ਖ਼ਵਾਜਾ ਮੋਇਨੂਦੀਨ ਦੇ ਜ਼ਿਹਨ ਵਿੱਚ ਹਾਲੇ ਵੀ ਉਹ ਸਵੇਰ ਸੱਜਰੀ ਪਈ ਹੈ ਜਦੋਂ ਉਨ੍ਹਾਂ ਨੇ ਖੜ-ਖੜ ਕਰਦਾ ਲਿਸ਼ਕਵਾਂ ਚਿੱਟਾ ਕੁੜਤਾ ਪਾਇਆ ਤੇ ਭਾਰਤ ਦੀਆਂ ਸਭ ਤੋਂ ਪਹਿਲੀਆਂ ਆਮ ਚੋਣਾਂ, ਜੋ 1951-52 ਦੌਰਾਨ ਪਈਆਂ, ਵਿੱਚ ਵੋਟ ਪਾਉਣ ਗਏ। ਉਦੋਂ ਉਹ 20 ਸਾਲਾਂ ਦਾ ਨੌਜਵਾਨ ਸੀ ਜੋ ਆਪਣੇ ਛੋਟੇ ਜਿਹੇ ਕਸਬੇ ਤੋਂ ਵੋਟਿੰਗ ਸਟੇਸ਼ਨ ਤੱਕ ਦੇ ਰਾਹ ਦੌਰਾਨ ਵਲ਼ਵਲ਼ਿਆਂ ਨਾਲ਼ ਭਰੇ ਆਪਣੇ ਮਨ ਨੂੰ ਸ਼ਾਂਤ ਕਰਨ ਦੀ ਨਾਕਾਮ ਕੋਸ਼ਿਸ਼ ਕਰਦਾ ਰਿਹਾ ਸੀ, ਇਹ ਵਲ਼ਵਲ਼ੇ ਦਰਅਸਲ ਸੁਤੰਤਰ ਗਣਰਾਜ ਵਿੱਚ ਖੁੱਲ੍ਹ ਕੇ ਸਾਹ ਲੈਣ ਦਾ ਅਹਿਸਾਸ ਸਨ।
72 ਸਾਲ ਬੀਤ ਗਏ ਤੇ ਮੋਇਨ 90 ਸਾਲਾਂ ਤੋਂ ਟੱਪ ਗਏ। ਅੱਜ 13 ਮਈ 2024 ਦੀ ਸਵੇਰ ਨੂੰ ਮੋਇਨ ਨੇ ਇੱਕ ਵਾਰ ਫਿਰ ਤੋਂ ਖੜ-ਖੜ ਕਰਦਾ ਲਿਸ਼ਕਵਾਂ ਚਿੱਟਾ ਕੁੜਤਾ ਪਾਇਆ ਤੇ ਖੂੰਡੀ ਸਹਾਰੇ ਪੋਲਿੰਗ ਬੂਥ ਦੇ ਰਾਹ ਪਏ। ਉਨ੍ਹਾਂ ਦੀਆਂ ਪੁਲਾਂਘਾਂ ਵਿੱਚ ਉਹ ਜੋਸ਼ ਨਾ ਰਿਹਾ ਜੋ ਵੋਟਾਂ ਵਾਲ਼ੇ ਦਿਨ ਕਦੇ ਹੋਇਆ ਕਰਦਾ ਸੀ।
''ਤਬ ਦੇਸ਼ ਬਨਾਨੇ ਕੇ ਲੀਏ ਵੋਟ ਕਿਯਾ ਥਾ, ਆਜ ਦੇਸ਼ ਬਚਾਨੇ ਕੇ ਲੀਏ ਵੋਟ ਕਰ ਰਹਾ ਹੈ,'' ਮਹਾਰਾਸ਼ਟਰ ਦੇ ਬੀਡ ਵਿਖੇ ਆਪਣੇ ਘਰ ਵਿੱਚ ਬੈਠਿਆਂ ਉਹ ਪਾਰੀ ਨੂੰ ਦੱਸਦੇ ਹਨ।
ਮੋਇਨ ਦਾ ਜਨਮ 1932 ਨੂੰ ਬੀਡ ਜ਼ਿਲ੍ਹੇ ਦੀ ਸ਼ਿਰੂਰ ਕਾਸਰ ਤਹਿਸੀਲ ਵਿਖੇ ਹੋਇਆ। ਉਹ ਤਹਿਸੀਲ ਦਫ਼ਤਰ ਬਤੌਰ ਚੌਕੀਦਾਰ ਕੰਮ ਕਰਦੇ ਰਹੇ। ਪਰ 1948 ਨੂੰ ਹੈਦਰਾਬਾਦ ਦੀ ਤਤਕਾਲੀ ਰਿਆਸਤ ਦੇ ਭਾਰਤੀ ਸੰਘ ਵਿੱਚ ਮਿਲ਼ਾਏ ਜਾਣ ਦੌਰਾਨ ਮੱਚੀ ਹਿੰਸਾ ਤੋਂ ਬਚਣ ਲਈ ਮੋਇਨ ਨੂੰ 40 ਕਿਲੋਮੀਟਰ ਦੂਰ ਬੀਡ ਸ਼ਹਿਰ ਠ੍ਹਾਰ ਲੈਣ ਨੂੰ ਮਜ਼ਬੂਰ ਹੋਣਾ ਪਿਆ।
