“ਮੈਂ ਆਪਣਾ ਡਰ ਕਿੰਝ ਬਿਆਨ ਕਰਾਂ? ਮੇਰਾ ਦਿਲ ਵਿੱਚ ਇੱਕ ਡਰ ਜਿਹਾ ਰਹਿੰਦਾ ਹੈ। ਮੈਂ ਹਮੇਸ਼ਾ ਇਹ ਸੋਚਦੀ ਰਹਿੰਦੀ ਹਾਂ ਕਿ ਮੈਂ ਕਦੋਂ ਵਾਪਸ ਖੁੱਲ੍ਹੀਆਂ ਥਾਂਵਾਂ ਦੀ ਸੈਰ ਕਰਾਂਗੀ,” ਪਾਰੁਲ ਹਲਦਾਰ ਦਾ ਕਹਿਣਾ ਹੈ, ਜੋ ਇੱਕ 41 ਸਾਲਾ ਕੇਕੜੇ ਫ਼ੜਨ ਵਾਲੀ ਮਛੇਰਨ ਹਨ। ਉਹ ਉਹਨਾਂ ਦਿਨਾਂ ਵਿੱਚ ਮਹਿਸੂਸ ਕੀਤੇ ਗਏ ਸੀਤ ਡਰ ਬਾਰੇ ਗੱਲ ਕਰਦੀ ਹਨ ਜਦੋਂ ਉਹ ਸੁੰਦਰਬਨ ਦੇ ਸੰਘਣੇ ਮੈਂਗ੍ਰੋਵ ਜੰਗਲਾਂ ਵਿੱਚ ਕੇਕੜੇ ਫ਼ੜਨ ਜਾਂਦੀ ਹਨ। ਕੇਕੜਿਆਂ ਦੇ ਸ਼ਿਕਾਰ ਸੀਜ਼ਨ ਦੌਰਾਨ ਉਹਨਾਂ ਨੂੰ ਮੈਂਗ੍ਰੋਵ ਜੰਗਲ ਵਿੱਚ ਨਦੀਆਂ ਦੇ ਇੱਧਰ- ਉੱਧਰ ਕਿਸ਼ਤੀ ਚਲਾਉਂਣੀ ਪੈਂਦੀ ਹੈ, ਜਿੱਥੇ ਲੁਕੇ ਹੋਏ ਚੀਤਿਆਂ ਦਾ ਖ਼ਤਰਾ ਹਮੇਸ਼ਾ ਮੰਡਰਾਉਂਦਾ ਰਹਿੰਦਾ ਹੈ।
ਲਾਕਸਬਾਗਾਨ ਪਿੰਡ ਦੇ ਰਹਿਣ ਵਾਲੇ ਪਾਰੁਲ ਗਾਰਲ ਨਦੀ ਵਿੱਚ ਆਪਣੀ ਲੱਕੜ ਦੀ ਕਿਸ਼ਤੀ ਚਲਾਉਂਦੇ ਹੋਏ ਲਹਿਰੀਏ ਜਾਲ ਦੀ ਵਾੜ ਵਿੱਚੋਂ ਦੀ ਝਾਤੀ ਮਾਰਦੀ ਹਨ ਜਿਸਤੋਂ ਅੱਗੇ ਮਾਰਿਚਝਾਪੀ ਜੰਗਲ ਸ਼ੁਰੂ ਹੋ ਜਾਂਦਾ ਹੈ। ਦੱਖਣੀ 24 ਪਰਗਨਾ ਜ਼ਿਲ੍ਹੇ ਦੇ ਗੋਸਾਬਾ ਬਲਾਕ ਵਿੱਚ ਪੈਂਦੇ ਉਹਨਾਂ ਦੇ ਪਿੰਡ ਨੇੜੇ ਇਹ ਉਹੋ ਜੰਗਲ ਹੈ ਜਿਥੇ ਸੱਤ ਸਾਲ ਪਹਿਲਾਂ ਪਾਰੁਲ ਦੇ ਪਤੀ, ਈਸ਼ਰ ਰੋਨੋਜੀਤ ਹਲਦਾਰ ਨੂੰ ਇੱਕ ਚੀਤੇ ਨੇ ਮਾਰ ਦਿੱਤਾ ਸੀ।
ਉਹ ਚੱਪੂਆਂ ਨੂੰ ਕਿਸ਼ਤੀ ਦੇ ਕਿਨਾਰਿਆਂ ’ਤੇ ਟਿਕਾਉਂਦੀ ਹਨ, ਜਿਸ ਵਿੱਚ ਉਹ ਅਤੇ ਉਹਨਾਂ ਦੇ ਮਾਤਾ ਲੋਖੀ ਮੋਂਡਲ, 56, ਇੱਕ ਤੇਜ਼ ਧੁੱਪ ਵਾਲੇ ਦਿਨ ਵਿੱਚ ਬਾਹਰ ਨਿਕਲੇ ਹਨ। ਲੋਖੀ ਵੀ ਆਪਣੀ ਧੀ ਵਾਂਗ ਇੱਕ ਮਛੇਰਨ ਹਨ।
