ਅਹਰਵਾਨੀ ਵਿੱਚ ਦਾਖ਼ਲ ਹੁੰਦਿਆਂ ਹੀ ਰਾਮ ਅਵਤਾਰ ਕੁਸ਼ਵਾਹਾ ਚਿੱਕੜ ਵਾਲ਼ੀ ਸੜਕ 'ਤੇ ਸੰਤੁਲਨ ਬਣਾਈ ਰੱਖਣ ਲਈ ਆਪਣਾ ਮੋਟਰਸਾਈਕਲ ਹੌਲ਼ੀ ਕਰ ਲੈਂਦੇ ਹਨ। ਉਹ ਉਬੜ-ਖਾਬੜ ਬਸਤੀ ਦੇ ਵਿਚਕਾਰ ਪਹੁੰਚਦੇ ਹਨ ਅਤੇ ਆਪਣੀ 150 ਸੀਸੀ ਬਾਈਕ ਦਾ ਇੰਜਣ ਬੰਦ ਕਰ ਦਿੰਦੇ ਹਨ।
ਲਗਭਗ ਪੰਜ ਮਿੰਟਾਂ ਦੇ ਅੰਦਰ, ਬੱਚੇ, ਸਕੂਲੀ ਵਿਦਿਆਰਥੀ ਅਤੇ ਕਿਸ਼ੋਰ ਉਨ੍ਹਾਂ ਦੇ ਆਲ਼ੇ ਦੁਆਲ਼ੇ ਇਕੱਠੇ ਹੋ ਜਾਂਦੇ ਹਨ। ਸਹਰਿਆ ਆਦਿਵਾਸੀ ਬੱਚਿਆਂ ਦਾ ਇੱਕ ਝੁੰਡ ਧੀਰਜ ਨਾਲ਼ ਇੰਤਜ਼ਾਰ ਕਰ ਰਿਹਾ ਹੈ, ਹੱਥਾਂ ਵਿੱਚ ਸਿੱਕੇ ਅਤੇ 10 ਰੁਪਏ ਦੇ ਨੋਟ ਫੜ੍ਹੀ ਇੱਕ ਦੂਜੇ ਨਾਲ਼ ਗੱਲਾਂ ਕਰਦਾ ਹੈ। ਉਹ ਸਾਰੇ ਚਾਉਮੀਨ, ਭਾਵ ਕਿ ਤਲ਼ੀਆਂ ਸਬਜ਼ੀਆਂ ਅਤੇ ਨੂਡਲਜ਼ ਤੋਂ ਬਣੇ ਪਕਵਾਨ ਖਰੀਦਣ ਦੀ ਉਡੀਕ ਕਰ ਰਹੇ ਹਨ।
ਇਹ ਜਾਣਦੇ ਹੋਏ ਕਿ ਇਹ ਸਾਊ ਜਿਹੇ ਭੁੱਖੇ ਗਾਹਕ ਜਲਦੀ ਹੀ ਬੇਚੈਨ ਹੋ ਜਾਣਗੇ, ਮੋਟਰਸਾਈਕਲ ਵਿਕਰੇਤਾ ਨੇ ਜਲਦੀ ਹੀ ਆਪਣਾ ਪਿਟਾਰਾ ਖੋਲ੍ਹ ਦਿੱਤਾ। ਇਸ ਵਿੱਚ ਬਹੁਤਾ ਕੁਝ ਨਹੀਂ ਹੈ - ਰਾਮ ਅਵਤਾਰ ਪਲਾਸਟਿਕ ਦੀਆਂ ਦੋ ਬੋਤਲਾਂ ਕੱਢਦੇ ਹਨ। ਉਹ ਕਹਿੰਦੇ ਹਨ,"ਇੱਕ ਵਿੱਚ ਲਾਲ ਚਟਨੀ (ਮਿਰਚ) ਹੈ ਅਤੇ ਦੂਜੇ ਵਿੱਚ ਕਾਲ਼ੀ (ਸੋਇਆ ਸੌਸ) ਹੈ।" ਦੂਸਰੇ ਸਮਾਨ ਵਿੱਚ ਪੱਤਾਗੋਭੀ, ਛਿੱਲੇ ਹੋਏ ਪਿਆਜ਼, ਹਰੀ ਸ਼ਿਮਲਾ ਮਿਰਚ ਤੇ ਓਬਲੇ ਹੋਏ ਨੂਡਲਸ। "ਮੈਂ ਆਪਣਾ ਸਾਮਾਨ ਵਿਜੈਪੁਰ [ਸ਼ਹਿਰ] ਤੋਂ ਖਰੀਦਦਾ ਹਾਂ।''
