"ਵੋਟਿੰਗ ਵਾਲ਼ੇ ਦਿਨ ਇੱਥੇ ਤਿਉਹਾਰ ਵਰਗਾ ਮਾਹੌਲ ਹੁੰਦਾ ਹੈ," ਮਰਜ਼ੀਨਾ ਖਤੂਨ ਕਹਿੰਦੀ ਹਨ। ਉਹ ਸਾਡੇ ਨਾਲ਼ ਗੱਲਾਂ ਕਰਦੇ ਵੇਲ਼ੇ ਨਾਲ਼ੋਂ-ਨਾਲ਼ ਲੀਰਾਂ ਨੂੰ ਅੱਡੋ-ਅੱਡ ਵੀ ਕਰੀ ਜਾਂਦੀ ਹਨ ਜਿਨ੍ਹਾਂ ਦੀ ਉਨ੍ਹਾਂ ਰਜਾਈ ਬੁਣਨੀ ਸੀ। ''ਜਿਹੜੇ ਲੋਕ ਕੰਮ ਲਈ ਦੂਜੇ ਰਾਜਾਂ ਵਿੱਚ ਗਏ ਹਨ, ਉਹ ਇਸ ਮੌਕੇ 'ਤੇ ਵੋਟ ਪਾਉਣ ਲਈ ਘਰ ਪਰਤਦੇ ਹਨ।''
ਰੁਪਾਕੁਚੀ ਪਿੰਡ, ਜਿੱਥੇ ਉਹ ਰਹਿੰਦੇ ਹਨ, ਧੁਬਰੀ ਲੋਕ ਸਭਾ ਹਲਕੇ ਦੇ ਅਧੀਨ ਆਉਂਦਾ ਹੈ, ਜਿੱਥੇ 7 ਮਈ, 2024 ਨੂੰ ਵੋਟਿੰਗ ਹੋਈ ਸੀ।
ਪਰ 48 ਸਾਲਾ ਮਰਜ਼ੀਨਾ ਨੇ ਉਸ ਦਿਨ ਵੋਟ ਨਹੀਂ ਪਾਈ। "ਮੈਂ ਉਸ ਦਿਨ ਨੂੰ ਅਣਗੋਲ਼ਿਆਂ ਕੀਤਾ। ਲੋਕਾਂ ਤੋਂ ਬਚਣ ਦੀ ਮਾਰੀ ਮੈਂ ਘਰੇ ਹੀ ਲੁਕੀ ਰਹੀ।''
ਵੋਟਰਾਂ ਦੀ ਇਹ ਸ਼੍ਰੇਣੀ ਜੋ ਆਪਣੀ ਭਾਰਤੀ ਨਾਗਰਿਕਤਾ ਸਾਬਤ ਕਰਨ ਲਈ ਭਰੋਸੇਯੋਗ ਸਬੂਤ ਪ੍ਰਦਾਨ ਕਰਨ ਵਿੱਚ ਅਸਮਰੱਥ ਹੈ, ਨੂੰ ਸ਼ੱਕੀ ਵੋਟਰਾਂ (ਡੀ-ਵੋਟਰ / ਸ਼ੱਕੀ ਵੋਟਰਾਂ) ਵਜੋਂ ਸੂਚੀਬੱਧ ਕੀਤਾ ਗਿਆ ਹੈ। ਮਰਜ਼ੀਨਾ ਅਜਿਹੇ 99,942 ਲੋਕਾਂ ਵਿੱਚੋਂ ਇੱਕ ਹਨ। ਵੋਟਰ ਸੂਚੀ ਵਿੱਚ ਜ਼ਿਆਦਾਤਰ ਸ਼ੱਕੀ ਵੋਟਰ ਬੰਗਾਲੀ ਬੋਲਣ ਵਾਲ਼ੇ ਹਿੰਦੂ ਅਤੇ ਅਸਾਮ ਦੇ ਮੁਸਲਮਾਨ ਹਨ।
ਡੀ-ਵੋਟਰਾਂ ਵਾਲ਼ੇ ਇਕਲੌਤੇ ਭਾਰਤੀ ਰਾਜ ਅਸਾਮ ਵਿਚ ਬੰਗਲਾਦੇਸ਼ੀ ਗੈਰ-ਕਾਨੂੰਨੀ ਪ੍ਰਵਾਸ, ਚੋਣ ਰਾਜਨੀਤੀ ਵਿੱਚ ਇੱਕ ਵੱਡਾ ਮੁੱਦਾ ਹੈ। ਡੀ-ਵੋਟਰ ਪ੍ਰਣਾਲੀ ਭਾਰਤ ਦੇ ਚੋਣ ਕਮਿਸ਼ਨ ਦੁਆਰਾ 1997 ਵਿੱਚ ਸ਼ੁਰੂ ਕੀਤੀ ਗਈ ਸੀ, ਉਸੇ ਸਾਲ ਮਰਜ਼ੀਨਾ ਨੇ ਵੋਟਰ ਸੂਚੀ ਵਿੱਚ ਸ਼ਾਮਲ ਕਰਨ ਲਈ ਸੂਚੀਕਾਰਾਂ ਨੂੰ ਆਪਣਾ ਨਾਮ ਦਿੱਤਾ ਸੀ। "ਉਸ ਸਮੇਂ, ਸਕੂਲੀ ਅਧਿਆਪਕ ਵੋਟਰ ਸੂਚੀ ਵਿੱਚ ਲੋਕਾਂ ਦੇ ਨਾਮ ਸ਼ਾਮਲ ਕਰਨ ਲਈ ਘਰ-ਘਰ ਜਾਂਦੇ ਸਨ। ਮੈਂ ਆਪਣਾ ਨਾਮ ਵੀ ਦਿੱਤਾ," ਮਰਜ਼ੀਨਾ ਕਹਿੰਦੀ ਹਨ। "ਪਰ ਜਦੋਂ ਅਗਲੀਆਂ ਚੋਣਾਂ ਵਿੱਚ ਮੈਂ ਵੋਟ ਪਾਉਣ ਗਈ ਤਾਂ ਮੈਨੂੰ ਵੋਟ ਪਾਉਣ ਦੀ ਆਗਿਆ ਨਾ ਦਿੱਤੀ ਗਈ। ਉਨ੍ਹਾਂ ਕਿਹਾ ਮੈਂ ਡੀ-ਵੋਟਰ ਹਾਂ।''