ਪਾਰੁਲ ਉਦੋਂ ਸਿਰਫ਼ 13 ਵਰ੍ਹਿਆਂ ਦੇ ਸਨ ਜਦੋਂ ਉਹਨਾਂ ਦਾ ਵਿਆਹ ਈਸ਼ਰ ਨਾਲ ਹੋਇਆ। ਉਹਨਾਂ ਦਾ ਸਹੁਰਾ ਪਰਿਵਾਰ ਗਰੀਬ ਸੀ ਪਰ ਉਹ ਕਦੇ ਜੰਗਲ ਵਿੱਚ ਮੱਛੀਆਂ ਜਾਂ ਕੇਕੜੇ ਫ਼ੜਨ ਨਹੀਂ ਜਾਂਦੇ ਸੀ। ਉਹ ਯਾਦ ਕਰਦੀ ਹੋਈ ਕਹਿੰਦੀ ਹਨ, “ਮੈਂ ਉਹਨਾਂ ਨੂੰ ਜੰਗਲ ਵਿੱਚ ਜਾਣ ਲਈ ਮਨਾਇਆ। ਸਤਾਰਾਂ ਸਾਲਾਂ ਬਾਅਦ ਉਹ ਇਸੇ ਜੰਗਲ ਵਿੱਚ ਮਾਰੇ ਗਏ।”
ਪਾਰੁਲ ਇਸ ਗੱਲ ਨੂੰ ਯਾਦ ਕਰਕੇ ਚੁੱਪ ਹੋ ਜਾਂਦੀ ਹਨ। ਈਸ਼ਰ ਉਦੋਂ 45 ਵਰ੍ਹਿਆਂ ਦੇ ਸਨ ਜਦੋਂ ਉਹ ਪਾਰੁਲ ਦੇ ਸਿਰ ਚਾਰ ਧੀਆਂ ਦੀ ਜ਼ਿੰਮੇਵਾਰੀ ਛੱਡ ਕੇ ਇਸ ਜਹਾਨ ਤੋਂ ਤੁਰ ਗਏ।
ਪਾਰੁਲ ਅਤੇ ਲੋਖੀ, ਮੁੜਕੇ ਨਾਲ ਭਿੱਜੀਆਂ ਹੋਈਆਂ, ਦੁਬਾਰਾ ਭਾਰੀ ਚੱਪੂ ਚਲਾਉਣ ਲੱਗਦੀਆਂ ਹਨ। ਇਹ ਔਰਤਾ ਕਿਸ਼ਤੀ ਨੂੰ ਮੈਂਗ੍ਰੋਵ ਜੰਗਲ, ਜੋ ਹੁਣ ਮੱਛੀਆਂ ਫ਼ੜਨ ਲਈ ਬੰਦ ਹੈ, ਤੋਂ ਇੱਕ ਸੁਰੱਖਿਅਤ ਦੂਰੀ ਤੇ ਲੈ ਜਾਂਦੀਆਂ ਹਨ। ਮੈਂਗ੍ਰੋਵ ਜੰਗਲਾਂ ਵਿੱਚ ਮੱਛੀਆਂ ਫ਼ੜਨਾ ਤਿੰਨ ਮਹੀਨਿਆਂ ਲਈ, ਅਪ੍ਰੈਲ ਤੋਂ ਜੂਨ ਤੱਕ, ਬੰਦ ਕੀਤਾ ਜਾਂਦਾ ਹੈ ਤਾਂ ਕਿ ਮੱਛੀਆਂ ਦੀ ਅਬਾਦੀ ਵਿੱਚ ਦੁਬਾਰਾ ਵਾਧਾ ਹੋ ਸਕੇ। ਜਦੋਂ ਮੱਛੀਆਂ ਫ਼ੜਨ ਦਾ ਸੀਜ਼ਨ ਬੰਦ ਹੁੰਦਾ ਹੈ ਪਾਰੁਲ ਆਮ ਤੌਰ ’ਤੇ ਆਪਣੇ ਤਲਾਬ ਦੀਆਂ ਮੱਛੀਆਂ ਵੇਚ ਕੇ ਆਪਣੀ ਰੋਜ਼ੀ-ਰੋਟੀ ਚਲਾਉਂਦੀ ਹਨ।
ਸੁੰਦਰਬਨ, ਦੁਨੀਆ ਦਾ ਇਕਲੌਤਾ ਮੈਂਗ੍ਰੋਵ ਜੰਗਲ ਜਿੱਥੇ ਚੀਤਿਆਂ ਦਾ ਨਿਵਾਸ ਹੈ, ਵਿੱਚ ਬੰਗਾਲੀ ਚੀਤਿਆਂ ਦੇ ਹਮਲਿਆਂ ਵੱਲ ਇਸ਼ਾਰਾ ਕਰਦੇ ਹੋਏ ਪਾਰੁਲ ਕਹਿੰਦੀ ਹਨ, “ਬਹੁਤ ਘਟਨਾਵਾਂ ਵਾਪਰ ਰਹੀਆਂ ਹਨ। ਲੋਕ ਵੱਡੀ ਗਿਣਤੀ ਵਿੱਚ ਜੰਗਲ ਵਿੱਚ ਦਾਖ਼ਲ ਹੋ ਰਹੇ ਹਨ ਅਤੇ ਦੁਰਘਟਨਾਵਾਂ ਵੱਧ ਰਹੀਆਂ ਹਨ। ਇਹ ਵੀ ਇੱਕ ਦੂਸਰਾ ਕਾਰਨ ਹੈ ਕਿ ਜੰਗਲਾਤ ਅਧਿਕਾਰੀ ਸਾਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੰਦੇ।
