97 ਸਾਲ ਦੀ ਉਮਰੇ ਵੀ ਲੋਖੀਕਾਂਤੋ ਮਹਾਤੋ ਦੀ ਅਵਾਜ਼ ਸਪੱਸ਼ਟ ਤੇ ਗੂੰਜਵੀ ਹੈ। ਪ੍ਰਭਾਵਸ਼ਾਲੀ ਜੁੱਸੇ ਵਾਲ਼ਾ ਸੁਨੱਖਾ ਵਿਅਕਤੀ ਤੁਹਾਨੂੰ ਥੋੜ੍ਹੇ ਚਿਰ ਲਈ ਹੀ ਸਹੀ ਰਬਿੰਦਰਨਾਥ ਟੈਗੋਰ ਦਾ ਭੁਲੇਖਾ ਪਾ ਦਿੰਦਾ।
ਮਾਰਚ 2022 ਨੂੰ ਜਦੋਂ ਅਸੀਂ ਲੋਖੀ ਨੂੰ ਮਿਲ਼ੇ ਤਾਂ ਉਹ ਪੱਛਮੀ ਬੰਗਾਲ ਦੇ ਪੀੜਾ ਪਿੰਡ ਵਿਖੇ ਖੰਡਰ ਹਾਲਤ ਆਪਣੇ ਇੱਕ ਕਮਰੇ ਵਿੱਚ ਡੱਠੀ ਮੰਜੀ 'ਤੇ ਆਪਣੇ ਅਜੀਜ਼ ਦੋਸਤ, ਠੇਲੂ ਮਹਾਤੋ ਨਾਲ਼ ਬੈਠੇ ਸਨ।
ਓਦੋਂ ਠੇਲੂ 103 ਸਾਲਾਂ ਦੇ ਸਨ। ਸਾਲ 2023 ਵਿੱਚ ਉਨ੍ਹਾਂ ਦੀ ਮੌਤ ਹੁੰਦੀ ਹੈ। ਉਨ੍ਹਾਂ ਨੂੰ ਸਮਝਣ ਲਈ ਪੜ੍ਹੋ: ਉਹ ਖ਼ੂਹ ਜੋ ਠੇਲੂ ਮਹਾਤੋ ਨੇ ਪੁੱਟਿਆ
ਠੇਲੂ ਦਾਦੂ ਇਸ ਪੂਰੇ ਇਲਾਕੇ ਦੇ ਅਖ਼ੀਰਲੇ ਅਜ਼ਾਦੀ ਘੁਲਾਟੀਏ ਸਨ। ਅੱਸੀ ਸਾਲ ਪਹਿਲਾਂ, ਉਨ੍ਹਾਂ ਨੇ ਪੁਰੂਲੀਆ ਦੇ ਪੁਲਿਸ ਸਟੇਸ਼ਨ ਵੱਲ ਮਾਰਚ ਕੀਤਾ। ਇਹ ਗੱਲ ਸਾਲ 1942 ਦੀ ਹੈ ਅਤੇ ਉਨ੍ਹਾਂ ਦੀ ਇਸ ਬਗ਼ਾਵਤ ਨੇ ਭਾਰਤ ਛੱਡੋ ਅੰਦੋਲਨ ਵਿੱਚ ਆਪਣੇ ਹੀ ਤਰ੍ਹਾਂ ਦਾ ਹਿੱਸਾ ਪਾਇਆ।
ਬਗ਼ਾਵਤ ਦੀ ਕਾਰਵਾਈ ਵਾਸਤੇ ਆਗੂਆਂ ਵੱਲੋਂ ਮਿੱਥੀ 17 ਸਾਲ ਦੀ ਉਮਰ ਤੋਂ ਰਤਾ ਕੁ ਘੱਟ ਉਮਰ ਦੇ ਹੋਣ ਕਾਰਨ ਲੋਖੀ ਪੁਲਿਸ ਸਟੇਸ਼ਨ ਦੇ ਘੇਰਾਓ ਵਿੱਚ ਸ਼ਾਮਲ ਨਾ ਹੋ ਸਕੇ।
