ਇਸ ਸਭ ਕਾਸੇ ਦੀ ਸ਼ੁਰੂਆਤ ਕਾਗ਼ਜ਼ ਦੇ ਇੱਕ ਟੁਕੜੇ ਅਤੇ ਇੱਕ ਅਜਨਬੀ ਦੇ ਸਵਾਲ ਤੋਂ ਹੋਈ ਸੀ।

ਕਮਲੇਸ਼ ਡੰਡੋਲੀਆ, ਜੋ ਉਸ ਸਮੇਂ 12 ਸਾਲਾਂ ਦੇ ਸਨ, ਰਾਤੇੜ ਪਿੰਡ ਵਿਖੇ ਆਪਣੇ ਘਰ ਦੇ ਨੇੜੇ ਇੱਕ ਸੈਲਾਨੀ ਗੈਸਟ ਹਾਊਸ ਦੇ ਨੇੜੇ ਸੈਰ ਕਰ ਰਹੇ ਸਨ ਜਦੋਂ ਉਨ੍ਹਾਂ ਨੇ ਇੱਕ ਵਿਦੇਸ਼ੀ ਨੂੰ ਦੇਖਿਆ। "ਉਨ੍ਹਾਂ ਨੇ ਪੁੱਛਿਆ ਕੀ ਮੈਂ ਭਾਰਿਆ ਜਾਣਦਾ ਹਾਂ" ਕਮਲੇਸ਼ ਦੇ ਜਵਾਬ ਦੇਣ ਤੋਂ ਪਹਿਲਾਂ, "ਉਸ ਆਦਮੀ ਨੇ ਮੈਨੂੰ ਇੱਕ ਰੁੱਕਾ ਫੜ੍ਹਾਇਆ ਤੇ ਮੈਨੂੰ ਪੜ੍ਹਨ ਲਈ ਕਿਹਾ।''

ਇਹ ਅਜਨਬੀ ਇਸ ਮੌਕੇ ਦਾ ਫਾਇਦਾ ਉਠਾ ਰਿਹਾ ਸੀ - ਇੱਥੇ ਤਾਮੀਆ ਬਲਾਕ ਦੀ ਪਤਾਲਕੋਟ ਘਾਟੀ ਵਿੱਚ, ਭਾਰਿਆ ਭਾਈਚਾਰੇ ਦੇ ਬਹੁਤ ਸਾਰੇ ਲੋਕ ਰਹਿੰਦੇ ਹਨ, ਜਿਨ੍ਹਾਂ ਨੂੰ ਮੱਧ ਪ੍ਰਦੇਸ਼ ਵਿੱਚ ਵਿਸ਼ੇਸ਼ ਪੱਛੜੀ ਜਨਜਾਤੀ ਸਮੂਹ ( ਪੀਵੀਟੀਜੀ ) ਵਜੋਂ ਸੂਚੀਬੱਧ ਕੀਤਾ ਗਿਆ ਹੈ। ਕਮਲੇਸ਼, ਭਾਰਿਆ ਭਾਈਚਾਰੇ ਨਾਲ਼ ਸਬੰਧ ਰੱਖਦੇ ਹਨ ਅਤੇ ਭਾਈਚਾਰੇ ਦੀ ਭਾਸ਼ਾ – ਭਰਿਆਤੀ ਚੰਗੀ ਤਰ੍ਹਾਂ ਬੋਲ ਲੈਂਦੇ ਸਨ।

ਭਰੋਸੇ ਨਾਲ਼ ਭਰੇ ਨੌਜਵਾਨ ਮੁੰਡੇ ਨੇ ਰੁੱਕਾ ਪੜ੍ਹਨਾ ਸ਼ੁਰੂ ਕਰ ਦਿੱਤਾ। ਇਸ ਵਿੱਚ ਉਨ੍ਹਾਂ ਦੇ ਭਾਈਚਾਰੇ ਬਾਰੇ ਆਮ ਜਾਣਕਾਰੀ ਸੀ ਅਤੇ ਕਿਉਂਕਿ ਲਿਪੀ (ਸਕ੍ਰਿਪਟ) ਦੇਵਨਾਗਰੀ ਸੀ, "ਮੈਨੂੰ ਇਹ ਆਸਾਨ ਲੱਗਿਆ।'' ਉਹ ਯਾਦ ਕਰਦੇ ਹਨ,"ਸ਼ਬਦ ਭਰਿਆਤੀ ਭਾਸ਼ਾ ਵਿੱਚ ਲਿਖੇ ਗਏ ਸਨ," ਉਹ ਚੇਤਿਆਂ ਵਿੱਚ ਗੁਆਚਦਿਆਂ ਕਹਿੰਦੇ ਹਨ,''ਉਨ੍ਹਾਂ ਦੀਆਂ ਧੁਨਾਂ ਮੈਂ ਜਾਣਦਾ ਸਾਂ, ਪਰ ਸ਼ਬਦ ਅਜਨਬੀ ਜਾਪ ਰਹੇ ਸਨ।''

ਉਹ ਇੱਕ ਮਿੰਟ ਲਈ ਰੁਕਦੇ, ਜਿਓਂ ਯਾਦਦਾਸ਼ਤ 'ਤੇ ਜ਼ੋਰ ਦਿੰਦੇ ਹੋਣ। "ਇੱਕ ਸ਼ਬਦ ਸੀ ਜੋ ਕਿਸੇ ਜੰਗਲੀ ਜੜ੍ਹੀ-ਬੂਟੀ [ਚਿਕਿਤਸਕ ਪੌਦੇ] ਦਾ ਨਾਮ ਸੀ। ਕਾਸ਼ ਮੈਂ ਇਸ ਨੂੰ ਲਿਖ ਲਿਆ ਹੁੰਦਾ," ਉਹ ਨਿਰਾਸ਼ਾ ਵਿੱਚ ਆਪਣਾ ਸਿਰ ਹਿਲਾਉਂਦੇ ਹੋਏ ਕਹਿੰਦੇ ਹਨ। "ਮੈਨੂੰ ਹੁਣ ਇਹ ਸ਼ਬਦ ਜਾਂ ਇਸਦਾ ਅਰਥ ਯਾਦ ਨਹੀਂ ਹੈ।''

ਇਸ ਮੁਸ਼ਕਲ ਨੇ ਕਮਲੇਸ਼ ਨੂੰ ਸੋਚਣ ਲਈ ਮਜ਼ਬੂਰ ਕਰ ਦਿੱਤਾ: "ਮੈਂ ਸੋਚਿਆ ਕਿ ਭਰਿਆਤੀ ਦੇ ਹੋਰ ਵੀ ਬਹੁਤ ਸਾਰੇ ਸ਼ਬਦ ਹੋਣਗੇ ਜੋ ਮੈਂ ਨਹੀਂ ਜਾਣਦਾ।'' ਉਹ ਜਾਣਦੇ ਸਨ ਕਿ ਉਨ੍ਹਾਂ ਨੂੰ ਭਰਿਆਤੀ ਚੰਗੀ ਤਰ੍ਹਾਂ ਬੋਲਣੀ ਆਉਂਦੀ ਹੈ- ਉਹ ਆਪਣੇ ਦਾਦਾ-ਦਾਦੀ ਨਾਲ਼ ਭਰਿਆਤੀ ਵਿੱਚ ਗੱਲਬਾਤ ਕਰਦਿਆਂ ਵੱਡੇ ਹੋਏ ਸਨ, ਜਿਨ੍ਹਾਂ ਨੇ ਉਨ੍ਹਾਂ ਨੂੰ ਪਾਲਿਆ ਸੀ। "ਗਭਰੇਟ ਉਮਰ ਤੱਕ ਮੈਂ ਸਿਰਫ਼ ਇਹੀ ਇੱਕੋ ਭਾਸ਼ਾ ਜਾਣਦਾ ਸਾਂ। ਮੈਨੂੰ ਅਜੇ ਵੀ ਚੰਗੀ ਤਰ੍ਹਾਂ ਹਿੰਦੀ ਬੋਲਣੀ ਮੁਸ਼ਕਲ ਲੱਗਦੀ ਹੈ," ਉਹ ਹੱਸਦੇ ਹੋਏ ਕਹਿੰਦੇ ਹਨ।

PHOTO • Ritu Sharma
PHOTO • Ritu Sharma

ਖੱਬੇ : 29 ਸਾਲਾ ਕਮਲੇਸ਼ ਡੰਡੋਲੀਆ ਇੱਕ ਕਿਸਾਨ ਹਨ ਜੋ ਭਾਸ਼ਾ ਨੂੰ ਇਕੱਤਰ ਕਰਨ ਅਤੇ ਸਹੇਜਣ ਵਿੱਚ ਲੱਗੇ ਹੋਏ ਹਨ ਅਤੇ ਭਾਰਿਆ ਭਾਈਚਾਰੇ ਨਾਲ਼ ਸਬੰਧਤ ਹਨ। ਸੱਜੇ : ਮੱਧ ਪ੍ਰਦੇਸ਼ ਦੇ ਛਿੰਦਵਾੜਾ ਜ਼ਿਲ੍ਹੇ ਦੇ ਰੇਟੇਡ ਪਿੰਡ ਵਿਖੇ ਉਨ੍ਹਾਂ ਦਾ ਘਰ