ਸੁੰਦਰਬਨ ਵਿੱਚ ਚੀਤਿਆਂ ਨਾਲ ਸਬੰਧਤ ਮੌਤਾਂ ਆਮ ਗੱਲ ਹੈ, ਖ਼ਾਸਕਰ ਮੱਛੀਆਂ ਫ਼ੜਨ ਦੇ ਸੀਜ਼ਨ ਦੌਰਾਨ। ਸਰਕਾਰ ਨੇ ਸਾਲ 2018 ਤੋ ਜਨਵਰੀ 2023 ਤੱਕ ਸੁੰਦਰਬਨ ਟਾਈਗਰ ਰਿਜ਼ਰਵ ਵਿੱਚ ਸਿਰਫ਼ 12 ਮੌਤਾਂ ਹੀ ਦਰਸਾਈਆਂ ਹਨ, ਪਰ ਸਥਾਨਕ ਨਿਵਾਸੀਆਂ ਦੁਆਰਾ ਮਿਲੀ ਹੋਰ ਹਮਲਿਆਂ ਦੀ ਜਾਣਕਾਰੀ ਅਨੁਸਾਰ ਅਸਲ ਸੰਖਿਆ ਇਸ ਤੋਂ ਕਿਤੇ ਜ਼ਿਆਦਾ ਹੋ ਸਕਦੀ ਹੈ।
ਸਰਕਾਰ ਦੀ ਚੀਤਿਆਂ ਦੀ ਸਥਿਤੀ ਸਬੰਧੀ ਰਿਪੋਰਟ ਅਨੁਸਾਰ 2022 ਵਿੱਚ ਸੁੰਦਰਬਨ 100 ਚੀਤਿਆਂ ਦਾ ਨਿਵਾਸ ਸਥਾਨ ਸੀ, ਜਦਕਿ ਸਾਲ 2018 ਵਿੱਚ ਇਹ ਗਿਣਤੀ 88 ਸੀ।
*****
ਪਾਰੁਲ 23 ਵਰ੍ਹਿਆਂ ਦੀ ਉਮਰ ਤੋਂ ਮੱਛੀਆਂ ਫ਼ੜ ਰਹੀ ਹਨ, ਜੋ ਉਹਨਾਂ ਨੇ ਆਪਣੇ ਮਾਤਾ ਤੋਂ ਸਿੱਖਿਆ ਸੀ।
ਲੋਖੀ ਨੇ ਸੱਤ ਵਰ੍ਹਿਆਂ ਦੀ ਉਮਰ ਵਿੱਤ ਮੱਛੀਆਂ ਫ਼ੜਨਾ ਸ਼ੁਰੂ ਕੀਤਾ ਸੀ ਜਦੋਂ ਉਹ ਆਪਣੇ ਪਿਤਾ ਨਾਲ ਜੰਗਲ ਵਿੱਚ ਜਾਇਆ ਕਰਦੀ ਸੀ। ਸਾਲ 2016 ਵਿੱਚ ਉਹਨਾਂ ਦੇ ਪਤੀ ਸੰਤੋਸ਼ ਮੋਂਡਲ,64, ਦਾ ਇੱਕ ਚੀਤੇ ਨਾਲ ਸਾਹਮਣਾ ਹੋਇਆ, ਪਰ ਉਹ ਕਿਸੇ ਤਰ੍ਹਾਂ ਜਾਨ ਬਚਾ ਕੇ ਘਰ ਪਹੁੰਚਣ ਵਿੱਚ ਸਫ਼ਲ ਰਹੇ।
“ਉਹਨਾਂ ਦੇ ਹੱਥ ਵਿੱਚ ਇੱਕ ਚਾਕੂ ਸੀ ਅਤੇ ਚੀਤੇ ਨਾਲ ਲੜੇ। ਪਰ ਇਸ ਘਟਨਾ ਤੋਂ ਬਾਅਦ ਉਹਨਾਂ ਦੇ ਹੌਸਲਾ ਟੁੱਟ ਗਿਆ ਅਤੇ ਉਹਨਾਂ ਨੇ ਜੰਗਲ ਵਿੱਚ ਦੁਬਾਰਾ ਪੈਰ ਪਾਉਣ ਤੋਂ ਇਨਕਾਰ ਕਰ ਦਿੱਤਾ,” ਲੋਖੀ ਦੱਸਦੀ ਹਨ। ਪਰ ਉਹਨਾਂ ਨੇ ਕਦੇ ਹਾਰ ਨਹੀਂ ਮੰਨੀ। ਜਦੋਂ ਉਹਨਾਂ ਦੇ ਪਤੀ ਨੇ ਜਾਣਾ ਬੰਦ ਕਰ ਦਿੱਤਾ, ਉਹਨਾਂ ਨੇ ਆਪ ਪਾਰੁਲ ਅਤੇ ਆਪਣੇ ਜਵਾਈ ਈਸ਼ਰ, ਜਿਸਦਾ ਹਾਲ ਹੀ ਵਿੱਚ ਦੇਹਾਂਤ ਹੋ ਗਿਆ ਸੀ, ਨਾਲ ਜੰਗਲ ਦੀ ਯਾਤਰਾ ਸ਼ੁਰੂ ਕਰ ਦਿੱਤੀ।
