ਲੁਕੋਰ ਕੋਟਾ ਨੂਹੁਨੀਬਾ ,
ਬਟਾਟ ਨੰਗੋਲ ਨਚਾਚੀਬਾ

[ ਲੋਕਾਂ ਦੀ ਗੱਲ ਨਾ ਸੁਣੋ ,
ਸੜਕ ਕੰਢੇ ਬਹਿ ਕੇ ਹਲ ਨੂੰ ਤਿੱਖਾ ਨਾ ਕਰੋ ]

ਇਹ ਕਹਾਵਤ ਅਸਾਮੀ ਵਿੱਚ ਇਹ ਦੱਸਣ ਲਈ ਵਰਤੀ ਜਾਂਦੀ ਹੈ ਕਿ ਕਿਸੇ ਕੰਮ ਨੂੰ ਕਰਦੇ ਸਮੇਂ ਉਸ ਵੱਲ ਪੂਰਾ ਧਿਆਨ ਦੇਣਾ ਚਾਹੀਦਾ ਹੈ।

"ਇਹ ਅਖਾਣ ਮੇਰੇ ਕੰਮ 'ਤੇ ਢੁੱਕਵਾਂ ਬਹਿੰਦਾ ਹੈ," ਹਨੀਫ ਅਲੀ ਕਹਿੰਦੇ ਹਨ, ਜੋ ਪਿੰਡ ਦੇ ਕਿਸਾਨਾਂ ਲਈ ਹਲ ਅਤੇ ਹੋਰ ਖੇਤੀ ਸੰਦ ਬਣਾਉਂਦੇ ਹਨ। ਮੱਧ ਅਸਾਮ ਦੇ ਦਰਾਂਗ ਜ਼ਿਲ੍ਹੇ ਵਿੱਚ ਲਗਭਗ ਦੋ ਤਿਹਾਈ ਜ਼ਮੀਨ 'ਤੇ ਖੇਤੀ ਕੀਤੀ ਜਾਂਦੀ ਹੈ ਅਤੇ ਇਸ ਕਾਰੀਗਰ ਕੋਲ਼ ਖੇਤੀਬਾੜੀ ਲਈ ਵਰਤੀਂਦੇ ਬੜੇ ਸੰਦ ਮੌਜੂਦ ਹਨ।

"ਮੈਂ ਨੰਗੋਲ [ਹਲ], ਚੋਂਗਗੋ [ਬਾਂਸ ਦਾ ਸੁਹਾਗਾ], ਜੁਆਲ [ਜੂਲਾ], ਹੱਥ ਨਿੰਗਲ [ਹੱਥੀਂ ਗੋਡੀ ਕਰਨ ਵਾਲ਼ਾ ਸੰਦਾ] ਨੈਂਗੋਲੇ [ਗੋਡੀ ਕਰਨ ਵਾਲ਼ਾ ਹੋਰ ਸੰਦ], ਢੇਕੀ [ਚੌਲਾਂ ਨੂੰ ਪੀਸਣ ਲਈ ਪੈਰਾਂ ਨਾਲ਼ ਚੱਲਣ ਵਾਲ਼ਾ ਔਜ਼ਾਰ], ਇਟਾਮਾਗੁਰ [ਕੁਹਾੜੀ], ਹਾਰਪੋਟ [ਸੁੱਕੇ ਝੋਨੇ ਨੂੰ ਇਕੱਠਾ ਕਰਨ ਲਈ ਬਾਂਸ ਨਾਲ਼ ਅਰਧ-ਗੋਲ਼ਾਕਾਰ ਲੱਕੜ ਦਾ ਔਜ਼ਾਰ] ਅਤੇ ਹੋਰ ਵੀ ਬਹੁਤ ਕੁਝ ਬਣਾਉਂਦੇ ਹਾਂ," ਉਹ ਸਮਝਾਉਣ ਢੰਗ ਨਾਲ਼ ਕਹਿੰਦੇ ਹਨ।

ਉਹ ਸੰਦ ਬਣਾਉਣ ਲਈ ਜ਼ਿਆਦਾ ਕਰਕੇ ਕਟਹਲ ਦੀ ਲੱਕੜ ਵਰਤਦੇ ਹਨ, ਜਿਸ ਨੂੰ ਸਥਾਨਕ ਬੰਗਾਲੀ ਬੋਲੀ ਵਿੱਚ ਕਾਥੋਲ ਅਤੇ ਅਸਾਮੀ ਵਿੱਚ ਕੋਠਾਲ ਕਿਹਾ ਜਾਂਦਾ ਹੈ। ਇਸ ਲੱਕੜ ਦੀ ਵਰਤੋਂ ਦਰਵਾਜ਼ੇ, ਖਿੜਕੀਆਂ ਅਤੇ ਮੰਜੇ ਬਣਾਉਣ ਲਈ ਵੀ ਕੀਤੀ ਜਾਂਦੀ ਹੈ। ਹਨੀਫ ਇਸ ਮਹਿੰਗੇ ਯੁੱਗ ਵਿੱਚ ਖਰੀਦੀ ਗਈ ਲੱਕੜ ਦਾ ਨਿੱਕੇ ਤੋਂ ਨਿੱਕਾ ਹਿੱਸਾ ਵੀ ਬਰਬਾਦ ਨਹੀਂ ਕਰ ਸਕਦੇ। ਇਸ ਤਰ੍ਹਾਂ ਉਹ ਲੱਕੜ ਦੇ ਹਰੇਕ ਟੁਕੜੇ ਤੋਂ ਵੱਧ ਤੋਂ ਵੱਧ ਔਜ਼ਾਰ ਬਣਾਉਣ ਦੀ ਕੋਸ਼ਿਸ਼ ਕਰਦੇ ਹਨ।

ਹਲ ਇੱਕ ਅਜਿਹਾ ਸੰਦ ਹੈ ਜਿਸਨੂੰ ਬਹੁਤ ਹੀ ਤਰੀਕੇ ਨਾਲ਼ ਬਣਾਇਆ ਜਾਣਾ ਚਾਹੀਦਾ ਹੈ। "ਲੱਕੜ 'ਤੇ ਲੱਗੇ ਨਿਸ਼ਾਨ ਤੋਂ ਇੱਕ ਇੰਚ ਵੀ ਵੱਧ ਨਹੀਂ ਕੱਟਦਾ, ਜੇ ਇੰਝ ਕਰਨ ਲੱਗ ਪਵਾਂ ਤਾਂ ਹੌਲ਼ੀ-ਹੌਲ਼ੀ ਇੱਕ ਪੂਰਾ ਟੁਕੜਾ ਬਰਬਾਦ ਹੋ ਜਾਵੇਗਾ," ਉਹ ਅੰਦਾਜਾ ਲਾਉਂਦਿਆਂ ਦੱਸਦੇ ਹਨ ਕਿ ਇਹ ਨੁਕਸਾਨ ਕੋਈ 250-300 ਰੁਪਏ ਦਾ ਹੋ ਸਕਦਾ ਹੈ।

PHOTO • Mahibul Hoque
PHOTO • Mahibul Hoque

ਖੱਬੇ : ਹਲ ਬਣਾਉਣ ਵਾਲ਼ੇ ਹਨੀਫ ਅਲੀ ਨੇ ਜੂਲ਼ਾ ਫੜ੍ਹਿਆ ਹੈ ਇਹ ਔਜ਼ਾਰ ਬਲਦਾਂ ਦੇ ਮੋਢਿਆਂ ' ਤੇ ਬੰਨ੍ਹਿਆ ਜਾਂਦਾ ਹੈ। ਇਸ ਦੀ ਵਰਤੋਂ ਬਲਦਾਂ ਦੇ ਜੋੜੇ ਵਿੱਚ ਸੰਤੁਲਨ ਬਣਾਈ ਰੱਖਣ ਲਈ ਕੀਤੀ ਜਾਂਦੀ ਹੈ। ਸੱਜੇ : ਹਲ ਦੀ ਤਸਵੀਰ ਅਤੇ ਹਿੱਸਿਆਂ ਦਾ ਵੇਰਵਾ