ਅਜ਼ਾਦੀ ਘੁਲਾਟੀਆਂ ਨੂੰ ਲੈ ਕੇ ਜੋ ਘਸੀ-ਪਿਟੀ ਧਾਰਨਾ ਪ੍ਰਚਲਿਤ ਹੈ ਉਸ ਧਾਰਨਾ ਦੇ ਨੇੜੇ ਨਾ ਤਾਂ ਠੇਲੂ ਤੇ ਨਾ ਹੀ ਲੇਖੀ ਢੁੱਕਦੇ ਹਨ। ਉਹ ਧਾਰਨਾ ਜੋ ਖ਼ਾਸ ਕਰਕੇ ਰਾਜ ਤੇ ਕੁਲੀਨ ਸਮਾਜ ਵੱਲੋਂ ਘੜ੍ਹੀ ਗਈ ਸੀ। ਨਾ ਹੀ ਉਹ ਦੋਵੇਂ ਲਕੀਰ ਦੇ ਫ਼ਕੀਰ ਹੀ ਸਨ ਜਿਨ੍ਹਾਂ ਨੇ ਪ੍ਰਦਰਸ਼ਨਾਂ ਵਿੱਚ ਸਿਰਫ਼ ਗਿਣਤੀ ਵਧਾਉਣ ਦਾ ਕੰਮ ਕੀਤਾ ਹੋਵੇ। ਉਹ ਦੋਵੇਂ ਹੀ ਆਪੋ-ਆਪਣੇ ਵਿਸ਼ਿਆਂ: ਠੇਲੂ ਖੇਤੀ ਤੇ ਇਲਾਕੇ ਦੇ ਇਤਿਹਾਸ ਅਤੇ ਲੋਖੀ ਸੰਗੀਤ ਤੇ ਸੱਭਿਆਚਾਰ 'ਤੇ ਮਾਹਰਾਂ ਵਾਂਗਰ ਬਾਖ਼ੂਬੀ ਗੱਲ ਰੱਖਦੇ।
ਲੋਖੀ ਨੇ ਵਿਰੋਧ ਪ੍ਰਦਰਸ਼ਨਾਂ ਵਿੱਚ ਆਪਣੇ ਹੀ ਤਰੀਕੇ ਨਾਲ਼ ਯੋਗਦਾਨ ਪਾਉਂਦੇ ਹੋਏ ਸੱਭਿਆਚਾਰ ਦਾ ਪੱਲਾ ਫੜ੍ਹਿਆ। ਉਹ ਉਨ੍ਹਾਂ ਮੰਡਲੀਆਂ ਦਾ ਹਿੱਸਾ ਬਣੇ ਜੋ ਧਮਸਾ ਤੇ ਮਾਡੋਲ ਜਿਹੇ ਕਬਾਇਲੀ ਸਾਜ਼ ਵਜਾਉਂਦੀਆਂ। ਇਨ੍ਹਾਂ ਮੰਡਲੀਆਂ ਦੇ ਸਾਜ਼ ਵਜਾਉਣ ਵਾਲ਼ੇ ਅਕਸਰ ਸੰਥਾਲ, ਕੁਰਮੀ, ਬਿਰਹੋਰ ਤੇ ਕਈ ਹੋਰ ਆਦਿਵਾਸੀ ਲੋਕ ਹੁੰਦੇ। ਉਨ੍ਹਾਂ ਦੀਆਂ ਮੰਡਲੀਆਂ ਦੱਬੇ-ਕੁਚਲਿਆਂ ਲਈ ਅਵਾਜ਼ ਬੁਲੰਦ ਕਰਦੀਆਂ। ਹਾਲਾਂਕਿ, ਉਸ ਦੌਰ ਦੀ ਗੱਲ ਕਰੀਏ ਤਾਂ ਇਨ੍ਹਾਂ ਗੀਤਾਂ ਦੇ ਸੰਦਰਭ ਰਤਾ ਮੁਖ਼ਤਲਿਫ਼ ਸਨ।
ਢੋਲ਼ ਵਜਾਉਣ ਵਾਲ਼ੇ ਦੂਤਾਂ ਤੇ ਗਵੱਈਆਂ ਦੀ ਵੀ ਬ੍ਰਿਟਿਸ਼ ਰਾਜ ਖ਼ਿਲਾਫ਼ ਬਗ਼ਾਵਤ ਛੇੜਨ ਦਾ ਸੱਦਾ ਦੇਣ ਦੀ ਆਪਣੀ ਹੀ ਭੂਮਿਕਾ ਰਹੀ, ਜਿਸ ਬਾਰੇ ਲੋਖੀ ਕਹਿੰਦੇ ਹਨ,''ਅਸੀਂ ਵੀ ਮੌਕੇ ਮਿਲ਼ਦਿਆਂ ਹੀ 'ਵੰਦੇ ਮਾਤਰਮ' ਦੇ ਨਾਅਰੇ ਲਾਉਂਦੇ ਰਹਿੰਦੇ।'' ਹਕੀਕਤ ਵਿੱਚ ਉਨ੍ਹਾਂ ਦੇ ਕੁਰਲਾਉਣ ਜਾਂ ਗੀਤਾਂ ਨਾਲ਼ ਕਿਸੇ ਦਾ ਕੋਈ ਬਹੁਤਾ ਸਰੋਕਾਰ ਤਾਂ ਸੀ ਨਹੀਂ,''ਪਰ ਇਸ ਕਾਰਵਾਈ ਨੇ ਬ੍ਰਿਟਿਸ਼ ਹਾਕਮਾਂ ਨੂੰ ਨਰਾਜ਼ ਜ਼ਰੂਰ ਕੀਤਾ,'' ਉਹ ਮੁਸਕਰਾਉਂਦੇ ਹੋਏ ਚੇਤਾ ਕਰਦੇ ਹਨ।
ਦੋਵਾਂ ਨੇ ਹੀ ਅਜ਼ਾਦੀ ਘੁਲਾਟੀਆਂ ਨੂੰ ਮਿਲ਼ਣ ਵਾਲ਼ੀ ਪੈਨਸ਼ਨ ਲੈਣ ਤੋਂ ਇਨਕਾਰ ਕਰ ਦਿੱਤਾ। ਇੰਨਾ ਹੀ ਨਹੀਂ ਇਸ ਵਾਸਤੇ ਉਨ੍ਹਾਂ ਨੇ ਹੱਥ ਪੈਰ ਮਾਰਨੇ ਵੀ ਬੜਾ ਚਿਰ ਪਹਿਲਾਂ ਹੀ ਬੰਦ ਕਰ ਦਿੱਤੇ ਸਨ। ਠੇਲੂ 1,000 ਰੁਪਏ ਮਿਲ਼ਣ ਵਾਲ਼ੀ ਬੁਢਾਪਾ ਪੈਨਸ਼ਨ ਸਿਰ ਜਿਊਂਦੇ ਰਹੇ। ਲੋਖੀ ਨੂੰ ਤਾਂ ਸਿਰਫ਼ ਇੱਕੋ ਮਹੀਨੇ ਬੁਢਾਪਾ ਪੈਨਸ਼ਨ ਮਿਲ਼ੀ ਜੋ ਬਾਅਦ ਕਿਸੇ ਅਣਸੁਲਝੀ ਪਹੇਲੀ ਵਾਂਗਰ ਬੰਦ ਵੀ ਹੋ ਗਈ।
ਬ੍ਰਿਟਿਸ਼ ਸ਼ਾਸਨ ਦੇ ਖ਼ਾਤਮੇ ਵਾਸਤੇ ਦੇਸ਼ ਦੇ ਅੱਡੋ-ਅੱਡ ਪਿਛੋਕੜਾਂ ਵਾਲ਼ੇ ਲੋਕੀਂ ਅੱਗੇ ਆਏ ਜਿਨ੍ਹਾਂ ਵਿੱਚੋਂ ਠੇਲੂ ਤੇ ਲੋਖੀ ਜਿਹੇ ਨੌਜਵਾਨ, ਖੱਬੇਪੱਖੀ ਵਿਚਾਰਧਾਰਾ ਵਾਲ਼ੇ ਤੇ ਗਾਂਧੀਵਾਦੀ ਲੋਕ ਸ਼ਾਮਲ ਸਨ। ਕੁਰਮੀ ਭਾਈਚਾਰੇ ਦੇ ਲੋਕਾਂ ਨੇ ਈਸਟ ਇੰਡੀਆ ਕੰਪਨੀ ਦੇ ਚੜ੍ਹਾਅ ਤੋਂ ਉਤਰਾਅ ਤੱਕ ਦੇ ਪੂਰੇ ਦੌਰ ਵਿੱਚ ਵੱਧ-ਚੜ੍ਹ ਕੇ ਹਿੱਸਾ ਲਿਆ
