''ਪਰਚੀ ਵਾਲ਼ਾ ਵੇਲ਼ਾ ਸਹੀ ਸੀ। ਮਸ਼ੀਨ ਦੇ ਆਉਣ ਨਾਲ਼ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਕਿ ਕਿਹੜਾ ਬਟਨ ਦਬਾਇਆ ਜਾ ਰਿਹਾ ਹੈ ਤੇ ਵੋਟ ਜਾ ਕਿਹਨੂੰ ਰਹੀ ਹੈ!''
ਇਸਲਈ ਬੇਸ਼ੱਕ ਕਲਮੂਦੀਨ ਅੰਸਾਰੀ ਨੂੰ ਈਵੀਐੱਮ (ਇਲੈਕਟ੍ਰਾਨਿਕ ਵੋਟਿੰਗ ਮਸ਼ੀਨ) ਨਾਲ਼ੋਂ ਬੈਲਟ ਪੇਪਰ ਨਾਲ਼ ਵੋਟ ਦੇਣਾ ਵੱਧ ਭਰੋਸੇਯੋਗ ਲੱਗਦਾ ਹੈ। ਪਲਾਮੂ ਦੇ ਪਿੰਡ ਕੁਮਨੀ ਦਾ ਇਹ 52 ਸਾਲਾ ਕਿਸਾਨ ਇਸ ਸਮੇਂ ਸਥਾਨਕ ਮਵੇਸ਼ੀ ਮੰਡੀ ਵਿਖੇ ਮੌਜੂਦ ਹੈ ਤੇ ਅਪ੍ਰੈਲ ਦੀ ਲੂੰਹਦੀ ਧੁੱਪ ਤੋਂ ਬਚਾਅ ਕਰਨ ਲਈ ਆਪਣੇ ਸਿਰ ਦੁਆਲ਼ੇ ਚਿੱਟਾ ਗਮਛਾ ਬੰਨ੍ਹਿਆ ਹੋਇਆ ਹੈ। ਮਹੀਨ ਜਾਂ ਮੋਟਾ ਸੂਤੀ ਕੱਪੜਾ, ਜੋ ਬਤੌਰ ਤੌਲ਼ੀਆ, ਸਕਾਰਫ਼ ਇੱਥੋਂ ਤੱਕ ਕਿ ਪਰਨੇ ਵਜੋਂ ਵੀ ਇਸਤੇਮਾਲ ਕੀਤਾ ਜਾਂਦਾ। ਗਮਛਾ ਵੀ ਅੱਡੋ-ਅੱਡ ਤਰੀਕੇ ਦਾ ਪਹਿਰਾਵਾ ਬਣਨ ਦੀ ਸਲਾਹੀਅਤ ਰੱਖਦਾ ਹੈ। ਉਹ ਇਸ ਹਫ਼ਤੇਵਾਰੀ ਲੱਗਦੀ ਮੰਡੀ ਵਿੱਚ ਆਪਣਾ ਬਲ਼ਦ ਵੇਚਣ ਲਈ 13 ਕਿਲੋਮੀਟਰ ਦਾ ਪੈਂਡਾ ਮਾਰ ਕੇ ਪਹੁੰਚਿਆ ਹੈ। ''ਸਾਨੂੰ ਪੈਸੇ ਚਾਹੀਦੇ ਹਨ,'' ਉਹ ਕਹਿੰਦੇ ਹਨ।