ਉਨ੍ਹਾਂ ਦੇ ਗਾਹਕ ਛੋਟੇ ਕਿਸਾਨ ਹਨ ਜੋ ਜ਼ਿਆਦਾਤਰ ਘਰ ਵਿੱਚ ਬਲਦ ਰੱਖਦੇ ਹਨ। ਇਹ ਕਿਸਾਨ ਆਪਣੀ ਜ਼ਮੀਨ 'ਤੇ ਬਹੁਤ ਸਾਰੀਆਂ ਫ਼ਸਲਾਂ ਉਗਾਉਂਦੇ ਹਨ - ਫੁੱਲਗੋਭੀ, ਗੋਭੀ, ਬੈਂਗਣ, ਨੋਲ-ਖੋਲ, ਮਟਰ, ਮਿਰਚਾਂ, ਲੌਕੀ, ਕੱਦੂ, ਗਾਜਰ, ਕਰੇਲਾ, ਟਮਾਟਰ ਅਤੇ ਖੀਰਾ ਦੇ ਨਾਲ਼-ਨਾਲ਼ ਸਰ੍ਹੋਂ ਅਤੇ ਝੋਨੇ ਦੀਆਂ ਫਸਲਾਂ ਵੀ।

"ਜਿਸ ਕਿਸੇ ਨੂੰ ਵੀ ਹਲ ਦੀ ਲੋੜ ਹੁੰਦੀ ਹੈ, ਉਹ ਮੇਰੇ ਕੋਲ਼ ਆਉਂਦਾ ਹੈ," 60 ਸਾਲਾ ਬਜ਼ੁਰਗ ਕਾਰੀਗਰ ਕਹਿੰਦੇ ਹਨ। "ਲਗਭਗ 15-10 ਸਾਲ ਪਹਿਲਾਂ, ਇਸ ਖੇਤਰ ਵਿੱਚ ਸਿਰਫ਼ ਦੋ ਟਰੈਕਟਰ ਸਨ। ਉਸ ਸਮੇਂ, ਲੋਕ ਆਪਣੀ ਜ਼ਮੀਨ ਦੀ ਵਾਹੀ ਕਰਨ ਲਈ ਹਲ 'ਤੇ ਨਿਰਭਰ ਕਰਦੇ ਸਨ," ਉਨ੍ਹਾਂ ਨੇ ਪਾਰੀ ਨੂੰ ਦੱਸਿਆ।

ਮੁਕੱਦਸ ਅਲੀ, ਜੋ ਆਪਣੀ ਉਮਰ ਦੇ 60ਵੇਂ ਦਹਾਕੇ ਵਿੱਚ ਹਨ, ਅਜੇ ਵੀ ਉਨ੍ਹਾਂ ਕੁਝ ਕਿਸਾਨਾਂ ਵਿੱਚੋਂ ਇੱਕ ਹਨ ਜੋ ਕਦੇ-ਕਦਾਈਂ ਲੱਕੜ ਦੇ ਹਲ ਦੀ ਵਰਤੋਂ ਕਰਦੇ ਹਨ। "ਜਦੋਂ ਵੀ ਲੋੜ ਪੈਂਦੀ ਹੈ, ਮੈਂ ਆਪਣਾ ਹਲ ਕੋਲ਼ ਹਨੀਫ ਲੈ ਕੇ ਆਉਂਦਾ ਹਾਂ ਅਤੇ ਇਸ ਨੂੰ ਠੀਕ ਕਰਦਾ ਹਾਂ। ਫ਼ਿਲਹਾਲ ਉਹ ਇਕੱਲੇ ਕਾਰੀਗਰ ਬਚੇ ਹਨ ਜੋ ਨੁਕਸਾਨੇ ਹਲ ਦੀ ਸਹੀ ਮੁਰੰਮਤ ਕਰ ਸਕਦੇ ਹੈ। ਆਪਣੇ ਪਿਤਾ ਵਾਂਗ ਹੀ ਉਹ ਵੀ ਚੰਗਾ ਹਲ ਬਣਾਉਣ ਦੇ ਮਾਹਰ ਹਨ।"

ਹਾਲਾਂਕਿ ਅਲੀ ਨੂੰ ਇਹ ਸਪੱਸ਼ਟ ਨਹੀਂ ਕਿ ਉਹ ਕੁਝ ਨਵਾਂ ਬਣਾ ਵੀ ਸਕਣਗੇ ਜਾਂ ਨਹੀਂ। "ਅੱਜ-ਕੱਲ੍ਹ ਬਲਦ ਮਹਿੰਗੇ ਹਨ। ਖੇਤ ਮਜ਼ਦੂਰ ਵੀ ਆਸਾਨੀ ਨਾਲ਼ ਨਹੀਂ ਮਿਲ਼ਦੇ ਅਤੇ ਹਲ ਵਾਹੁਣ/ਜੋਤਣ ਵਿੱਚ ਟਰੈਕਟਰ ਨਾਲ਼ੋਂ ਵਧੇਰੇ ਸਮਾਂ ਲੱਗਦਾ ਹੈ," ਉਹ ਦੱਸਦੇ ਹਨ ਕਿ ਲੋਕਾਂ ਨੇ ਕੰਮ ਦਾ ਬੋਝ ਘਟਾਉਣ ਲਈ ਟਰੈਕਟਰਾਂ ਅਤੇ ਟਿਲਰਾਂ ਦਾ ਸਹਾਰਾ ਲਿਆ ਹੈ।

PHOTO • Mahibul Hoque
PHOTO • Mahibul Hoque

ਖੱਬੇ: ਹਨੀਫ ਅਲੀ ਆਪਣੇ ਬਾਂਸ ਦੇ ਘਰ ਦੇ ਬਾਹਰ ਬੈਠੇ ਹਨ। ਉਨ੍ਹਾਂ ਦੇ ਅੱਗੇ ਹਲ ਦੇ ਸਪੇਅਰ ਪਾਰਟਸ ਹਨ, ਜਿਸ ਵਿੱਚ ਲੱਕੜ ਦਾ ਇੱਕ ਟੁਕੜਾ ਵੀ ਸ਼ਾਮਲ ਹੈ, ਜਿਸ ਨੂੰ ਘੜ੍ਹ ਕੇ ਉਹ ਹੈਂਡ-ਰੇਕ ਬਣਾਉਣਗੇ। ਸੱਜੇ: ਹਨੀਫ ਅਲੀ ਕੁੱਟੀ ਭਾਵ ਹਲ ਦੀ ਹੱਥੀ ਦਿਖਾ ਰਹੇ ਹਨ। ਕੁੱਟੀ, ਹਲ ਨਾਲ਼ ਕਿਸੇ ਗਰਦਨ ਵਾਂਗ  ਜੋੜੀ ਜਾਂਦੀ ਹੈ, ਉਦੋਂ ਜਦੋਂ ਹਲ ਇੰਨਾ ਲੰਬਾ ਨਾ ਹੋਵੇ ਕਿ ਵਿਅਕਤੀ ਦਾ ਹੱਥ ਸੌਖਿਆਂ ਹੀ ਪੈ ਸਕਦਾ ਹੋਵੇ

