਂਗ ਭਾਈਚਾਰੇ ਦੀ ਲੰਗੀ ਦੇ ਮੁਕਾਬਲੇ ਵੱਧ ਤੇਜ਼ (ਅਲਕੋਹਲ ਦੀ ਵੱਧ ਮਾਤਰਾ) ਹੁੰਦੀ ਹੈ,'' ਸੁਰੇਨ ਕਹਿੰਦੇ ਹਨ। ਰਿਆਂਗ, ਤ੍ਰਿਪੁਰਾ ਦਾ ਦੂਜਾ ਸਭ ਤੋਂ ਵੱਡਾ ਆਦਿਵਾਸੀ ਭਾਈਚਾਰਾ ਹੈ।

ਉਹ (ਜਯਾ ਤੇ ਸੁਰੇਨ) ਪੇਯ ਬਣਾਉਣ ਲਈ ਦਰੜ-ਫਰੜ ਪੀਸੇ ਚੌਲ਼ ਵਰਤਦੇ ਹਨ। ''ਹਰੇਕ ਖੇਪ ਬਣਾਉਣ ਲਈ ਅਸੀਂ ਦੇਗਚੀ ਵਿੱਚ 8-10 ਕਿੱਲੋ ਸਿੱਧੋ ਚਾਲ (ਚਿਪਚਿਪੇ ਕਿਸਮ ਦੇ ਚੌਲ਼) ਉਬਾਲ਼ਦੇ ਹਾਂ। ਚੌਲ਼ਾਂ ਨੂੰ ਵਿਤੋਂਵੱਧ ਵੀ ਪਕਾਉਣਾ ਨਹੀਂ ਹੁੰਦਾ,'' ਜਯਾ ਕਹਿੰਦੇ ਹਨ।

PHOTO • Adarsh Ray
PHOTO • Adarsh Ray

ਖੱਬੇ: ਚੌਲ਼ਾਂ ਨੂੰ ਉਬਾਲਣਾ ਸ਼ਰਾਬ ਬਣਾਉਣ ਦਾ ਪਹਿਲਾ ਕਦਮ ਹੈ। ਜਯਾ ਲੱਕੜੀ ਦੀ ਵਰਤੋਂ ਕਰਕੇ ਮਿੱਟੀ ਦੇ ਚੁੱਲ੍ਹੇ (ਸਟੋਵ) ' ਤੇ ਚੌਲ਼ ਉਬਾਲਣ ਲਈ ਇੱਕ ਵੱਡੇ ਐਲੂਮੀਨੀਅਮ ਦੇ ਭਾਂਡੇ ਦੀ ਵਰਤੋਂ ਕਰਦੇ ਹਨ

PHOTO • Adarsh Ray
PHOTO • Adarsh Ray

ਉਬਾਲੇ ਹੋਏ ਚੌਲ਼ਾਂ ਨੂੰ ਤਰਪਾਲ ' ਤੇ ਫੈਲਾਇਆ ਜਾਂਦਾ ਹੈ ਤਾਂ ਜੋ ਫਰਮੈਂਟੇਸ਼ਨ ਸਟਾਰਟਰ ਕੇਕ ਸ਼ਾਮਲ ਕਰਨ ਤੋਂ ਪਹਿਲਾਂ ਇਸ ਨੂੰ ਸੁਕਾਉਣ ਅਤੇ ਠੰਡਾ ਕਰਨ ਵਿੱਚ ਮਦਦ ਮਿਲ਼ ਸਕੇ

ਉਹ ਪੰਜ ਕਿੱਲੋ ਚੌਲ਼ਾਂ ਤੋਂ ਦੋ ਲੀਟਰ ਲੰਗੀ ਜਾਂ ਫਿਰ ਥੋੜ੍ਹੀ ਕੁ ਵੱਧ ਮੋਡ ਬਣਾ ਸਕਦੇ ਹਨ। ਇਹਨੂੰ ਉਹ 350 ਮਿ.ਲੀ ਦੀ ਬੋਤਲ ਜਾਂ ਫਿਰ ਗਿਲਾਸ (90 ਮਿ.ਲੀ) ਵਿੱਚ ਪਾ ਕੇ ਵੇਚਦੇ ਹਨ ਤੇ ਇੱਕ ਗਿਲਾਸ ਦੀ ਕੀਮਤ 10 ਰੁਪਏ ਹੁੰਦੀ ਹੈ। ਲੰਗੀ ਮੋਡ ਨਾਲ਼ੋਂ ਅੱਧੇ ਭਾਅ 'ਤੇ ਵਿਕਦੀ ਹੈ ਜਿਹਦਾ ਇੱਕ ਗਿਲਾਸ 20 ਰੁਪਏ ਦਾ ਹੈ।