PHOTO • Ritu Sharma
PHOTO • Ritu Sharma

ਖੱਬੇ : ਪਟਲਕੋਟ ਘਾਟੀ ਵਿੱਚ ਦਾਖਲ ਹੁੰਦੇ ਸਮੇਂ ਤਾਮੀਆ ਬਲਾਕ ਦਾ ਨਾਮ ਲਿਖਿਆ ਹੋਇਆ ਹੈ। ਸਤਪੁੜਾ ਪਹਾੜੀਆਂ ' ਸਥਿਤ ਇਸ ਘਾਟੀ ਦੇ 12 ਪਿੰਡਾਂ ' ਭਾਰਿਆ ਭਾਈਚਾਰਾ ਰਹਿੰਦਾ ਹੈ। ਇਸ ਜਗ੍ਹਾ ਸਥਾਨਕ ਲੋਕੀਂ ਆਣ ਜੁੜਦੇ ਰਹਿੰਦੇ ਹਨ, ਜੋ ਅਕਸਰ ਘਰ ਵਾਪਸੀ ਵੇਲ਼ੇ ਸਾਂਝੀਆਂ ਟੈਕਸੀਆਂ ਦੀ ਵਰਤੋਂ ਕਰਦੇ ਹਨ। ਸੱਜੇ : ਕਮਲੇਸ਼ ਦੇ ਘਰ ਦੀ ਬਾਹਰੀ ਸੜਕ ਮੱਧ ਪ੍ਰਦੇਸ਼ ਦੇ ਕਈ ਪ੍ਰਸਿੱਧ ਸੈਰ - ਸਪਾਟਾ ਸਥਾਨਾਂ ਵੱਲ ਜਾਂਦੀ ਹੈ

ਮੱਧ ਪ੍ਰਦੇਸ਼ ਵਿੱਚ ਭਾਰਿਆ ਭਾਈਚਾਰੇ ਦੇ ਲਗਭਗ ਦੋ ਲੱਖ ਲੋਕ ਹਨ (ਅਨੁਸੂਚਿਤ ਕਬੀਲਿਆਂ ਦੀ ਅੰਕੜਾ ਪ੍ਰੋਫਾਈਲ, 2013 ), ਪਰ ਸਿਰਫ਼ 381 ਨੇ ਭਰਿਆਤੀ ਨੂੰ ਆਪਣੀ ਮਾਂ ਬੋਲੀ ਐਲਾਨਿਆ ਹੈ। ਹਾਲਾਂਕਿ, ਇਹ ਜਾਣਕਾਰੀ ਭਾਰਤੀ ਭਾਸ਼ਾਵਾਂ ਦੀ ਮਰਦਮਸ਼ੁਮਾਰੀ ਦੁਆਰਾ ਪ੍ਰਕਾਸ਼ਤ 2001 ਦੇ ਅੰਕੜਿਆਂ ਤੋਂ ਲਈ ਗਈ ਹੈ ਅਤੇ ਇਸ ਤੋਂ ਬਾਅਦ ਇਸ ਨਾਲ਼ ਸਬੰਧਤ ਕੋਈ ਜਾਣਕਾਰੀ ਉਪਲਬਧ ਨਹੀਂ ਹੈ, ਕਿਉਂਕਿ 2011 ਦੀ ਮਰਦਮਸ਼ੁਮਾਰੀ ਵਿੱਚ ਭਰਿਆਤੀ ਨੂੰ ਵੱਖਰੇ ਤੌਰ 'ਤੇ ਸੂਚੀਬੱਧ ਨਹੀਂ ਕੀਤਾ ਗਿਆ ਸੀ। ਇਹ ਭਾਸ਼ਾ ਗੁੰਮਨਾਮ ਮਾਤ ਭਾਸ਼ਾਵਾਂ ਦੀ ਸ਼੍ਰੇਣੀ ਵਿੱਚ ਆਉਂਦੀ ਹੈ, ਜੋ ਅਕਸਰ ਉਨ੍ਹਾਂ ਭਾਸ਼ਾਵਾਂ ਨੂੰ ਨਜ਼ਰਅੰਦਾਜ਼ ਕਰ ਦਿੰਦੀ ਹੈ ਜੋ 10,000 ਤੋਂ ਘੱਟ ਲੋਕਾਂ ਦੁਆਰਾ ਬੋਲੀਆਂ ਜਾਂਦੀਆਂ ਹਨ।

ਸਰਕਾਰ ਵੱਲੋਂ ਜਾਰੀ ਇਸ ਵੀਡੀਓ ਮੁਤਾਬਕ ਇਹ ਭਾਈਚਾਰਾ ਕਦੇ ਮਹਾਰਾਸ਼ਟਰ ਦੇ ਰਾਜਿਆਂ ਦਾ ਕੁਲੀ ਸੀ। ਨਾਗਪੁਰ ਦਾ ਮੁਧੋਜੀ II (ਦੂਜਾ) (ਜਿਸ ਨੂੰ ਅੱਪਾ ਸਾਹਿਬ ਵੀ ਕਿਹਾ ਜਾਂਦਾ ਹੈ) ਤੀਜੀ ਐਂਗਲੋ-ਮਰਾਠਾ ਜੰਗ ਦੌਰਾਨ 1818 ਦੀ ਲੜਾਈ ਵਿੱਚ ਹਾਰ ਗਿਆ ਸੀ ਅਤੇ ਉਸਨੂੰ ਉੱਥੋਂ ਭੱਜਣਾ ਪਿਆ ਸੀ। ਬਹੁਤ ਸਾਰੇ ਭਾਰਿਆ ਲੋਕਾਂ ਨੇ ਵੀ ਅਜਿਹਾ ਹੀ ਕੀਤਾ ਅਤੇ ਮੱਧ ਪ੍ਰਦੇਸ਼ ਦੇ ਛਿੰਦਵਾੜਾ, ਬੈਤੂਲ ਅਤੇ ਪਚਮੜੀ ਦੇ ਜੰਗਲਾਂ ਵਿੱਚ ਵੱਸ ਗਏ।

ਅੱਜ, ਭਾਈਚਾਰਾ ਆਪਣੇ ਆਪ ਨੂੰ ਭਾਰਿਆ (ਜਾਂ ਭਰਿਆਤੀ) ਵਜੋਂ ਪਛਾਣਦਾ ਹੈ। ਉਨ੍ਹਾਂ ਦਾ ਰਵਾਇਤੀ ਕਿੱਤਾ ਝੂਮ ਖੇਤੀ ਸੀ। ਉਨ੍ਹਾਂ ਨੂੰ ਚਿਕਿਸਤਕ ਪੌਦਿਆਂ ਅਤੇ ਜੜ੍ਹੀਆਂ-ਬੂਟੀਆਂ ਦਾ ਵੀ ਵਿਆਪਕ ਗਿਆਨ ਸੀ, ਜਿਸ ਕਾਰਨ ਲੋਕ ਸਾਰਾ ਸਾਲ ਉਨ੍ਹਾਂ ਦੇ ਪਿੰਡ ਆਉਂਦੇ ਰਹਿੰਦੇ ਸਨ। "ਉਹ ਸਾਡੇ ਕੋਲੋਂ ਜੜ੍ਹੀਆਂ-ਬੂਟੀਆਂ ਖਰੀਦਣ ਲਈ ਇੱਥੇ ਆਉਂਦੇ ਹਨ। ਬਹੁਤ ਸਾਰੇ ਬਜ਼ੁਰਗਾਂ ਕੋਲ਼ ਹੁਣ ਲਾਇਸੈਂਸ ਹਨ ਅਤੇ ਉਹ ਕਿਤੇ ਵੀ ਜਾ ਕੇ ਇਨ੍ਹਾਂ ਚਿਕਿਸਤਕ ਪੌਦਿਆਂ ਨੂੰ ਵੇਚ ਸਕਦੇ ਹਨ," ਕਮਲੇਸ਼ ਕਹਿੰਦੇ ਹਨ।

ਹਾਲਾਂਕਿ, ਭਾਸ਼ਾ ਵਾਂਗ, ਇਨ੍ਹਾਂ ਪੌਦਿਆਂ ਦਾ ਗਿਆਨ ਵੀ "ਹੁਣ ਪਿੰਡ ਦੇ ਬਜ਼ੁਰਗਾਂ ਤੱਕ ਹੀ ਸੀਮਤ ਹੈ," ਉਹ ਅੱਗੇ ਕਹਿੰਦੇ ਹਨ।

ਨੌਜਵਾਨ ਪੀੜ੍ਹੀ, ਜਿਸ ਨੇ ਰਵਾਇਤੀ ਗਿਆਨ ਪ੍ਰਾਪਤ ਨਹੀਂ ਕੀਤਾ ਹੈ, ਸਾਰਾ ਸਾਲ ਭੂਰਟੇ (ਮੱਕੀ ਲਈ ਭਰਿਆਤੀ ਸ਼ਬਦ) ਅਤੇ ਮੌਸਮੀ ਜੰਗਲੀ ਉਤਪਾਦਾਂ ਜਿਵੇਂ ਕਿ ਚਾਰਕ (ਚਿਰੋਂਜੀ ਲਈ ਭਰਿਆਤੀ ਸ਼ਬਦ), ਮਹੂ (ਮਹੂਆ), ਔਲ਼ਾ ਅਤੇ ਬਾਲਣ ਦੀ ਲੱਕੜ ਦੀ ਕਾਸ਼ਤ 'ਤੇ ਗੁਜ਼ਾਰਾ ਕਰਦੀ ਹੈ।

