ਐਤਵਾਰ ਦੀ ਸਵੇਰ ਹੈ, ਪਰ ਜਯੋਤੀਰਿੰਦਰੋ ਨਾਰਾਇਣ ਲਹੀਰੀ ਮਸ਼ਰੂਫ ਹਨ। ਹੂਗਲੀ ਜ਼ਿਲ੍ਹੇ ਵਿੱਚ ਪੈਂਦੇ ਆਪਣੇ ਮਕਾਨ ਦੇ ਖੂੰਜੇ ਵਾਲੇ ਕਮਰੇ ਵਿੱਚ ਬੈਠਿਆਂ, 50 ਸਾਲਾ ਜਯੋਤੀਰਿੰਦਰੋ 1778 ਵਿੱਚ ਮੇਜਰ ਜੇਮਜ਼ ਰੇਨੇਲ ਦੁਆਰਾ ਬਣਾਏ ਸੁੰਦਰਬਣ ਦੇ ਪਹਿਲੇ ਨਕਸ਼ੇ ‘ਤੇ ਝੁਕੇ ਹੋਏ ਹਨ।
“ਅੰਗਰੇਜ਼ਾਂ ਦੁਆਰਾ ਕੀਤੇ ਇੱਕ ਸਰਵੇ ਦੇ ਅਧਾਰ ‘ਤੇ ਬਣਿਆ ਸੁੰਦਰਬਣ ਦਾ ਇਹ ਪਹਿਲਾ ਪ੍ਰਮਾਣਿਕ ਨਕਸ਼ਾ ਹੈ। ਇਸ ਨਕਸ਼ੇ ਵਿੱਚ ਮੈਂਗਰੋਵ ਕੋਲਕਾਤਾ ਤੱਕ ਫੈਲੇ ਨਜ਼ਰ ਆਉਂਦੇ ਹਨ। ਉਦੋਂ ਤੋਂ ਹੁਣ ਤੱਕ ਬਹੁਤ ਕੁਝ ਬਦਲ ਗਿਆ ਹੈ,” ਉਂਗਲ ਨਾਲ ਨਕਸ਼ੇ ਦਾ ਖੁਰਾਖੋਜ ਲਾਉਂਦਿਆਂ ਲਹੀਰੀ ਨੇ ਕਿਹਾ। ਭਾਰਤ ਅਤੇ ਬੰਗਲਾਦੇਸ਼ ਵਿੱਚ ਫੈਲੇ ਦੁਨੀਆ ਦੇ ਸਭ ਤੋਂ ਵੱਡੇ ਮੈਂਗਰੋਵ ਦੀ ਇਹ ਥਾਂ ਭਾਵ ਸੁੰਦਰਬਣ ਇਸਦੀ ਜੀਵ ਵਿਭਿੰਨਤਾ ਅਤੇ ਸ਼ਾਹੀ ਬੰਗਾਲ ਬਾਘ (ਪੈਂਥੇਰਾ ਟਾਈਗਰਿਸ) ਲਈ ਜਾਣੀ ਜਾਂਦੀ ਹੈ।
ਉਹਨਾਂ ਦੇ ਕਮਰੇ ਦੀਆਂ ਦੀਵਾਰਾਂ ‘ਤੇ ਬਣੀਆਂ ਕਿਤਾਬਾਂ ਦੀਆਂ ਸੈਲਫਾਂ ਸੁੰਦਰਬਣ ਬਾਰੇ ਹਰ ਤਰ੍ਹਾਂ ਦੇ ਵਿਸ਼ੇ – ਪੌਦੇ, ਜੀਵ, ਰੋਜ਼ਾਨਾ ਜਿੰਦਗੀ, ਨਕਸ਼ੇ, ਐਟਲਸ ਅਤੇ ਬੱਚਿਆਂ - ਦੀਆਂ ਸੈਂਕੜੇ ਅੰਗਰੇਜ਼ੀ ਅਤੇ ਬੰਗਾਲੀ ਕਿਤਾਬਾਂ ਨਾਲ ਭਰੀਆਂ ਪਈਆਂ ਹਨ। ਇਸ ਜਗ੍ਹਾ ‘ਤੇ ਉਹ ਸੁੰਦਰਬਣ ਦੇ ਬਾਰੇ ਹਫ਼ਤਾਵਾਰੀ ਪ੍ਰਕਾਸ਼ਨ ‘ਸ਼ੁਧੂ ਸੁੰਦਰਬਣ ਚਰਚਾ’ ਲਈ ਖੋਜ ਅਤੇ ਉਸਦੇ ਅਗਲੇ ਅੰਕ ਪਲਾਨ ਕਰਦੇ ਹਨ ਜੋ ਉਹਨਾਂ ਨੇ ਆਲੀਆ ਚੱਕਰਾਵਤ (ਬਵੰਡਰ) ਦੁਆਰਾ 2009 ਵਿੱਚ ਇਸ ਇਲਾਕੇ ਵਿੱਚ ਮਚਾਈ ਤਬਾਹੀ ਤੋਂ ਬਾਅਦ ਸ਼ੁਰੂ ਕੀਤਾ ਸੀ।
“ਮੈਂ ਇਲਾਕੇ ਦੇ ਹਾਲਾਤ ਦੇਖਣ ਲਈ ਵਾਰ-ਵਾਰ ਉੱਥੇ ਗਿਆ। ਬਹੁਤ ਡਰਾਉਣੇ ਹਾਲਾਤ ਸਨ,” ਉਹ ਯਾਦ ਕਰਦੇ ਹਨ। “ਬੱਚਿਆਂ ਦਾ ਸਕੂਲ ਛੁਟ ਗਿਆ, ਲੋਕ ਬੇਘਰ ਹੋ ਗਏ, ਵੱਡੀ ਗਿਣਤੀ ਵਿੱਚ ਪੁਰਸ਼ ਪਰਵਾਸ ਕਰ ਗਏ, ਅਤੇ ਸਾਰੇ ਕੁਝ ਦੀ ਦੇਖਭਾਲ ਦਾ ਜ਼ਿੰਮਾ ਔਰਤਾਂ ਦੇ ਸਿਰ ਛੱਡ ਦਿੱਤਾ ਗਿਆ। ਲੋਕਾਂ ਦੀ ਕਿਸਮਤ ਸਿਰਫ ਇਸ ਗੱਲ ‘ਤੇ ਨਿਰਭਰ ਸੀ ਕਿ ਦਰਿਆ ਦੇ ਕੰਢੇ ਬਚੇ ਰਹਿਣਗੇ ਜਾਂ ਰੁੜ੍ਹ ਜਾਣਗੇ।”
ਲਹੀਰੀ ਮੁਤਾਬਕ ਮੀਡੀਆ ਰਿਪੋਰਟਾਂ ਵਿਰਲੀਆਂ ਅਤੇ ਸਤਹੀ ਪੱਧਰ ਦੀਆਂ ਸਨ। “ਮੀਡੀਆ ਸੁੰਦਰਬਣ ਬਾਰੇ ਰੂੜ੍ਹੀਵਾਦੀ ਧਾਰਨਾਵਾਂ ਨੂੰ ਦੁਹਰਾਉਂਦਾ ਹੈ। ਆਮ ਤੌਰ ‘ਤੇ ਤੁਹਾਨੂੰ ਬਾਘ ਦੇ ਹਮਲੇ ਜਾਂ ਬਾਰਿਸ਼ ਦਾ ਜ਼ਿਕਰ ਮਿਲੇਗਾ। ਜਦ ਬਾਰਿਸ਼ ਨਹੀਂ ਹੋ ਰਹੀ ਹੁੰਦੀ ਜਾਂ ਹੜ੍ਹ ਨਹੀਂ ਆਇਆ ਹੁੰਦਾ, ਖਬਰਾਂ ਵਿੱਚ ਸੁੰਦਰਬਣ ਦਾ ਜ਼ਿਕਰ ਨਾ ਬਰਾਬਰ ਹੁੰਦਾ ਹੈ,” ਉਹਨਾਂ ਨੇ ਕਿਹਾ। “ਆਫ਼ਤ, ਜੰਗਲੀ ਜੀਵ ਅਤੇ ਸੈਰ ਸਪਾਟਾ - ਮੀਡੀਆ ਨੂੰ ਬੱਸ ਇਹਨਾਂ ਗੱਲਾਂ ਵਿੱਚ ਹੀ ਦਿਲਚਸਪੀ ਹੈ।”









