ਸਵੇਰ ਦੇ 7 ਵਜੇ ਡਾਲਟਨਗੰਜ ਕਸਬੇ ਦੇ ਸਾਦਿਕ ਮੰਜਿਲ ਚੌਂਕ ਵਿੱਚ ਚਹਿਲ ਪਹਿਲ ਹੈ- ਟਰੱਕਾਂ ਦਾ ਸ਼ੋਰ, ਦੁਕਾਨਾਂ ਦੇ ਖੁੱਲ੍ਹਦੇ ਸ਼ਟਰ ਅਤੇ ਨੇੜਲੇ ਇੱਕ ਮੰਦਿਰ ਤੋਂ ਧੀਮੀ ਜਿਹੀ ਹਨੁੰਮਾਨ ਚਾਲੀਸਾ ਦੀ ਰਿਕਾਰਡਿੰਗ ਸੁਣਾਈ ਦੇ ਰਹੀ ਹੈ।
ਦੁਕਾਨ ਦੀਆਂ ਪੌੜੀਆਂ 'ਤੇ ਬੈਠੇ ਰਿਸ਼ੀ ਮਿਸ਼ਰਾ ਸਿਗਰੇਟ ਪੀਂਦੇ ਹੋਏ ਉੱਚੀ ਆਵਾਜ ਵਿੱਚ ਆਲੇ ਦੁਆਲੇ ਲੋਕਾਂ ਨਾਲ ਗੱਲਾਂ ਕਰ ਰਹੇ ਹਨ। ਉਹਨਾਂ ਦੀ ਇਸ ਸਵੇਰ ਦੀ ਗੱਲਬਾਤ ਦਾ ਵਿਸ਼ਾ ਹਾਲ ਵਿੱਚ ਹੀ ਖਤਮ ਹੋਈਆਂ ਆਮ ਚੋਣਾਂ ਤੇ ਨਵੀਂ ਬਣਨ ਵਾਲੀ ਸਰਕਾਰ ਹੈ। ਨਾਲ ਦਿਆਂ ਦੀ ਬਹਿਸ ਨੂੰ ਸੁਣ ਕੇ ਤਲ਼ੀ 'ਤੇ ਤੰਬਾਕੂ ਮਲ ਰਹੇ ਨਜਰੁੱਦੀਨ ਅਹਿਮਦ ਕਹਿੰਦੇ ਹਨ, “ਤੁਸੀਂ ਕਿਉਂ ਬਹਿਸ ਰਹੇ ਹੋ? ਸਰਕਾਰ ਕਿਸੇ ਦੀ ਵੀ ਬਣੇ, ਸਾਨੂੰ ਤਾਂ ਰੋਜੀ ਰੋਟੀ ਦਾ ਵਸੀਲਾ ਕਰਨਾ ਹੀ ਪਵੇਗਾ।”
ਰਿਸ਼ੀ ਤੇ ਨਜਰੁੱਦੀਨ ਉਹਨਾਂ ਕਈ ਦਿਹਾੜੀਦਾਰਾਂ ਵਿੱਚੋਂ ਹਨ ਜੋ ਹਰ ਰੋਜ ਸਵੇਰੇ ਇਸ ਥਾਂ ਇਕੱਠੇ ਹੁੰਦੇ ਹਨ ਜਿਸ ਨੂੰ ‘ਮਜਦੂਰ ਚੌਂਕ’ ਕਹਿੰਦੇ ਹਨ। ਉਹ ਦੱਸਦੇ ਹਨ ਕਿ ਪਾਲਮੂ ਲਾਗੇ ਕਿਸੇ ਪਿੰਡ ਵਿੱਚ ਕੋਈ ਕੰਮ ਨਹੀਂ ਮਿਲਦਾ। ਲਗਭਗ 25-30 ਮਜਦੂਰ ਸਾਦਿਕ ਮੰਜਿਲ ਦੇ ਮਜਦੂਰ ਚੌਂਕ ਵਿੱਚ ਦਿਹਾੜੀ ਤੇ ਕੰਮ ਮਿਲਣ ਦਾ ਇੰਤਜਾਰ ਕਰਦੇ ਹਨ। ਇਹ ਇਸ ਕਸਬੇ ਵਿੱਚ ਪੈਂਦੇ ਪੰਜ ਅਜਿਹੇ ਚੌਂਕਾਂ ਵਿੱਚੋਂ ਇੱਕ ਹੈ ਜਿੱਥੇ ਰੋਜ ਸਵੇਰੇ ਝਾਰਖੰਡ ਦੇ ਨੇੜਲੇ ਪਿੰਡਾਂ ਵਿੱਚੋਂ ਲੋਕ ਕੰਮ ਦੀ ਤਲਾਸ਼ ਵਿੱਚ ਆਉਂਦੇ ਹਨ।








