"ਚਾਦਰ ਬਾਦਨੀ ਕਠਪੁਤਲੀ ਦਾ ਸਾਡੇ ਪੁਰਖਿਆਂ ਨਾਲ਼ ਬਹੁਤ ਡੂੰਘਾ ਸਬੰਧ ਰਿਹਾ ਹੈ। ਜਦੋਂ ਮੈਂ ਇਸ ਕਠਪੁਤਲੀ ਦੀ ਡੋਰੀ ਫੜ੍ਹਦਾ ਹਾਂ ਤਾਂ ਮੈਨੂੰ ਇਓਂ ਜਾਪਦਾ ਹੈ ਜਿਓਂ ਉਹ ਮੇਰੇ ਆਲ਼ੇ-ਦੁਆਲ਼ੇ ਜੀ ਉੱਠੀਆਂ ਹੋਣ,'' ਤਪਨ ਮੁਰਮੂ ਕਹਿੰਦੇ ਹਨ।
ਜਨਵਰੀ 2023 ਦੇ ਸ਼ੁਰੂ ਵਿੱਚ, ਪੱਛਮੀ ਬੰਗਾਲ ਦੇ ਬੀਰਭੂਮ ਜ਼ਿਲ੍ਹੇ ਦੇ ਖਜਾਨਪੁਰ ਪਿੰਡ ਦੇ ਇੱਕ ਦੂਰ-ਦੁਰਾਡੇ ਦੇ ਪਿੰਡ, ਸਰਪੁਕੁਰਦੰਗਾ ਵਿੱਚ ਵਾਢੀ ਦੇ ਤਿਉਹਾਰ ਬਾਂਦਨਾ ਦਾ ਆਯੋਜਨ ਕੀਤਾ ਗਿਆ। 30 ਸਾਲਾਂ ਨੂੰ ਢੁਕਣ ਵਾਲ਼ੇ ਤਪਨ ਪੇਸ਼ੇ ਤੋਂ ਕਿਸਾਨ ਹਨ। ਉਨ੍ਹਾਂ ਨੂੰ ਆਪਣੇ ਸੰਤਾਲ ਭਾਈਚਾਰੇ ਦੀ ਅਮੀਰ ਵਿਰਾਸਤ 'ਤੇ ਬੜਾ ਮਾਣ ਹੈ, ਖ਼ਾਸ ਕਰਕੇ ਕਠਪੁਤਲੀ ਦੀ ਮਨਮੋਹਕ ਪੇਸ਼ਕਾਰੀ, ਜਿਸ ਨੂੰ ਚਾਦਰ ਬਾਦਨੀ ਵਜੋਂ ਜਾਣਿਆ ਜਾਂਦਾ ਹੈ।
ਪਾਰੀ ਨਾਲ਼ ਗੱਲ ਕਰਦੇ ਵੇਲ਼ੇ ਤਪਨ ਨੇ ਹੱਥ ਵਿੱਚ ਗੁੰਬਦਨੁਮਾ ਪਿੰਜਰਾ ਫੜ੍ਹਿਆ ਹੋਇਆ ਸੀ, ਜਿਸ ਦੁਆਲ਼ੇ ਜਾਲ਼ੀ ਵਰਗਾ ਲਾਲ ਕੱਪੜਾ ਲਪੇਟਿਆ ਹੋਇਆ ਹੈ। ਇਸ ਦੇ ਅੰਦਰ ਮਨੁੱਖੀ ਸ਼ਕਲ ਦੇ ਬਹੁਤ ਸਾਰੇ ਲੱਕੜ ਦੇ ਬਾਵੇ ਪਏ ਸਨ। ਦਰਅਸਲ ਇਹ ਬਾਵੇ ਹੀ ਕਠਪੁਤਲੀਆਂ ਹਨ ਜਿਨ੍ਹਾਂ ਨੂੰ ਲੀਵਰ, ਬਾਂਸ ਦੀਆਂ ਡੰਡੀਆਂ ਤੇ ਇੱਕ ਰੱਸੀ ਦੀ ਗੁੰਝਲਦਾਰ ਪ੍ਰਣਾਲੀ ਨਾਲ਼ ਚਲਾਇਆ ਜਾਣਾ ਹੈ।
"ਮੇਰੇ ਪੈਰਾਂ ਵੱਲ ਦੇਖੋ, ਦੇਖੋ ਮੈਂ ਇਨ੍ਹਾਂ ਬਾਵਿਆਂ ਨੂੰ ਕਿਵੇਂ ਨਚਾਉਂਦਾ ਹਾਂ," ਕਿਸਾਨ ਦੇ ਪੈਰ ਸੁੱਤੇਸਿੱਧ ਹੀ ਹਰਕਤ ਫੜ੍ਹ ਲੈਂਦੇ ਹਨ ਜਿਓਂ ਹੀ ਉਹ ਆਪਣੀ ਮਾਂ-ਬੋਲੀ ਸੰਤਾਲੀ ਵਿੱਚ ਗੀਤ ਗਾਉਣਾ ਸ਼ੁਰੂ ਕਰਦਾ ਹੈ।









