ਨਾਗਰਾਜ ਬੰਦਨ ਨੇ ਆਪਣੇ ਘਰੋਂ ਨਿਕਲ਼ ਕੇ ਹਵਾ ਵਿੱਚ ਤੈਰਨ ਵਾਲ਼ੀ ਰਾਗੀ ਕਲੀ ਦੀ ਖੁਸ਼ਬੂ ਨੂੰ ਯਾਦ ਕੀਤਾ। ਜਦੋਂ ਉਹ ਛੋਟੇ ਬੱਚੇ ਸਨ, ਉਹ ਹਰ ਰੋਜ਼ ਉਸ ਖੁਸ਼ਬੂ ਦੀ ਉਡੀਕ ਕਰਿਆ ਕਰਦੇ ਸਨ।
ਮੌਜੂਦਾ ਰਾਗੀ ਦੀ ਤੁਲਨਾ ਪੰਜ ਦਹਾਕੇ ਪਹਿਲਾਂ ਦੀ ਰਾਗੀ ਕਲੀ (ਰਾਗੀ ਮੁੱਡੇ) ਨਾਲ਼ ਕੀਤੀ ਹੀ ਨਹੀਂ ਜਾ ਸਕਦੀ। "ਹੁਣ ਅਸੀਂ ਜੋ ਰਾਗੀ ਉਗਾਉਂਦੇ ਹਾਂ, ਉਸ ਵਿੱਚ ਪਹਿਲਾਂ ਵਰਗੀ ਗੰਧ ਜਾਂ ਸਵਾਦ ਨਹੀਂ ਰਹਿ ਗਿਆ," ਉਹ ਕਹਿੰਦੇ ਹਨ ਤੇ ਨਾਲ਼ ਹੀ ਦੱਸਦੇ ਹਨ ਕਿ ਹੁਣ ਇੱਥੇ ਘਰਾਂ ਵਿੱਚ ਰਾਗੀ ਕਲੀ ਰੋਜ਼ਾਨਾ ਨਹੀਂ ਪਕਾਈ ਜਾਂਦੀ।
ਨਾਗਰਾਜ ਇਰੂਲਾ (ਤਾਮਿਲ਼ਨਾਡੂ ਵਿੱਚ ਅਨੁਸੂਚਿਤ ਜਨਜਾਤੀ ਸ਼੍ਰੇਣੀ ਵਿੱਚ ਸ਼ਾਮਲ) ਅਤੇ ਨੀਲਗਿਰੀ ਦੀ ਇੱਕ ਬਸਤੀ ਬੋਕਾਪੁਰਮ ਦੇ ਵਸਨੀਕ ਹਨ। ਉਹ ਆਪਣੇ ਮਾਪਿਆਂ ਦੁਆਰਾ ਉਗਾਏ ਗਏ ਰਾਗੀ, ਚੋਲਮ (ਜਵਾਰ), ਕੰਬੂ (ਬਾਜਰਾ) ਅਤੇ ਸਮਾਈ (ਛੋਟਾ ਬਾਜਰਾ) ਵਰਗੇ ਹੋਰ ਬਾਜਰੇ ਦੇਖਦਿਆਂ ਹੀ ਵੱਡੇ ਹੋਏ। ਜੋ ਕੁਝ ਉਗਾਇਆ ਜਾਂਦਾ ਉਸ ਦਾ ਕੁਝ ਹਿੱਸਾ ਘਰ ਵਿੱਚ ਰੱਖਿਆ ਜਾਂਦਾ ਅਤੇ ਬਾਕੀ ਬਾਜ਼ਾਰ ਵਿੱਚ ਵੇਚ ਦਿੱਤਾ ਜਾਂਦਾ ਸੀ।
