ਜਨਵਰੀ 2005 ਤੋਂ ਹੁਣ ਤੀਕਰ ਭੋਲੀ ਦੇਵੀ ਵਿਸ਼ਨੋਈ ਨੂੰ ਚੁੜੇਲ ਐਲਾਨਿਆਂ 15 ਸਾਲ ਬੀਤ ਚੁੱਕੇ ਹਨ। ਰਾਜਸਥਾਨ ਦੇ ਦਰੀਬਾ ਪਿੰਡ ਵਿਖੇ ਉਸ ਦਿਨ ਤਿੰਨ ਔਰਤਾਂ ਨੇ ਭੋਲੀ 'ਤੇ ਚੁੜੇਲ ਹੋਣ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਬੀਮਾਰ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਨੇ ਭੋਲੀ ਨੂੰ ਪੂਰੇ ਪਿੰਡ ਸਾਹਮਣੇ ਚੁੜੇਲ ਕਿਹਾ ਤੇ ਦੋਸ਼ ਲਾਇਆ ਕਿ ਉਹ ਦੂਜਿਆਂ ਦੇ ਸਰੀਰ ਵਿੱਚ ਦਾਖ਼ਲ ਹੁੰਦੀ ਹੈ ਤੇ ਲੋਕਾਂ ਨੂੰ ਬੀਮਾਰ ਕਰਦੀ ਹੈ।
ਘਟਨਾ ਦੇ ਚਾਰ ਮਹੀਨਿਆਂ ਬਾਅਦ ਭੋਲੀ ਦੇਵੀ ਤੇ ਉਨ੍ਹਾਂ ਦੇ ਪਰਿਵਾਰ ਨੂੰ ਪਿੰਡ ਛੱਡਣ ਲਈ ਮਜ਼ਬੂਰ ਕੀਤਾ ਗਿਆ। ਉਹ ਭੀਲਵਾੜਾ ਜ਼ਿਲ੍ਹੇ ਦੀ ਸੁਵਾਨਾ ਤਹਿਸੀਲ ਵਿਖੇ ਕਰੀਬ 500 ਪਰਿਵਾਰਾਂ ਦੇ ਪਿੰਡ, ਦਰੀਬਾ ਤੋਂ 14 ਕਿਲੋਮੀਟਰ ਦੂਰ ਭੀਲਵਾੜਾ ਸ਼ਹਿਰ ਵਿੱਚ ਰਹਿਣ ਲਈ ਆ ਗਏ।
ਕਰੀਬ 50 ਸਾਲਾ ਕਿਸਾਨ ਅਤੇ ਘਰੇਲੂ ਔਰਤ, ਭੋਲੀ ਕਹਿੰਦੀ ਹਨ ਕਿ ਉਹ ਚੁੜੇਲ ਪ੍ਰਥਾ ਵਿੱਚ ਯਕੀਨ ਨਹੀਂ ਕਰਦੀ। ਪਰ ਚੁੜੇਲ ਦਾ ਕਲੰਕ ਉਨ੍ਹਾਂ ਦੇ ਸਿਰ 'ਤੇ ਉਦੋਂ ਤੱਕ ਰਹੇਗਾ ਜਦੋਂ ਤੱਕ ਦੋਸ਼ ਮੜ੍ਹਨ ਵਾਲ਼ੀਆਂ ਤੇ ਉਨ੍ਹਾਂ ਨੂੰ ਛੇਕਣ ਵਾਲ਼ੀਆਂ ਔਰਤਾਂ ਉਨ੍ਹਾਂ ਦੇ ਹੱਥੋਂ ਪ੍ਰਸਾਦ ਨਹੀਂ ਲੈਂਦੀਆਂ, ਉਹ ਦੱਸਦੀ ਹਨ।