ਸ਼ਾਮ ਦੇ ਲਗਭਗ 6 ਵੱਜੇ ਹਨ ਅਤੇ ਇਹ ਚੌਥਾ ਪਿੰਡ ਹੈ ਜਿੱਥੇ ਰਾਮ ਅਵਤਾਰ ਚੱਕਰ ਲਾ ਰਹੇ ਹੈ। ਉਹ ਹੋਰ ਬਸਤੀਆਂ ਅਤੇ ਪਿੰਡਾਂ ਦੇ ਨਾਮ ਵੀ ਦੱਸਦੇ ਹਨ ਜਿਨ੍ਹਾਂ ਦਾ ਉਹ ਨਿਯਮਤ ਤੌਰ 'ਤੇ ਦੌਰਾ ਕਰਦੇ ਹਨ - ਲਾਦਰ, ਪੰਡਰੀ, ਖਜੂਰੀ ਕਲਾਂ, ਸਿਲਪਾੜਾ, ਪਰੋਂਦ। ਇਹ ਸਾਰੇ ਸੁਤੇਪੁਰਾ ਵਿਖੇ ਉਨ੍ਹਾਂ ਦੇ ਘਰੋਂ 30 ਕਿਲੋਮੀਟਰ ਦੇ ਦਾਇਰੇ ਵਿੱਚ ਆਉਂਦੇ ਹਨ, ਜੋ ਵਿਜੈਪੁਰ ਤਹਿਸੀਲ ਦੇ ਗੋਪਾਲਪੁਰਾ ਪਿੰਡ ਨਾਲ਼ ਜੁੜਿਆ ਇੱਕ ਛੋਟਾ ਜਿਹਾ ਪਿੰਡ ਹੈ। ਇਨ੍ਹਾਂ ਬਸਤੀਆਂ ਅਤੇ ਛੋਟੇ ਪਿੰਡਾਂ ਵਿੱਚ, ਤਿਆਰ ਸਨੈਕਸ ਦੇ ਨਾਮ ਹੇਠ ਪੈਕਟਬੰਦ ਚਿਪਸ ਅਤੇ ਬਿਸਕੁਟ ਮਿਲ਼ਦੇ ਹਨ।
ਉਹ ਹਫ਼ਤੇ ਵਿੱਚ ਘੱਟੋ-ਘੱਟ ਦੋ-ਤਿੰਨ ਵਾਰ ਲਗਭਗ 500 ਲੋਕਾਂ ਦੀ ਆਬਾਦੀ ਵਾਲ਼ੇ ਵੱਡ-ਗਿਣਤੀ ਕਬਾਇਲੀ ਪਿੰਡ ਅਹਰਵਾਨੀ ਆਉਂਦੇ ਹਨ। ਅਹਰਵਾਨੀ ਇੱਕ ਨਵੀਂ ਬਸਤੀ ਹੈ। ਇਸ ਦੇ ਵਸਨੀਕ ਉਹ ਲੋਕ ਹਨ ਜੋ 1999 ਵਿੱਚ ਕੁਨੋ ਨੈਸ਼ਨਲ ਪਾਰਕ ਤੋਂ ਉਜਾੜੇ ਗਏ ਸਨ ਤਾਂ ਜੋ ਇਸ ਥਾਂ ਨੂੰ ਸ਼ੇਰਾਂ ਦਾ ਘਰ ਬਣਾਇਆ ਜਾ ਸਕੇ। ਪੜ੍ਹੋ: ਕੁਨੋ ਵਿਖੇ: ਚੀਤੇ ਅੰਦਰ, ਆਦਿਵਾਸੀ ਬਾਹਰ। ਸ਼ੇਰ ਤਾਂ ਆਇਆ ਨਹੀਂ, ਪਰ ਅਫਰੀਕਾ ਤੋਂ ਚੀਤਿਆਂ ਨੂੰ ਜ਼ਰੂਰ ਸਤੰਬਰ 2022 ਵਿੱਚ ਪਾਰਕ ਵਿਖੇ ਲਿਆਂਦਾ ਗਿਆ।






