ਪੰਜਵੀਂ ਜਮਾਤ ਤੱਕ ਰਾਮਿਆ ਦਾ ਪਾਲਣ-ਪੋਸ਼ਣ ਇੱਕ ਮੁੰਡੇ ਵਜੋਂ ਹੋਇਆ ਅਤੇ ਬਾਅਦ ਵਿੱਚ ਉਹਦੀ ਪਛਾਣ ਲੜਕੀ ਵਜੋਂ ਉਭਰਣੀ ਸ਼ੁਰੂ ਹੋਈ।
"ਜਦੋਂ ਮੈਂ [ਸੈਕੰਡਰੀ] ਸਕੂਲ ਵਿੱਚ ਸੀ, ਤਾਂ ਮੈਂ ਸ਼ਾਰਟਸ ਪਹਿਨਦੀ ਸੀ ਅਤੇ ਮੇਰੇ ਪੱਟ ਦੱਸਿਆ ਕਰਦੇ। ਇਸ ਗੱਲ ਨੇ ਮੈਨੂੰ ਮੁੰਡਿਆਂ ਵਿੱਚ ਸ਼ਰਮਿੰਦਾ ਮਹਿਸੂਸ ਕਰਾਇਆ," ਉਹ ਕਹਿੰਦੇ ਹਨ, "ਅੱਜ ਤੀਂਹ ਵਰ੍ਹਿਆਂ ਦੀ ਰਾਮਿਆ ਲਾਲ ਸਾੜੀ ਪਹਿਨੀ ਅਤੇ ਲੰਬੇ ਕਾਲ਼ੇ ਵਾਲ਼ਾਂ ਨਾਲ਼ ਨਾਰੀ ਵਜੋਂ ਆਪਣਾ ਜੀਵਨ ਮਾਣ ਰਹੇ ਹਨ।
ਰਾਮਿਆ ਚੇਂਗਲਪੱਟੂ ਜ਼ਿਲ੍ਹੇ ਦੇ ਤਿਰੂਪੋਰੂਰ ਕਸਬੇ ਵਿੱਚ ਇੱਕ ਛੋਟੇ ਜਿਹੇ ਅੰਮਨ (ਦੇਵੀ) ਮੰਦਰ ਦੀ ਦੇਖਭਾਲ਼ ਕਰਦੇ ਹਨ। ਉਨ੍ਹਾਂ ਦੀ ਮਾਂ, ਵੈਂਗਅੰਮਾ ਵੀ ਉਨ੍ਹਾਂ ਦੇ ਨਾਲ਼ ਭੁੰਜੇ ਹੀ ਬੈਠਦੀ ਹੈ। "ਵੱਡੇ ਹੁੰਦਿਆਂ ਹੁੰਦਿਆਂ, ਉਹ [ਰਾਮਿਆ ਵੱਲ ਇਸ਼ਾਰਾ ਕਰਦੇ ਹੋਏ] ਚੂੜੀਦਾਰ (ਔਰਤਾਂ ਦਾ ਲਿਬਾਸ), ਦਾਵਨੀ ਅਤੇ ਕੰਮਲ (ਵਾਲ਼ੀਆਂ) ਪਹਿਨਣਾ ਪਸੰਦ ਕਰਦਾ ਸੀ। ਅਸੀਂ ਉਸ ਨੂੰ ਮੁੰਡੇ ਵਾਂਗ ਵਿਵਹਾਰ ਕਰਨ ਲਈ ਕਹਿੰਦੇ ਰਹਿੰਦੇ। ਪਰ ਉਹ ਆਪਣੇ ਹੀ ਤਰੀਕੇ ਨਾਲ਼ ਰਹਿਣਾ ਚਾਹੁੰਦਾ," ਰਾਮਿਆ ਦੀ 56 ਸਾਲਾ ਮਾਂ ਕਹਿੰਦੀ ਹੈ।
