ਮੁਹੰਮਦ ਸ਼ੋਏਬ ਦੀ ਦੁਕਾਨ 24×7 ਖੁੱਲ੍ਹੀ ਰਹਿੰਦੀ ਹੈ, ਪਰ ਜੇ ਤੁਸੀਂ ਉਨ੍ਹਾਂ ਦੇ ਉਸ ਖ਼ਾਸ ਪਕਵਾਨ ਦਾ ਸੁਆਦ ਲੈਣਾ ਚਾਹੁੰਦੇ ਹੋ, ਤਾਂ ਸਵੇਰੇ ਜਲਦੀ ਪਹੁੰਚਣਾ ਚੰਗਾ ਵਿਚਾਰ ਹੈ।
ਇਹ 35 ਸਾਲਾ ਵਿਅਕਤੀ ਪਿਛਲੇ 15 ਸਾਲਾਂ ਤੋਂ ਨਵਾਕਦਲ ਦੇ ਗ੍ਰਾਟਾ ਬਲ ਇਲਾਕੇ 'ਚ ਹਰੀਸਾ ਦੀ ਮਸ਼ਹੂਰ ਦੁਕਾਨ ਚਲਾ ਰਿਹਾ ਹੈ। ਸ਼੍ਰੀਨਗਰ ਦੇ ਡਾਊਨਟਾਊਨ ਵਿੱਚ ਸਥਿਤ, ਇਹ ਖੇਤਰ ਸ਼ਹਿਰ ਵਿੱਚ ਹਰੀਸਾ ਦੀਆਂ ਦੁਕਾਨਾਂ ਦਾ ਕੇਂਦਰ ਬਿੰਦੂ ਹੈ। ਇੱਥੇ ਦੀਆਂ ਕੁਝ ਦੁਕਾਨਾਂ ਦਾ ਸਦੀਆਂ ਦਾ ਇਤਿਹਾਸ ਹੈ। ਇਸ ਪਕਵਾਨ ਦਾ ਇਤਿਹਾਸ ਇਸ ਤੋਂ ਵੀ ਬਹੁਤ ਪੁਰਾਣਾ ਹੈ।
ਚੌਥੀ ਪੀੜ੍ਹੀ ਦੇ ਹਰੀਸਾ ਬਣਾਉਣ ਵਾਲ਼ੇ ਸ਼ੋਏਬ ਕਹਿੰਦੇ ਹਨ, "ਮੈਂ ਆਪਣੇ ਪਿਤਾ ਤੋਂ ਸੁਣਿਆ ਹੈ ਕਿ ਹਰੀਸਾ ਪਕਵਾਨ ਸ਼ਾਹ-ਏ-ਹਮਦਾਨ (ਈਰਾਨ ਦੇ 14ਵੀਂ ਸਦੀ ਦੇ ਸੂਫੀ ਸੰਤ) ਨੇ ਪੇਸ਼ ਕੀਤਾ ਸੀ, ਜਿਨ੍ਹਾਂ ਨੇ ਇਸ ਨੂੰ ਘਾਟੀ ਦੇ ਹਰੀਸਾ ਪਕਾਉਣ ਵਾਲ਼ਿਆਂ ਨੂੰ ਪੇਸ਼ ਕੀਤਾ ਸੀ।
ਲੇਲੇ ਦੇ ਮਾਸ ਅਤੇ ਚੌਲਾਂ ਤੋਂ ਬਣਿਆ ਉੱਚ-ਪ੍ਰੋਟੀਨਯੁਕਤ ਨਾਸ਼ਤੇ ਵਿੱਚ ਖਾਧਾ ਜਾਣ ਵਾਲ਼ਾ ਇਹ ਪਕਵਾਨ ਸਾਲ ਵਿੱਚ ਸਿਰਫ਼ ਛੇ ਮਹੀਨਿਆਂ ਲਈ ਉਪਲਬਧ ਹੁੰਦਾ ਹੈ - ਅਕਤੂਬਰ ਤੋਂ ਮਾਰਚ ਤੱਕ - ਇੱਕ ਪਾਸੇ ਮੀਠੀ (ਲੇਲੇ ਦੀਆਂ ਅੰਤੜੀਆਂ ਕੱਟੀਆਂ) ਅਤੇ ਗਰਮ ਤੇਲ ਕਬਾਬ ਅਤੇ ਕੁਝ ਕੰਦਰਜੋਤ (ਕਣਕ ਦੇ ਆਟੇ ਤੋਂ ਬਣੀ ਸਥਾਨਕ ਰੋਟੀ) ਨਾਲ਼ ਗਰਮਾ-ਗਰਮ ਪਰੋਸਿਆ ਜਾਂਦਾ ਹੈ। ਇਸ ਪਕਵਾਨ ਨੂੰ ਬਣਾਉਣ ਲਈ ਲੋੜੀਂਦੇ ਮਸਾਲਿਆਂ ਵਿੱਚ ਹਰੀ ਅਤੇ ਕਾਲੀ ਇਲਾਇਚੀ, ਦਾਲਚੀਨੀ ਅਤੇ ਲੌਂਗ ਸ਼ਾਮਲ ਹਨ। ਫਿਰ ਇਸ ਨੂੰ ਜ਼ਮੀਨ ਵਿੱਚ ਲੱਗੇ ਮੱਠ (ਤਾਂਬੇ ਜਾਂ ਮਿੱਟੀ ਦੇ ਭਾਂਡੇ) ਵਿੱਚ ਰਾਤ ਭਰ ਪਕਾਇਆ ਜਾਂਦਾ ਹੈ, ਜਿਹਨੂੰ ਚੁੱਲ੍ਹੇ ਦਾ ਸੇਕ ਪੈਂਦਾ ਰਹਿੰਦਾ ਹੈ।