*****

ਹਨੀਫ ਦੂਜੀ ਪੀੜ੍ਹੀ ਦੇ ਕਾਰੀਗਰ ਹਨ; ਉਨ੍ਹਾਂ ਨੇ ਇਹ ਕੰਮ ਬਚਪਨ ਵਿੱਚ ਹੀ ਸਿੱਖ ਲਿਆ ਸੀ। "ਮੈਂ  ਕੁਝ ਕੁ ਦਿਨ ਹੀ ਸਕੂਲ ਗਿਆਂ। ਨਾ ਮੇਰੀ ਮਾਂ ਤੇ ਨਾ ਹੀ ਮੇਰੇ ਪਿਤਾ ਨੂੰ ਸਿੱਖਿਆ ਵਿੱਚ ਕੋਈ ਦਿਲਚਸਪੀ ਸੀ ਅਤੇ ਮੈਂ ਵੀ ਸਕੂਲ ਨਹੀਂ ਜਾਣਾ ਚਾਹੁੰਦਾ ਸੀ," ਉਹ ਕਹਿੰਦੇ ਹਨ।

ਹਨੀਫ ਅਲੀ ਨੇ ਬਚਪਨ ਵਿੱਚ ਆਪਣੇ ਪਿਤਾ, ਹੋਲੂ ਸ਼ੇਖ ਦੇ ਸਹਾਇਕ ਵਜੋਂ ਕੰਮ ਕਰਨਾ ਸ਼ੁਰੂ ਕੀਤਾ, ਜਿਨ੍ਹਾਂ ਨੇ ਇੱਕ ਸੀਨੀਅਰ ਕਾਰੀਗਰ ਵਜੋਂ ਬਹੁਤ ਸਤਿਕਾਰ ਪ੍ਰਾਪਤ ਕੀਤਾ ਸੀ। " ਬਾਬਾਏ ਸ਼ਾਰਾ ਬੋਸਤੀਰ ਜੋਨੇ ਨੰਗੋਲ ਬਨਾਇਤੋ ਨੰਗੋਲ ਬਾਨਾਬਰ ਬਾ ਠੀਕ ਕੋਰਬਾਰ ਜੋਨੇ ਅੰਗੋਰ ਬਾਰਿਤ ਆਈਤੋ ਸ਼ੋਬ ਖੇਤਿਯਾਕ [ਮੇਰੇ ਪਿਤਾ ਜੀ ਹਰ ਕਿਸੇ ਲਈ ਹਲ ਬਣਾਉਂਦੇ ਸਨ। ਹਰ ਕੋਈ ਸਾਡੇ ਘਰ ਹਲ ਦਾ ਕੰਮ ਕਰਵਾਉਣ ਜਾਂ ਮੁਰੰਮਤ ਕਰਵਾਉਣ ਲਈ ਆਉਂਦਾ ਸੀ]।”

ਜਦੋਂ ਉਨ੍ਹਾਂ ਸਹਾਇਕ ਵਜੋਂ ਕੰਮ ਕਰਨਾ ਸ਼ੁਰੂ ਕੀਤਾ ਤਾਂ ਉਨ੍ਹਾਂ ਦੇ ਪਿਤਾ ਹਲ ਦੇ ਨਿਸ਼ਾਨ ਲਾਇਆ ਕਰਦੇ ਸਨ- ਹਲ ਦੇ ਸਹੀ ਢੰਗ ਨਾਲ਼ ਜੋਤਣ ਲਈ ਛੋਟੀ ਤੋਂ ਛੋਟੀ ਗੱਲ ਦਾ ਧਿਆਨ ਰੱਖਣਾ ਪੈਂਦਾ ਹੈ। "ਤੁਹਾਨੂੰ ਸਹੀ ਜਗ੍ਹਾ ਪਤਾ ਹੋਣੀ ਚਾਹੀਦੀ ਹੈ ਜਿੱਥੇ ਲੱਕੜ 'ਤੇ ਛੇਕ ਮਾਰਨੇ ਹਨ। ਸਾਨੂੰ ਇਹ ਸੁਨਿਸ਼ਚਿਤ ਕਰਨਾ ਪੈਂਦਾ ਹੈ ਕਿ ਬੀਮ ਮੁਰੀਕ ਾਠ (ਹਲ ਦੇ ਮੁੱਖ ਹਿੱਸੇ) ਨਾਲ਼ ਸਹੀ ਢੰਗ ਨਾਲ਼ ਜੁੜੀ ਹੋਈ ਹੋਵੇ," ਹਨੀਫ ਉਸ ਲੱਕੜ 'ਤੇ ਹੱਥ ਫੇਰਦਿਆਂ ਕਹਿੰਦੇ ਹਨ ਜਿਸ 'ਤੇ ਉਹ ਕੰਮ ਕਰ ਰਹੇ ਸਨ।

ਜੇ ਹਲ ਝੁਕਿਆ ਹੋਇਆ ਹੋਵੇਗਾ ਤਾਂ ਕੋਈ ਵੀ ਇਸ ਨੂੰ ਨਹੀਂ ਖਰੀਦੇਗਾ ਉਹ ਦੱਸਦੇ ਹਨ ਕਿਉਂਕਿ ਜਿਓਂ ਹੀ ਇਹਦਾ ਤਿੱਖਾ ਪਾਸਾ (ਕਟਰ) ਜ਼ਮੀਨ ਅੰਦਰ ਜਾਵੇਗਾ ਤਾਂ ਇੱਕ ਵਿੱਥ ਜਿਹੀ ਬਣਾਉਂਦਾ ਜਾਵੇਗਾ ਤੇ ਕੰਮ ਦੀ ਰਫ਼ਤਾਰ ਘੱਟ ਜਾਵੇਗੀ।

ਉਨ੍ਹਾਂ ਨੂੰ ਆਪਣੇ ਪਿਤਾ ਨੂੰ ਭਰੋਸਾ ਦਿਵਾਉਣ ਵਿੱਚ ਇੱਕ ਸਾਲ ਲੱਗ ਗਿਆ,"ਹੁਣ ਮੈਨੂੰ ਪਤਾ ਹੈ ਕਿ ਕਿੱਥੇ ਨਿਸ਼ਾਨ ਲਗਾਉਣਾ ਹੈ, ਤੁਹਾਨੂੰ ਹੁਣ ਇਸ ਬਾਰੇ ਚਿੰਤਾ ਕਰਨ ਦੀ ਲੋੜ ਨਹੀਂ ਹੈ।''

PHOTO • Mahibul Hoque
PHOTO • Mahibul Hoque

ਇਹ ਕਾਰੀਗਰ ਆਪਣੇ ਕੰਮ ਵਿੱਚ ਜ਼ਿਆਦਾਤਰ ਕਟਹਲ ਦੀ ਲੱਕੜ ਦੀ ਵਰਤੋਂ ਕਰਦਾ ਹੈ। ਇਸ ਲੱਕੜ ਦੀ ਵਰਤੋਂ ਦਰਵਾਜ਼ੇ, ਖਿੜਕੀਆਂ ਅਤੇ ਮੰਜੀਆਂ ਬਣਾਉਣ ਲਈ ਵੀ ਕੀਤੀ ਜਾਂਦੀ ਹੈ। ਹਨੀਫ ਇਸ ਮਹਿੰਗੇ ਯੁੱਗ ਵਿੱਚ ਖਰੀਦੀ ਗਈ ਲੱਕੜ ਦਾ ਕੋਈ ਵੀ ਹਿੱਸਾ ਬਰਬਾਦ ਨਹੀਂ ਕਰ ਸਕਦੇ। ਇਸ ਤਰ੍ਹਾਂ ਉਹ ਲੱਕੜ ਦੇ ਹਰੇਕ ਟੁਕੜੇ ਤੋਂ ਵੱਧ ਤੋਂ ਵੱਧ ਔਜ਼ਾਰ ਬਣਾਉਣ ਦੀ ਕੋਸ਼ਿਸ਼ ਕਰਦੇ ਹਨ। ਸੱਜੇ: ਉਨ੍ਹਾਂ ਥਾਵਾਂ ਨੂੰ ਦਿਖਾਉਂਦੇ ਹੋਏ ਜਿਨ੍ਹਾਂ 'ਤੇ ਨਿਸ਼ਾਨ ਲਾ ਕੇ ਲੱਕੜ ਕੱਟੀ ਜਾਣੀ ਹੈ