ਭਾਈਚਾਰੇ ਦੀਆਂ ਸੜਕਾਂ ਦੀ ਹਾਲਤ ਵੀ ਮਾੜੀ ਹੈ, ਜਦੋਂ ਕਿ ਮਹਾਦੇਵ ਮੰਦਰ ਅਤੇ ਰਾਜਾ ਖੋਹ ਗੁਫਾ ਵਰਗੇ ਪ੍ਰਸਿੱਧ ਸੈਰ-ਸਪਾਟਾ ਸਥਾਨ ਉਨ੍ਹਾਂ ਦੀ ਘਾਟੀ ਵਿੱਚ ਹਨ। ਭਾਈਚਾਰੇ ਦੇ ਮੈਂਬਰ ਮੁੱਖ ਤੌਰ 'ਤੇ ਸਤਪੁੜਾ ਪਹਾੜੀ ਲੜੀ ਦੀ ਤਲਹਟੀ 'ਤੇ ਪਟਲਕੋਟ ਖੇਤਰ ਦੇ 12 ਪਿੰਡਾਂ ਵਿੱਚ ਰਹਿੰਦੇ ਹਨ। ਇੱਥੋਂ ਦੇ ਬੱਚੇ ਆਮ ਤੌਰ 'ਤੇ ਸਿੱਖਿਆ ਪ੍ਰਾਪਤ ਕਰਨ ਲਈ ਇੰਦੌਰ ਵਰਗੇ ਨੇੜਲੇ ਸ਼ਹਿਰਾਂ ਦੇ ਰਿਹਾਇਸ਼ੀ ਸਕੂਲਾਂ ਵਿੱਚ ਪੜ੍ਹਦੇ ਹਨ।

PHOTO • Ritu Sharma
PHOTO • Ritu Sharma

ਖੱਬੇ : ਕਮਲੇਸ਼ ( ਐਨ ਖੱਬੇ ) ਘਰ ਦੇ ਬਾਹਰ ਆਪਣੇ ਪਰਿਵਾਰ ਨਾਲ਼ ਬੈਠੇ ਹਨ। ਉਨ੍ਹਾਂ ਦੇ ਭਰਾ ਦੀ ਪਤਨੀ ਅਤੇ ਪੁੱਤਰ ਸੰਦੀਪ ( ਕੇਸਰੀ ਬੁਣੈਨ ਵਿੱਚ ) ਅਤੇ ਅਮਿਤ , ਕਮਲੇਸ਼ ਦੀ ਮਾਂ ਫੂਲੇਬਾਈ ( ਐਨ ਸੱਜੇ ) ; ਅਤੇ ਦਾਦੀ ਸੁਕਤੀਬਾਈ ( ਗੁਲਾਬੀ ਬਲਾਊਜ਼ ਵਿੱਚ ) ਸੱਜੇ : ਭਾਈਚਾਰੇ ਦਾ ਰਵਾਇਤੀ ਕਿੱਤਾ ਝੂਮ ਖੇਤੀ ਰਿਹਾ ਹੈ। ਅੱਜ ਦੀ ਨੌਜਵਾਨ ਪੀੜ੍ਹੀ ਮੱਕੀ ਦੀ ਕਾਸ਼ਤ ਕਰਦੀ ਹੈ ਅਤੇ ਗੁਜਾਰੇ ਲਈ ਮੌਸਮੀ ਜੰਗਲੀ ਉਪਜ ਜਿਵੇਂ ਲੱਕੜੀ ਇਕੱਠੀ ਕਰਦੀ ਹੈ

*****

ਦਸ ਸਾਲ ਬਾਅਦ, ਵੱਡੇ ਹੋ ਚੁੱਕੇ ਕਮਲੇਸ਼ ਮੱਧ ਭਾਰਤ ਦੀਆਂ ਪਹਾੜੀਆਂ ਵਿੱਚ ਆਪਣੀਆਂ ਗਊਆਂ ਅਤੇ ਬੱਕਰੀਆਂ ਚਰਾ ਰਹੇ ਸਨ ਜਦੋਂ ਉਨ੍ਹਾਂ ਦੀ ਮੁਲਾਕਾਤ ਇੱਕ ਵਾਰ ਫਿਰ ਇੱਕ ਅਜਨਬੀ ਨਾਲ਼ ਹੋਈ। ਉਹ ਉਸ ਪਲ ਨੂੰ ਯਾਦ ਕਰਦਿਆਂ ਮੁਸਕਰਾਉਣ ਲੱਗਦੇ ਹਨ, ਇਹ ਮਹਿਸੂਸ ਕਰਦਿਆਂ ਕਿ ਸਮਾਂ ਆਪੇ ਨੂੰ ਦੁਹਰਾ ਰਿਹਾ ਹੈ। ਅਜਨਬੀ ਨੇ ਕਮਲੇਸ਼ ਨੂੰ ਕੁਝ ਪੁੱਛਣ ਲਈ ਆਪਣੀ ਕਾਰ ਰੋਕੀ ਸੀ, ਇਸ ਲਈ ਉਨ੍ਹਾਂ ਨੇ ਮਨੋਮਨੀਂ ਸੋਚਿਆ, "ਸ਼ਾਇਦ ਉਹ ਵੀ ਪੜ੍ਹਨ ਲਈ ਮੈਨੂੰ ਰੁੱਕਾ ਹੀ ਫੜ੍ਹਾਵੇਗਾ!"

ਕਮਲੇਸ਼ ਨੇ ਖੇਤੀ ਵਿੱਚ ਆਪਣੇ ਪਰਿਵਾਰ ਦੀ ਮਦਦ ਕਰਨ ਲਈ 12ਵੀਂ ਵਿੱਚ ਹੀ ਪੜ੍ਹਾਈ ਛੱਡ ਦਿੱਤੀ; ਉਨ੍ਹਾਂ ਕੋਲ਼ ਅਤੇ ਉਨ੍ਹਾਂ ਦੇ ਸੱਤ ਭੈਣ-ਭਰਾਵਾਂ ਕੋਲ਼ ਕਾਲਜ ਅਤੇ ਸਕੂਲ ਦੀ ਫੀਸ ਦੇਣ ਲਈ ਪੈਸੇ ਨਹੀਂ ਸਨ। ਪਿੰਡ ਵਿੱਚ ਇੱਕ ਪ੍ਰਾਇਮਰੀ ਸਕੂਲ ਸੀ, ਜਿੱਥੇ 5ਵੀਂ ਜਮਾਤ ਤੱਕ ਦੀ ਪੜ੍ਹਾਈ ਹੁੰਦੀ ਸੀ। ਉਸ ਤੋਂ ਬਾਅਦ, ਘਰ ਦੇ ਮੁੰਡੇ ਤਾਮੀਆ ਅਤੇ ਨੇੜਲੇ ਕਸਬਿਆਂ ਦੇ ਰਿਹਾਇਸ਼ੀ ਸਕੂਲਾਂ ਵਿੱਚ ਪੜ੍ਹਨ ਗਏ, ਜਦੋਂ ਕਿ ਕੁੜੀਆਂ ਨੇ ਪੜ੍ਹਾਈ ਛੱਡ ਦਿੱਤੀ।

ਅਜਨਬੀ ਨੇ 22 ਸਾਲਾ ਕਮਲੇਸ਼ ਨੂੰ ਪੁੱਛਿਆ ਕਿ ਕੀ ਉਹ ਆਪਣੀ ਮਾਂ ਬੋਲੀ ਨੂੰ ਸੁਰੱਖਿਅਤ ਰੱਖਣਾ ਚਾਹੁੰਦੇ ਹਨ ਤਾਂ ਜੋ ਅਗਲੀ ਪੀੜ੍ਹੀ ਭਰਿਆਤੀ ਬੋਲਣਾ ਜਾਣ ਸਕੇ। ਇਸ ਸਵਾਲ ਨੇ ਉਨ੍ਹਾਂ ਨੂੰ ਡੂੰਘਿਆਈ ਤੱਕ ਪ੍ਰਭਾਵਿਤ ਕੀਤਾ ਅਤੇ ਉਹ ਤੁਰੰਤ ਇਸ ਲਈ ਸਹਿਮਤ ਹੋ ਗਏ।

ਇਹ ਅਜਨਬੀ ਕੋਈ ਹੋਰ ਨਹੀਂ ਬਲਕਿ ਦੇਹਰਾਦੂਨ ਦੇ ਭਾਸ਼ਾ ਵਿਗਿਆਨ ਇੰਸਟੀਚਿਊਟ ਦੇ ਭਾਸ਼ਾ ਖੋਜਕਰਤਾ, ਪਵਨ ਕੁਮਾਰ ਸਨ, ਜੋ ਭਰਿਆਤੀ ਦਾ ਦਸਤਾਵੇਜ਼ ਬਣਾਉਣ ਲਈ ਉੱਥੇ ਆਏ ਸਨ। ਉਹ ਪਹਿਲਾਂ ਹੀ ਕਈ ਹੋਰ ਪਿੰਡਾਂ ਦੀ ਯਾਤਰਾ ਕਰ ਚੁੱਕੇ ਸਨ ਜਿੱਥੇ ਉਨ੍ਹਾਂ ਨੂੰ ਭਾਸ਼ਾ ਬੋਲਣ/ਜਾਣਨ ਦਾ ਕੋਈ ਨਿਪੁੰਨ ਨਹੀਂ ਸੀ ਮਿਲ਼ਿਆ। ਕਮਲੇਸ਼ ਕਹਿੰਦੇ ਹਨ, "ਪਵਨ ਕੁਮਾਰ ਤਿੰਨ-ਚਾਰ ਸਾਲਾਂ ਤੱਕ ਇਸ ਖੇਤਰ ਵਿੱਚ ਰਹੇ ਅਤੇ "ਕਈ ਕਹਾਣੀਆਂ ਡਿਜੀਟਲ ਰੂਪ ਵਿੱਚ ਪ੍ਰਕਾਸ਼ਤ ਕੀਤੀਆਂ ਅਤੇ ਭਰਿਆਤੀ ਵਿੱਚ ਇੱਕ ਕਿਤਾਬ ਵੀ ਪ੍ਰਕਾਸ਼ਤ ਕੀਤੀ।''