ਸੁਰੇਨ ਨੁਕਤਾ ਸਾਂਝਾ ਕਰਦਿਆਂ ਕਹਿੰਦੇ ਹਨ,''ਹਰ ਸ਼ੈਅ ਦਾ ਭਾਅ ਅਸਮਾਨ ਨੂੰ ਛੂਹ ਰਿਹਾ ਹੈ। ਪਹਿਲਾਂ ਜਿੱਥੇ ਇੱਕ ਕੁਇੰਟਲ ਚੌਲ਼ 1,600 ਰੁਪਏ ਦੇ ਮਿਲ਼ਦੇ ਸਨ, ਹੁਣ ਉਹੀ 3,300 ਰੁਪਏ ਵਿੱਚ ਮਿਲ਼ ਰਹੇ ਹਨ।'' ਗੱਲ ਸਿਰਫ਼ ਚੌਲ਼ਾਂ ਦੀ ਹੀ ਨਹੀਂ ਕੁਝ ਕੁ ਸਾਲਾਂ ਵਿੱਚ ਲੋੜੀਂਦੀ ਹਰ ਸ਼ੈਅ ਮਹਿੰਗੀ ਹੋ ਗਈ ਹੈ।

ਜਿਓਂ ਹੀ ਜਯਾ ਨੇ ਇਸ ਅਨਮੋਲ ਪੇਯ ਦੀ ਬਣਨ ਪ੍ਰਕਿਰਿਆ ਬਾਰੇ ਬੋਲਣਾ ਸ਼ੁਰੂ ਕੀਤਾ, ਅਸੀਂ ਨਜਿੱਠ ਕੇ ਬਹਿ ਗਏ। ਰਿੱਝੇ ਚੌਲ਼ਾਂ ਨੂੰ ਸੁੱਕਣ ਲਈ ਚਟਾਈ 'ਤੇ ਖਿਲਾਰਿਆ ਜਾਂਦਾ ਹੈ ਤੇ ਠੰਡਾ ਹੁੰਦਿਆਂ ਹੀ ਇਸ ਵਿੱਚ ਮੂਲ਼ੀ ਮਿਲ਼ਾਈ ਜਾਂਦੀ ਹੈ ਤੇ ਮੌਸਮ ਦੇ ਮਿਜਾਜ਼ ਦੇ ਹਿਸਾਬ ਨਾਲ਼ ਖਮੀਰ ਕਰਨ ਲਈ 2-3 ਦਿਨਾਂ ਵਾਸਤੇ ਛੱਡ ਦਿੱਤਾ ਜਾਂਦਾ ਹੈ। ''ਗਰਮੀਆਂ ਦੌਰਾਨ ਇੱਕ ਰਾਤ ਦਾ ਖਮੀਰ ਹੀ ਕਾਫੀ ਰਹਿੰਦਾ ਹੈ। ਪਰ ਸਰਦੀਆਂ ਵਿੱਚ ਵੱਧ ਸਮਾਂ ਲੈ ਸਕਦਾ ਹੈ,'' ਉਹ ਕਹਿੰਦੇ ਹਨ।

ਖ਼ਮੀਰ ਉੱਠਣ 'ਤੇ, ''ਅਸੀਂ ਇਸ ਵਿੱਚ ਪਾਣੀ ਮਿਲ਼ਾਉਂਦੇ ਤੇ ਇੱਕ ਹੋਰ ਉਬਾਲ਼ਾ ਦਵਾਉਂਦੇ ਹਾਂ। ਠੰਡਾ ਹੋਣ 'ਤੇ ਪਾਣੀ ਨਿਤਾਰ ਲਿਆ ਜਾਂਦਾ ਹੈ, ਬੱਸ ਬਣ ਗਈ ਤੁਹਾਡੀ ਲੰਗੀ '' ਉਹ ਕਹਿੰਦੇ ਹਨ। ਜੇ ਗੱਲ ਕਰੀਏ ਮੋਡ ਦੀ ਤਾਂ ਇਹ ਭਾਫ਼ ਤੋਂ ਬਣਦੀ ਹੈ- ਜਿਹਨੂੰ ਕੱਢਣ ਲਈ ਭਾਂਡੇ ਇੱਕ ਦੂਜੇ 'ਤੇ ਮੂਧੇ ਮਾਰੇ ਜਾਂਦੇ ਹਨ। ਖਮੀਰ ਉਠਾਉਣ ਵਾਸਤੇ ਕਿਸੇ ਵੀ ਕਿਸਮ ਦੇ ਨਕਲੀ ਉਤਪਾਦ ਵਗੈਰਾ ਦੀ ਵਰਤੋਂ ਨਹੀਂ ਕੀਤੀ ਜਾਂਦੀ।

ਦੋਵਾਂ ਕਿਸਮਾਂ ਵਿੱਚ ਉਹ ਕਈ ਜੜ੍ਹੀਆਂ-ਬੂਟੀਆਂ ਸ਼ਾਮਲ ਕਰਦੇ ਹਨ ਜਿਵੇਂ ਕਿ ਪਾਥਰ ਡਾਗਰ ( ਪਰਮੋਟ੍ਰੇਮਾ ਪਰਲੇਟਮ ) , ਇੱਕ ਫੁੱਲਦਾਰ ਪੌਦਾ ਜੋ ਆਮ ਤੌਰ 'ਤੇ ਉੱਚੇ ਖੇਤਰਾਂ ਵਿੱਚ ਪਾਇਆ ਜਾਂਦਾ ਹੈ, ਅਗਚੀ ਦੇ ਪੱਤੇ, ਜਿਨ ਜਿਨ ਨਾਮਕ ਹਰੇ ਪੌਦੇ ਦੇ ਫੁੱਲ, ਕਣਕ ਦਾ ਆਟਾ, ਲਸਣ ਅਤੇ ਹਰੀ ਮਿਰਚ। "ਇਨ੍ਹਾਂ ਸਾਰਿਆਂ ਨੂੰ ਮਿਲ਼ਾ ਕੇ ਛੋਟੀਆਂ-ਛੋਟੀਆਂ ਜੜ੍ਹੀਆਂ-ਬੂਟੀਆਂ ਬਣਾਈਆਂ ਜਾਂਦੀਆਂ ਹਨ – ਜੋ ਆਮ ਤੌਰ 'ਤੇ ਪਹਿਲਾਂ ਤੋਂ ਤਿਆਰ ਅਤੇ ਸਟੋਰ ਕੀਤੀਆਂ ਗਈਆਂ ਹੁੰਦੀਆਂ ਹਨ," ਜਯਾ ਕਹਿੰਦੀ ਹਨ।

PHOTO • Adarsh Ray
PHOTO • Adarsh Ray

ਜਯਾ ਉਬਲੇ ਹੋਏ ਚੌਲ਼ਾਂ ਦੀ ਖਮੀਰ ਨੂੰ ਬਣਾਉਣ ਲਈ ਗਰਾਉਂਡ (ਜ਼ਮੀਨੀ) ਮੂਲੀ (ਜੜ੍ਹੀ-ਬੂਟੀਆਂ ਅਤੇ ਅਨਾਜ ਦਾ ਮਿਸ਼ਰਣ) ਮਿਲਾਉਂਦੇ ਹਨ। ਸੱਜੇ: 48 ਘੰਟਿਆਂ ਦੇ ਖਮੀਰ ਤੋਂ ਬਾਅਦ ਦਾ ਮਿਸ਼ਰਣ

PHOTO • Adarsh Ray
PHOTO • Adarsh Ray

ਖਮੀਰ ਲਈ ਕਿਸੇ ਵੀ ਨਕਲੀ ਕਿਸਮ ਦੀ ਸਮੱਗਰੀ ਨਹੀਂ ਵਰਤੀ ਜਾਂਦੀ ਇਸ ਵਾਸਤੇ ਕਈ ਜੜ੍ਹੀਆਂ-ਬੂਟੀਆਂ , ਫੁੱਲਦਾਰ ਪੌਦੇ , ਪੱਤੇ , ਫੁੱਲ , ਕਣਕ ਦਾ ਆਟਾ , ਲਸਣ ਅਤੇ ਹਰੀ ਮਿਰਚ ਦੀ ਵਰਤੋਂ ਕੀਤੀ ਜਾਂਦੀ ਹੈ