ਕਿਉਂਕਿ ਉਸ ਸਮੇਂ ਕੰਨਿਅੰਮਾ ਮੰਦਰ ਬੰਦ ਸੀ ਜਿਸ ਕਾਰਨ ਅਸੀਂ ਖੁੱਲ੍ਹ ਕੇ ਗੱਲਬਾਤ ਕਰ ਪਾਏ। ਇਸ ਮਾਂ-ਧੀ ਦੀ ਜੋੜੀ ਵਾਂਗਰ ਇਰੂਲਰ ਭਾਈਚਾਰੇ ਦੇ ਕਈ ਲੋਕੀਂ ਇਸ ਕੰਨਿਅੰਮਾ ਮੰਦਰ ਦੀ ਪੂਜਾ ਕਰਨ ਲਈ ਆਉਂਦੇ ਹਨ।
ਰਾਮਿਆ ਹੋਰੀਂ ਕੁੱਲ ਚਾਰ ਭੈਣ-ਭਰਾ ਸਨ ਤੇ ਸਾਰੇ ਇਸੇ ਇਰੂਲਰ ਵਾਤਾਵਰਣ ਵਿੱਚ ਵੱਡੇ ਹੋਏ। ਇਰੂਲਰ ਨੂੰ ਤਾਮਿਲਨਾਡੂ ਦੇ ਛੇ ਵਿਸ਼ੇਸ਼ ਤੌਰ 'ਤੇ ਕਮਜ਼ੋਰ ਕਬਾਇਲੀ ਸਮੂਹਾਂ (ਪੀ.ਵੀ.ਟੀ.ਜੀ.) ਦੇ ਅਧੀਨ ਵੀ ਸੂਚੀਬੱਧ ਕੀਤਾ ਗਿਆ ਹੈ। ਉਨ੍ਹਾਂ ਦੇ ਮਾਪੇ, ਆਪਣੇ ਭਾਈਚਾਰੇ ਦੇ ਹੋਰਨਾਂ ਲੋਕਾਂ ਵਾਂਗ, ਖੇਤਾਂ, ਉਸਾਰੀ ਵਾਲ਼ੀਆਂ ਥਾਵਾਂ ਅਤੇ ਮਨਰੇਗਾ (ਮਹਾਤਮਾ ਗਾਂਧੀ ਰਾਸ਼ਟਰੀ ਪੇਂਡੂ ਰੁਜ਼ਗਾਰ ਗਾਰੰਟੀ ਐਕਟ) ਸਾਈਟਾਂ 'ਤੇ ਕੰਮ ਕਰਦੇ ਤੇ 250 ਤੋਂ 300 ਰੁਪਏ ਦਿਹਾੜੀ ਕਮਾਉਂਦੇ।
"ਉਨ੍ਹਾਂ ਦਿਨਾਂ ਵਿੱਚ ਲੋਕਾਂ ਨੂੰ ਥਿਰੂਨੰਗਾਈ (ਟ੍ਰਾਂਸ ਔਰਤਾਂ ਲਈ ਵਰਤਿਆ ਜਾਣ ਵਾਲ਼ਾ ਤਾਮਿਲ ਨਾਮ) ਬਾਰੇ ਪਤਾ ਨਹੀਂ ਸੀ। ਜੇ ਮੈਂ ਘਰੋਂ ਬਾਹਰ ਨਿਕਲ਼ਦੀ ਤਾਂ ਸ਼ਹਿਰ ਦੇ ਲੋਕ ਮੇਰੀ ਪਿੱਠ ਪਿੱਛੇ ਗੱਲਾਂ ਕਰਦੇ ਸਨ," ਰਾਮਿਆ ਕਹਿੰਦੇ ਹਨ, "ਉਹ ਪੁੱਛਿਆ ਕਰਦੇ 'ਉਹਨੇ ਕੱਪੜੇ ਤਾਂ ਮੁੰਡਿਆਂ ਵਾਲ਼ੇ ਪਾਏ ਨੇ ਪਰ ਵਿਵਹਾਰ ਕੁੜੀਆਂ ਵਾਂਗ ਕਰਦਾ ਹੈ, ਇਹ ਮਰਦ ਹੈ ਜਾਂ ਔਰਤ?' ਅਤੇ ਇਹ ਗੱਲ ਮੈਨੂੰ ਬੜੀ ਤਕਲੀਫ਼ ਦਿੰਦੀ।''