“ਮੇਰੇ ਵਿੱਚ ਕਿਸੇ ਹੋਰ ਨਾਲ ਜੰਗਲ ਵਿੱਚ ਜਾਣ ਦੀ ਹਿੰਮਤ ਨਹੀਂ ਹੈ। ਨਾ ਹੀ ਮੈਂ ਪਾਰੁਲ ਨੂੰ ਇਕੱਲੇ ਜਾਣ ਦਿੰਦੀ ਹਾਂ। ਜਿੰਨਾ ਚਿਰ ਮੈਂ ਜਿਉਂਦੀ ਹਾਂ, ਮੈਂ ਉਸਦੇ ਨਾਲ ਜਾਵਾਂਗੀ,” ਉਹ ਕਹਿੰਦੀ ਹਨ। “ਜੰਗਲ ਵਿੱਚ ਸਿਰਫ਼ ਤੁਹਾਡਾ ਆਪਣਾ ਖ਼ੂਨ ਹੀ ਤੁਹਾਡੀ ਰੱਖਿਆ ਕਰ ਸਕਦਾ ਹੈ।”
ਦੋਨੋਂ ਔਰਤਾਂ ਬਿਨਾਂ ਇੱਕ-ਦੂਜੇ ਨਾਲ ਗੱਲ ਕਰੇ ਇਕਸਾਰ ਚੱਪੂ ਚਲਾ ਰਹੀਆਂ ਹਨ। ਇੱਕ ਵਾਰ ਕੇਕੜੇ ਫ਼ੜਨ ਦਾ ਸੀਜ਼ਨ ਸ਼ੁਰੂ ਹੋਣ ਤੇ ਉਹਨਾਂ ਨੂੰ ਜੰਗਲਾਤ ਵਿਭਾਗ ਤੋਂ ਇੱਕ ਪਾਸ ਦੀ ਜ਼ਰੂਰਤ ਪਵੇਗੀ ਅਤੇ ਜੰਗਲ ਵਿੱਚ ਜਾਣ ਲਈ ਇੱਕ ਕਿਸ਼ਤੀ ਕਿਰਾਏ ’ਤੇ ਲੈਣੀ ਪਵੇਗੀ।
ਪਾਰੁਲ 50 ਰੁਪਏ ਪ੍ਰਤੀ ਦਿਨ ਕਿਰਾਇਆ ਦਿੰਦੀ ਹਨ। ਆਮ ਤੌਰ ’ਤੇ ਉਹਨਾਂ ਨਾਲ ਇੱਕ ਤੀਜੀ ਔਰਤ ਵੀ ਆ ਜਾਂਦੀ ਹੈ। ਤਿੰਨੋਂ ਔਰਤਾਂ ਨੂੰ ਘੱਟੋ-ਘੱਟ 10 ਦਿਨ ਜੰਗਲ ਵਿੱਚ ਰਹਿਣਾ ਪੈਂਦਾ ਹੈ। “ਅਸੀਂ ਕਿਸ਼ਤੀ ਵਿੱਚ ਹੀ ਆਪਣਾ ਭੋਜਨ ਬਣਾਉਂਦੇ ਹਾਂ ਅਤੇ ਇੱਥੇ ਹੀ ਖਾਣਾ ਖਾਂਦੇ ਹਾਂ ਅਤੇ ਸੌਂਦੇ ਹਾਂ। ਅਸੀਂ ਆਪਣੇ ਨਾਲ ਚੋਲ ਅਤੇ ਦਾਲ, ਪੀਣ ਵਾਲੇ ਪਾਣੀ ਦੇ ਢੋਲ, ਅਤੇ ਇੱਕ ਛੋਟਾ ਸਟੋਵ ਰੱਖਦੇ ਹਾਂ। ਅਸੀਂ ਕਿਸੇ ਵੀ ਹਾਲਾਤ ਵਿੱਚ ਕਿਸ਼ਤੀ ਤੋਂ ਬਾਹਰ ਨਹੀਂ ਜਾਂਦੇ, ਇੱਥੋਂ ਤੱਕ ਕਿ ਪਖ਼ਾਨੇ ਲਈ ਵੀ ਨਹੀਂ,” ਪਾਰੁਲ ਦੱਸਦੀ ਹਨ। ਉਹਨਾਂ ਦਾ ਕਹਿਣਾ ਹੈ ਕਿ ਅਜਿਹਾ ਨਾ ਕਰਨ ਦਾ ਮੁੱਖ ਕਾਰਨ ਚੀਤਿਆਂ ਦੁਆਰਾ ਹੋਣ ਵਾਲੇ ਹਮਲਿਆਂ ਦੀਆਂ ਵੱਧਦੀਆਂ ਘਟਨਾਵਾਂ ਹਨ।
“ਇੱਥੋਂ ਤੱਕ ਕਿ ਹੁਣ ਤਾਂ ਚੀਤੇ ਕਿਸ਼ਤੀਆਂ ’ਤੇ ਵੀ ਚੜ੍ਹ ਜਾਂਦੇ ਹਨ ਅਤੇ ਵਿਅਕਤੀਆਂ ਨੂੰ ਚੱਕ ਕੇ ਲੈ ਜਾਂਦੇ ਹਨ। ਮੇਰੇ ਪਤੀ ’ਤੇ ਵੀ ਕਿਸ਼ਤੀ ਵਿੱਚ ਹੀ ਹਮਲਾ ਹੋਇਆ ਸੀ।”
