ਬੀਤੇ ਸਾਲ ਤੱਕ ਹਰ ਵਾਰੀ ਅਬਦੁਲ ਵਾਹਦ ਠੋਕੇਰ ਉਤਸ਼ਾਹ ਨਾਲ਼ ਭਰੀਆਂ ਸਵਾਰੀਆਂ ਨੂੰ ਆਪਣੇ ਸਲੈਜ 'ਤੇ ਬਿਠਾਈ ਗੁਲਮਰਗ ਦੀਆਂ ਬਰਫ਼ ਲੱਦੀਆਂ ਢਲਾਣਾਂ 'ਤੇ ਘੁਮਾਉਂਦੇ ਰਹੇ। 14 ਜਨਵਰੀ 2024 ਆਉਂਦੇ-ਆਉਂਦੇ ਨਜ਼ਾਰਾ ਐਨ ਬਦਲ ਗਿਆ। ਹੁਣ ਅਬਦੁਲ ਆਪਣੀ ਸਲੈਜ 'ਤੇ ਬੈਠੇ ਲੰਬੇ-ਲੰਬੇ ਹਊਕੇ ਭਰੀ ਭੂਰੀ ਤੇ ਬੰਜਰ ਜ਼ਮੀਨ ਵੱਲ ਦੇਖ ਰਹੇ ਹਨ।
43 ਸਾਲਾ ਅਬਦੁਲ ਦੀ ਹੈਰਾਨੀ ਦੀ ਹੱਦ ਨਾ ਰਹੀ ਤੇ ਉਨ੍ਹਾਂ ਕਿਹਾ,''ਇਹ ਸਮਾਂ ਚਿਲਾ-ਏ-ਕਲਾਂ (ਅੱਤ ਦੀ ਠੰਡ) ਦਾ ਹੁੰਦਾ ਹੈ ਤੇ ਗੁਲਮਰਗ ਵਿੱਚ ਮਾਸਾ ਬਰਫ਼ ਨਹੀਂ ਹੈ।'' ਉਹ ਪਿਛਲੇ 25 ਸਾਲਾਂ ਤੋਂ ਸਲੈਜ ਖਿੱਚਣ ਦਾ ਕੰਮ ਕਰਦੇ ਆਏ ਹਨ ਤੇ ਉਨ੍ਹਾਂ ਮੁਤਾਬਕ ਇਹੋ-ਜਿਹੀ ਭਿਆਨਕ ਹਾਲਤ ਕਦੇ ਨਾ ਦੇਖੀ ਨਾ ਸੁਣੀ: ''ਜੇ ਇੰਝ ਹੀ ਹੁੰਦਾ ਰਿਹਾ ਤਾਂ ਸਾਨੂੰ ਕਰਜਈ ਹੋਣੋਂ ਕੋਈ ਨਹੀਂ ਰੋਕ ਸਕਦਾ।''
ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਦਾ ਪ੍ਰਸਿੱਧ ਪਹਾੜੀ ਸਟੇਸ਼ਨ ਗੁਲਮਰਗ ਆਪਣੇ ਬਰਫ਼ ਨਾਲ਼ ਢਕੇ ਆਲ਼ੇ-ਦੁਆਲ਼ੇ ਲਈ ਦੁਨੀਆ ਭਰ ਤੋਂ ਲੱਖਾਂ ਸੈਲਾਨੀਆਂ ਨੂੰ ਆਕਰਸ਼ਿਤ ਕਰਦਾ ਹੈ। ਇਹ ਸੈਰ-ਸਪਾਟਾ ਲਗਭਗ 2,000 ਸਥਾਨਕ ਲੋਕਾਂ ਦੀ ਆਰਥਿਕਤਾ (ਮਰਦਮਸ਼ੁਮਾਰੀ 2011) ਦਾ ਸਮਰਥਨ ਕਰਨ ਵਿੱਚ ਮਹੱਤਵਪੂਰਣ ਭੂਮਿਕਾ ਅਦਾ ਕਰਦਾ ਹੈ ਅਤੇ ਥੋਕਰ ਵਰਗੇ ਹੋਰ ਲੋਕੀਂ ਜੋ ਕੰਮ ਲਈ ਇੱਥੇ ਆਉਂਦੇ ਹਨ, ਨੇ ਵੀ ਸੈਲਾਨੀਆਂ ਦੇ ਆਗਮਨ ਤੋਂ ਰੋਜ਼ੀ-ਰੋਟੀ ਕਮਾਈ ਹੈ।
ਬਾਰਾਮੂਲਾ ਦੇ ਕਲਾਂਤਾਰਾ ਪਿੰਡ ਦੇ ਇੱਕ ਵਸਨੀਕ ਕੰਮ ਦੀ ਭਾਲ਼ ਵਿੱਚ ਹਰ ਰੋਜ਼ 30 ਕਿਲੋਮੀਟਰ ਦਾ ਪੈਂਡਾ ਮਾਰ ਕੇ ਗਲਮਰਗ ਇਲਾਕੇ ਵਿੱਚ ਆਉਂਦੇ ਹਨ। "ਇਨ੍ਹੀਂ ਦਿਨੀਂ, ਜੇ ਸਾਨੂੰ ਗਾਹਕ ਮਿਲ਼ ਵੀ ਜਾਣ ਪਰ ਬਰਫ਼ ਨਾ ਹੋਣ ਕਾਰਨ ਅਸੀਂ ਸਵਾਰੀ ਨਹੀਂ ਕਰਾ ਸਕਦੇ। ਨਤੀਜੇ ਵਜੋਂ, ਮੇਰੀ ਆਮਦਨ (ਦਿਹਾੜੀ) ਸਿਰਫ਼ 150-200 ਰੁਪਏ ਰਹਿ ਗਈ ਹੈ। ਹੁਣ ਅਸੀਂ ਸੈਲਾਨੀਆਂ ਨੂੰ ਸਿਰਫ਼ ਜੰਮੇ ਹੋਏ ਪਾਣੀ ਦੀ ਹੀ ਸੈਰ ਕਰਾ ਸਕਦੇ ਹਾਂ (ਪੁਰਾਣੀ ਪਿਘਲੀ ਬਰਫ਼ ਤੋਂ ਬਣੇ ਪਾਣੀ)।''
ਜੰਮੂ-ਕਸ਼ਮੀਰ ਦੀ ਅਧਿਕਾਰਤ ਵੈੱਬਸਾਈਟ 'ਤੇ ਕਿਹਾ ਗਿਆ ਹੈ, "ਸਰਦੀਆਂ 'ਚ ਗੁਲਮਰਗ ਪਹਾੜੀ ਸਟੇਸ਼ਨ ਦਾ ਦੌਰਾ ਕਰਨਾ ਇੱਕ 'ਸ਼ਾਨਦਾਰ ਤਜ਼ਰਬਾ' ਮੰਨਿਆ ਜਾਂਦਾ ਹੈ। ਚੁਫ਼ੇਰਿਓਂ ਬਰਫ਼ ਨਾਲ਼ ਢੱਕਿਆ ਇਲਾਕਾ ਸਵਰਗ ਤੋਂ ਘੱਟ ਨਹੀਂ ਜਾਪਦਾ। ਇੱਥੋਂ ਦੀਆਂ ਕੁਦਰਤੀ ਢਲਾਨਾਂ ਛੂਹਣੀਆਂ ਮੁਸ਼ਕਲ ਹਨ ਅਤੇ ਸਕੀਅਰਾਂ ਲਈ ਚੁਣੌਤੀ ਪੈਦਾ ਕਰਦੀਆਂ ਹਨ!"