ਬਾਅਦ ਵਿੱਚ ਉਹ ਆਪਣੇ ਪਿਤਾ ਨਾਲ਼ ਹੀ ਕੰਮ ਕਰਨ ਜਾਣ ਲੱਗੇ, ਜਿਨ੍ਹਾਂ ਨੂੰ 'ਹੋਲੂ ਮਿਸਤਰੀ' ਦੇ ਨਾਮ ਨਾਲ਼ ਜਾਣਿਆ ਜਾਂਦਾ ਹੈ। ਉਨ੍ਹਾਂ ਦੇ ਪਿਤਾ ਵਪਾਰੀ ਵੀ ਸਨ ਅਤੇ ਹੁਇਟਰ ਵੀ (ਖਾਸ ਕਰਕੇ ਇੱਕ ਕਾਰਪੇਂਟਰ ਜੋ ਹਲ ਬਣਾਉਣ ਵਿੱਚ ਮੁਹਾਰਤ ਰੱਖਦਾ ਸੀ)। ਹਨੀਫ ਨੇ ਉਸ ਤਰੀਕੇ ਨੂੰ ਯਾਦ ਕੀਤਾ ਜਿਸ ਤਰ੍ਹਾਂ ਉਨ੍ਹਾਂ ਦੇ ਪਿਤਾ ਆਪਣੇ ਮੋਢਿਆਂ 'ਤੇ ਹਲ ਅਤੇ ਹੋਰ ਔਜ਼ਾਰ ਚੁੱਕਦੇ ਸਨ।

ਹਨੀਫ ਦੇ ਪਿਤਾ ਹਰ ਲੰਘਦੇ ਦਿਨ ਦੇ ਨਾਲ਼ ਬੁਢਾਪੇ ਵੱਲ ਨੂੰ ਵੱਧ ਰਹੇ ਸਨ ਤੇ ਸਮੇਂ ਦੇ ਨਾਲ਼ ਹਨੀਫ ਸਿਰ ਛੇ ਮੈਂਬਰੀ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਪੈਣ ਲੱਗੀਆਂ। ਉਹ ਕਹਿੰਦੇ ਹਨ ਕਿ ਭੈਣਾਂ ਵਿਆਹੁਣ ਵਾਲ਼ੀਆਂ ਸਨ। "ਲੋਕਾਂ ਨੂੰ ਸਾਡੇ ਘਰ ਬਾਰੇ ਪਤਾ ਸੀ, ਕਿਉਂਕਿ ਮੇਰੇ ਪਿਤਾ ਸਾਰੇ ਆਰਡਰ ਪੁਗਾਉਣ ਦੀ ਹਾਲਤ ਵਿੱਚ ਨਹੀਂ ਸਨ, ਇਸ ਲਈ ਮੈਂ ਖੁਦ ਹਲ ਬਣਾਉਣੇ ਸ਼ੁਰੂ ਕਰ ਦਿੱਤੇ।''

ਚਾਰ ਦਹਾਕੇ ਬੀਤ ਗਏ। ਅੱਜ ਹਨੀਫ ਇਕੱਲੇ ਰਹਿੰਦੇ ਹਨ। ਉਨ੍ਹਾਂ ਦਾ ਇੱਕ ਕਮਰੇ ਦਾ ਮਕਾਨ ਨੰਬਰ 3 ਬਰੂਆਜ਼ਾਰ ਪਿੰਡ ਵਿੱਚ ਹੈ, ਇਸ ਪਿੰਡ ਨੇ ਉਨ੍ਹਾਂ ਵਰਗੇ ਕਈ ਬੰਗਾਲੀ ਮੁਸਲਮਾਨਾਂ ਨੂੰ ਘਰ ਦਿੱਤਾ ਹੈ। ਇਹ ਖੇਤਰ ਦਲਗਾਓਂ ਵਿਧਾਨ ਸਭਾ ਹਲਕੇ ਦੇ ਅਧੀਨ ਆਉਂਦਾ ਹੈ। ਬਾਂਸ ਦੀ ਵਲ਼ਗਣ ਨਾਲ਼ ਬਣੇ ਉਨ੍ਹਾਂ ਦੇ ਕਮਰੇ ਵਿੱਚ ਸਿਰਫ਼ ਇੱਕ ਛੋਟਾ ਜਿਹਾ ਬਿਸਤਰਾ, ਖਾਣਾ ਪਕਾਉਣ ਦੇ ਕੁਝ ਭਾਂਡੇ ਹਨ - ਚਾਵਲ ਬਣਾਉਣ ਲਈ ਇੱਕ ਭਾਂਡਾ, ਇੱਕ ਪਤੀਲਾ, ਸਟੀਲ ਦੀਆਂ ਕੁਝ ਪਲੇਟਾਂ ਅਤੇ ਇੱਕ ਗਲਾਸ ਹੀ ਹਨ।

"ਇਹ ਕੰਮ ਜੋ ਮੇਰੇ ਪਿਤਾ ਕਰਦੇ ਸਨ ਅਜੇ ਵੀ ਜਾਰੀ ਹੈ, ਇਹ ਕੰਮ ਪਿੰਡ ਦੇ ਲੋਕਾਂ ਲਈ ਬਹੁਤ ਮਹੱਤਵਪੂਰਨ ਹੈ," ਉਹ ਆਪਣੇ ਗੁਆਂਢੀ ਕਿਸਾਨਾਂ ਬਾਰੇ ਕਹਿੰਦੇ ਹਨ। ਉਹ ਪੰਜ ਪਰਿਵਾਰਾਂ ਦੇ ਸਾਂਝੇ ਵਿਹੜੇ ਵਿੱਚ ਬੈਠੇ ਗੱਲਾਂ ਕਰ ਰਹੇ ਹਨ। ਇਹ ਪਰਿਵਾਰ, ਉਨ੍ਹਾਂ ਵਾਂਗ, ਇੱਕ ਕਮਰੇ ਦੇ ਘਰਾਂ ਵਿੱਚ ਰਹਿੰਦੇ ਹਨ। ਬਾਕੀ ਚਾਰ ਮਕਾਨ ਉਨ੍ਹਾਂ ਦੀ ਭੈਣ, ਛੋਟੇ ਬੇਟੇ ਅਤੇ ਭਤੀਜਿਆਂ ਦੇ ਹਨ। ਉਨ੍ਹਾਂ ਦੀ ਭੈਣ ਲੋਕਾਂ ਦੇ ਖੇਤਾਂ ਅਤੇ ਘਰਾਂ ਵਿੱਚ ਕੰਮ ਕਰਦੀ ਹੈ; ਉਨ੍ਹਾਂ ਦੇ ਭਤੀਜੇ ਕੰਮ ਦੀ ਭਾਲ਼ ਵਿੱਚ ਦੱਖਣੀ ਰਾਜਾਂ ਵਿੱਚ ਚਲੇ ਜਾਂਦੇ ਹਨ।