ਦਸ ਦਿਨਾਂ ਉਹ ਮੱਛੀਆਂ ਫ਼ੜਨ ਵਿੱਚ ਲੱਗੀਆਂ ਰਹਿੰਦੀਆਂ ਹਨ, ਇਹ ਔਰਤਾਂ ਬਰਸਾਤ ਵਿੱਚ ਵੀ ਕਿਸ਼ਤੀ ’ਤੇ ਹੀ ਰਹਿੰਦੀਆਂ ਹਨ। “ਕਿਸ਼ਤੀ ਦੇ ਇੱਕ ਕੋਨੇ ਵਿੱਚ ਕੇਕੜੇ ਅਤੇ ਦੂਜੇ ਕੋਨੇ ਵਿੱਚ ਇਨਸਾਨ, ਅਤੇ ਤੀਜੇ ਕੋਨੇ ਵਿੱਚ ਖਾਣਾ ਬਣਦਾ ਹੈ,” ਲੋਖੀ ਅੱਗੇ ਦੱਸਦੀ ਹਨ।
ਜੰਗਲ ਵਿੱਚ ਆਉਣ ਵਾਲੇ ਆਪਣੇ ਪੁਰਸ਼ ਸਾਥੀਆਂ ਵਾਂਗ ਔਰਤਾਂ ਵੀ ਮੱਛੀਆਂ ਫ਼ੜਨ ਦੌਰਾਨ ਚੀਤਿਆਂ ਦੇ ਹਮਲਿਆਂ ਦਾ ਸ਼ਿਕਾਰ ਬਣਦੀਆਂ ਹਨ। ਹਾਲਾਂਕਿ ਇਸ ਗੱਲ ਦਾ ਕੋਈ ਅੰਦਾਜ਼ਾ ਨਹੀਂ ਹੈ ਕਿ ਸੁੰਦਰਬਨ, ਜੋ ਕਿ ਇੱਕ ਮਨੁੱਖਾਂ ਅਤੇ ਜਾਨਵਰਾਂ ਦੇ ਟਕਰਾਅ ਦਾ ਇੱਕ ਕੇਂਦਰ ਮੰਨਿਆ ਜਾਂਦਾ ਹੈ, ਵਿੱਚ ਕਿੰਨੀਆਂ ਔਰਤਾਂ ਦੀ ਮੌਤ ਹੋ ਚੁੱਕੀ ਹੈ।
“ਜ਼ਿਆਦਾਤਰ ਰਿਕਾਰਡ ਆਦਮੀਆਂ ਦੀਆਂ ਮੌਤਾਂ ਹੀ ਦਰਸਾਉਂਦੇ ਹਨ। ਔਰਤਾਂ ’ਤੇ ਵੀ ਚੀਤਿਆਂ ਦੁਆਰਾ ਹਮਲਾ ਕੀਤਾ ਜਾਂਦਾ ਹੈ ਪਰ ਇਸ ਸਬੰਧਤ ਅੰਕੜੇ ਇਕੱਠੇ ਨਹੀਂ ਕੀਤੇ ਜਾਂਦੇ। ਬੇਸ਼ੱਕ, ਔਰਤਾਂ ਵੀ ਜੰਗਲ ਵਿੱਚ ਜਾਂਦੀਆਂ ਹਨ ਪਰ ਆਦਮੀਆਂ ਦੇ ਮੁਕਾਬਲੇ ਉਹਨਾਂ ਦੀ ਗਿਣਤੀ ਬਹੁਤ ਘੱਟ ਹੁੰਦੀ ਹੈ,” ਪ੍ਰਦੀਪ ਚੈਟਰਜੀ ਕਹਿੰਦੇ ਹਨ ਜੋ ਕਿ ਨੈਸ਼ਨਲ ਪਲੇਟਫਾਰਮ ਫ਼ਾਰ ਸਮਾਲ ਸਕੇਲ ਫ਼ਿਸ਼-ਵਰਕਰਜ਼ ਦੇ ਕਨਵੀਨਰ ਹਨ। ਜੰਗਲ ਤੋਂ ਦੂਰੀ ਵੀ ਇੱਕ ਮਹੱਤਵਪੂਰਨ ਕਾਰਕ ਹੈ। ਜਿਹਨਾਂ ਔਰਤਾਂ ਦੇ ਪਿੰਡ ਜੰਗਲ ਤੋਂ ਜ਼ਿਆਦਾ ਦੂਰ ਹਨ ਉਹ ਇੱਥੇ ਜਾਣ ਬਾਰੇ ਘੱਟ ਸੋਚਦੀਆਂ ਹਨ। ਉਹ ਸਿਰਫ਼ ਉਦੋਂ ਹੀ ਜਾਣ ਬਾਰੇ ਸੋਚਦੀਆਂ ਹਨ ਜਦੋਂ ਹੋਰ ਦੂਜੀਆਂ ਔਰਤਾਂ ਵੀ ਨਾਲ ਜਾਣ ਲਈ ਤਿਆਰ ਹੋਣ।
