''ਦੋ ਦਿਨ ਪਹਿਲਾਂ ਅਸੀਂ ਸਾਰਿਆਂ ਨੇ ਫ਼ੋਟੋਆਂ ਖਿੱਚੀਆਂ ਸੀ ਆਪੋ-ਆਪਣੇ ਮਸਲਾਂ ਦੀਆਂ। ਮੇਰੇ ਤਾਂ ਸਿਕਸ ਪੈਕ ਐਬਸ ਨੇ, ਬਗ਼ੈਰ ਐਕਸਰਸਾਈਜ਼ ਕੀਤਿਆਂ ਤੇ ਸ਼ਾਹਬਾਜ਼ ਦੇ ਬਾਇਸੈਪਸ ਤਾਂ ਦੇਖੋ!'' ਨੌਜਵਾਨ ਆਦਿਲ ਹੱਸਦਿਆਂ ਹੋਇਆਂ ਆਪਣੇ ਸਹਿਕਰਮੀਆਂ ਵੱਲ ਇਸ਼ਾਰਾ ਕਰਦੇ ਹਨ।
ਮੁਹੰਮਦ ਆਦਿਲ ਤੇ ਸ਼ਾਹਬਾਜ਼ ਅੰਸਾਰੀ ਮੇਰਠ ਵਿਖੇ ਜਿਮ ਤੇ ਫਿਟਨੈੱਸ ਸਬੰਧੀ ਸਾਜ਼ੋ-ਸਮਾਨ ਬਣਾਉਣ ਦੇ ਕਾਰਖ਼ਾਨੇ ਵਿੱਚ ਕੰਮ ਕਰਦੇ ਹਨ ਤੇ ਉਹ ਦਿਹਾੜੀ ਦਾ ਓਨਾ ਭਾਰ ਚੁੱਕ ਲੈਂਦੇ ਹਨ ਜਿੰਨਾ ਜਿਮ ਲਾਉਣ ਵਾਲ਼ੇ ਹਫ਼ਤੇ ਵਿੱਚ ਵੀ ਨਾ ਚੁੱਕ ਸਕਣ। ਇੰਨਾ ਭਾਰਾ ਕੰਮ ਬੇਸ਼ੱਕ ਫਿਟ ਰਹਿਣ ਲਈ ਨਹੀਂ ਕੀਤਾ ਜਾਂਦਾ, ਇਹ ਤਾਂ ਉੱਤਰ ਪ੍ਰਦੇਸ਼ ਦੇ ਮੇਰਠ ਸ਼ਹਿਰ ਵਿਖੇ ਵੱਸਦੇ ਮੁਸਲਮਾਨ ਪਰਿਵਾਰਾਂ ਦੇ ਨੌਜਵਾਨਾਂ ਦੀ ਤ੍ਰਾਸਦੀ ਹੈ ਕਿ ਰੋਜ਼ੀਰੋਟੀ ਕਮਾਉਣ ਲਈ ਉਨ੍ਹਾਂ ਕੋਲ਼ ਹੋਰ ਕੋਈ ਚਾਰਾ ਨਹੀਂ। ਦਰਅਸਲ ਪੱਛਮੀ ਯੂਪੀ ਦਾ ਇਹ ਸ਼ਹਿਰ ਖੇਡਾਂ ਦੇ ਉਤਪਾਦ ਬਣਾਉਣ ਦਾ ਗੜ੍ਹ ਹੈ।