ਹਨੀਫ ਦੇ ਕੁੱਲ ਨੌਂ ਬੱਚੇ ਹਨ, ਪਰ ਉਨ੍ਹਾਂ ਵਿੱਚੋਂ ਕੋਈ ਵੀ ਇਸ ਕਲਾ ਵਿੱਚ ਸ਼ਾਮਲ ਨਹੀਂ ਹੈ। ਇਸ ਲਈ ਕਿਉਂਕਿ ਇਸ ਕੰਮ ਦੀ ਮੰਗ ਘੱਟ ਰਹੀ ਹੈ। "ਅਗਲੀ ਪੀੜ੍ਹੀ ਇਹ ਵੀ ਨਹੀਂ ਪਛਾਣ ਸਕੇਗੀ ਕਿ ਰਵਾਇਤੀ ਹਲ ਕਿਹੋ ਜਿਹਾ ਦਿਖਾਈ ਦੇਵੇਗਾ," ਮੁਕੱਦਸ ਅਲੀ ਦੇ ਭਤੀਜੇ, ਅਫਾਜ਼ ਉਦੀਨ ਕਹਿੰਦੇ ਹਨ। 48 ਸਾਲਾ ਕਿਸਾਨ ਨੇ 15 ਸਾਲ ਪਹਿਲਾਂ ਹਲ ਦੀ ਵਰਤੋਂ ਕਰਨੀ ਬੰਦ ਕਰ ਦਿੱਤੀ ਸੀ। ਉਨ੍ਹਾਂ ਕੋਲ਼ ਛੇ ਬੀਘੇ ਸਿੰਚਾਈ ਤੋਂ ਸੱਖਣੀ ਜ਼ਮੀਨ ਹੈ।

PHOTO • Mahibul Hoque
PHOTO • Mahibul Hoque

ਹਨੀਫ ਦਰਾਂਗ ਜ਼ਿਲ੍ਹੇ ਦੇ ਦਲਗਾਓਂ ਵਿਧਾਨ ਸਭਾ ਹਲਕੇ ਦੇ ਨੰਬਰ 3 ਬਰੂਆਜ਼ਾਰ ਪਿੰਡ ਵਿੱਚ ਇੱਕ ਛੋਟੀ ਜਿਹੀ ਝੌਂਪੜੀ ਵਿੱਚ ਇਕੱਲੇ ਰਹਿੰਦੇ ਹੈ, ਜਿੱਥੇ ਉਨ੍ਹਾਂ ਵਰਗੇ ਬਹੁਤ ਸਾਰੇ ਬੰਗਾਲੀ ਮੂਲ਼ ਦੇ ਮੁਸਲਮਾਨ ਰਹਿੰਦੇ ਹਨ

*****

"ਸੜਕਾਂ 'ਤੇ ਜਾਂਦੇ ਵੇਲ਼ੇ ਮੈਨੂੰ ਕਿਤੇ ਕਟਹਲ ਦਾ ਰੁੱਖ ਦਿੱਸ ਜਾਵੇ ਤਾਂ ਘਰ ਦੇ ਮਾਲਕਾਂ ਨੂੰ ਬੇਨਤੀ ਕਰਦਾ ਹਾਂ ਕਿ ਜੇ ਰੁੱਖ ਕੱਟਣਾ ਹੋਵੇ ਤਾਂ ਮੈਨੂੰ ਦੱਸਣਾ। ਮੈਂ ਉਨ੍ਹਾਂ ਨੂੰ ਦੱਸਦਾ ਹਾਂ ਕਿ ਇਹਦੀ ਲੱਕੜ ਤੋਂ ਚੰਗੇ ਹਲ ਬਣਾਏ ਜਾ ਸਕਦੇ ਹਨ," ਉਹ ਕਹਿੰਦੇ ਹਨ ਤੇ ਦੱਸਦੇ ਹਨ ਕਿ ਉਨ੍ਹਾਂ ਦੇ ਸਥਾਨਕ ਲੋਕਾਂ ਨਾਲ਼ ਚੰਗੇ ਰਿਸ਼ਤੇ  ਹਨ।

ਲੱਕੜ ਦੇ ਸਥਾਨਕ ਵਪਾਰੀ ਵੀ ਉਨ੍ਹਾਂ ਕੋਲ਼ ਆਉਂਦੇ ਹਨ ਜਦੋਂ ਉਨ੍ਹਾਂ ਕੋਲ਼ ਲੱਕੜ ਦੇ ਮੁੜੇ ਹੋਏ ਟੁਕੜੇ ਹੁੰਦੇ ਹੋਣ। ਸਾਲ (ਸ਼ੋਰੀਆ ਰੋਬਸਟਾ), ਸ਼ਿਸ਼ੂ (ਭਾਰਤੀ ਰੋਜ਼ਵੁੱਡ), ਟਾਈਟਾਚੈਪ (ਮਿਸ਼ੇਲੀਆ ਚੰਪਾਕਾ), ਸ਼ਿਰੀਸ਼ (ਅਲਬੇਜੀਆ ਲੇਬੇਕ) ਜਾਂ ਹੋਰ ਸਥਾਨਕ ਤੌਰ 'ਤੇ ਉਪਲਬਧ ਰੁੱਖ ਬੀਮ ਅਤੇ 3 x 2 ਇੰਚ ਚੌੜੇ ਲੱਕੜ ਦੇ ਤਖ਼ਤੇ ਦੀ ਲੋੜ ਹੁੰਦੀ ਹੈ।

"ਰੁੱਖ 25-30 ਸਾਲ ਪੁਰਾਣਾ ਹੋਣਾ ਚਾਹੀਦਾ ਹੈ, ਤਾਂ ਹੀ ਹਲ, ਜੂਲ਼ਾ ਅਤੇ ਭਾਂਡੇ ਲੰਬੇ ਸਮੇਂ ਤੱਕ ਚੱਲਣਗੇ। ਮੋਛੇ ਆਮ ਤੌਰ 'ਤੇ ਜੜ੍ਹਾਂ ਨੇੜਲੇ ਤਣੇ ਤੋਂ ਕੱਟੇ ਜਾਂਦੇ ਹਨ," ਉਨ੍ਹਾਂ ਨੇ ਦੋ ਹਿੱਸਿਆਂ ਵਿੱਚ ਕੱਟੀ ਲੱਕੜ ਵੱਲ ਇਸ਼ਾਰਾ ਕਰਦਿਆਂ ਪਾਰੀ ਨੂੰ ਦੱਸਿਆ।

ਹਨੀਫ ਹਲ ਦੇ ਮੁੱਖ ਹਿੱਸੇ ਲਈ ਲੱਕੜ ਕੱਟ ਰਹੇ ਸਨ ਪਿਛਲੇ ਅਗਸਤ ਨੂੰ ਜਦੋਂ ਪਾਰੀ ਦੀ ਉਨ੍ਹਾਂ ਨਾਲ਼ ਮੁਲਾਕਾਤ ਹੁੰਦੀ ਹੈ। "ਹਲ ਦੇ ਮੁੱਖ ਹਿੱਸੇ ਤੋਂ ਇਲਾਵਾ, ਮੈਂ ਦੋ ਹੈਟੇਂਗੇਲ [ਲੱਕੜ ਦੇ ਹੈਂਡਭਾਂਡੇ] ਵੀ ਬਣਾ ਸਕਦਾ ਹਾਂ ਤਾਂ ਜੋ ਮੈਂ ਲੱਕੜ ਦੇ ਇਸ ਟੁਕੜੇ ਤੋਂ 400-500 ਰੁਪਏ ਵਾਧੂ ਕਮਾ ਸਕਾਂ," ਉਹ 200 ਰੁਪਏ ਵਿੱਚ ਖਰੀਦੀ ਗਈ ਲੱਕੜ ਦੇ ਵਕਰਦਾਰ ਟੁਕੜੇ ਵੱਲ ਇਸ਼ਾਰਾ ਕਰਦੇ ਹੋਏ ਕਹਿੰਦੇ ਹਨ।

''ਮੇਰੇ ਲਈ ਲੱਕੜ ਦੇ ਹਰੇਕ ਟੁਕੜੇ ਤੋਂ ਵੱਧ ਤੋਂ ਵੱਧ ਚੀਜ਼ਾਂ ਬਣਾਉਣਾ ਜ਼ਰੂਰੀ ਹੈ।'' ਇਸ ਤੋਂ ਇਲਾਵਾ, ਉਹ ਕਹਿੰਦੇ ਹਨ ਕਿ ਰੁੱਖ ਦਾ ਆਕਾਰ ਵੀ ਕਿਸਾਨਾਂ ਦੀ ਮੰਗ ਮੁਤਾਬਕ ਹੋਣਾ ਜ਼ਰੂਰੀ ਹੈ। ਉਹ ਚਾਰ ਦਹਾਕਿਆਂ ਤੋਂ ਵੱਧ ਸਮੇਂ ਤੋਂ ਇੰਝ ਕਰ ਰਹੇ ਹਨ, ਉਨ੍ਹਾਂ ਦੇ ਤਜ਼ਰਬੇ ਅਨੁਸਾਰ ਹਲ ਦਾ ਸਭ ਤੋਂ ਪਸੰਦੀਦਾ ਆਕਾਰ ਹੈ 18-ਇੰਚੀ ਸ਼ੇਅਰ/ਕਟਰ (ਹਲ ਨੂੰ ਸਥਿਰ ਕਰਨ ਲਈ) ਅਤੇ 33-ਇੰਚ ਦਾ ਬਾਕੀ ਹਿੱਸਾ।

PHOTO • Mahibul Hoque
PHOTO • Mahibul Hoque

ਖੱਬੇ: ਹਨੀਫ ਮੁੜੀਆਂ ਸ਼ਾਖਾਵਾਂ ਦੀ ਭਾਲ਼ ਵਿੱਚ ਨੇੜਲੇ ਪਿੰਡਾਂ ਵਿੱਚ ਘੁੰਮਦੇ ਰਹਿੰਦੇ ਹਨ। ਕਈ ਵਾਰ, ਪਿੰਡ ਵਾਸੀ ਅਤੇ ਲੱਕੜ ਦੇ ਵਪਾਰੀ ਉਨ੍ਹਾਂ ਨੂੰ ਸੂਚਿਤ ਕਰਦੇ ਹਨ ਜਦੋਂ ਮੁੜੀਆਂ ਟਹਿਣੀਆਂ ਵਾਲ਼ੇ ਰੁੱਖ ਕੱਟੇ ਜਾ ਰਹੇ ਹੁੰਦੇ ਹਨ। ਉਹ ਹਲ ਦੇ ਮੁੱਖ ਹਿੱਸੇ ਨੂੰ ਬਣਾਉਣ ਲਈ ਵਰਤੀ ਜਾਂਦੀ ਲੱਕੜ ਦੇ ਲੌਗ ਵੱਲ ਇਸ਼ਾਰਾ ਕਰਦੇ ਹੋਏ। ਸੱਜੇ: ਉਹ ਘਰ ਦੇ ਅੰਦਰ ਇੱਕ ਲੰਬੇ ਲੱਕੜ ਦੇ ਪਲੇਟਫਾਰਮ 'ਤੇ ਔਜ਼ਾਰ ਇਕੱਠੇ ਕਰਦੇ ਹਨ

PHOTO • Mahibul Hoque
PHOTO • Mahibul Hoque

ਖੱਬੇ: ਹਲ ਅਤੇ ਹੋਰ ਖੇਤੀਬਾੜੀ ਸੰਦ ਸਹੀ ਮਾਪ ਦੇ ਯੰਤਰ ਹਨ। ਹਨੀਫ ਵਕਰਦਾਰ ਹਿੱਸਾ ਦਿਖਾ ਰਹੇ ਹਨ ਜਿੱਥੇ ਹਲ ਦੇ ਮੇਨ ਹਿੱਸੇ ਵਿੱਚ ਬੀਮ ਨੂੰ ਫਿੱਟ ਕਰਨ ਲਈ ਇੱਕ ਸੁਰਾਖ ਬਣਾਉਣਾ ਪੈਂਦਾ ਹੈ। ਜੇ ਸੁਰਾਖ ਸਹੀ ਨਾ ਹੋਵੇ ਤਾਂ ਹਲ ਵਧੇਰੇ ਝੁਕਿਆ ਹੋਇਆ ਬਣਦਾ ਹੈ। ਸੱਜੇ: ਉਹ ਮੋਛੇ ਦੀ ਲੱਕੜ ਕੱਟਣ ਲਈ ਆਪਣੀ 20 ਸਾਲ ਪੁਰਾਣੀ ਬਸੂਲਾ ਅਤੇ 30 ਸਾਲ ਪੁਰਾਣੀ ਕੁਹਾੜੀ ਦੀ ਵਰਤੋਂ ਕਰਦੇ ਹਨ

ਇੱਕ ਵਾਰ ਸਹੀ ਲੱਕੜ ਲੱਭਣ ਤੋਂ ਬਾਅਦ, ਉਨ੍ਹਾਂ ਦਾ ਕੰਮ ਸੂਰਜ ਚੜ੍ਹਨ ਤੋਂ ਪਹਿਲਾਂ ਸ਼ੁਰੂ ਹੋ ਜਾਂਦਾ ਹੈ ਜਦੋਂ ਆਪਣੇ ਕੰਮ ਲਈ ਸਾਜ਼ੋ-ਸਾਮਾਨ ਇਕੱਠਾ ਕਰਦੇ ਹਨ। ਬਾਂਸਾਂ ਦੇ ਬਰਾਂਡੇ ਦੇ ਭੁੰਜੇ ਕੁਝ ਛੈਣੀਆਂ, ਇੱਕ ਬਸੂਲਾ, ਇੱਕ ਜੋੜੀ ਆਰੀ, ਇੱਕ ਕੁਹਾੜੀ, ਲੱਕੜ ਨੂੰ ਚਮਕਾਉਣ ਵਾਲ਼ਾ ਯੰਤਰ ਅਤੇ ਕੁਝ ਜੰਗਲੀ ਰਾਡਾਂ ਰੱਖੀਆਂ ਹੋਈਆਂ ਹਨ।

ਪਹਿਲਾਂ ਉਹ ਆਰੀ ਦੇ ਸਪਾਟ ਪਾਸੇ ਨਾਲ਼ ਕੱਟੇ ਜਾਣ ਵਾਲ਼ੀਆਂ ਥਾਵਾਂ 'ਤੇ ਨਿਸ਼ਾਨ ਲਾਉਂਦੇ ਹਨ। ਉਹ ਦੂਰੀਆਂ ਨੂੰ ਹੱਥ ਨਾਲ਼ ਮਾਪਦੇ ਹਨ। ਮਾਰਕਿੰਗ ਦਾ ਕੰਮ ਖਤਮ ਹੋਣ ਤੋਂ ਬਾਅਦ ਉਹ ਆਪਣੀ 30 ਸਾਲ ਪੁਰਾਣੀ ਕੁਹਾੜੀ ਚੁੱਕਦੇ ਹਨ। "ਫਿਰ ਮੈਂ ਲੱਕੜ ਦੀ ਸਤ੍ਹਾ ਨੂੰ ਪੱਧਰਾ ਕਰਨ ਲਈ ਟੇਸ਼ਾ [ਹੈਂਡਕੰਬ] ਦੀ ਵਰਤੋਂ ਕਰਦਾ ਹਾਂ," ਇਹ ਹੁਨਰਮੰਦ ਕਾਰੀਗਰ ਕਹਿੰਦਾ ਹੈ। ਫਿਰ ਨੰਗੋਲ ਨਾਂ ਦਾ ਹਿੱਸਾ, ਜਿਸ ਨੂੰ ਆਸਾਨੀ ਨਾਲ਼ ਦੋ ਹਿੱਸਿਆਂ ਵਿੱਚ ਵੰਡਿਆ ਜਾਂਦਾ ਹੈ, ਨੂੰ ਬਾਹਰ ਕੱਢਿਆ ਜਾਂਦਾ ਹੈ।

