ਕ੍ਰਿਕੇਟ ਦੀ ਦੁਨੀਆ ਦਾ ਮਸ਼ਹੂਰ ਨਾਮ ਹੈ 'ਵਿਰਾਟ ਕੋਹਲੀ'। ਭਾਰਤੀ ਕ੍ਰਿਕਟ ਦੇ ਇਸ ਆਈਕਨ ਦੇ ਡੁੰਗਰਾ ਛੋਟਾ ਵਿੱਚ ਵੀ ਬਹੁਤ ਸਾਰੇ ਪ੍ਰਸ਼ੰਸਕ ਵੱਸਦੇ ਹਨ।
ਸਰਦੀਆਂ ਦੀ ਸਵੇਰ ਦੇ 10 ਵੱਜੇ ਸਨ। ਲਗਭਗ ਦਰਜਨ ਕੁ ਬੱਚੇ ਖੇਡ ਵਿੱਚ ਰੁੱਝੇ ਹੋਏ ਸਨ। ਚਾਰੇ ਪਾਸੇ ਹਰੇ-ਭਰੇ ਮੱਕੀ ਦੇ ਖੇਤਾਂ ਨਾਲ਼ ਘਿਰਿਆ ਮੈਦਾਨ ਤੁਹਾਨੂੰ ਕ੍ਰਿਕਟ ਦੇ ਮੈਦਾਨ ਵਰਗਾ ਨਹੀਂ ਵੀ ਲੱਗ ਸਕਦਾ। ਪਰ ਬਨਾਸਵਾੜਾ ਜ਼ਿਲ੍ਹੇ ਦੇ ਇਸ ਪਿੰਡ ਦੇ ਕ੍ਰਿਕਟ ਪ੍ਰੇਮੀ ਇਸ ਮੈਦਾਨ ਦੇ ਹਰ ਖੂੰਜੇ-ਪੌਪਿੰਗ ਕ੍ਰੀਜ਼ ਤੋਂ ਲੈ ਕੇ ਬਾਊਂਡਰੀ ਲਾਈਨ ਤੱਕ, ਤੋਂ ਵਾਕਫ਼ ਹਨ।
ਹਰ ਕੋਈ ਜਾਣਦਾ ਹੈ ਕਿ ਕਿਸੇ ਵੀ ਕ੍ਰਿਕਟ ਪ੍ਰਸ਼ੰਸਕ ਨਾਲ਼ ਗੱਲਬਾਤ ਸ਼ੁਰੂ ਕਰਨ ਦਾ ਸਭ ਤੋਂ ਪ੍ਰਭਾਵਸ਼ਾਲੀ ਤਰੀਕਾ ਉਨ੍ਹਾਂ ਨੂੰ ਉਨ੍ਹਾਂ ਦੇ ਮਨਪਸੰਦ ਖਿਡਾਰੀਆਂ ਬਾਰੇ ਪੁੱਛਣਾ ਹੈ। ਰੋਹਿਤ ਸ਼ਰਮਾ, ਜਸਪ੍ਰੀਤ ਬੁਮਰਾਹ, ਸੂਰਯਕੁਮਾਰ ਯਾਦਵ, ਮੁਹੰਮਦ ਸਿਰਾਜ ਵਰਗੇ ਕਈ ਨਾਮ ਚਰਚਾ ਵਿੱਚ ਸਨ।
ਅੰਤ ਵਿੱਚ 18 ਸਾਲਾ ਸ਼ਿਵਮ ਲਬਾਨਾ ਨੇ ਕਿਹਾ, "ਮੈਨੂੰ ਸਮ੍ਰਿਤੀ ਮੰਧਾਨਾ ਪਸੰਦ ਹੈ।'' ਖੱਬੇ ਹੱਥ ਦੀ ਬੱਲੇਬਾਜ਼ ਅਤੇ ਭਾਰਤੀ ਮਹਿਲਾ ਟੀ-20 ਟੀਮ ਦੀ ਸਾਬਕਾ ਕਪਤਾਨ ਸਮ੍ਰਿਤੀ ਦੇਸ਼ ਦੀ ਸਭ ਤੋਂ ਮਸ਼ਹੂਰ ਕ੍ਰਿਕਟਰਾਂ ਵਿੱਚੋਂ ਇਕ ਹਨ।
ਪਰ ਬਾਅਦ ਵਿੱਚ ਸਾਨੂੰ ਅਹਿਸਾਸ ਹੋਇਆ ਕਿ ਉਹ ਇਕੱਲੀ ਨਹੀਂ ਸਨ ਜੋ ਖੱਬੂ ਬੱਲੇਬਾਜ਼ ਸਨ।
ਉੱਥੇ ਖੇਡਣ ਵਾਲ਼ੇ ਚਾਹਵਾਨ ਗੇਂਦਬਾਜਾਂ ਤੇ ਬੱਲੇਬਾਜਾਂ ਵਿੱਚ ਇੱਕ ਕੁੜੀ ਉੱਭਰ ਕੇ ਸਾਹਮਣੇ ਆਈ। ਉਸ ਦਾ ਨਾਮ ਹਿਤਾਕਸ਼ੀ ਰਾਹੁਲ ਹਰਕਿਸ਼ੀ ਹੈ, ਜੋ ਸਿਰਫ਼ 9 ਸਾਲ ਦੀ ਹੈ। ਚਿੱਟੇ ਬੂਟ ਅਤੇ ਬੱਲੇਬਾਜ਼ੀ ਪੈਡਾਂ ਨਾਲ਼ ਲੈਸ ਇਸ ਕੁੜੀ ਨੇ ਕੋਹਨੀ ਨਾਲ਼ ਵੀ ਗਾਰਡ ਬੰਨ੍ਹੇ ਹੋਏ ਸਨ।