''ਹਾਲੇ ਕੁਝ ਦਿਨ ਪਹਿਲਾਂ ਮੁੰਡੇ ਆਪਣੇ ਬਾਈਸੈਪ ਤੇ ਐਬਸ (ਢਿੱਡ ਦੀਆਂ ਮਾਸਪੇਸ਼ੀਆਂ) ਦੀ ਤੁਲਨਾ ਕਰਨ ਲਈ ਫ਼ੋਟੋਆਂ ਖਿੱਚ ਰਹੇ ਸਨ,'' 30 ਸਾਲਾ ਮੁਹੰਮਦ ਸਾਕਿਬ ਕਹਿੰਦੇ ਹਨ। ਮੇਰਠ ਦੇ ਉੱਦਮੀ, ਸਾਕਿਬ ਸੂਰਜ ਕੁੰਡ ਰੋਡ 'ਤੇ ਕਿਰਾਏ ਦਾ ਸ਼ੋਅਰੂਮ ਚਲਾਉਂਦੇ ਹਨ ਜਿੱਥੇ ਖੇਡਾਂ ਨਾਲ਼ ਜੁੜੇ ਸਾਜ਼ੋ-ਸਮਾਨ ਵੇਚੇ ਜਾਂਦੇ ਹਨ। ਖੇਡਾਂ ਦੇ ਸਮਾਨ ਦਾ ਇਹ ਬਜ਼ਾਰ ਕੋਈ ਕਿਲੋਮੀਟਰ ਦੇ ਦਾਇਦੇ ਵਿੱਚ ਫੈਲਿਆ ਹੋਇਆ ਹੈ।
ਉਹ ਅੱਗੇ ਕਹਿੰਦੇ ਹਨ,''ਸਧਾਰਣ ਜਿਹਾ ਡੰਬਲ ਇਸਤੇਮਾਲ ਕਰਨ ਵਾਲ਼ੇ ਲੋਕਾਂ, ਜੋ ਘਰ ਸੰਭਾਲ਼ਦੇ ਨੇ, ਤੋਂ ਲੈ ਕੇ ਸੈਟਅਪ ਤੱਕ, ਜੋ ਪ੍ਰੋਫ਼ੈਸ਼ਨਲ ਖਿਡਾਰੀ ਯੂਜ਼ ਕਰਦੇ ਨੇ, ਅੱਜਕੱਲ੍ਹ ਸਭ ਨੂੰ ਜਿਮ ਤੇ ਫਿਟਨੈੱਸ ਉਪਕਰਣ ਚਾਹੀਦੇ ਹੀ ਨੇ।''
ਸਾਡੀ ਪੂਰੀ ਗੱਲਬਾਤ ਦੌਰਾਨ ਬਿਜਲਈ ਤਿੰਨ-ਪਹੀਏ ਮਿਨੀ ਮੈਟਰੋ ਇਸ ਭੀੜ-ਭੜੱਕੇ ਵਾਲ਼ੇ ਬਜ਼ਾਰ ਵਿੱਚ ਆਉਂਦੇ ਜਾਂਦੇ ਰਹੇ, ਕਈਆਂ ਵਿੱਚ ਲੋਹੇ ਦੇ ਸਰੀਏ ਤੇ ਪਾਈਪ ਲੱਦੇ ਹੁੰਦੇ ਤੇ ਕਈਆਂ ਵਿੱਚ ਘਰੇਲੂ ਜਿਮ ਵਾਸਤੇ ਲੋੜੀਂਦੇ ਡੰਬਲ ਵਗੈਰਾ ਹੁੰਦੇ। ''ਜਿਮ ਮਸ਼ੀਨਾਂ ਦੇ ਪੁਰਜੇ ਅੱਡ-ਅੱਡ ਬਣਦੇ ਹਨ ਤੇ ਫਿਰ ਉਨ੍ਹਾਂ ਨੂੰ ਜੋੜਿਆ ਜਾਂਦਾ ਹੈ,'' ਸਾਕਿਬ ਕਹਿੰਦੇ ਹਨ ਜਿਵੇਂ ਹੀ ਉਨ੍ਹਾਂ ਦਾ ਧਿਆਨ ਲੋਹੇ ਦੇ ਪੁਰਜੇ ਲੱਦੇ ਆਟੋਆਂ ਵੱਲ ਪੈਂਦਾ ਹੈ।





