"ਸਾਈਡ ਬਲੇਡ ਦਾ ਸ਼ੁਰੂਆਤੀ ਬਿੰਦੂ (ਜੋ ਜ਼ਮੀਨ ਅੰਦਰ ਧੱਸਦਾ ਹੈ) ਲਗਭਗ ਛੇ ਇੰਚ ਹੁੰਦਾ ਹੈ, ਜੋ ਹੌਲ਼ੀ-ਹੌਲ਼ੀ ਘਟਦਾ ਹੋਇਆ 1.5 ਤੋਂ 2 ਇੰਚ ਤੱਕ ਲਿਆਂਦਾ ਜਾਂਦਾ ਹੈ," ਉਹ ਕਹਿੰਦੇ ਹਨ। ਬਲੇਡ ਦੀ ਮੋਟਾਈ 8 ਜਾਂ 9 ਇੰਚ ਹੋਣੀ ਚਾਹੀਦੀ ਹੈ। ਇਸ ਨੂੰ ਮੋੜਿਆ ਜਾਂਦਾ ਹੈ ਅਤੇ ਹਲ ਦੇ ਮੁੱਖ ਹਿੱਸੇ ਨਾਲ਼ ਜੋੜ ਦਿੱਤਾ ਜਾਂਦਾ ਹੈ।

ਬਲੇਡ ਨੂੰ ਫਾਲ ਜਾਂ ਪੌਲ ਕਿਹਾ ਜਾਂਦਾ ਹੈ। ਇਹ ਲਗਭਗ 9-12 ਇੰਚ ਲੰਬੀ ਅਤੇ 1.5-2 ਇੰਚ ਚੌੜੀ ਲੋਹੇ ਦੀ ਪੱਟੀ ਤੋਂ ਬਣਿਆ ਹੈ, ਜਿਸ ਦੇ ਦੋਵੇਂ ਸਿਰਿਆਂ 'ਤੇ ਤਿੱਖੇ ਕਿਨਾਰੇ ਹਨ। "ਇਸ ਦੇ ਦੋਵੇਂ ਕਿਨਾਰੇ ਤਿੱਖੇ ਹਨ। ਜੇ ਇੱਕ ਪਾਸਾ ਖੁੰਡਾ ਪੈ ਜਾਵੇ ਤਾਂ ਕਿਸਾਨ ਦੂਜੇ ਪਾਸੇ ਦੀ ਵਰਤੋਂ ਕਰ ਸਕਦਾ ਹੈ," ਹਨੀਫ ਆਪਣੇ ਘਰ ਤੋਂ ਤਿੰਨ ਕਿਲੋਮੀਟਰ ਦੂਰ, ਬੇਚਿਮਾਰੀ ਬਜ਼ਾਰ ਵਿੱਚ ਸਥਾਨਕ ਲੁਹਾਰਾਂ ਦੁਆਰਾ ਧਾਤੂ ਦਾ ਕੰਮ ਕਰਵਾਉਂਦੇ ਹਨ।

ਲੱਕੜ ਦੇ ਇੱਕ ਟੁਕੜੇ ਨੂੰ ਆਕਾਰ ਵਿੱਚ ਲਿਆਉਣ ਅਤੇ ਇਸਦੀ ਸਤਹ ਨੂੰ ਸੁਚਾਰੂ ਬਣਾਉਣ ਲਈ ਕਦੇ ਕੁਹਾੜੀ ਤੇ ਕਦੇ ਬਸੂਲੇ ਨਾਲ਼ ਲਗਾਤਾਰ ਪੰਜ ਘੰਟੇ ਕੰਮ ਕਰਨਾ ਪੈਂਦਾ ਹੈ। ਫਿਰ ਇਸ ਨੂੰ ਹੱਥੀਂ ਚੀਕਣਾ ਕੀਤਾ ਜਾਂਦਾ ਹੈ।

ਇੱਕ ਵਾਰ ਜਦੋਂ ਹਲ ਦਾ ਮੁੱਖ ਹਿੱਸਾ (ਸਰੀਰ) ਤਿਆਰ ਹੋ ਜਾਂਦਾ ਹੈ, ਤਾਂ ਹੁਇਟਰ ਉਸ ਜਗ੍ਹਾ ਨੂੰ ਲੱਭ ਲੈਂਦਾ ਹੈ ਜਿੱਥੇ ਹਲ ਲਈ ਬੀਮ ਰੱਖੀ ਜਾਣੀ ਹੈ ਅਤੇ ਸੋਧ ਨੂੰ ਡ੍ਰਿਲ ਕਰਨ ਲਈ ਸਹੀ ਸਥਾਨ ਨਿਰਧਾਰਤ ਕਰਦਾ ਹੈ। "ਇਹ ਸੁਰਾਖ ਈਸ਼ [ਲੱਕੜ ਦੀ ਬੀਮ] ਦੇ ਆਕਾਰ ਦੇ ਜਿੰਨਾ ਸੰਭਵ ਹੋ ਸਕੇ ਬਰਾਬਰ ਹੋਣਾ ਚਾਹੀਦਾ ਹੈ, ਕਿਉਂਕਿ ਹਲ ਵਾਹੁੰਦੇ ਸਮੇਂ ਇਹ ਢਿੱਲਾ ਨਹੀਂ ਹੋਣਾ ਚਾਹੀਦਾ। ਇਹ ਆਮ ਤੌਰ 'ਤੇ 1.5 ਜਾਂ 2 ਇੰਚ ਚੌੜਾ ਹੁੰਦਾ ਹੈ।''

PHOTO • Mahibul Hoque
PHOTO • Mahibul Hoque

ਖੱਬੇ: ਹਨੀਫ ਨੂੰ ਛੇ ਮਹੀਨੇ ਪੁਰਾਣੇ ਮੋਛੇ ਦੇ ਬਾਹਰੀ ਹਿੱਸੇ ਨੂੰ ਕੁਸ਼ਲਤਾ ਨਾਲ਼ ਕੱਟਦੇ ਹੋਏ ਦੇਖਿਆ ਜਾ ਸਕਦਾ ਹੈ। ਹਲ ਦਾ ਮੁੱਖ ਹਿੱਸਾ ਬਣਾਉਣ ਲਈ ਮੋਛੇ ਦੇ ਟੇਢੇ-ਮੇਢੇ ਕਿਨਾਰਿਆਂ ਨੂੰ ਕੱਟਣ ਅਤੇ ਚੀਕਣਾ ਕਰਨ ਦੀ ਇਸ ਪ੍ਰਕਿਰਿਆ ਵਿੱਚ ਘੱਟੋ ਘੱਟ ਇੱਕ ਦਿਨ ਲੱਗਦਾ ਹੈ। ਸੱਜੇ: ਮਾਸਟਰ ਕਾਰੀਗਰ ਨੂੰ ਆਪਣੀ ਰਿਹਾਇਸ਼ ਦੇ ਬਾਹਰ ਆਰਾਮ ਕਰਦੇ ਦੇਖਿਆ ਜਾ ਸਕਦਾ ਹੈ