PHOTO • Ritu Sharma
PHOTO • Ritu Sharma

ਖੱਬੇ : ਕਮਲੇਸ਼ ਪੇਸ਼ੇ ਤੋਂ ਕਿਸਾਨ ਹਨ। ਕਮਲੇਸ਼ ਨੇ ਖੇਤੀ ਵਿੱਚ ਆਪਣੇ ਪਰਿਵਾਰ ਦੀ ਮਦਦ ਕਰਨ ਲਈ 12 ਵੀਂ ਵਿੱਚ ਸਕੂਲ ਛੱਡ ਦਿੱਤਾ। ਸੱਜੇ : ਕਮਲੇਸ਼ ਦੀ ਦਾਦੀ ਸੁਕਤੀਬਾਈ ਡੰਡੋਲੀਆ , ਜੋ ਲਗਭਗ 80 ਸਾਲ ਦੇ ਹਨ , ਸਿਰਫ਼ ਭਰਿਆਤੀ ਬੋਲਣਾ ਜਾਣਦੇ ਹਨ ਅਤੇ ਉਨ੍ਹਾਂ ਨੇ ਹੀ ਕਮਲੇਸ਼ ਨੂੰ ਭਾਸ਼ਾ ਸਿਖਾਈ ਸੀ

PHOTO • Ritu Sharma
PHOTO • Ritu Sharma

ਖੱਬੇ : ਭਰਿਆਤੀ ਦੀ ਵਰਣਮਾਲਾ , ਕਮਲੇਸ਼ ਅਤੇ ਭਾਸ਼ਾ ਵਿਕਾਸ ਟੀਮ ਦੁਆਰਾ ਵਿਕਸਤ ਕੀਤੀ ਈ ਹੈ। ਸੱਜੇ : ਉਨ੍ਹਾਂ ਨੇ ਕਈ ਕਿਤਾਬਾਂ ਵੀ ਲਿਖੀਆਂ ਹਨ , ਜਿਸ ਵਿੱਚ ਭਰਿਆਤੀ ਵਿੱਚ ਸਪੈਲਿੰਗ ਲਈ ਇੱਕ ਗਾਈਡ ਵੀ ਸ਼ਾਮਲ ਹੈ

ਕਮਲੇਸ਼ ਦੀ ਸਹਿਮਤੀ ਤੋਂ ਬਾਅਦ, ਪਹਿਲਾ ਕੰਮ ਇੱਕ ਅਜਿਹੀ ਜਗ੍ਹਾ ਲੱਭਣਾ ਸੀ ਜਿੱਥੇ ਉਹ ਬਿਨਾਂ ਕਿਸੇ ਪਰੇਸ਼ਾਨੀ ਦੇ ਕੰਮ ਕਰ ਸਕਦੇ। "ਇੱਥੇ ਬਹੁਤ ਰੌਲਾ ਪੈਂਦਾ ਸੀ ਕਿਉਂਕਿ ਇੱਥੇ ਬਹੁਤ ਸਾਰੇ ਸੈਲਾਨੀ (ਸੈਲਾਨੀ) ਆਉਂਦੇ-ਜਾਂਦੇ ਰਹਿੰਦੇ ਸਨ," ਉਨ੍ਹਾਂ ਨੇ ਭਾਰਿਆ ਭਾਸ਼ਾ ਵਿਕਾਸ ਟੀਮ ਬਣਾਉਣ ਲਈ ਕਿਸੇ ਹੋਰ ਪਿੰਡ ਜਾਣ ਦਾ ਫੈਸਲਾ ਕਰਦਿਆਂ ਕਿਹਾ।

ਇੱਕ ਮਹੀਨੇ ਦੇ ਅੰਦਰ, ਕਮਲੇਸ਼ ਅਤੇ ਉਨ੍ਹਾਂ ਦੀ ਟੀਮ ਨੇ ਸਫ਼ਲਤਾਪੂਰਵਕ ਭਰਿਆਤੀ ਵਰਣਮਾਲਾ ਤਿਆਰ ਕੀਤੀ, "ਮੈਂ ਹਰ ਅੱਖਰ ਦੇ ਸਾਹਮਣੇ ਦਿੱਤੇ ਜਾਣ ਵਾਲ਼ੇ ਸਾਰੇ ਚਿੱਤਰ ਬਣਾਏ। ਖੋਜਕਰਤਾ ਦੀ ਮਦਦ ਨਾਲ਼ ਉਨ੍ਹਾਂ ਦੀ ਟੀਮ ਵਰਣਮਾਲਾ ਦੀਆਂ 500 ਤੋਂ ਵੱਧ ਕਾਪੀਆਂ ਛਾਪਣ 'ਚ ਸਫ਼ਲ ਰਹੀ। ਦੋ ਸਮੂਹਾਂ ਵਿੱਚ ਵੰਡ ਕੇ, ਉਹ ਮੋਟਰਸਾਈਕਲ 'ਤੇ ਸਵਾਰ ਹੋ ਕੇ ਇਨ੍ਹਾਂ ਚਾਰਟਾਂ ਨੂੰ ਨਰਸਿੰਘਪੁਰ, ਸਿਵਨੀ, ਛਿੰਦਵਾੜਾ ਅਤੇ ਹੋਸ਼ੰਗਾਬਾਦ (ਹੁਣ ਨਰਮਦਾਪੁਰਮ) ਸਮੇਤ ਕਈ ਵੱਖ-ਵੱਖ ਸ਼ਹਿਰਾਂ ਦੇ ਪ੍ਰਾਇਮਰੀ ਸਕੂਲਾਂ ਅਤੇ ਆਂਗਨਵਾੜੀਆਂ ਵਿੱਚ ਵੰਡਣ ਲੱਗੇ। ਕਮਲੇਸ਼ ਪਾਰੀ ਨੂੰ ਦੱਸਦੇ ਹਨ, "ਮੈਂ ਇਕੱਲੇ ਹੀ ਤਾਮੀਆ, ਹਰਰਾਏ ਅਤੇ ਇੱਥੋਂ ਤੱਕ ਕਿ ਜੁਨਾਰਦੇਵ ਦੇ 250 ਤੋਂ ਵੱਧ ਪ੍ਰਾਇਮਰੀ ਸਕੂਲਾਂ ਅਤੇ ਆਂਗਣਵਾੜੀਆਂ ਦਾ ਦੌਰਾ ਕੀਤਾ ਹੋਵੇਗਾ।''

ਦੂਰੀਆਂ ਬਹੁਤ ਜ਼ਿਆਦਾ ਸਨ ਅਤੇ ਕਈ ਵਾਰ ਉਹ 85-85 ਕਿਲੋਮੀਟਰ ਤੱਕ ਵੀ ਜਾਂਦੇ ਰਹੇ। "ਅਸੀਂ ਤਿੰਨ-ਚਾਰ ਦਿਨ ਘਰਾਂ ਨੂੰ ਨਾ ਮੁੜਦੇ। ਅਸੀਂ ਰਾਤ ਨੂੰ ਕਿਸੇ ਦੇ ਵੀ ਘਰ ਰੁਕ ਜਾਇਆ ਕਰਦੇ ਅਤੇ ਸਵੇਰੇ ਵਾਪਸ ਜਾ ਕੇ ਚਾਰਟ ਵੰਡਣ ਲੱਗਦੇ।''

ਕਮਲੇਸ਼ ਕਹਿੰਦੇ ਹਨ ਕਿ ਪ੍ਰਾਇਮਰੀ ਸਕੂਲ ਦੇ ਜ਼ਿਆਦਾਤਰ ਅਧਿਆਪਕ ਜਿਨ੍ਹਾਂ ਨੂੰ ਉਹ ਮਿਲੇ ਸਨ, ਉਨ੍ਹਾਂ ਨੂੰ ਆਪਣੇ ਭਾਈਚਾਰੇ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਸੀ, "ਪਰ ਉਹ ਸਾਡੇ ਯਤਨਾਂ ਦੀ ਬਹੁਤ ਸ਼ਲਾਘਾ ਕਰਦੇ ਸਨ, ਜਿਸ ਨੇ ਸਾਨੂੰ ਉਨ੍ਹਾਂ ਪਿੰਡਾਂ ਤੱਕ ਪਹੁੰਚਣ ਵਿੱਚ ਮਦਦ ਕੀਤੀ ਜਿੱਥੇ ਹੁਣ ਭਰਿਆਤੀ ਨਹੀਂ ਬੋਲੀ ਜਾਂਦੀ।''

PHOTO • Ritu Sharma
PHOTO • Ritu Sharma

ਅਰੀਆ ( ਜਿਸ ਨੂੰ ਮਧੇਛੀ ਵੀ ਕਿਹਾ ਜਾਂਦਾ ਹੈ ) ਕੰਧ ਵਿੱਚ ਬਣੀ ਆਲ਼ੇਨੁਮਾ ਥਾਂ ਨੂੰ ਕਹਿੰਦੇ ਹਨ ਜਿੱਥੇ ਰੋਜ਼ਾਨਾ ਦੀਆਂ ਚੀਜ਼ਾਂ ਰੱਖੀਆਂ ਜਾਂਦੀਆਂ ਹਨ। ਬੱਚਿਆਂ ਨੂੰ ਨੇੜੇ ਦੀਆਂ ਚੀਜ਼ਾਂ ਪਛਾਣ ਵਿੱਚ ਮਦਦ ਕਰਨ ਲਈ , ਕਮਲੇਸ਼ ਨੇ ਇਸ ਨੂੰ ਭਰਿਆਤੀ ਵਰਣਮਾਲਾ ਵਿੱਚ ਵਰਤਿਆ ਹੈ