ਪਾਰੁਲ ਅਤੇ ਲੋਖੀ ਦੇ ਪਿੰਡ ਲਾਕਸਬਾਗਾਨ ਵਿੱਚ, 2011 ਦੀ ਜਨਗਣਨਾ ਅਨੁਸਾਰ ਜਿਸਦੀ ਜਨਸੰਖਿਆ 4,504 ਹੈ ਜਿਸ ਵਿੱਚ 48 ਪ੍ਰਤੀਸ਼ਤ ਦੇ ਕਰੀਬ ਔਰਤਾਂ ਹਨ, ਲਗਭਗ ਹਰ ਘਰ ਦੀਆਂ ਔਰਤਾਂ ਮਾਰੀਚਝਾਪੀ ਜੰਗਲ ਵਿੱਚ ਜਾਂਦੀਆਂ ਹਨ ਜੋ ਇਸ ਪਿੰਡ ਤੋਂ ਸਿਰਫ਼ 5 ਕਿਲੋਮੀਟਰ ਦੂਰੀ ’ਤੇ ਹੀ ਹੈ।
ਕੇਕੜਿਆਂ ਤੋਂ ਪ੍ਰਾਪਤ ਹੋਣ ਵਾਲੀਆਂ ਚੰਗੀਆਂ ਕੀਮਤਾਂ ਵੀ ਇਸ ਜੋਖ਼ਮ ਭਰੇ ਕੰਮ ਕਰਨ ਲਈ ਇੱਕ ਪ੍ਰੇਰਨਾ ਦਾ ਕੰਮ ਕਰਦੀਆਂ ਹਨ। “ਮੱਛੀਆਂ ਤੋਂ ਮੈਨੂੰ ਜ਼ਿਆਦਾ ਆਮਦਨ ਨਹੀਂ ਹੁੰਦੀ। ਕੇਕੜੇ ਆਮਦਨ ਦਾ ਮੁੱਖ ਸ੍ਰੋਤ ਹਨ। ਜਦੋਂ ਮੈਂ ਜੰਗਲ ਵਿੱਚ ਜਾਂਦੀ ਹਾਂ, ਮੈਂ 300- 500 ਰੁਪਏ ਪ੍ਰਤੀਦਿਨ ਕਮਾ ਸਕਦੀ ਹਾਂ,” ਪਾਰੁਲ ਕਹਿੰਦੀ ਹਨ। ਵੱਡੇ ਕੇਕੜੇ 400- 600 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਹਿਸਾਬ ਨਾਲ ਵਿਕ ਜਾਂਦੇ ਹਨ ਜਦਕਿ ਛੋਟੇ ਕੇਕੜੇ 60- 80 ਰੁਪਏ ਪ੍ਰਤੀ ਕਿਲੋਗ੍ਰਾਮ ਨਾਲ ਵਿਕਦੇ ਹਨ। ਤਿੰਨੋਂ ਔਰਤਾਂ ਇੱਕ ਚੱਕਰ ਦੌਰਾਨ ਇਕੱਠੇ ਮਿਲ ਕੇ 20- 40 ਕਿਲੋਗ੍ਰਾਮ ਤੱਕ ਕੇਕੜੇ ਫ਼ੜ ਲੈਂਦੀਆਂ ਹਨ।
*****
ਸੁੰਦਰਬਨ ਵਿੱਚ ਚੀਤਿਆਂ ਦੁਆਰਾ ਹਮਲੇ ਦੇ ਖ਼ਤਰਿਆਂ ਤੋਂ ਇਲਾਵਾ ਕੇਕੜੇ ਫ਼ੜਨ ਵਾਲਿਆਂ ਨੂੰ ਜੋ ਦੂਜੀ ਚੁਣੌਤੀ ਦਾ ਸਾਹਮਣਾ ਕਰਨਾ ਪੈਂਦਾ ਹੈ ਉਹ ਹੈ ਕੇਕੜਿਆਂ ਦੀ ਘਟਦੀ ਗਿਣਤੀ। “ਹੁਣ ਹੋਰ ਜ਼ਿਆਦਾ ਲੋਕ ਜੰਗਲ ਵਿੱਚ ਕੇਕੜੇ ਫ਼ੜਨ ਆ ਰਹੇ ਹਨ। ਪਹਿਲਾਂ ਕੇਕੜੇ ਵੱਡੀ ਗਿਣਤੀ ਵਿੱਚ ਹੋਇਆ ਕਰਦੇ ਸੀ ਪਰ ਹੁਣ ਸਾਨੂੰ ਇਹਨਾਂ ਨੂੰ ਲੱਭਣ ਲਈ ਬਹੁਤ ਮਿਹਨਤ ਕਰਨੀ ਪੈਂਦੀ ਹੈ,” ਪਾਰੁਲ ਕਹਿੰਦੀ ਹਨ।
ਜਿਵੇਂ - ਜਿਵੇਂ ਕੇਕੜਿਆਂ ਦੀ ਗਿਣਤੀ ਘਟਦੀ ਜਾ ਰਹੀ ਹੈ, ਮਛੇਰਿਆਂ ਨੂੰ ਜੰਗਲ ਦੇ ਹੋਰ ਅੰਦਰ ਜਾਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ, ਜਿਸ ਨਾਲ ਚੀਤਿਆਂ ਦੁਆਰਾ ਹਮਲਿਆਂ ਦਾ ਖ਼ਤਰਾ ਵੱਧ ਜਾਂਦਾ ਹੈ।