PHOTO • Mahibul Hoque
PHOTO • Mahibul Hoque

ਖੱਬੇ: ਹਨੀਫ ਦੇ ਸਾਈਕਲ ਦੇ ਪਾਸੇ ਇੱਕ ਹਲ ਅਤੇ ਇਹਦਾ ਹੈਂਡਲ ਬੰਨ੍ਹਿਆ ਹੋਇਆ ਹੈ। ਉਹ ਇਨ੍ਹਾਂ ਚੀਜ਼ਾਂ ਨਾਲ਼ ਜੂਲ਼ਾ ਅਤੇ ਹੱਥ ਦੇ ਭਾਂਡੇ ਵੀ ਲੈ ਕੇ ਜਾਂਦੇ ਹਨ, ਜਿਸ ਕਰਕੇ ਬਜ਼ਾਰ ਪਹੁੰਚਣ ਲਈ ਪੰਜ ਤੋਂ ਛੇ ਕਿਲੋਮੀਟਰ ਪੈਦਲ ਚੱਲਣਾ ਪੈਂਦਾ ਹੈ। ਸੱਜੇ: ਸੋਮਵਾਰ ਨੂੰ ਆਯੋਜਿਤ ਹਫਤੇ ਦੇ ਹਾਟ (ਬਜ਼ਾਰ) ਦਾ ਇੱਕ ਦ੍ਰਿਸ਼

ਹਲ ਦੀ ਉਚਾਈ ਨੂੰ ਸੋਧਣ ਲਈ, ਹਨੀਫ ਹਲ ਬੀਮ ਦੇ ਸਿਖਰਲੇ ਸਿਰੇ 'ਤੇ ਪੰਜ ਤੋਂ ਛੇ ਲੂਪ ਬਣਾਉਂਦੇ ਹਨ। ਇਹ ਲੂਪ ਕਿਸਾਨਾਂ ਨੂੰ ਉਨ੍ਹਾਂ ਦੀ ਲੋੜੀਂਦੀ ਮਿੱਟੀ ਦੀ ਬਿਜਾਈ ਦੀ ਡੂੰਘਾਈ ਦੇ ਅਨੁਸਾਰ ਹਲ ਨੂੰ ਅਨੁਕੂਲ ਕਰਨ ਦੀ ਸੌਖ ਦਿੰਦੇ ਹਨ।

ਹਨੀਫ ਦਾ ਕਹਿਣਾ ਹੈ ਕਿ ਲੱਕੜ ਕੱਟਣ ਲਈ ਆਰਾ ਮਸ਼ੀਨ ਦੀ ਵਰਤੋਂ ਮਹਿੰਗੀ ਅਤੇ ਥਕਾ ਸੁੱਟਣ ਵਾਲ਼ੀ ਹੈ। "ਜੇ ਮੈਂ 200 ਰੁਪਏ ਵਿੱਚ ਇੱਕ ਲੌਗ ਖਰੀਦਦਾ ਹਾਂ, ਤਾਂ ਮੈਨੂੰ ਇਸ ਨੂੰ ਕੱਟਣ ਵਾਲ਼ੇ ਵਿਅਕਤੀ ਨੂੰ 150 ਰੁਪਏ ਵਾਧੂ ਦੇਣੇ ਪੈਂਦੇ ਹਨ।''

ਹਲ ਨੂੰ ਮੁਕੰਮਲ ਕਰਨ ਤੇ ਅਖੀਰੀ ਛੋਹ ਦੇਣ ਲਈ ਹੋਰ ਦੋ ਦਿਨ ਲੱਗ ਸਕਦੇ ਹਨ ਤੇ ਇੱਕ ਹਲ 1,200 ਰੁਪਏ ਵਿੱਚ ਵਿਕਦਾ ਹੈ।

ਕੁਝ ਵਿਅਕਤੀ ਖਰੀਦਣ ਲਈ ਸਿੱਧੇ ਉਨ੍ਹਾਂ ਕੋਲ਼ ਆਉਂਦੇ ਹਨ; ਫਿਰ ਵੀ, ਹਨੀਫ ਆਪਣੀ ਉਪਜ ਵੇਚਣ ਲਈ ਦਰਾਂਗ ਜ਼ਿਲ੍ਹੇ ਦੇ ਦੋ ਹਫ਼ਤਿਆਂ ਦੇ ਬਜ਼ਾਰਾਂ – ਲਾਲਫੂਲ ਬਜ਼ਾਰ ਅਤੇ ਬੇਚਿਮਾਰੀ ਬਜ਼ਾਰ – ਦਾ ਦੌਰਾ ਕਰਦੇ ਹਨ। "ਇੱਕ ਕਿਸਾਨ ਨੂੰ ਹਲ ਅਤੇ ਇਸ ਨਾਲ਼ ਜੁੜੇ ਸਾਜ਼ੋ-ਸਾਮਾਨ 'ਤੇ ਲਗਭਗ 3,500 ਤੋਂ 3,700 ਰੁਪਏ ਖਰਚ ਕਰਨੇ ਪੈਂਦੇ ਹਨ," ਉਹ ਦੱਸਦੇ ਹਨ ਕਿ ਕਿਵੇਂ ਉਨ੍ਹਾਂ ਦੇ ਗਾਹਕ ਉੱਚ ਲਾਗਤ ਕਾਰਨ ਦੂਜੇ ਕਿਸਾਨਾਂ ਤੋਂ ਖੇਤੀ ਸੰਦ ਕਿਰਾਏ 'ਤੇ ਲੈ ਰਹੇ ਹਨ। "ਟਰੈਕਟਰਾਂ ਨੇ ਹੁਣ ਖੇਤੀ ਕਰਨ ਦੇ ਰਵਾਇਤੀ ਤਰੀਕੇ ਨੂੰ ਬਦਲ ਦਿੱਤਾ ਹੈ।''

ਹਨੀਫ ਨੇ ਆਪਣਾ ਕੰਮ ਬੰਦ ਨਹੀਂ ਕੀਤਾ ਹੈ। ਉਹ ਆਪਣੇ ਸਾਈਕਲ 'ਤੇ ਹਲ ਅਤੇ ਖੁਟੀ ਬੰਨ੍ਹੀ ਸਫ਼ਰ 'ਤੇ ਨਿਕਲ਼ ਜਾਂਦੇ ਹਨ। "ਜਿਸ ਦਿਨ ਲੋਕਾਂ ਨੂੰ ਇਹ ਸਮਝ ਆ ਗਿਆ ਕਿ ਟਰੈਕਟਰ ਨਾਲ਼ ਮਿੱਟੀ ਤਬਾਹ ਹੁੰਦੀ ਹੈ, ਲੋਕ ਦੁਬਾਰਾ ਹਲ ਲੱਭਣਾ ਸ਼ੁਰੂ ਕਰ ਦੇਣਗੇ," ਉਹ ਕਹਿੰਦੇ ਹਨ।

ਇਸ ਰਿਪੋਰਟ ਨੂੰ ਮ੍ਰਿਣਾਲਿਨੀ ਮੁਖਰਜੀ ਫਾਊਂਡੇਸ਼ਨ ( ਐਮਐਮਐਫ ) ਫੈਲੋਸ਼ਿਪ ਦੁਆਰਾ ਸਮਰਥਨ ਦਿੱਤਾ ਗਿਆ ਸੀ।

ਤਰਜਮਾ: ਕਮਲਜੀਤ ਕੌਰ

Mahibul Hoque

Mahibul Hoque is a multimedia journalist and researcher based in Assam. He is a PARI-MMF fellow for 2023.

यांचे इतर लिखाण Mahibul Hoque
Editor : Priti David

प्रीती डेव्हिड पारीची वार्ताहर व शिक्षण विभागाची संपादक आहे. ग्रामीण भागांचे प्रश्न शाळा आणि महाविद्यालयांच्या वर्गांमध्ये आणि अभ्यासक्रमांमध्ये यावेत यासाठी ती काम करते.

यांचे इतर लिखाण Priti David
Translator : Kamaljit Kaur

कमलजीत कौर पंजाबच्या रहिवासी असून मुक्त अनुवादक आहेत. त्यांनी पंजाबी साहित्यामध्ये एमए केलं आहे. समाज न्याय आणि समताधिष्ठित असावा असा त्यांचा ठाम विश्वास असून तो प्रत्यक्षात आणण्यासाठी त्या कार्यरत असतात.

यांचे इतर लिखाण Kamaljit Kaur