PHOTO • Ritu Sharma
PHOTO • Ritu Sharma

ਖੱਬੇ : ਕਮਲੇਸ਼ ਆਖਰੀ ਕੁਝ ਬਾਕੀ ਚਾਰਟ ਪੇਪਰ ਦਿਖਾਉਂਦੇ ਹਨ ਜਿਨ੍ਹਾਂ ਦਾ ਇਸਤੇਮਾਲ ਭਰਿਆਤੀ ਭਾਸ਼ਾ ਦਾ ਦਸਤਾਵੇਜ਼ ਬਣਾਉਣ ਲਈ ਕੀਤਾ ਜਾਂਦਾ ਸੀ ਅਤੇ ਹੁਣ ਇੱਕ ਡੱਬੇ ਵਿੱਚ ਬੰਦ ਹੈ। ਕੋਰੋਨਾ ਮਹਾਂਮਾਰੀ ਦੌਰਾਨ ਕਈ ਹੋਰ ਚਾਰਟ ਗੁੰਮ ਹੋ ਗਏ। ਸੱਜੇ : ਇਹ ਚਾਰਟ ਪੇਪਰ ਸਮੂਹਿਕ ਵਿਚਾਰ ਵਟਾਂਦਰੇ ਤੋਂ ਬਾਅਦ ਤਿਆਰ ਕੀਤੇ ਗਏ ਸਨ ਅਤੇ ਸਿਹਤ ਅਤੇ ਸਵੱਛਤਾ ਨਾਲ਼ ਸਬੰਧਤ ਸੰਦੇਸ਼ ਸ਼ਾਮਲ ਹਨ

ਇੱਕ ਸਾਲ ਦੇ ਅੰਤ ਤੱਕ, ਕਮਲੇਸ਼ ਅਤੇ ਉਨ੍ਹਾਂ ਦੀ ਭਾਸ਼ਾ ਵਿਕਾਸ ਟੀਮ ਨੇ ਭਰਿਆਤੀ ਭਾਸ਼ਾ ਵਿੱਚ ਕਈ ਕਿਤਾਬਾਂ ਪੂਰੀਆਂ ਕਰ ਲਈਆਂ ਸਨ। ਉਨ੍ਹਾਂ ਵਿੱਚੋਂ ਇੱਕ ਸਪੈਲਿੰਗ ਗਾਈਡ ਸੀ, ਤਿੰਨ ਸਿਹਤ 'ਤੇ ਕੇਂਦ੍ਰਤ ਅਤੇ ਤਿੰਨ ਨੈਤਿਕ ਕਹਾਣੀ ਦੀਆਂ ਕਿਤਾਬਾਂ ਸਨ। "ਸ਼ੁਰੂ ਵਿੱਚ, ਅਸੀਂ ਸਭ ਕੁਝ ਕਾਗਜ਼ 'ਤੇ ਲਿਖਿਆ ਸੀ," ਉਹ ਆਪਣੇ ਘਰ ਦੇ ਇੱਕ ਡੱਬੇ ਵਿੱਚ ਰੱਖੇ ਕੁਝ ਰੰਗੀਨ ਚਾਰਟ ਪੇਪਰਾਂ ਨੂੰ ਬਾਹਰ ਕੱਢਦੇ ਹੋਏ ਕਹਿੰਦੇ ਹਨ। ਬਾਅਦ ਵਿੱਚ, ਭਾਈਚਾਰੇ ਦੇ ਯਤਨਾਂ ਨਾਲ਼, ਭਰਿਆਤੀ ਵਿੱਚ ਇੱਕ ਵੈੱਬਸਾਈਟ ਸ਼ੁਰੂ ਕੀਤੀ ਗਈ।

"ਅਸੀਂ ਵੈੱਬਸਾਈਟ ਦੇ ਦੂਜੇ ਪੜਾਅ ਦੀ ਪ੍ਰਕਿਰਿਆ ਲਈ ਬਹੁਤ ਉਤਸ਼ਾਹਿਤ ਸੀ," ਉਹ ਰਾਤੇਡ ਵਿੱਚ ਆਪਣੇ ਘਰ ਵਿੱਚ ਸਾਡੇ ਨਾਲ਼ ਗੱਲਬਾਤ ਕਰਦੇ ਹੋਏ ਕਹਿੰਦੇ ਹਨ। ਮੈਂ ਪਾਕੇਟ ਬੁੱਕ, ਲੋਕਕਥਾਵਾਂ, ਬੱਚਿਆਂ ਲਈ ਪਹੇਲੀਆਂ ਅਤੇ ਸ਼ਬਦ ਖੇਡਾਂ ਅਤੇ ਇਸ 'ਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਸਾਂਝੀਆਂ ਕਰਨ ਵਾਲ਼ਾਂ ਸਾਂ... ਪਰ ਮਹਾਂਮਾਰੀ ਨੇ ਸਾਰੀਆਂ ਯੋਜਨਾਵਾਂ ਨੂੰ ਠੱਪ ਕਰ ਦਿੱਤਾ।'' ਟੀਮ ਦੀਆਂ ਸਾਰੀਆਂ ਗਤੀਵਿਧੀਆਂ ਮੁਲਤਵੀ ਕਰ ਦਿੱਤੀਆਂ ਗਈਆਂ। ਸਭ ਤੋਂ ਬੁਰਾ ਉਦੋਂ ਹੋਇਆ ਜਦੋਂ ਕਮਲੇਸ਼ ਨੇ ਫੋਨ ਰੀਸੈੱਟ ਕਰਨਾ ਸੀ ਤੇ ਉਸ ਚੱਕਰ ਵਿੱਚ ਸਾਰਾ ਸੁਰੱਖਿਅਤ ਡਾਟਾ ਵੀ ਡਿਲੀਟ ਹੋ ਗਿਆ। "ਇਹ ਸਭ ਖਤਮ ਹੋ ਗਿਆ ਹੈ," ਉਹ ਨਿਰਾਸ਼ਾ ਨਾਲ਼ ਕਹਿੰਦੇ ਹਨ। "ਅਸੀਂ ਹੱਥ ਨਾਲ਼ ਲਿਖੀ ਕਾਪੀ ਵੀ ਸੁਰੱਖਿਅਤ ਨਹੀਂ ਰੱਖ ਸਕੇ।'' ਉਨ੍ਹਾਂ ਕੋਲ਼ ਸਮਾਰਟਫੋਨ ਵੀ ਨਹੀਂ ਸੀ; ਇਸ ਸਾਲ ਉਨ੍ਹਾਂ ਨੇ ਈਮੇਲ ਕਰਨਾ ਸਿੱਖ ਲਿਆ।

ਜੋ ਕੁਝ ਵੀ ਬਚਿਆ ਸੀ, ਉਹ ਉਨ੍ਹਾਂ ਨੇ ਦੂਜੇ ਪਿੰਡ ਦੀ ਆਪਣੀ ਟੀਮ ਦੇ ਮੈਂਬਰਾਂ ਨੂੰ ਸੌਂਪ ਦਿੱਤਾ। ਉਹ ਕਹਿੰਦੇ ਹਨ ਕਿ ਹੁਣ ਉਨ੍ਹਾਂ ਦਾ ਉਨ੍ਹਾਂ ਮੈਂਬਰਾਂ ਨਾਲ਼ ਕੋਈ ਸੰਪਰਕ ਨਹੀਂ ਹੈ,"ਮੈਨੂੰ ਨਹੀਂ ਪਤਾ ਕਿ ਉਨ੍ਹਾਂ ਕੋਲ਼ ਉਹ ਚੀਜ਼ਾਂ ਅਜੇ ਵੀ ਸੁਰੱਖਿਅਤ ਹਨ ਜਾਂ ਨਹੀਂ।''

ਹਾਲਾਂਕਿ, ਇਹ ਸਿਰਫ਼ ਮਹਾਂਮਾਰੀ ਨਹੀਂ ਸੀ ਜਿਸ ਨੇ ਉਨ੍ਹਾਂ ਦੇ ਕੰਮ ਵਿੱਚ ਵਿਘਨ ਪਾਇਆ। ਉਹ ਕਹਿੰਦੇ ਹਨ ਕਿ ਭਰਿਆਤੀ ਨੂੰ ਦਸਤਾਵੇਜ਼ਬੱਧ ਕਰਨ ਵਿੱਚ ਸਭ ਤੋਂ ਵੱਡੀ ਰੁਕਾਵਟ ਭਾਈਚਾਰੇ ਦੇ ਨੌਜਵਾਨਾਂ ਅਤੇ ਬਜ਼ੁਰਗਾਂ ਵਿੱਚ ਦਿਲਚਸਪੀ ਦੀ ਘਾਟ ਹੈ। "ਬਜ਼ੁਰਗਾਂ ਨੂੰ ਲਿਖਣ ਦੀ ਲੋੜ ਨਹੀਂ ਹੈ ਅਤੇ ਬੱਚਿਆਂ ਨੂੰ ਬੋਲਣ ਦੀ ਲੋੜ ਨਹੀਂ ਹੈ," ਉਹ ਸ਼ਿਕਾਇਤ ਕਰਦੇ ਹੋਏ ਕਹਿੰਦੇ ਹਨ। "ਹੌਲ਼ੀ-ਹੌਲ਼ੀ, ਮੈਂ ਵੀ ਨਿਰਾਸ਼ ਹੋਣ ਲੱਗਿਆ ਅਤੇ ਇੱਕ ਦਿਨ ਇਹ ਕੰਮ ਪੂਰੀ ਤਰ੍ਹਾਂ ਬੰਦ ਕਰ ਦਿੱਤਾ।''