ਚੈਟਰਜੀ ਦਾ ਕਹਿਣਾ ਹੈ ਕਿ ਇਲਾਕੇ ਦੇ ਮਛੇਰੇ ਮੱਛੀਆਂ ਜਾਂ ਕੇਕੜਿਆਂ ਦੀ ਚੰਗੀ ਮਾਤਰਾ ’ਚ ਫ਼ੜਨ ਲਈ ਮੈਂਗ੍ਰੋਵ ਜੰਗਲਾਂ ਵਿੱਚ ਹੋਰ ਅੰਦਰ ਤੱਕ ਜਾਣ ਲੱਗੇ ਹਨ ਅਤੇ ਇੱਥੇ ਉਹਨਾਂ ਦਾ ਚੀਤਿਆਂ ਨਾਲ ਟਕਰਾਅ ਹੁੰਦਾ ਹੈ। “ਜੰਗਲਾਤ ਅਧਿਕਾਰੀ ਸਿਰਫ਼ ਚੀਤਿਆਂ ਦੇ ਰੱਖ- ਰੱਖਾਵ ਵੱਲ ਧਿਆਨ ਦਿੰਦੇ ਹਨ। ਪਰ ਜੇਕਰ ਮੱਛੀਆਂ ਨਹੀਂ ਬਚਣਗੀਆਂ ਤਾਂ ਚੀਤੇ ਵੀ ਨਹੀਂ ਬਚਣਗੇ,” ਚੈਟਰਜੀ ਕਹਿੰਦੇ ਹਨ। “ਮਨੁੱਖਾ ਅਤੇ ਜੰਗਲੀ ਜੀਵਾਂ ਵਿਚਾਲੇ ਸੰਘਰਸ਼ ਤਾਂ ਹੀ ਘਟ ਸਕਦਾ ਹੈ ਜੇਕਰ ਨਦੀਆਂ ਵਿੱਚ ਮੱਛੀਆਂ ਦੀ ਗਿਣਤੀ ਵਿੱਚ ਵਾਧਾ ਹੋਵੇਗਾ।”
ਨਦੀ ਤੋਂ ਵਾਪਸ ਆਉਣ ਤੋਂ ਬਾਅਦ ਪਾਰੁਲ ਦੁਪਹਿਰ ਦਾ ਖਾਣਾ ਬਣਾਉਣ ਵਿੱਚ ਵਿਅਸਤ ਹੋ ਜਾਂਦੀ ਹਨ। ਉਹ ਮੱਛੀ ਬਣਾਉਂਦੀ ਹਨ ਜੋ ਉਹਨਾਂ ਨੇ ਆਪਣੇ ਤਲਾਬ ਤੋਂ ਫ਼ੜ ਕੇ ਲਿਆਂਦੀ ਹੈ, ਚੌਲਾਂ ਨੂੰ ਉਬਾਲਦੀ ਹਨ ਅਤੇ ਅੰਬਾਂ ਦੀ ਚਟਨੀ ਬਣਾਉਂਦੀ ਹਨ।
ਉਹ ਦੱਸਦੀ ਹਨ ਕਿ ਉਹਨਾਂ ਨੂੰ ਕੇਕੜੇ ਖਾਣੇ ਪਸੰਦ ਨਹੀਂ ਹਨ। ਉਹਨਾਂ ਦੇ ਮਾਤਾ ਲੋਖੀ ਗੱਲਬਾਤ ’ਚ ਹਿੱਸਾ ਲੈਂਦੇ ਕਹਿੰਦੀ ਹਨ, “ਨਾ ਤਾ ਮੈਂ ਅਤੇ ਨਾ ਹੀ ਮੇਰੀ ਬੇਟੀ ਕੇਕੜੇ ਖਾਂਦੇ ਹਾਂ।” ਕਾਰਨ ਪੁੱਛਣ ’ਤੇ ਉਹ ਕੋਈ ਵੇਰਵਾ ਤਾਂ ਨਹੀਂ ਦਿੰਦੇ ਪਰ “ਹਾਦਸੇ” ਦਾ ਜ਼ਿਕਰ ਕਰਦੇ ਹਨ ਜੋ ਉਹਨਾਂ ਦੇ ਜਵਾਈ, ਈਸ਼ਰ ਦੀ ਮੌਤ ਵੱਲ ਇਸ਼ਾਰਾ ਕਰਦਾ ਹੈ।
ਪਾਰੁਲ ਦੀਆਂ ਚਾਰ ਬੇਟੀਆਂ ਪੁਸ਼ਪਿਤਾ, ਪਰੋਮਿਤਾ, ਪਾਪਈਆ ਅਤੇ ਪਾਪਰੀ ਵਿੱਚੋਂ ਕੋਈ ਵੀ ਜੰਗਲ ਵਿੱਚ ਕੰਮ ਨਹੀਂ ਕਰਦੀ। ਪੁਸ਼ਪਿਤਾ ਅਤੇ ਪਾਪਈਆ ਪੱਛਮੀ ਬੰਗਾਲ ਦੇ ਹੋਰ ਜ਼ਿਲ੍ਹਿਆਂ ਵਿੱਚ ਲੋਕਾਂ ਦੇ ਘਰਾਂ ਵਿੱਚ ਕੰਮ ਕਰਦੀਆਂ ਹਨ ਜਦਕਿ ਪਰੋਮਿਤਾ ਬੰਗਲੁਰੂ ਦੀ ਇੱਕ ਪ੍ਰਾਈਵੇਟ ਕੰਪਨੀ ਵਿੱਚ ਕੰਮ ਕਰਦੀ ਹਨ। ਸਭ ਤੋਂ ਛੋਟੀ, ਪਾਪਰੀ, 13, ਲਾਕਸਬਾਗਾਨ ਨੇੜੇ ਇੱਕ ਹੋਸਟਲ ਵਿੱਚ ਰਹਿੰਦੀ ਹੈ ਅਤੇ ਅਕਸਰ ਬਿਮਾਰ ਰਹਿੰਦੀ ਹੈ। “ਪਾਪਰੀ ਨੂੰ ਟਾਈਫਾਈਡ ਅਤੇ ਮਲੇਰੀਆ ਸੀ, ਇਸ ਲਈ ਮੈਨੂੰ ਉਸਦੇ ਇਲਾਜ ਲਈ 13,000 ਰੁਪਏ ਖ਼ਰਚਣੇ ਪਏ। ਮੈਨੂੰ ਉਸਦੇ ਹੋਸਟਲ ਦੀ ਫ਼ੀਸ ਵੀ ਭਰਨੀ ਪੈਂਦੀ ਹੈ ਜੋ ਕਿ 2,000 ਰੁਪਏ ਪ੍ਰਤੀ ਮਹੀਨਾ ਹੈ,” ਪਾਰੁਲ ਦੱਸਦੀ ਹਨ।
ਪਾਰੁਲ ਆਪ ਵੀ ਬਿਮਾਰ ਹਨ। ਉਹਨਾਂ ਦੇ ਛਾਤੀ ਵਿੱਚ ਦਰਦ ਹੈ, ਇਸ ਕਾਰਨ ਇਸ ਸਾਲ ਮੱਛੀਆਂ ਜਾਂ ਕੇਕੜੇ ਫ਼ੜਨ ਜਾਣਾ ਸੰਭਵ ਨਹੀਂ ਹੋਵੇਗਾ।
“ਕਲਕੱਤੇ ਦੇ ਇੱਕ ਡਾਕਟਰ ਨੇ ਮੈਨੂੰ MRI ਸਕੈਨ ਕਰਵਾਉਣ ਲਈ ਕਿਹਾ ਸੀ ਜਿਸ ਲਈ 40,000 ਰੁਪਏ ਅਦਾ ਕਰਨੇ ਪੈਣਗੇ। ਮੇਰੇ ਕੋਲ਼ ਇੰਨੇ ਪੈਸੇ ਨਹੀਂ ਹਨ,” ਉਹ ਕਹਿੰਦੀ ਹਨ। ਉਹਨਾਂ ਨੇ ਦੱਖਣੀ ਸ਼ਹਿਰ ਵਿੱਚ ਆਪਣੀ ਧੀ ਅਤੇ ਜਵਾਈ ਨਾਲ ਜਾ ਕੇ ਰਹਿਣ ਦਾ ਫ਼ੈਸਲਾ ਕਰ ਲਿਆ ਹੈ, ਜੋ ਦੋਨੋਂ ਪ੍ਰਾਈਵੇਟ ਕੰਪਨੀਆਂ ਵਿੱਚ ਕੰਮ ਕਰ ਰਹੇ ਹਨ। ਪਾਰੁਲ ਨੇ ਬੰਗਲੁਰੂ ਵਿੱਚ ਵੀ ਇੱਕ ਡਾਕਟਰ ਨੂੰ ਦਿਖਾਇਆ ਹੈ ਜਿਸਨੇ ਛੇ ਮਹੀਨਿਆਂ ਲਈ ਅਰਾਮ ਕਰਨ ਤੇ ਦਵਾਈ ਲੈਣ ਦੀ ਸਲਾਹ ਦਿੱਤੀ ਹੈ।
ਉਹ ਕਹਿੰਦੀ ਹਨ, “ਮੈਨੂੰ ਲੱਗਦਾ ਹੈ ਕਿ ਮੇਰੀ ਛਾਤੀ ਵਿੱਚ ਦਰਦ ਦਾ ਕਾਰਨ ਮੇਰਾ ਆਪਣਾ ਡਰ ਹੈ ਜੋ ਮੈਂ ਜੰਗਲ ਵਿੱਚ ਜਾਣ ਸਮੇਂ ਲਗਾਤਾਰ ਮਹਿਸੂਸ ਕਰਦੀ ਰਹੀ ਹਾਂ। ਮੇਰੇ ਪਤੀ ਇੱਕ ਚੀਤੇ ਵੱਲੋਂ ਮਾਰੇ ਗਏ ਅਤੇ ਮੇਰੇ ਪਿਤਾ ’ਤੇ ਵੀ ਹਮਲਾ ਹੋਇਆ। ਇਹੀ ਕਾਰਨ ਹੈ ਕਿ ਮੇਰੀ ਛਾਤੀ ਵਿੱਚ ਦਰਦ ਹੋਣਾ ਸ਼ੁਰੂ ਹੋ ਗਿਆ।”
ਤਰਜਮਾ: ਇੰਦਰਜੀਤ ਸਿੰਘ