ਜਿਵੇਂ-ਜਿਵੇਂ ਨਾਗਰਾਜ ਵੱਡੇ ਹੁੰਦੇ ਗਏ, ਜ਼ਮੀਨ ਉਨ੍ਹਾਂ ਦੇ ਕਬਜ਼ੇ ਵਿੱਚ ਆ ਗਈ। ਪਰ ਜਿਵੇਂ ਹੀ ਉਨ੍ਹਾਂ ਖੇਤੀ ਕਰਨੀ ਸ਼ੁਰੂ ਕੀਤੀ ਤਾਂ ਅਹਿਸਾਸ ਹੋਇਆ ਕਿ ਉਨ੍ਹਾਂ ਨੂੰ ਓਨੀ ਉਪਜ ਨਹੀਂ ਮਿਲ਼ ਰਹੀ ਜਿੰਨੀ ਪਿਤਾ ਦੇ ਸਮੇਂ ਮਿਲ਼ਿਆ ਕਰਦੀ ਸੀ। "ਹੁਣ ਕਦੇ-ਕਦੇ ਤਾਂ ਸਾਡੇ ਗੁਜ਼ਾਰੇ ਲਈ ਕਾਫ਼ੀ (ਰਾਗੀ) ਮਿਲ਼ ਜਾਂਦੀ ਹੈ ਤੇ ਕਈ ਵਾਰ ਇੰਨੀ ਵੀ ਨਹੀਂ ਮਿਲ਼ਦੀ," ਉਨ੍ਹਾਂ ਨੇ ਪਾਰੀ ਨੂੰ ਦੱਸਿਆ। ਉਹ ਆਪਣੀ ਦੋ ਏਕੜ ਜ਼ਮੀਨ 'ਤੇ ਫਲ਼ੀਆਂ ਅਤੇ ਬੈਂਗਣ ਵਰਗੀਆਂ ਸਬਜ਼ੀਆਂ ਦੇ ਨਾਲ਼-ਨਾਲ਼ ਰਾਗੀ ਵੀ ਉਗਾਉਂਦੇ ਰਹਿੰਦੇ ਹਨ।
ਇਹ ਤਬਦੀਲੀ ਖੇਤਰ ਦੇ ਹੋਰ ਕਿਸਾਨਾਂ ਨੇ ਵੀ ਵੇਖੀ ਹੈ। ਮਾਰੀ (ਛੋਟਾ ਨਾਮ ਹੀ ਉਨ੍ਹਾਂ ਦੀ ਪਛਾਣ ਹੈ) ਦੱਸਦੇ ਹਨ ਕਿ ਜਿੱਥੇ ਉਨ੍ਹਾਂ ਦੇ ਪਿਤਾ ਨੂੰ 10-20 ਬੋਰੀਆਂ ਰਾਗੀ ਦਾ ਝਾੜ ਮਿਲ਼ਦਾ ਸੀ, ਉਨ੍ਹਾਂ ਨੂੰ ਸਿਰਫ਼ 2-3 ਬੋਰੀਆਂ ਰਾਗੀ ਮਿਲ਼ ਰਿਹਾ ਹੈ। 45 ਸਾਲਾ ਇਸ ਕਿਸਾਨ ਕੋਲ਼ ਦੋ ਏਕੜ ਜ਼ਮੀਨ ਹੈ।
ਨਾਗਰਾਜ ਅਤੇ ਮਾਰੀ ਦੇ ਤਜ਼ਰਬੇ ਅਧਿਕਾਰਤ ਅੰਕੜਿਆਂ ਤੋਂ ਝਲਕਦੇ ਹਨ ਜੋ ਦਰਸਾਉਂਦੇ ਹਨ ਕਿ ਨੀਲਗਿਰੀ ਵਿੱਚ ਰਾਗੀ ਦੀ ਕਾਸ਼ਤ 1948-49 ਵਿੱਚ 1,369 ਹੈਕਟੇਅਰ ਤੋਂ ਘੱਟ ਕੇ 1998-99 ਵਿੱਚ 86 ਹੈਕਟੇਅਰ ਰਹਿ ਗਈ ਹੈ।
ਪਿਛਲੀ ਮਰਦਮਸ਼ੁਮਾਰੀ (2011) ਦੇ ਅਨੁਸਾਰ, ਜ਼ਿਲ੍ਹੇ ਵਿੱਚ ਸਿਰਫ਼ ਇੱਕ ਹੈਕਟੇਅਰ ਜ਼ਮੀਨ ਵਿੱਚ ਰਾਗੀ ਦੀ ਕਾਸ਼ਤ ਕੀਤੀ ਜਾਂਦੀ ਹੈ।