PHOTO • Ritu Sharma

ਕਮਲੇਸ਼ ਅਤੇ ਉਨ੍ਹਾਂ ਦੀ ਭਰਿਆਤੀ ਭਾਸ਼ਾ ਵਿਕਾਸ ਟੀਮ ਦੇ ਯਤਨਾਂ ਨੇ ਭਰਿਆਤੀ ਅਤੇ ਅੰਗਰੇਜ਼ੀ ਵਿੱਚ ਇੱਕ ਬਹੁਭਾਸਾਈ ਵੈੱਬਸਾਈਟ ਦੀ ਸ਼ੁਰੂਆਤ ਕੀਤੀ

PHOTO • Ritu Sharma

ਵੈੱਬਸਾਈਟ ਦੇ ਲਾਂਚ ਦੇ ਪਹਿਲੇ ਗੇੜ ਵਿੱਚ , ਕਮਲੇਸ਼ ਅਤੇ ਟੀਮ ਨੇ ਆਪਣੇ ਭਾਈਚਾਰੇ , ਭਾਸ਼ਾ ਅਤੇ ਰੋਜ਼ੀ - ਰੋਟੀ ਬਾਰੇ ਜਾਣਕਾਰੀ ਅਪਲੋਡ ਕੀਤੀ , ਨਾਲ਼ ਹੀ ਉਨ੍ਹਾਂ ਦੁਆਰਾ ਲਿਖੀਆਂ ਕਈ ਕਿਤਾਬਾਂ - ਜਿਸ ਵਿੱਚ ਇੱਕ ਸਪੈਲਿੰਗ ਗਾਈਡ , ਸਿਹਤ ਅਤੇ ਨੈਤਿਕ ਸਿੱਖਿਆ ਦੀਆਂ ਕਹਾਣੀਆਂ ਸ਼ਾਮਲ ਹਨ

ਕਮਲੇਸ਼ ਦੀ ਟੀਮ ਵਿੱਚ ਉਹ ਕਿਸਾਨ ਸ਼ਾਮਲ ਸਨ ਜੋ ਆਪਣਾ ਜ਼ਿਆਦਾਤਰ ਸਮਾਂ ਖੇਤਾਂ ਵਿੱਚ ਬਿਤਾਉਂਦੇ ਸਨ। ਉਹ ਕਹਿੰਦੇ ਹਨ ਕਿ ਸਾਰਾ ਦਿਨ ਖੇਤਾਂ ਵਿੱਚ ਸਖ਼ਤ ਮਿਹਨਤ ਕਰਨ ਤੋਂ ਬਾਅਦ, ਉਹ ਸ਼ਾਮ ਨੂੰ ਘਰ ਵਾਪਸ ਆਉਣ ਤੋਂ ਬਾਅਦ ਖਾਣਾ ਖਾ ਕੇ ਛੇਤੀ ਸੌਂ ਜਾਂਦੇ ਹਨ। ਕੁਝ ਸਮੇਂ ਬਾਅਦ, ਉਨ੍ਹਾਂ ਦੀ ਵੀ ਇਸ ਕੰਮ ਵਿੱਚ ਦਿਲਚਸਪੀ ਘਟ ਗਈ।

"ਮੈਂ ਇਹ ਸਭ ਇਕੱਲਾ ਨਹੀਂ ਕਰ ਸਕਦਾ ਸੀ," ਕਮਲੇਸ਼ ਕਹਿੰਦੇ ਹਨ। "ਇਹ ਇੱਕ ਦੇ ਵੱਸ ਦਾ ਕੰਮ ਵੀ ਨਹੀਂ ਹੈ।''

*****

ਪਿੰਡ ਦੀਆਂ ਗਲੀਆਂ ਵਿੱਚੋਂ ਲੰਘਦੇ ਹੋਏ ਕਮਲੇਸ਼ ਇੱਕ ਘਰ ਦੇ ਸਾਹਮਣੇ ਰੁਕ ਜਾਂਦੇ ਹਨ। "ਜਦੋਂ ਵੀ ਮੈਂ ਆਪਣੇ ਦੋਸਤਾਂ ਨੂੰ ਮਿਲ਼ਦਾ ਹਾਂ, ਅਸੀਂ ਅਕਸਰ ਦਿਵਲੂ ਭਈਆ ਬਾਰੇ ਗੱਲ ਕਰਦੇ ਹਾਂ।''

48 ਸਾਲਾ ਦਿਵਲੂ ਬਾਗਦਰੀਆ ਲੋਕ ਨਾਚੇ ਅਤੇ ਗਾਇਕ ਹਨ ਅਤੇ ਅਕਸਰ ਮੱਧ ਪ੍ਰਦੇਸ਼ ਸਰਕਾਰ ਦੁਆਰਾ ਆਯੋਜਿਤ ਸੱਭਿਆਚਾਰਕ ਪ੍ਰੋਗਰਾਮਾਂ ਵਿੱਚ ਭਾਰਿਆ ਭਾਈਚਾਰੇ ਦੀ ਨੁਮਾਇੰਦਗੀ ਕਰਦੇ ਹਨ। ਕਮਲੇਸ਼ ਕਹਿੰਦੇ ਹਨ, "ਉਹ ਇਕਲੌਤੇ ਹਨ ਜੋ ਇਸ ਗੱਲ ਦੀ ਗੰਭੀਰਤਾ ਨੂੰ ਸਮਝਦੇ ਹਨ ਕਿ ਸਾਡੀ ਭਾਸ਼ਾ ਸਾਡੇ ਸੱਭਿਆਚਾਰ ਲਈ ਕਿੰਨੀ ਮਹੱਤਵਪੂਰਨ ਹੈ।''

ਪਾਰੀ ਦੀ ਟੀਮ ਰਾਤੇਡ ਵਿਖੇ ਦਿਵਲੂ ਨੂੰ ਉਨ੍ਹਾਂ ਦੇ ਘਰ ਦੇ ਬਾਹਰ ਮਿਲੀ। ਉਹ ਭਰਿਆਤੀ ਵਿੱਚ ਗੀਤ ਗਾ-ਗਾ ਕੇ ਆਪਣੇ ਪੋਤੇ-ਪੋਤੀਆਂ ਨੂੰ ਵਰਚਾ ਰਹੇ ਸਨ, ਜੋ ਆਪਣੀ ਮਾਂ ਦੇ ਵਾਪਸ ਆਉਣ ਦੀ ਉਡੀਕ ਕਰ ਰਹੇ ਸਨ। ਉਨ੍ਹਾਂ ਦੀ ਮਾਂ ਜੰਗਲ ਤੋਂ ਲੱਕੜ ਲੈਣ ਗਈ ਸੀ।

"ਲਿਖਣਾ ਅਤੇ ਬੋਲਣਾ ਦੋਵੇਂ ਮਹੱਤਵਪੂਰਨ ਹਨ," ਕਮਲੇਸ਼ ਵੱਲ ਦੇਖਦੇ ਹੋਏ ਦਿਵਲੂ ਕਹਿੰਦੇ ਹਨ। ''ਇੰਝ ਸ਼ਾਇਦ ਜਿਸ ਤਰ੍ਹਾਂ ਅੰਗਰੇਜ਼ੀ ਅਤੇ ਹਿੰਦੀ ਭਾਸ਼ਾਵਾਂ ਨੂੰ ਵਿਸ਼ਿਆਂ ਵਜੋਂ ਪੜ੍ਹਾਇਆ ਜਾਂਦਾ ਹੈ, ਉਸੇ ਤਰ੍ਹਾਂ ਭਰਿਆਤੀ ਅਤੇ ਹੋਰ ਕਬਾਇਲੀ ਮਾਤ ਭਾਸ਼ਾਵਾਂ ਨੂੰ ਵੀ ਵਿਕਲਪਕ ਵਿਸ਼ਿਆਂ ਵਜੋਂ ਪੜ੍ਹਾਇਆ ਜਾਣ ਲੱਗੇ?''

