ਨਿਸ਼ਾ ਫਰਸ਼ 'ਤੇ ਬੈਠੀ ਹੋਈ ਖ਼ੁਦ ਨੂੰ ਪੱਖੀ ਝੱਲ ਰਹੀ ਹਨ। ਜਦੋਂ ਜੂਨ ਦੀ ਧੁੱਪ ਗਰਮੀ ਨੂੰ ਵਧਾ ਰਹੀ ਸੀ ਤਾਂ ਤੰਬਾਕੂ ਅਤੇ ਸੁੱਕੇ ਪੱਤਿਆਂ ਦੀ ਬਦਬੂ ਹਵਾ ਨੂੰ ਹੋਰ ਭਾਰਾ ਬਣਾਉਣ ਵਿੱਚ ਲੱਗੀ ਹੋਈ ਸੀ। 17-17 ਬੀੜੀਆਂ ਦੇ ਬੰਡਲਾਂ ਵਿੱਚ ਲਪੇਟੀਆਂ ਲਗਭਗ 700 ਬੀੜੀਆਂ ਵੱਲ ਇਸ਼ਾਰਾ ਕਰਦੇ ਹੋਏ ਕਹਿੰਦੀ ਹਨ,"ਮੈਂ ਇਸ ਹਫ਼ਤੇ ਇੰਨਾ ਹੀ ਕਰ ਸਕੀ ਹਾਂ।" 32 ਸਾਲਾ ਬੀੜੀ ਮਜ਼ਦੂਰ ਅੱਗੇ ਕਹਿੰਦੀ ਹਨ,"ਮੈਨੂੰ ਸ਼ੱਕ ਹੈ ਕਿ ਇਸ ਵਾਰ ਮੈਨੂੰ 100 ਰੁਪਏ ਵੀ ਨਹੀਂ ਮਿਲ਼ਣੇ।" ਮੱਧ ਪ੍ਰਦੇਸ਼ ਦੇ ਦਮੋਹ ਜ਼ਿਲ੍ਹੇ ਦੇ ਕੋਟਾਲਾ ਵਿੱਚ ਇੱਕ ਹਜ਼ਾਰ ਬੀੜੀਆਂ ਦੀ ਕੀਮਤ 150 ਰੁਪਏ ਹੈ।
ਹਰ ਬੁੱਧਵਾਰ ਅਤੇ ਸ਼ੁੱਕਰਵਾਰ ਨੂੰ, ਬੀੜੀ ਬਣਾਉਣ ਵਾਲ਼ੇ ਇਨ੍ਹਾਂ ਫੈਕਟਰੀਆਂ ਵਿੱਚ ਆਪਣੇ ਦੁਆਰਾ ਬਣਾਈਆਂ ਬੀੜੀਆਂ ਜਮ੍ਹਾ ਕਰਾਉਣ ਅਤੇ ਅਗਲੇ ਗੇੜ ਲਈ ਕੱਚਾ ਮਾਲ ਪ੍ਰਾਪਤ ਕਰਨ ਲਈ ਆਉਂਦੇ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਬੀੜੀ ਫੈਕਟਰੀਆਂ ਦਾਮੋ ਕਸਬੇ ਦੇ ਬਾਹਰੀ ਇਲਾਕੇ ਵਿੱਚ ਸਥਿਤ ਹਨ। ਫੈਕਟਰੀਆਂ ਠੇਕੇਦਾਰਾਂ (ਠੇਕੇਦਾਰਾਂ) ਨੂੰ ਕੰਮ 'ਤੇ ਰੱਖਦੀਆਂ ਹਨ ਜੋ ਅੱਗੇ ਬੀੜੀ ਮਜ਼ਦੂਰਾਂ, ਮੁੱਖ ਤੌਰ 'ਤੇ ਔਰਤਾਂ ਕੋਲ਼ੋਂ ਕੰਮ ਕਰਾਉਂਦੇ ਹਨ।
ਇਹ ਔਰਤਾਂ ਆਪਣੇ ਵੱਲੋਂ ਲਿਆਂਦੇ ਇੱਕ ਹਫ਼ਤੇ ਦੇ ਕੱਚੇ ਮਾਲ ਨਾਲ਼ ਤੇਂਦੂ ਪੱਤੇ ਮਰੋੜ ਕੇ ਅੰਦਰ ਤੰਬਾਕੂ ਪਾਊਡਰ ਭਰ ਕੇ ਅਤੇ ਇਸ ਨੂੰ ਧਾਗੇ ਨਾਲ਼ ਬੰਨ੍ਹ ਕੇ ਬੀੜੀ ਬਣਾਉਂਦੀਆਂ ਜਾਂਦੀਆਂ ਹਨ। ਫਿਰ ਉਨ੍ਹਾਂ ਨੂੰ ਕੱਟਿਆਂ (ਬੰਡਲਾਂ) ਵਿੱਚ ਬੰਨ੍ਹ ਦਿੱਤਾ ਜਾਂਦਾ ਹੈ। ਇਸ ਕੰਮ 'ਤੇ ਬੈਠਣ ਤੋਂ ਪਹਿਲਾਂ ਉਨ੍ਹਾਂ ਨੇ ਆਪਣੇ ਘਰੇਲੂ ਕੰਮ ਪੂਰੇ ਕਰ ਲਏ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਪਰਿਵਾਰਾਂ ਦੀ ਔਸਤ ਆਮਦਨ 10,000-20,000 ਰੁਪਏ ਹੈ, ਜਿਸ ਕਮਾਈ ਨਾਲ਼ 8-10 ਮੈਂਬਰੀ ਪਰਿਵਾਰ ਦਾ ਗੁਜ਼ਾਰਾ ਚੱਲਦਾ ਹੈ। ਉਨ੍ਹਾਂ ਵਿੱਚੋਂ ਜ਼ਿਆਦਾਤਰ ਔਰਤਾਂ ਖੇਤ ਮਜ਼ਦੂਰ ਹਨ ਅਤੇ ਕੁਝ ਕੋਲ਼ ਛੋਟੀਆਂ ਜੋਤਾਂ ਹਨ।
"ਤੇਂਦੂ ਦੇ ਸੁੱਕੇ ਪੱਤਿਆਂ ਨੂੰ ਉਦੋਂ ਤੱਕ ਪਾਣੀ ਵਿੱਚ ਭਿਓਂ ਕੇ ਰੱਖਿਆ ਜਾਂਦਾ ਹੈ ਜਦੋਂ ਤੱਕ ਉਨ੍ਹਾਂ ਦੀਆਂ ਨਾੜੀਆਂ ਬਾਹਰ ਨਹੀਂ ਆ ਜਾਂਦੀਆਂ। ਫਿਰ, ਪੱਤਿਆਂ ਨੂੰ ਫਰਮੇ [ਲੋਹੇ ਦੇ ਸਟੈਨਸਿਲ] ਦੀ ਵਰਤੋਂ ਕਰਕੇ ਛੋਟੇ ਆਇਤਾਕਾਰ ਟੁਕੜਿਆਂ ਵਿੱਚ ਕੱਟਿਆ ਜਾਂਦਾ ਹੈ। ਫਿਰ ਅੰਦਰ ਜ਼ਰਦਾ (ਖੁਸ਼ਬੂਦਾਰ ਤੰਬਾਕੂ) ਭਰ ਕੇ ਬੀੜੀ ਲਪੇਟੀ ਜਾਂਦੀ ਹੈ," ਨਿਸ਼ਾ ਦੱਸਦੀ ਹਨ। ਹਰੇਕ ਬੀੜੀ ਨੂੰ ਖ਼ਾਸ ਰੰਗ ਦੇ ਧਾਗੇ ਨਾਲ਼ ਬੰਨ੍ਹਣਾ ਪੈਂਦਾ ਹੈ, ਜੋ ਇੱਕ ਬ੍ਰਾਂਡ ਸੂਚਕ ਵਜੋਂ ਕੰਮ ਕਰਦਾ ਹੈ, ਤਾਂਕਿ ਇੱਕ ਕੰਪਨੀ ਦੀ ਬੀੜੀ ਨੂੰ ਦੂਜੀ ਕੰਪਨੀ ਦੀ ਬੀੜੀ ਨਾਲ਼ੋਂ ਵੱਖ ਕੀਤਾ ਜਾ ਸਕੇ।
ਫਿਰ ਬੀੜੀਆਂ ਨੂੰ ਬੀੜੀ 'ਫੈਕਟਰੀ' ਵਿੱਚ ਲਿਆਂਦਾ ਜਾਂਦਾ ਹੈ। ਬੀੜੀ ਫੈਕਟਰੀ ਬੀੜੀ ਬਣਾਉਣ ਵਾਲ਼ੇ ਬ੍ਰਾਂਡ ਦੀ ਪ੍ਰੋਸੈਸਿੰਗ ਅਤੇ ਪੈਕੇਜਿੰਗ ਯੂਨਿਟ ਅਤੇ ਗੋਦਾਮ ਵਜੋਂ ਕੰਮ ਕਰਦੀ ਹੈ। ਬੀੜੀ ਬਣਾਉਣ ਵਾਲ਼ੇ ਆਪਣੇ ਦੁਆਰਾ ਬਣਾਈ ਗਈ ਬੀੜੀ ਠੇਕੇਦਾਰਾਂ ਨੂੰ ਦਿੰਦੇ ਹਨ। ਉਹ ਇਨ੍ਹਾਂ ਮਜ਼ਦੂਰਾਂ ਨੂੰ ਤਨਖਾਹ ਦਿੰਦੇ ਹਨ ਅਤੇ ਬੀੜੀ ਫੈਕਟਰੀ ਵਿੱਚ ਪਹੁੰਚਾਉਂਦੇ ਹਨ। ਫੈਕਟਰੀ ਦੇ ਅੰਦਰ, ਬੀੜੀਆਂ ਨੂੰ ਛਾਂਟਿਆ ਜਾਂਦਾ ਹੈ, ਸੇਕਿਆ ਜਾਂਦਾ ਹੈ, ਪੈਕ ਕੀਤਾ ਜਾਂਦਾ ਹੈ ਅਤੇ ਸਟੋਰ ਕੀਤਾ ਜਾਂਦਾ ਹੈ।









