''ਮੈਨੂੰ ਕਭੀ ਦੋ ਬੋਰਡ ਏਕ ਜੈਸਾ ਨਹੀਂ ਬਨਾਯਾ,'' ਇਹ ਬੋਲ ਸ਼ੇਖ ਜਲਾਲਉਦੀਨ ਕਾਮਰੂਦੀਨ ਦੇ ਹਨ ਜੋ ਅਹਿਮਦਾਬਾਦ ਵਿਖੇ ਸਾਈਨ-ਬੋਰਡ ਪੇਂਟ ਕਰਦੇ ਹਨ। ਘੀਕਾਂਟਾ ਦੇ ਸਾਰੇ ਸਾਈਨ-ਬੋਰਡ ਉਨ੍ਹਾਂ ਨੇ ਹੀ ਪੇਂਟ ਕੀਤੇ ਹਨ, ਸਦਾ ਮਸ਼ਰੂਫ ਰਹਿਣ ਵਾਲ਼ੀ ਇਹ ਥਾਂ ਕੈਂਚੀਆਂ ਬਣਾਉਣ ਲਈ ਬੜੀ ਮਸ਼ਹੂਰ ਹੈ। ਭਾਵੇਂ ਕਿ ਕਈ ਦੁਕਾਨਾਂ ਇੱਕੋ ਜਿਹੇ ਉਤਪਾਦ ਵੇਚਦੀਆਂ ਹਨ ਪਰ ਜਲਾਲਉਦੀਨ ਦੇ ਬੁਰਸ਼ ਦਾ ਹੁਨਰ ਹਰੇਕ ਦੁਕਾਨ ਦੀ ਆਪਣੀ ਖਾਸੀਅਤ ਬਿਆਨ ਕਰ ਹੀ ਦਿੰਦਾ ਹੈ।
ਇਲਾਕੇ ਦੀ ਹਰੇਕ ''ਦੀਵਾਰ, ਦੁਕਾਨ ਔਰ ਸ਼ਟਰ,'' ਨੂੰ ਦੇਖਿਆਂ ਇਸ ਬਜ਼ੁਰਗ ਪੇਂਟਰ ਦੇ ਬੁਰਸ਼ ਦੀ ਕਰਾਮਾਤ ਸਮਝ ਆਉਂਦੀ ਹੈ, ਇੰਝ ਜਾਪਦਾ ਹੈ ਜਿਓਂ ਕੋਈ ਫਿਲਮ ਚੱਲਦੀ ਪਈ ਹੋਵੇ। ਸਾਈਨ-ਬੋਰਡ ਪੇਂਟ ਕਰਨ ਵਾਲ਼ੇ ਨੂੰ ਇਹ ਚੰਗੀ ਤਰ੍ਹਾਂ ਪਤਾ ਹੁੰਦਾ ਹੈ ਕਿ ਵੱਖ-ਵੱਖ ਮੁਕਾਮੀ ਭਾਸ਼ਾਵਾਂ ਦੇ ਅੱਖਰਾਂ ਕਿਵੇਂ ਵਾਹੁਣੇ ਹਨ। ਅਹਿਮਦਾਬਾਦ ਦੇ ਮਾਨੇਕ ਚੌਕ ਦੇ ਸੁਨਿਆਰੇ ਦੀ ਦੁਕਾਨ ਦੇ ਸਾਈਨ-ਬੋਰਡ 'ਤੇ ਗੁਜਰਾਤੀ, ਹਿੰਦੀ, ਉਰਦੂ ਤੇ ਅੰਗਰੇਜ਼ੀ ਵਿੱਚ ਲਿਖਿਆ ਹੋਇਆ ਹੈ, ਭਾਵੇਂ ਇਸ ਸਾਈਨ-ਬੋਰਡ ਨੂੰ ਲਿਖਿਆਂ 50 ਸਾਲ ਬੀਤ ਗਏ ਹੋਣ ਪਰ ਹਾਲੇ ਤੀਕਰ ਵੀ ਪੜ੍ਹਿਆ ਜਾ ਸਕਦਾ ਹੈ।