ਉਨ੍ਹਾਂ ਦਾ ਪੋਤਾ ਚਾਰਟ ਵਿੱਚ ਧੱਡੂਆਂ (ਬਾਂਦਰਾਂ) ਵੱਲ ਇਸ਼ਾਰਾ ਕਰਦਿਆਂ ਹੱਸਣ ਲੱਗਦਾ ਹੈ। "ਜਲਦੀ ਹੀ ਇਹ ਭਾਰਿਆ ਸਿੱਖ ਲਵੇਗਾ," ਦਿਵਲੂ ਕਹਿੰਦੇ ਹਨ।

PHOTO • Ritu Sharma
PHOTO • Ritu Sharma

ਕਮਲੇਸ਼ ਦੀ ਟੀਮ ਦੇ ਮੈਂਬਰ 48 ਸਾਲਾ ਦਿਵਲੂ ਬਾਗਦਾਰੀਆ ( ਖੱਬੇ ) , ਲੋਕ ਨਾਚੇ ਅਤੇ ਗਾਇਕ ਹਨ , ਜੋ ਅਕਸਰ ਮੱਧ ਪ੍ਰਦੇਸ਼ ਸਰਕਾਰ ਦੁਆਰਾ ਆਯੋਜਿਤ ਸੱਭਿਆਚਾਰਕ ਪ੍ਰੋਗਰਾਮਾਂ ਵਿੱਚ ਭਾਰਿਆ ਭਾਈਚਾਰੇ ਦੀ ਨੁਮਾਇੰਦਗੀ ਕਰਦੇ ਹਨ। ਸੱਜੇ : ਦਿਵਲੂ ਆਪਣੇ ਪੋਤੇ ਅੰਮ੍ਰਿਤ ਨਾਲ਼ ਭਰਿਆਤੀ ਵਰਣਮਾਲਾ ਨੂੰ ਦੇਖ ਰਹੇ ਹਨ

ਕਮਲੇਸ਼ ਇੰਨੀ ਆਸਾਨੀ ਨਾਲ਼ ਸੁਰਖ਼ਰੂ ਨਹੀਂ ਹੁੰਦੇ। ਭਾਈਚਾਰੇ ਨਾਲ਼ ਕੰਮ ਕਰਨ ਲਈ ਉਨ੍ਹਾਂ ਨੂੰ ਸਖ਼ਤ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਹੈ। "ਜੇ ਉਹ ਰਿਹਾਇਸ਼ੀ ਸਕੂਲਾਂ ਵਿੱਚ ਜਾਣ ਲੱਗਿਆ ਤਾਂ ਕਦੇ ਵੀ ਭਰਿਆਤੀ ਨਹੀਂ ਬੋਲ ਸਕੇਗਾ। ਇੱਥੇ ਸਾਡੇ ਨਾਲ਼ ਰਹਿ ਕੇ ਹੀ ਉਹ ਭਰਿਆਤੀ ਬੋਲ ਸਕੇਗਾ," ਆਪਣੀ ਮਾਤ-ਭਾਸ਼ਾ ਨੂੰ ਬਚਾਉਣ ਤੇ ਸਹੇਜ ਕੇ ਰੱਖਣ ਵਾਲ਼ੇ ਕਮਲੇਸ਼ ਕਹਿੰਦੇ ਹਨ।

ਕਮਲੇਸ਼ ਕਹਿੰਦੇ ਹਨ, "ਵੈਸੇ, ਸਾਡੀ 75 ਫੀਸਦੀ ਭਾਸ਼ਾ ਖ਼ਤਮ ਹੋ ਚੁੱਕੀ ਹੈ। ਅਸੀਂ ਭਰਿਆਤੀ ਵਿੱਚ ਚੀਜ਼ਾਂ ਦੇ ਅਸਲੀ ਨਾਮ ਭੁੱਲ ਗਏ ਹਾਂ। ਹੌਲ਼ੀ-ਹੌਲ਼ੀ ਸਭ ਕੁਝ ਹਿੰਦੀ ਹੋ ਗਿਆ ਹੈ।''

ਜਦੋਂ ਤੋਂ ਲੋਕ ਵਧੇਰੇ ਯਾਤਰਾਵਾਂ ਕਰਨ ਲੱਗੇ ਹਨ, ਬੱਚਿਆਂ ਨੇ ਸਕੂਲ ਜਾਣਾ ਸ਼ੁਰੂ ਕਰ ਦਿੱਤਾ ਹੈ, ਉਦੋਂ ਤੋਂ ਹੀ ਉਹ ਹਿੰਦੀ ਦੇ ਸ਼ਬਦਾਂ ਅਤੇ ਭਾਵਾਂ ਨੂੰ ਮਨਾਂ ਵਿੱਚ ਸਮੇਟੀ ਘਰ ਪਰਤਣ ਲੱਗੇ ਹਨ ਅਤੇ ਆਪਣੇ ਮਾਪਿਆਂ ਨਾਲ਼ ਹਿੰਦੀ ਵਿੱਚ ਗੱਲ ਕਰਨੀ ਸ਼ੁਰੂ ਕਰ ਦਿੱਤੀ ਹੈ। ਹੁਣ ਪੁਰਾਣੀ ਪੀੜ੍ਹੀ ਵੀ ਆਪਣੇ ਬੱਚਿਆਂ ਵਾਂਗ ਗੱਲ ਕਰਨ ਲੱਗੀ ਹੈ ਅਤੇ ਭਰਿਆਤੀ ਵਿੱਚ ਬੋਲਣ ਦਾ ਰੁਝਾਨ ਘਟਣਾ ਸ਼ੁਰੂ ਹੋ ਗਿਆ ਹੈ।

"ਸਕੂਲ ਸ਼ੁਰੂ ਹੋਣ ਤੋਂ ਬਾਅਦ, ਮੈਂ ਵੀ ਭਰਿਆਤੀ ਘੱਟ ਹੀ ਬੋਲਣ ਲੱਗਿਆ ਕਿਉਂਕਿ ਮੇਰਾ ਜ਼ਿਆਦਾਤਰ ਸਮਾਂ ਉਨ੍ਹਾਂ ਦੋਸਤਾਂ ਨਾਲ਼ ਬੀਤਦਾ ਸੀ ਜਿਨ੍ਹਾਂ ਨੇ ਹਿੰਦੀ ਬੋਲਣੀ ਸ਼ੁਰੂ ਕੀਤੀ ਸੀ। ਹੌਲ਼ੀ-ਹੌਲ਼ੀ ਇਹ ਮੇਰੀ ਆਦਤ ਬਣ ਗਈ," ਕਮਲੇਸ਼ ਕਹਿੰਦੇ ਹਨ। ਉਹ ਹਿੰਦੀ ਅਤੇ ਭਰਿਆਤੀ ਦੋਵੇਂ ਬੋਲਣਾ ਜਾਣਦੇ ਹਨ, ਪਰ ਦਿਲਚਸਪ ਗੱਲ ਇਹ ਹੈ ਕਿ ਉਹ ਇੱਕ ਭਾਸ਼ਾ ਬੋਲਦੇ ਸਮੇਂ ਕਦੇ ਵੀ ਦੂਜੀ ਭਾਸ਼ਾ ਦੀ ਵਰਤੋਂ ਨਹੀਂ ਕਰਦੇ। "ਮੈਂ ਉਨ੍ਹਾਂ ਨੂੰ ਇੱਕ ਦੂਜੇ ਨਾਲ਼ ਨਹੀਂ ਮਿਲਾਉਂਦਾ ਜਿਵੇਂ ਕਿ ਦੂਸਰੇ ਆਮ ਤੌਰ 'ਤੇ ਕਰਦੇ ਹਨ। ਇਸ ਦਾ ਕਾਰਨ ਇਹ ਹੈ ਕਿ ਮੈਂ ਆਪਣੀ ਭਰਿਆਤੀ ਬੋਲਣ ਵਾਲ਼ੀ ਦਾਦੀ ਦੀ ਸੋਹਬਤ ਵਿੱਚ ਵੱਡਾ ਹੋਇਆ ਹਾਂ।''

ਕਮਲੇਸ਼ ਦੀ ਦਾਦੀ ਸੁਕਤੀਬਾਈ 80 ਪਾਰ ਕਰ ਗਏ ਹਨ ਪਰ ਉਹ ਅਜੇ ਵੀ ਹਿੰਦੀ ਨਹੀਂ ਬੋਲਦੇ। ਉਹ ਕਹਿੰਦੇ ਹਨ ਕਿ ਹੁਣ ਉਨ੍ਹਾਂ ਨੇ ਹਿੰਦੀ ਸਮਝਣੀ ਸ਼ੁਰੂ ਕਰ ਦਿੱਤੀ ਹੈ ਪਰ ਅਜੇ ਵੀ ਬੋਲ ਨਹੀਂ ਸਕਦੀ। ਉਨ੍ਹਾਂ ਦੇ ਭੈਣ-ਭਰਾ ਜ਼ਿਆਦਾ ਨਹੀਂ ਬੋਲਦੇ ਕਿਉਂਕਿ "ਉਹ ਝਿਜਕਦੇ ਹਨ। ਉਹ ਹਿੰਦੀ ਵਿੱਚ ਗੱਲਬਾਤ ਕਰਨਾ ਪਸੰਦ ਕਰਦੇ ਹਨ।''  ਉਨ੍ਹਾਂ ਦੀ ਪਤਨੀ ਅਨੀਤਾ ਵੀ ਆਪਣੀ ਮਾਂ ਬੋਲੀ ਵਿੱਚ ਗੱਲਬਾਤ ਨਹੀਂ ਕਰਦੀ ਪਰ ਉਹ ਉਸਨੂੰ ਉਤਸ਼ਾਹਤ ਜ਼ਰੂਰ ਕਰਦੇ ਹਨ।

PHOTO • Ritu Sharma

ਕਮਲੇਸ਼ ਦਾ ਕਹਿਣਾ ਹੈ ਕਿ ਲੋਕ ਬਾਹਰ ਗਏ ਅਤੇ ਹੋਰ ਭਾਸ਼ਾਵਾਂ ਸਿੱਖੀਆਂ। ਇਸ ਪ੍ਰਕਿਰਿਆ ਵਿੱਚ, ਉਹ ਭਰਿਆਤੀ ਵਿੱਚ ਚੀਜ਼ਾਂ ਦੇ ਅਸਲੀ ਨਾਮ ਵੀ ਭੁੱਲ ਗਏ

"ਭਰਿਆਤੀ ਦਾ ਕੀ ਫਾਇਦਾ ਹੈ? ਕੀ ਇਹ ਸਾਨੂੰ ਰੁਜ਼ਗਾਰ ਦੇਣ ਦੇ ਯੋਗ ਹੈ? ਕੀ ਸਿਰਫ਼ ਆਪਣੀ ਭਾਸ਼ਾ ਬੋਲਿਆਂ ਘਰ ਚੱਲਦਾ ਹੈ?" ਇਨ੍ਹਾਂ ਸਵਾਲਾਂ ਨਾਲ਼ ਭਾਸ਼ਾ ਨੂੰ ਜਿਊਂਦੇ ਰੱਖਣ ਦੀ ਕੋਸ਼ਿਸ਼ ਕਰਨ ਵਾਲ਼ੇ ਦੋਵੇਂ ਹੀ ਲੋਕ ਜੂਝ ਰਹੇ ਹਨ।