ਆਪਣੇ ਉੱਪਰ ਲੱਗੇ ਚੁੜੇਲ ਦੇ ਕਲੰਕ ਨੂੰ ਦੂਰ ਕਰਨ ਲਈ ਭੋਲੀ ਲੰਬੇ ਸਮੇਂ ਤੋਂ ਕੋਸ਼ਿਸ਼ ਕਰ ਰਹੀ ਹਨ। ਰਿਸ਼ਤੇਦਾਰਾਂ ਤੇ ਪਿੰਡ ਵਾਲ਼ਿਆਂ ਦੇ ਕਹਿਣ 'ਤੇ ਉਹ ਪੁਸ਼ਕਰ, ਹਰਿਦੁਆਰ ਤੇ ਕੇਦਾਰਨਾਥ ਦੀਆਂ ਤੀਰਥ ਯਾਤਰਾਵਾਂ ਤੋਂ ਲੈ ਕੇ ਗੰਗਾ ਇਸ਼ਨਾਨ ਅਤੇ ਵਰਤ ਤੱਕ ਰੱਖ ਚੁੱਕੀ ਹਨ ਕਿਉਂਕਿ ਉਨ੍ਹਾਂ ਨੂੰ ਦੱਸਿਆ ਗਿਆ ਕਿ ਉਨ੍ਹਾਂ ਦੇ ਇਨ੍ਹਾਂ ਕੰਮਾਂ ਕਰਕੇ ਹੀ ਉਨ੍ਹਾਂ ਨੂੰ ਚੁੜੇਲ ਦੇ ਕਲੰਕ ਤੋਂ ਮੁਕਤੀ ਮਿਲ਼ ਜਾਊਗੀ।
''ਤੀਰਥ, ਵਰਤ ਤੇ ਹੋਰ ਸਾਰੇ ਰਿਵਾਜਾਂ ਨੂੰ ਨਿਭਾਉਣ ਤੋਂ ਬਾਅਦ ਅਸੀਂ ਕੁਝ ਜੋੜਿਆਂ ਨੂੰ ਦਾਅਵਤ 'ਤੇ ਸੱਦਿਆ, ਪਰ ਕੋਈ ਵੀ ਮੇਰੇ ਘਰ ਆਇਆ ਹੀ ਨਹੀਂ,'' ਭੋਲੀ ਕਹਿੰਦੀ ਹਨ। ਬਾਈਕਾਟ ਮੁੱਕਣ ਦੀ ਉਮੀਦ ਵਿੱਚ ਭੋਲੀ ਦੇ ਪਰਿਵਾਰ ਨੇ ਆਪਣੇ ਘਰ ਤੇ ਪਿੰਡ ਵਿੱਚ ਤੀਜ-ਤਿਓਹਾਰਾਂ ਮੌਕੇ ਕਈ ਵਾਰ ਖਾਣ-ਪੀਣ ਦਾ ਅਯੋਜਨ ਕੀਤਾ। ਭੋਲੀ ਦਾ ਅੰਦਾਜ਼ਾ ਹੈ ਕਿ ਇਸ ਸਭ ਕਾਸੇ 'ਤੇ ਉਹ ਹੁਣ ਤੱਕ 10 ਲੱਖ ਰੁਪਏ ਤੱਕ ਖ਼ਰਚ ਚੁੱਕੇ ਹਨ।
ਭੀਲਵਾੜਾ ਵਿਖੇ ਸਮਾਜਿਕ ਕਾਰਕੁੰਨ ਤਾਰਾ ਆਹੂਲਵਾਲੀਆ ਕਹਿੰਦੀ ਹਨ,''ਭੋਲੀ ਜੋ ਛੇਕੇ ਜਾਣ ਦਾ ਸੰਤਾਪ ਹੰਢਾ ਰਹੀ ਹੈ, ਉਹ ਭੀਲਵਾੜਾ ਜ਼ਿਲ੍ਹੇ ਵਿੱਚ ਕੋਈ ਨਵੀਂ ਗੱਲ ਨਹੀਂ ਹੈ।'' 2005 ਵਿੱਚ ਘਟਨਾ ਤੋਂ ਬਾਅਦ ਤਾਰਾ ਨੇ ਵੀ ਭੋਲੀ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਅਦਾਲਤ ਜ਼ਰੀਏ ਮਾਮਲਿਆਂ ਦੀ ਐੱਫ਼ਆਈਆਰ ਦਰਜ ਕਰਵਾਈ ਸੀ।