"ਹੋਰ ਅਲਕੋਹਲ ਪੇਯ ਪਦਾਰਥਾਂ ਦੇ ਉਲਟ, ਲੰਗੀ ਨੂੰ ਪੀਦਿਆਂ ਤੁਸੀਂ ਜਲਣ ਮਹਿਸੂਸ ਨਹੀਂ ਕਰਦੇ। ਇਸ ਦਾ ਸਵਾਦ ਇੱਕ ਤਰ੍ਹਾਂ ਦਾ ਖੱਟਾ ਹੁੰਦਾ ਹੈ। ਇਹ ਗਰਮੀਆਂ ਵਿੱਚ ਬਹੁਤ ਆਰਾਮਦਾਇਕ ਹੁੰਦਾ ਹੈ ਅਤੇ ਇਸ ਦੀ ਖੁਸ਼ਬੂ ਸੁਹਾਵਣੀ ਹੁੰਦੀ ਹੈ," ਇੱਕ ਸੰਤੁਸ਼ਟ ਗਾਹਕ ਕਹਿੰਦਾ ਹੈ, ਜੋ ਆਪਣਾ ਨਾਮ ਗੁਪਤ ਰੱਖਣਾ ਚਾਹੁੰਦਾ ਸੀ। ਪਾਰੀ ਨੂੰ ਮਿਲੇ ਸਾਰੇ ਗਾਹਕ ਸ਼ਾਇਦ ਕਾਨੂੰਨ ਦੇ ਡਰੋਂ ਫੋਟੋ ਖਿੱਚੇ ਜਾਣ ਜਾਂ ਖੁੱਲ੍ਹ ਕੇ ਗੱਲਬਾਤ ਕਰਨ ਲਈ ਤਿਆਰ ਨਹੀਂ ਸਨ।

*****

ਲੰਗੀ ਨਿਰਮਾਤਾਵਾਂ ਦਾ ਕਹਿਣਾ ਹੈ ਕਿ ਇਸ ਡਰਿੰਕ ਨੂੰ ਬਣਾਉਣਾ ਦਿਨੋ-ਦਿਨ ਮੁਸ਼ਕਲ ਹੁੰਦਾ ਜਾ ਰਿਹਾ ਹੈ। ਤ੍ਰਿਪੁਰਾ ਆਬਕਾਰੀ ਐਕਟ , 1987 ਦੇ ਤਹਿਤ ਖਮੀਰ ਕੀਤੇ ਚੌਲਾਂ ਤੋਂ ਬਣੇ ਪੇਯ 'ਤੇ ਪਾਬੰਦੀ ਹੈ।

"ਇੱਥੇ ਕਿਸੇ ਦਾ ਗੁਜਾਰਾ ਕਿਵੇਂ ਚੱਲਦਾ ਰਹਿੰਦਾ ਹੈ? ਇੱਥੇ ਨਾ ਕੋਈ ਉਦਯੋਗ ਹੈ ਤੇ ਨਾ ਹੀ ਰੁਜ਼ਗਾਰ ਦਾ ਕੋਈ ਹੋਰ ਵਸੀਲਾ… ਕੋਈ ਸਾਡੇ ਗੁਜ਼ਰ-ਬਸਰ ਬਾਰੇ ਕੀ ਸੋਚ ਸਕਦਾ ਹੈ? ਚੁਫੇਰੇ ਝਾਤੀ ਮਾਰੋ ਤੇ ਦੇਖੋ ਕਿ ਲੋਕ ਇੱਥੇ ਕਿਵੇਂ ਰਹਿ ਰਹੇ ਹਨ।''

