ਡਮ-ਡਮ-ਡਮ...ਡਮ-ਡਮ-ਡਮ...! ਇਹ ਮਨਮੋਹਕ ਅਵਾਜ਼ ਤੁਹਾਡਾ ਪਿੱਛਾ ਕਰਦੀ ਰਹੇਗੀ ਜਦੋਂ ਤੱਕ ਤੁਸੀਂ ਸ਼ਾਂਤੀ ਨਗਰ ਬਸਤੀ ਦੀ ਇੱਕ-ਇੱਕ ਗਲ਼ੀ ਵਿੱਚੋਂ ਦੀ ਗੁਜ਼ਰਦੇ ਜਾਓ। ਇਨ੍ਹਾਂ ਗਲ਼ੀਆਂ ਵਿੱਚ ਢੋਲ਼ਕੀ ਬਣਾਉਣ ਅਤੇ ਉਹਦੀ ਅਵਾਜ਼ ਨੂੰ ਟਿਊਨ ਕਰਨ ਦਾ ਕੰਮ ਚੱਲ ਰਿਹਾ ਹੈ। ਅਸੀਂ 37 ਸਾਲਾ ਇਰਫ਼ਾਨ ਸ਼ੇਖ ਨਾਲ਼ ਤੁਰੇ ਜਾ ਰਹੇ ਹਾਂ। ਉਹ ਮੁੰਬਈ ਸ਼ਹਿਰ ਦੇ ਉੱਤਰੀ ਉਪਨਗਰਾਂ ਵਿਖੇ ਪੈਂਦੀ ਇਸ ਪ੍ਰਵਾਸੀ ਬਸਤੀ ਦੇ ਹੋਰ ਕਾਰੀਗਰਾਂ ਨਾਲ਼ ਸਾਡੀ ਜਾਣ-ਪਛਾਣ ਕਰਵਾਉਣ ਵਾਲ਼ੇ ਹਨ।
ਇੱਥੋਂ ਦੇ ਜ਼ਿਆਦਾਤਰ ਕਾਰੀਗਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀਆਂ ਜੜ੍ਹਾਂ ਉੱਤਰ ਪ੍ਰਦੇਸ਼ ਦੇ ਬਾਰਾਬੰਕੀ ਜ਼ਿਲ੍ਹੇ ਵਿੱਚ ਹਨ। ਉਨ੍ਹਾਂ ਵਿੱਚੋਂ ਲਗਭਗ 50 ਇੱਥੇ ਇਸੇ ਕਾਰੋਬਾਰ ਵਿੱਚ ਲੱਗੇ ਹੋਏ ਹਨ। "ਤੁਸੀਂ ਜਿੱਧਰ ਵੀ ਵੇਖੋਗੇ, ਤੁਸੀਂ ਦੇਖੋਗੇ ਕਿ ਸਾਡੀ ਬਿਰਾਦਰੀ (ਭਾਈਚਾਰਾ) ਇਨ੍ਹਾਂ ਯੰਤਰਾਂ ਨੂੰ ਬਣਾਉਣ ਵਿੱਚ ਲੱਗੀ ਹੋਈ ਹੈ," ਉਨ੍ਹਾਂ ਨੇ ਮਾਣ ਨਾਲ਼ ਕਿਹਾ। "ਇੱਥੇ ਬਣੀਆਂ ਢੋਲ਼ਕੀਆਂ ਮੁੰਬਈ ਅਤੇ ਰਾਜ ਦੇ ਹੋਰ ਹਿੱਸਿਆਂ ਵਿੱਚ ਜਾਂਦੀਆਂ ਹਨ," ਉਨ੍ਹਾਂ ਨੇ ਕਿਹਾ, ਉਨ੍ਹਾਂ ਦੀ ਅਵਾਜ਼ ਵਿੱਚ ਫ਼ਖਰ ਸੀ। (ਬਿਰਾਦਰੀ ਸ਼ਬਦ ਦਾ ਸ਼ਾਬਦਿਕ ਅਰਥ ਹੈ 'ਭਾਈਚਾਰਾ'; ਪਰ ਇਹ ਆਮ ਤੌਰ 'ਤੇ ਕਿਸੇ ਕਬੀਲੇ, ਭਾਈਚਾਰੇ ਜਾਂ ਸਾਂਝ-ਭਿਆਲੀ ਨੂੰ ਦਰਸਾਉਣ ਲਈ ਵਰਤਿਆ ਜਾਂਦਾ ਹੈ)।