ਵਿਹਾਰਕ ਚਿੰਤਕ ਦਿਵਲੂ ਕਹਿੰਦੇ ਹਨ, "ਅਸੀਂ ਚਾਹ ਕੇ ਵੀ ਹਿੰਦੀ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੇ। ਫਿਰ ਵੀ ਸਾਨੂੰ ਆਪਣੀ ਭਾਸ਼ਾ ਨੂੰ ਜਿਉਂਦਾ ਰੱਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।"

ਕਮਲੇਸ਼ ਸ਼ਿਕਾਇਤ ਕਰਦੇ ਹਨ, "ਇਨ੍ਹੀਂ ਦਿਨੀਂ ਸਾਨੂੰ ਆਪਣੀ ਪਛਾਣ ਸਾਬਤ ਕਰਨ ਲਈ ਆਧਾਰ ਜਾਂ ਡਰਾਈਵਿੰਗ ਲਾਇਸੈਂਸ ਦੀ ਲੋੜ ਹੈ।"

ਪਰ ਦਿਵਲੂ ਹਾਰ ਨਹੀਂ ਮੰਨਦੇ। "ਇਨ੍ਹਾਂ ਕਾਗਜ਼ਾਂ ਤੋਂ ਬਿਨਾਂ ਜੇਕਰ ਤੁਹਾਨੂੰ ਕੋਈ ਆਪਣੀ ਪਛਾਣ ਸਾਬਤ ਕਰਨ ਲਈ ਕਹੇ ਤਾਂ ਤੁਸੀਂ ਇਹ ਕਿਵੇਂ ਕਰ ਪਾਓਗੇ?"

ਕਮਲੇਸ਼ ਹੱਸਣ ਲੱਗਦੇ ਹਨ ਤੇ ਕਹਿੰਦੇ ਹਨ, "ਮੈਂ ਭਰਿਆਤੀ ਵਿੱਚ ਗੱਲ ਕਰਾਂਗਾ।"

"ਬਿਲਕੁਲ ਠੀਕ। ਭਾਸ਼ਾ ਵੀ ਤੁਹਾਡੀ ਪਛਾਣ ਹੈ," ਦਿਵਲੂ ਦ੍ਰਿੜ ਆਵਾਜ਼ ਵਿੱਚ ਕਹਿੰਦੇ ਹਨ।

ਇਸ ਦੇ ਗੁੰਝਲਦਾਰ ਇਤਿਹਾਸ ਦੇ ਕਾਰਨ, ਭਰਿਆਤੀ ਦਾ ਭਾਸ਼ਾਈ ਵਰਗੀਕਰਨ ਅਜੇ ਵੀ ਅਨਿਸ਼ਚਿਤ ਸਥਿਤੀ ਵਿੱਚ ਹੈ। ਕਦੇ ਦ੍ਰਾਵਿੜ ਮੂਲ਼ ਦੀ ਇਸ ਭਾਸ਼ਾ ਵਿੱਚ ਹੁਣ ਸਪੱਸ਼ਟ ਇੰਡੋ-ਆਰੀਅਨ ਗੁਣ ਹਨ। ਖ਼ਾਸ ਕਰਕੇ ਸ਼ਬਦਾਵਲੀਆਂ ਤੇ ਧੁਨੀ-ਵਿਗਿਆਨ ਦੇ ਵਿਸ਼ਲੇਸ਼ਣ ਨੂੰ ਦੇਖਦਿਆਂ ਇਹਦਾ ਜਨਮ ਮੱਧ ਭਾਰਤ ਵਿੱਚ ਹੋਇਆ ਪ੍ਰਤੀਤ ਹੁੰਦਾ ਹੈ, ਤੇ ਦ੍ਰਵਿੜ ਤੇ ਇੰਡੋ-ਆਰੀਅਨ- ਦੋਵੇਂ ਭਾਸ਼ਾ-ਪਰਿਵਾਰਾਂ ਨਾਲ਼ ਇਹਦਾ ਨੇੜਲਾ ਸਬੰਧ ਸਪੱਸ਼ਟ ਝਲਕਦਾ ਹੈ। ਇਸ ਦੇ ਵਰਗੀਕਰਨ ਵਿੱਚ ਇਹ ਅਸਪਸ਼ਟਤਾ ਇਸ ਗੱਲ ਨੂੰ ਰੇਖਾਂਕਿਤ ਕਰਦੀ ਹੈ ਕਿ ਸਮੇਂ ਦੇ ਨਾਲ਼ ਇਹ ਆਰੀਅਨ ਅਤੇ ਦ੍ਰਾਵਿੜ ਦੋਵਾਂ ਭਾਸ਼ਾਵਾਂ ਤੋਂ ਡੂੰਘੀ ਪ੍ਰਭਾਵਿਤ ਹੋਈ ਹੈ। ਇਹੀ ਕਾਰਨ ਹੈ ਕਿ ਭਾਸ਼ਾ ਵਿਗਿਆਨੀਆਂ ਲਈ ਇਸ ਨੂੰ ਸਪੱਸ਼ਟ ਤੌਰ 'ਤੇ ਵਰਗੀਕ੍ਰਿਤ ਕਰਨਾ ਸੌਖਾ ਕੰਮ ਨਹੀਂ ਹੈ।

ਰਿਪੋਰਟ ਉਚੇਚੇ ਤੌਰ ' ਤੇ ਪਾਰਾਥ ਸਮਿਤੀ ਤੇ ਮਨਜਿਰੀ ਚਾਂਦੇ ਤੇ ਰਾਮਦਾਸ ਨਾਗਾਰੇ ਤੇ ਪਲਵੀ ਚਤੁਰਵੇਦੀ ਦਾ ਦਿਲੋਂ ਧੰਨਵਾਦ ਕਰਦੇ ਹਨ। ਖਾਲਸਾ ਕਾਲਜ ਦੀ ਖੋਜਕਰਤਾ ਅਤੇ ਲੈਕਚਰਾਰ ਅਨਾਗਾ ਮੈਨਨ ਅਤੇ ਆਈਆਈਟੀ ਕਾਨਪੁਰ ਦੇ ਮਾਨਵਤਾ ਅਤੇ ਸਮਾਜਿਕ ਵਿਗਿਆਨ ਵਿਭਾਗ ਦੇ ਭਾਸ਼ਾ ਵਿਗਿਆਨੀ ਅਤੇ ਸਹਾਇਕ ਪ੍ਰੋਫੈਸਰ ਡਾ ਚਿਨਮਯ ਧਾਰੂਰਕਰ ਨੇ ਖੁੱਲ੍ਹੇ ਦਿਲੋਂ ਆਪਣੇ ਗਿਆਨ ਨੂੰ ਸਾਂਝਾ ਕੀਤਾ।

ਪਾਰੀ ਦੇ ' ਖ਼ਤਰੇ ਵਿੱਚ ਪਈ ਭਾਸ਼ਾ ਪ੍ਰੋਜੈਕਟ ' ਅਜ਼ੀਮ ਪ੍ਰੇਮਜ਼ੀ ਯੂਨੀਵਰਸਿਟੀ ਦੀ ਪਹਿਲ ਦਾ ਹਿੱਸਾ ਹੈ। ਉਦੇਸ਼ ਭਾਰਤ ਦੀਆਂ ਖ਼ਤਰੇ ਵਿੱਚ ਪਈਆਂ ਭਾਸ਼ਾਵਾਂ ਨੂੰ ਬੋਲਣ ਵਾਲੇ ਆਮ ਲੋਕਾਂ ਦੇ ਜੀਵਨ ਅਤੇ ਉਨ੍ਹਾਂ ਦੇ ਜੀਵਨ ਦੇ ਤਜ਼ਰਬਿਆਂ ਰਾਹੀਂ ਦਸਤਾਵੇਜ਼ ਬਣਾਉਣਾ ਹੈ।

ਤਰਜਮਾ: ਕਮਲਜੀਤ ਕੌਰ

Ritu Sharma

रितू शर्मा हिने भाषाशास्त्रात एमए केले असून तिला भारताच्या विविध बोली भाषांचं जतन आणि पुनरुज्जीवन यासाठी काम करायचं आहे. सध्या ती लोप पावत असलेल्या भाषाविषयक एका प्रकल्पावर पारीसोबत काम करत आहे.

यांचे इतर लिखाण Ritu Sharma
Editor : Priti David

प्रीती डेव्हिड पारीची वार्ताहर व शिक्षण विभागाची संपादक आहे. ग्रामीण भागांचे प्रश्न शाळा आणि महाविद्यालयांच्या वर्गांमध्ये आणि अभ्यासक्रमांमध्ये यावेत यासाठी ती काम करते.

यांचे इतर लिखाण Priti David
Translator : Kamaljit Kaur

कमलजीत कौर पंजाबच्या रहिवासी असून मुक्त अनुवादक आहेत. त्यांनी पंजाबी साहित्यामध्ये एमए केलं आहे. समाज न्याय आणि समताधिष्ठित असावा असा त्यांचा ठाम विश्वास असून तो प्रत्यक्षात आणण्यासाठी त्या कार्यरत असतात.

यांचे इतर लिखाण Kamaljit Kaur