ਪਿਛਲੇ ਸਾਲ (2023) ਵਿੱਚ ਉਨ੍ਹਾਂ ਦੀ ਝੋਨੇ ਦੇ ਫ਼ਸਲ ਪੂਰੀ ਤਰ੍ਹਾਂ ਬਰਬਾਦ ਹੋ ਗਈ। ਹਾੜ੍ਹੀ ਦੌਰਾਨ ਉਨ੍ਹਾਂ ਨੇ ਸਰ੍ਹੋਂ ਬੀਜੀ ਪਰ ਉਹ ਵੀ ਕੀੜਿਆਂ ਨੇ ਨਿਗਲ਼ ਲਈ। ''ਸਾਡੇ ਹੱਥ ਸਿਰਫ਼ 2.5 ਕੁਵਿੰਟਲ ਹੀ ਝਾੜ ਲੱਗਾ ਤੇ ਜੋ ਵੱਟਿਆ ਉਹ ਵੀ ਕਰਜੇ ਲਾਹੁਣ ਵਿੱਚ ਚਲਾ ਗਿਆ,'' ਕਲਮੂਦੀਨ ਕਹਿੰਦੇ ਹਨ।
ਕਲਮੂਦੀਨ ਚਾਰ ਵਿਘੇ (ਕਰੀਬ ਤਿੰਨ ਕਿੱਲੇ) ਵਿੱਚ ਕਾਸ਼ਤ ਕਰਦੇ ਹਨ ਤੇ ਸ਼ਾਹੂਕਾਰਾਂ ਕੋਲ਼ੋਂ ਚੁੱਕੇ ਕਰਜੇ ਨੇ ਉਨ੍ਹਾਂ ਦਾ ਲੱਕ ਦੂਹਰਾ ਕੀਤਾ ਹੋਇਆ ਹੈ। ਕਰਜੇ ਦੇ ਹਰ ਸੌ ਰੁਪਈਏ ਮਗਰ ਹਰ ਮਹੀਨੇ ਪੰਜ ਰੁਪਏ ਵਿਆਜ ਦੇਣ ਵਾਲ਼ਾ ਇਹ ਕਿਸਾਨ ਹਿਰਖੇ ਮਨ ਨਾਲ਼ ਕਹਿੰਦਾ ਹੈ, ''ਬਹੁਤ ਪੈਸਾ ਲੇ ਲੇਵਾ ਲੇ (ਸਾਰਾ ਪੈਸਾ ਉਹੀ ਹੂੰਝ ਲਿਜਾਂਦੇ ਹਨ)। ਮੈਂ 16,000 ਰੁਪਏ ਦਾ ਕਰਜਾ ਲਿਆ ਜੋ ਹੁਣ 20,000 ਬਣ ਚੁੱਕਿਆ ਹੈ, ਮੈਂ ਬਾਮੁਸ਼ਕਲ ਹਾਲੇ 5,000 ਰੁਪਏ ਹੀ ਮੋੜੇ ਹਨ।'' Bottom of Form
ਹੁਣ ਉਨ੍ਹਾਂ ਦਰਪੇਸ਼ ਬਲਦ ਵੇਚਣ ਦਾ ਇੱਕੋ ਇੱਕ ਵਿਕਲਪ ਬਚਿਆ ਹੈ। "ਇਸੀਲੀਏ ਕਿਸਾਨ ਚੁਰਮੁਰਾ ਜਾਤਾ ਹੈ। ਖੇਤੀ ਕੀਏ ਕੀ ਬੈਲ਼ ਬੇਚਾ ਗਯਾ [ਇਹੀ ਕਾਰਨ ਹੈ ਕਿ ਕਿਸਾਨ ਮੁਸੀਬਤਾਂ ਵਿੱਚ ਫਸਿਆ ਰਹਿੰਦਾ ਹੈ। ਮੈਂ ਖੇਤੀ ਕੀਤੀ ਪਰ ਬਲ਼ਦ ਵੇਚਣਾ ਪਿਆ)," ਕਲਮੂਦੀਨ ਕਹਿੰਦੇ ਹਨ, ਜਿਨ੍ਹਾਂ ਨੇ 2023 ਵਿੱਚ ਮੀਂਹ ਪੈਣ ਦੀ ਉਮੀਦ ਪਾਲ਼ੀ ਰੱਖੀ ਸੀ।