1947 ਦੀ ਖ਼ੂਨੀ ਵੰਡ ਤੋਂ ਇੱਕ ਸਾਲ ਬਾਅਦ ਉਹ ਦੌਰ ਆਇਆ ਜਦੋਂ ਤਿੰਨ ਰਿਆਸਤਾਂ-ਹੈਦਰਾਬਾਦ, ਕਸ਼ਮੀਰ ਤੇ ਤ੍ਰਾਵਣਕੋਰ ਨੇ ਭਾਰਤੀ ਸੰਘ ਵਿੱਚ ਸ਼ਾਮਲ ਹੋਣ ਦਾ ਵਿਰੋਧ ਕੀਤਾ। ਹੈਦਰਾਬਾਦ ਦੇ ਨਿਜ਼ਾਮ ਨੇ ਇੱਕ ਵੱਖਰੇ ਤੇ ਸੁਤੰਤਰ ਰਾਜ ਦੀ ਮੰਗ ਕੀਤੀ ਜੋ ਨਾ ਤਾਂ ਭਾਰਤ ਦਾ ਹਿੱਸਾ ਹੋਵੇਗਾ ਤੇ ਨਾ ਹੀ ਪਾਕਿਸਤਾਨ ਦਾ। ਮਰਾਠਵਾੜਾ ਦਾ ਖੇਤੀਬਾੜੀ ਵਾਲ਼ਾ ਹਿੱਸਾ- ਜਿਸ ਵਿੱਚ ਬੀਡ ਵੀ ਪੈਂਦਾ ਹੈ- ਹੈਦਰਾਬਾਦ ਰਿਆਸਤ ਦਾ ਹਿੱਸਾ ਸੀ।
ਸਤੰਬਰ 1948 ਨੂੰ ਭਾਰਤੀ ਹਥਿਆਰਬੰਦ ਬਲ ਹੈਦਰਾਬਾਦ ਜਾਂਦੇ ਹਨ ਤੇ ਨਿਜਾਮ ਨੂੰ ਆਤਮ ਸਮਰਪਣ ਕਰਨ ਲਈ ਚਾਰ ਦਿਨਾਂ ਤੋਂ ਵੀ ਘੱਟ ਸਮਾਂ ਦਿੱਤਾ ਜਾਂਦਾ ਹੈ। ਹਾਲਾਂਕਿ, ਸੁੰਦਰਲਾਲ ਕਮੇਟੀ ਦੀ ਰਿਪੋਰਟ, ਗੁਪਤ ਸਰਕਾਰੀ ਰਿਪੋਰਟ, ਜੋ ਦਹਾਕਿਆਂ ਬਾਅਦ ਜਨਤਕ ਕੀਤੀ ਗਈ, ਦੱਸਦੀ ਹੈ ਕਿ ਉਸ ਹਮਲੇ ਦੇ ਦੌਰਾਨ ਤੇ ਬਾਅਦ ਵਿੱਚ ਘੱਟੋ-ਘੱਟ 27,000 ਤੋਂ 40,000 ਮੁਸਲਮਾਨਾਂ ਨੂੰ ਜਾਨਾਂ ਗੁਆਉਣੀਆਂ ਪਈਆਂ। ਇਸ ਦੌਰਾਨ ਮੋਇਨ ਵਰਗੇ ਨੌਜਵਾਨ ਜਾਨ ਬਚਾਉਣ ਲਈ ਭੱਜ ਨਿਕਲ਼ੇ।
''ਮੇਰੇ ਪਿੰਡ ਦਾ ਖ਼ੂਹ ਲਾਸ਼ਾਂ ਨਾਲ਼ ਭਰ ਗਿਆ,'' ਭਰੇ ਮਨ ਨਾਲ਼ ਉਹ ਚੇਤੇ ਕਰਦੇ ਹਨ,''ਅਸੀਂ ਬੀਡ ਵੱਲ ਭੱਜ ਨਿਕਲ਼ੇ, ਉਦੋਂ ਤੋਂ ਬੱਸ ਇਹੀ ਮੇਰਾ ਆਪਣਾ ਘਰ ਰਿਹਾ ਹੈ।''