ਇਸ ਪੇਯ ਨੂੰ ਬਹੁਤਾ ਜ਼ਿਆਦਾ ਪੀਣਾ ਸੰਭਵ ਨਹੀਂ ਹੈ। ਜਯਾ ਦਾ ਕਹਿਣਾ ਹੈ ਕਿ ਉਹ ਹਰ ਵਾਰ ਸਿਰਫ਼ 8-10 ਕਿਲੋ ਚੌਲ਼ਾਂ ਦਾ ਹੀ ਪੇਯ ਬਣਾ ਪਾਉਂਦੀ ਹਨ, ਕਿਉਂਕਿ ਇੱਕ ਤਾਂ ਉਨ੍ਹਾਂ ਕੋਲ਼ ਸਿਰਫ਼ ਪੰਜ ਹੀ ਭਾਂਡੇ ਹਨ, ਤੇ ਦੂਜਾ ਪਾਣੀ ਦੀ ਉਪਲਬਧਤਾ ਸੀਮਤ ਹੈ ਅਤੇ ਗਰਮੀਆਂ ਵਿੱਚ ਸਥਿਤੀ ਹੋਰ ਵਿਗੜ ਜਾਂਦੀ ਹੈ। ਇਸ ਤੋਂ ਇਲਾਵਾ, "ਅਸੀਂ ਇਸ ਨੂੰ ਬਣਾਉਣ ਲਈ ਸਿਰਫ਼ ਲੱਕੜ ਦੀ ਵਰਤੋਂ ਕਰਦੇ ਹਾਂ ਅਤੇ ਲੱਕੜ ਵੀ ਕਾਫ਼ੀ ਮਾਤਰਾ ਵਿੱਚ ਲੋੜੀਂਦੀ ਰਹਿੰਦੀ ਹੈ- ਜਿਸ ਲਈ ਅਸੀਂ ਹਰ ਮਹੀਨੇ 5,000 ਰੁਪਏ ਖਰਚ ਕਰਦੇ ਹਾਂ," ਉਹ ਕਹਿੰਦੇ ਹਨ। ਗੈਸ ਸਿਲੰਡਰਾਂ ਦੀ ਕੀਮਤ ਵਿੱਚ ਹੋਏ ਭਾਰੀ ਵਾਧੇ ਨੇ ਲੱਕੜ ਤੋਂ ਛੁੱਟ ਦੂਜਾ ਵਿਕਲਪ ਸੋਚਣਾ ਵੀ ਅਸੰਭਵ ਬਣਾ ਛੱਡਿਆ ਹੈ।

"ਅਸੀਂ ਲਗਭਗ 10 ਸਾਲ ਪਹਿਲਾਂ [ਲੰਗੀ] ਦੀ ਦੁਕਾਨ ਖੋਲ੍ਹੀ ਸੀ। ਨਹੀਂ ਤਾਂ ਸਾਡੇ ਬੱਚਿਆਂ ਦੀ ਪੜ੍ਹਾਈ ਸੰਭਵ ਨਾ ਰਹਿੰਦੀ," ਜਯਾ ਕਹਿੰਦੇ ਹਨ। "ਸਾਡਾ ਇੱਕ ਹੋਟਲ ਵੀ ਹੁੰਦਾ ਸੀ, ਪਰ ਹੋਇਆ ਇੰਝ ਕਿ ਗਾਹਕਾਂ ਨੇ ਖਾਣਾ ਤਾਂ ਖਾਧਾ ਪਰ ਉਧਾਰ ਕਦੇ ਨਾ ਚੁਕਾਇਆ, ਅਖ਼ੀਰ ਸਾਨੂੰ ਉਹ ਬੰਦ ਕਰਨਾ ਪਿਆ।''

PHOTO • Adarsh Ray
PHOTO • Adarsh Ray

' ਅਸੀਂ ਇਸ ਨੂੰ ਬਣਾਉਣ ਲਈ ਸਿਰਫ਼ ਲੱਕੜ ਦੀ ਵਰਤੋਂ ਕਰਦੇ ਹਾਂ ਅਤੇ ਲੱਕੜ ਵੀ ਕਾਫ਼ੀ ਮਾਤਰਾ ਵਿੱਚ ਲੋੜੀਂਦੀ ਰਹਿੰਦੀ ਹੈ- ਜਿਸ ਲਈ ਅਸੀਂ ਹਰ ਮਹੀਨੇ 5,000 ਰੁਪਏ ਖਰਚ ਕਰਦੇ ਹਾਂ '