ਲੋਖੀ ਕੁਰਮੀ ਭਾਈਚਾਰੇ ਨਾਲ਼ ਜੁੜਿਆ ਟੁਸੂ ਗਾਨ ਗਾਉਂਦੇ ਜੋ ਟੁਸੂ ਜਾਂ ਵਾਢੀ ਨੂੰ ਦਰਸਾਉਂਦਾ ਹੈ। ਟੁਸੂ ਤਿਓਹਾਰ ਧਰਮ ਅਧਾਰਤ ਨਹੀਂ ਸਗੋਂ ਭਾਈਚਾਰੇ ਅਧਾਰਤ ਗੀਤ ਹੈ। ਕਦੇ ਇਹ ਗੀਤ ਕੁਆਰੀਆਂ ਕੁੜੀਆਂ ਗਾਉਂਦੀਆਂ ਪਰ ਸਮਾਂ ਪਾ ਕੇ ਇਹ ਗੀਤ ਇਸ ਮੰਡਲੀ ਦੇ ਹੀ ਹੋ ਕੇ ਰਹਿ ਗਏ। ਲੋਖੀ ਦੇ ਇਨ੍ਹਾਂ ਗੀਤਾਂ ਵਿੱਚ ਮੁਟਿਆਰ ਕੁੜੀ ਦੀ ਭਾਵਨਾ ਪਰੋਈ ਹੋਈ ਹੈ। ਦੂਜਾ ਗੀਤ ਤਿਓਹਾਰ ਦੇ ਅੰਤਮ ਪੜਾਅ ਨੂੰ ਦਰਸਾਉਂਦਾ ਹੈ।
টুসু নাকি দক্ষিণ যাবে
খিদা লাগলে খাবে কি?
আনো টুসুর গায়ের গামছা
ঘিয়ের মিঠাই বেঁধে দি।
তোদের ঘরে টুসু ছিল
তেই করি আনাগোনা,
এইবার টুসু চলে গেল
করবি গো দুয়ার মানা।
ਸੁਣਿਐ ਟੁਸੂ ਦੱਖਣ ਵੱਲ ਚਲੀ ਗਈ
ਖਾਊਗੀ ਕੀ ਜੇ ਭੁੱਖ ਸਤਾਉਣ ਲੱਗੀ?
ਲਿਆ ਜ਼ਰਾ ਮੈਨੂੰ ਟੁਸੂ ਦਾ ਗਮਸ਼ਾ ਫੜ੍ਹਾਵੀਂ
ਬੰਨ੍ਹ ਦਿਆਂ ਪੱਲੇ ਮਿਠਾਈ ਘਿਓ ਰਲ਼ਾਈ।
ਕਦੇ ਬੜੇ ਤੇਰੇ ਘਰ ਦੇ ਚੱਕਰ ਸੀ ਲੱਗੇ
ਰਹਿੰਦੀ ਸੀ ਟੁਸੂ ਓਥੇ ਏਸ ਕਰਕੇ
ਹੁਣ ਜੋ ਟੁਸੂ ਚਲੀ ਗਈ ਐਥੋਂ
ਘਰ ਆਉਣ ਦਾ ਬਹਾਨਾ ਮੁਕਾ ਕੇ।
*ਮਹੀਨ ਜਾਂ ਮੋਟਾ ਸੂਤੀ ਕੱਪੜਾ, ਜੋ ਬਤੌਰ ਤੌਲ਼ੀਆ, ਸਕਾਰਫ਼ ਇੱਥੋਂ ਤੱਕ ਕਿ ਪਰਨੇ ਵਜੋਂ ਵੀ ਇਸਤੇਮਾਲ ਕੀਤਾ ਜਾਂਦਾ। ਗਮਛਾ ਵੀ ਅੱਡੋ-ਅੱਡ ਤਰੀਕੇ ਦਾ ਪਹਿਰਾਵਾ ਬਣਨ ਦੀ ਸਲਾਹੀਅਤ ਰੱਖਦਾ ਹੈ।
ਕਵਰ ਫ਼ੋਟੋ: ਸਮਿਤਾ ਖਟੌਰ
ਤਰਜਮਾ: ਕਮਲਜੀਤ ਕੌਰ