ਜਲਾਲਉਦੀਨ ਕਹਿੰਦੇ ਹਨ ਕਿ ਪੇਂਟਿੰਗ ਦੇ ਕੰਮ ਦਾ ਵਿਚਾਰ ਚਾਣਚੱਕ ਬਣਿਆ। ਅੱਜ 71 ਸਾਲਾ ਇਹ ਬਜ਼ੁਰਗ ਪੇਂਟਰ ਅਹਿਮਦਾਬਾਦ ਦਾ ਸਭ ਤੋਂ ਪੁਰਾਣਾ ਪੇਂਟਰ ਹੈ, ਜਿਹਨੂੰ ਲੋਕੀਂ 'ਜੇਕੇ ਪੇਂਟਰ' ਵਜੋਂ ਜਾਣਦੇ ਹਨ। ਉਹ ਕਹਿੰਦੇ ਹਨ ਕਿ ਅੱਜ ਉਨ੍ਹਾਂ ਨੂੰ ਓਨਾ ਕੰਮ ਤਾਂ ਨਹੀਂ ਮਿਲ਼ ਰਿਹਾ ਜਿੰਨਾ 50 ਸਾਲ ਪਹਿਲਾਂ ਮਿਲ਼ਿਆ ਕਰਦਾ ਸੀ।
ਇਸ ਬਜ਼ੁਰਗ ਨੇ 7ਵੀਂ ਤੱਕ ਪੜ੍ਹਾਈ ਕੀਤੀ ਹੈ ਤੇ ਪੰਜ ਭਾਸ਼ਾਵਾਂ- ਗੁਜਰਾਤੀ, ਅੰਗਰੇਜ਼ੀ, ਹਿੰਦੀ, ਉਰਦੂ ਤੇ ਅਰਬੀ ਵਿੱਚ ਸਾਈਨ-ਬੋਰਡ ਪੇਂਟ ਕਰ ਸਕਦੇ ਹਨ। ਸਕੂਲ ਛੱਡਣ ਤੋਂ ਬਾਅਦ ਤੇ ਪੇਂਟਿੰਗ ਸਿੱਖਣ ਤੋਂ ਪਹਿਲਾਂ ਉਨ੍ਹਾਂ ਨੇ ਕਦੇ ਰੱਸੀ ਬਣਾਈ, ਕਦੇ ਜਿਲ੍ਹਦ ਬੰਨ੍ਹੀ ਤੇ ਕਦੇ ਗੈਰਾਜ ਮਕੈਨਿਕ ਦਾ ਕੰਮ ਕੀਤਾ। ਅਖੀਰ ਦਲਘਰਵਾੜ ਮਾਰਕਿਟ ਦੀ ਰਹੀਮ ਸ਼ਾਪ ਉਨ੍ਹਾਂ ਲਈ ਰਾਹ ਦਰਸੇਵਾ ਬਣੀ।
ਉਮਰ ਦੇ ਸੱਤਰਿਵਆਂ ਨੂੰ ਢੁਕੇ, ਜਲਾਲਉਦੀਨ ਸਾਈਨ-ਬੋਰਡ ਪੇਂਟ ਕਰਨ ਲੱਗਿਆਂ ਆਪਣੇ ਨਾਲ਼ 20 ਕਿਲੋ ਦੀ ਘੋੜਾ ਪੌੜੀ ਚੁੱਕ ਸਕਦੇ ਹਨ। ਹਾਲਾਂਕਿ ਜਦੋਂ ਤੋਂ ਉਨ੍ਹਾਂ ਦੀ ਬਾਈਪਾਸ ਸਰਜਰੀ ਹੋਈ ਹੈ ਡਾਕਟਰ ਨੇ ਉਨ੍ਹਾਂ ਨੂੰ ਬਹੁਤਾ ਭਾਰ ਚੁੱਕਣ ਤੋਂ ਮਨ੍ਹਾ ਕੀਤਾ ਹੈ। ਸੋ ਇੰਝ ਉਨ੍ਹਾਂ ਦਾ ਬਾਹਰ ਜਾ ਕੇ ਕੰਮ ਕਰਨਾ ਘੱਟ ਗਿਆ ਹੈ ਤੇ ਉਹ ਹੁਣ ਸਿਰਫ਼ ਆਪਣੀ ਦੁਕਾਨ ਅੰਦਰ ਹੀ ਕੰਮ ਕਰਦੇ ਹਨ। ''ਜੇ ਮੈਂ ਪੌੜੀ 'ਤੇ ਬਹੁਤੀ ਦੇਰ ਖੜ੍ਹਾ ਰਹਾਂ ਤਾਂ ਮੇਰੇ ਗੋਡੇ ਦੁਖਣ ਲੱਗਦੇ ਨੇ, ਪਰ ਜਿੰਨਾ ਤੀਕਰ ਮੇਰੇ ਗੋਡੇ ਤੇ ਹੱਥ ਕੰਮ ਕਰਦੇ ਨੇ ਮੈਂ ਕੰਮ ਕਰਦਾ ਰਹਾਂਗਾ,'' ਉਹ ਕਾਹਲੀ ਦੇਣੀ ਗੱਲ ਪੂਰੀ ਕਰਦੇ ਹਨ।


