PHOTO • Amit Kumar Nath
PHOTO • Rajdeep Bhowmik

ਖੱਬੇ: ਡਿਸਟੀਲੇਸ਼ਨ ਪ੍ਰਕਿਰਿਆ ਲਈ ਧਾਤੂ ਦੇ ਕਈ-ਕਈ ਭਾਂਡਿਆਂ ਨੂੰ ਇੱਕ ਦੂਜੇ ਉੱਪਰ ਮੂਧਾ ਮਾਰਿਆ ਜਾਂਦਾ ਹੈ ਤੇ ਇਓਂ ਸੀਲਬੰਦ ਜਿਹਾ ਕਰਨਾ ਪੈਂਦਾ ਹੈ ਕਿ ਹਵਾ/ਭਾਫ਼ ਬਾਹਰ ਨਾ ਨਿਕਲ਼ੇ। ਪਾਈਪ ਵਿੱਚ ਭਾਫ਼ ਦੇ ਰੂਪ ਵਿੱਚ ਤਰਲ ਇਕੱਠਾ ਹੁੰਦਾ ਹੈ। ਸੱਜੇ: ਇੱਕ ਬੋਤਲ ਵਿੱਚ ਲੰਗੀ , ਪੀਤੇ ਜਾਣ ਲਈ ਤਿਆਰ

ਆਲ਼ੇ-ਦੁਆਲ਼ੇ ਹਰ ਕੋਈ ਬੋਧੀ ਹੈ ਅਤੇ "ਅਸੀਂ ਪੂਜਾ [ਤਿਉਹਾਰ] ਅਤੇ ਨਵੇਂ ਸਾਲ ਦੌਰਾਨ ਲੰਗੀ ਦੀ ਵਧੇਰੇ ਵਰਤੋਂ ਕਰਦੇ ਹਾਂ," ਬੀਅਰ ਕੱਢਣ ਵਾਲ਼ੀ ਔਰਤ, ਲਤਾ (ਬਦਲਿਆ ਹੋਇਆ ਨਾਮ) ਕਹਿੰਦੇ ਹਨ। ਕੁਝ ਰਸਮਾਂ ਵਿੱਚ, ਅਸੀਂ ਦੇਵਤਾ ਨੂੰ ਘਰੇ ਕੱਢੀ ਬੀਅਰ/ਸ਼ਰਾਬ ਚੜ੍ਹਾਉਂਦੇ ਵੀ ਹਾਂ। ਪਿਛਲੇ ਕੁਝ ਸਾਲਾਂ ਵਿੱਚ, ਲਤਾ ਨੇ ਘੱਟਦੇ ਜਾਂਦੇ ਮੁਨਾਫ਼ੇ ਕਾਰਨ ਲੰਗੀ ਬਣਾਉਣੀ ਬੰਦ ਕਰ ਦਿੱਤੀ ਹੈ।

ਘੱਟ ਆਮਦਨੀ ਜਯਾ ਅਤੇ ਸੁਰੇਨ ਨੂੰ ਵੀ ਚਿੰਤਤ ਕਰ ਰਹੀ ਹੈ, ਕਿਉਂਕਿ ਉਮਰ ਦੇ ਨਾਲ਼-ਨਾਲ਼ ਉਨ੍ਹਾਂ ਨੂੰ ਸਿਹਤ ਸਬੰਧੀ ਸਮੱਸਿਆਵਾਂ ਲਈ ਵੀ ਤਾਂ ਪੈਸਾ ਚਾਹੀਦਾ ਹੋਵੇਗਾ। "ਮੇਰੀ ਨਜ਼ਰ ਕਮਜ਼ੋਰ ਹੈ ਤੇ ਕਦੇ ਕਦੇ ਜੋੜ ਵੀ ਦਰਦ ਕਰਦੇ ਹਨ। ਮੇਰੇ ਪੈਰ ਅਕਸਰ ਸੁੱਜੇ ਰਹਿੰਦੇ ਹਨ।''

ਇਲਾਜ ਲਈ ਉਹ ਅਸਾਮ ਦੇ ਹਸਪਤਾਲਾਂ ਦੀ ਯਾਤਰਾ ਕਰਦੇ ਹਨ। ਇਸ ਲਈ, ਕਿਉਂਕਿ ਤ੍ਰਿਪੁਰਾ ਵਿੱਚ  ਇਲਾਜ ਵਾਸਤੇ ਲੰਬਾ ਇੰਤਜ਼ਾਰ ਕਰਨਾ ਪੈਂਦਾ ਹੈ। ਹਾਲਾਂਕਿ ਪ੍ਰਧਾਨ ਮੰਤਰੀ ਧਨ ਆਰੋਗਯ ਯੋਜਨਾ (ਪੀਐੱਮ-ਜੇਏਵਾਈ) ਯੋਜਨਾ ਉਨ੍ਹਾਂ ਵਰਗੇ ਗ਼ਰੀਬ ਪਰਿਵਾਰਾਂ ਨੂੰ 5 ਲੱਖ ਰੁਪਏ ਦੀ ਸੁਰੱਖਿਆ ਪ੍ਰਦਾਨ ਕਰਦੀ ਹੈ, ਪਰ ਬਾਵਜੂਦ ਇਹਦੇ ਉਨ੍ਹਾਂ ਨੇ ਅਸਾਮ ਜਾਣ ਦਾ ਫੈਸਲਾ ਕੀਤਾ ਕਿਉਂਕਿ ਉਨ੍ਹਾਂ ਨੂੰ ਸਰਕਾਰੀ ਸਿਹਤ ਪ੍ਰਣਾਲੀ 'ਤੇ ਭਰੋਸਾ ਨਹੀਂ ਸੀ। "ਦੋਵੇਂ ਪਾਸੇ ਦੀ ਯਾਤਰਾ ਦਾ ਖ਼ਰਚਾ 5,000 ਰੁਪਏ ਆਉਂਦਾ ਹੈ," ਜਯਾ ਨੇ ਕਿਹਾ। ਰਹਿੰਦੀ-ਖੂੰਹਦੀ ਕਸਰ ਡਾਕਟਰੀ ਟੈਸਟਾਂ ਨੇ ਪੂਰੀ ਕਰ ਦਿੱਤੀ ਜੋ ਉਨ੍ਹਾਂ ਦੀ ਬੱਚਤ-ਪੂੰਜੀ ਖਾ ਜਾਂਦੇ ਹਨ।

ਸਾਡੇ ਵਿਦਾ ਲੈਣ ਦਾ ਵੇਲ਼ਾ ਆ ਜਾਂਦਾ ਹੈ। ਜਯਾ ਰਸੋਈ ਸਾਫ਼ ਕਰਨ ਲੱਗਦੀ ਹਨ, ਜਦੋਂਕਿ ਸੁਰੇਨ ਅਗਲੀ ਸਵੇਰ ਲੰਗੀ ਬਣਾਉਣ ਲਈ ਲੋੜੀਂਦੀ ਲੱਕੜ ਇਕੱਠੀ ਕਰਨੀ ਸ਼ੁਰੂ ਕਰ ਦਿੰਦੇ ਹਨ।

ਇਸ ਰਿਪੋਰਟ ਨੂੰ ਮ੍ਰਿਣਾਲਿਨੀ ਮੁਖਰਜੀ ਫਾਊਂਡੇਸ਼ਨ (ਐਮਐਮਐਫ) ਫੈਲੋਸ਼ਿਪ ਦੁਆਰਾ ਸਮਰਥਨ ਦਿੱਤਾ ਗਿਆ ਸੀ।

ਤਰਜਮਾ: ਕਮਲਜੀਤ ਕੌਰ

Rajdeep Bhowmik

Rajdeep Bhowmik is a Ph.D student at IISER, Pune. He is a PARI-MMF fellow for 2023.

यांचे इतर लिखाण Rajdeep Bhowmik
Suhash Bhattacharjee

Suhash Bhattacharjee is a PhD scholar at NIT, Silchar in Assam. He is a PARI-MMF fellow for 2023.

यांचे इतर लिखाण Suhash Bhattacharjee
Deep Roy

Deep Roy is a Post Graduate Resident Doctor at Safdarjung Hospital, New Delhi. He is a PARI-MMF fellow for 2023.

यांचे इतर लिखाण Deep Roy
Photographs : Adarsh Ray
Photographs : Amit Kumar Nath
Editor : Priti David

प्रीती डेव्हिड पारीची वार्ताहर व शिक्षण विभागाची संपादक आहे. ग्रामीण भागांचे प्रश्न शाळा आणि महाविद्यालयांच्या वर्गांमध्ये आणि अभ्यासक्रमांमध्ये यावेत यासाठी ती काम करते.

यांचे इतर लिखाण Priti David
Translator : Kamaljit Kaur

कमलजीत कौर पंजाबच्या रहिवासी असून मुक्त अनुवादक आहेत. त्यांनी पंजाबी साहित्यामध्ये एमए केलं आहे. समाज न्याय आणि समताधिष्ठित असावा असा त्यांचा ठाम विश्वास असून तो प्रत्यक्षात आणण्यासाठी त्या कार्यरत असतात.

यांचे इतर लिखाण Kamaljit Kaur