ਪਾਰੀ ਦੇ ਪਿਆਰੇ ਪਾਠਕੋ,

ਆਓ ਰਤਾ www.ruralindiaonline.org ਦੇ ਬੀਤੇ ਸਾਲ 'ਤੇ ਨਜ਼ਰਸਾਨੀ ਕਰਦੇ ਚੱਲੀਏ।

2023 ਦੇ ਖ਼ਤਮ ਹੋਣ ਦੇ ਨਾਲ਼, ਪਾਰੀ ਟੀਮ ਨੇ ਸਾਲ ਦੇ ਅੰਤ ਵਿੱਚ ਚੋਣਵੀਆਂ ਰਿਪੋਰਟਾਂ ਦੀ ਸਮੀਖਿਆ ਦੀ ਇੱਕ ਲੜੀ ਬਣਾਉਣ ਦਾ ਫ਼ੈਸਲਾ ਕੀਤਾ ਹੈ। ਇਸ ਸਮੀਖਿਆ ਲੜੀ ਦੇ ਹਿੱਸੇ ਵਜੋਂ ਅਸੀਂ ਅਗਲੇ ਨੌਂ ਦਿਨਾਂ ਵਿੱਚ ਆਪਣੇ ਸੰਪਾਦਕਾਂ ਦੀ ਪਸੰਦ ਅਨੁਸਾਰ ਪਾਰੀ ਦੀਆਂ ਕੁਝ ਵਧੀਆ ਲਿਖਤਾਂ ਦੀ ਸਮੀਖਿਆ ਕਰਨ ਜਾ ਰਹੇ ਹਾਂ, ਜੋ ਦਿਲਚਸਪ ਚਿੱਤਰਾਂ ਨਾਲ਼ ਜੁੜੇ ਕੈਪਸ਼ਨਾਂ ਵਿੱਚ ਪ੍ਰਕਾਸ਼ਤ ਕੀਤੀ ਜਾ ਰਹੀ ਹੈ, ਜਿਸ ਵਿੱਚ ਰਿਪੋਰਟਾਂ, ਕਵਿਤਾਵਾਂ, ਸੰਗੀਤ ਅਤੇ ਪੇਂਟਿੰਗਾਂ, ਫ਼ਿਲਮਾਂ, ਫ਼ੋਟੋਆਂ, ਅਨੁਵਾਦ, ਲਾਇਬ੍ਰੇਰੀਆਂ, ਫੇਸਸ (FACES), ਸੋਸ਼ਲ ਮੀਡੀਆ ਅਤੇ ਵਿਦਿਆਰਥੀਆਂ ਨਾਲ਼ ਗੱਲਬਾਤ ਸ਼ਾਮਲ ਰਹੇਗੀ।

ਅਸੀਂ ਦੇਸ਼ ਭਰ ਤੋਂ ਰਿਪੋਰਟਾਂ ਪ੍ਰਕਾਸ਼ਤ ਕਰਨਾ ਜਾਰੀ ਰੱਖਿਆ ਹੈ ਅਤੇ ਇਸ ਸਾਲ, ਅਸੀਂ ਉੱਤਰ ਪੂਰਬ ਸਮੇਤ ਕਈ ਨਵੀਆਂ ਥਾਵਾਂ ਸ਼ਾਮਲ ਕੀਤੀਆਂ ਹਨ। ਖੇਤੀਬਾੜੀ ਬਾਰੇ ਸਾਡੇ ਲੇਖਾਂ ਦੇ ਸੰਗ੍ਰਹਿ ਵਿੱਚ, ਬਹੁਤ ਸਾਰੀਆਂ ਰਿਪੋਰਟਾਂ ਹਨ ਜੋ ਅਪਰਨਾ ਕਾਰਤਿਕੇਯਨ ਦੀ ਜੈਸਮੀਨ, ਤਿਲ, ਖੁਸ਼ਕ ਮੱਛੀ ਅਤੇ ਹੋਰ ਬਹੁਤ ਸਾਰੇ ਮੁੱਦਿਆਂ 'ਤੇ ਨਿਰੰਤਰ ਖੋਜ ਦਾ ਵੇਰਵਾ ਦਿੰਦੀਆਂ ਹਨ। ਜੈਦੀਪ ਹਾਰਦੀਕਰ ਦੀ ਖੇਤੀ ਬਾਰੇ ਰਿਪੋਰਟਿੰਗ ਦੀ ਲੜੀ ਜਾਨਵਰ-ਮਨੁੱਖੀ ਟਕਰਾਅ ਅਤੇ ਇਸ ਦੇ ਨਤੀਜਿਆਂ ਬਾਰੇ ਵਿਸਥਾਰ ਨਾਲ਼ ਵੇਰਵੇ ਸਪੱਸ਼ਟ ਕਰਦੀ ਰਹੀ ਹੈ, ਖ਼ਾਸਕਰ ਵੱਖ-ਵੱਖ ਪਨਾਹਗਾਹਾਂ ਦੇ ਨੇੜੇ ਰਹਿਣ ਵਾਲ਼ੇ ਲੋਕਾਂ 'ਤੇ ਇਸ ਦੇ ਪ੍ਰਭਾਵ ਬਾਰੇ ਤੇ 'ਇੱਕ ਨਵੀਂ ਕਿਸਮ ਦੇ ਸੋਕੇ' ਬਾਰੇ ਵੀ।

ਪਲਾਨੀ ਕੁਮਾਰ ਨੇ ਤਮਿਲਨਾਡੂ ਦੀ ਸਰਹੱਦ ਨਾਲ਼ ਲੱਗਦੇ ਇਲਾਕਿਆਂ ਵਿੱਚ ਰਹਿਣ ਵਾਲ਼ੇ ਲੋਕਾਂ ਦੇ ਜੀਵਨ ਦੀਆਂ ਕਈ ਵਿਲੱਖਣ ਤਸਵੀਰਾਂ ਇਕੱਠੀਆਂ ਕੀਤੀਆਂ ਹਨ- ਜਿਨ੍ਹਾਂ ਵਿੱਚ ਮੂਰਤੀਕਾਰ, ਟ੍ਰਾਂਸ ਕਲਾਕਾਰ ਅਤੇ ਤਾਮਿਲਨਾਡੂ ਦੇ ਮਛੇਰੇ ਸ਼ਾਮਲ ਹਨ। ਕਸ਼ਮੀਰ ਅਤੇ ਲੱਦਾਖ ਦੇ ਉੱਚੇ ਪਹਾੜਾਂ 'ਤੇ, ਰਿਤਾਯਨ ਮੁਖਰਜੀ ਅਤੇ ਮੁਜ਼ਾਮਿਲ ਭੱਟ ਨੇ ਆਜੜੀਆਂ ਦੇ ਨਾਲ਼ ਲੰਬੀ ਦੂਰੀ ਦੀ ਯਾਤਰਾ ਕੀਤੀ ਹੈ ਤਾਂ ਜੋ ਪਸ਼ੂਪਾਲਕਾਂ ਦੇ ਰੋਜ਼ਮੱਰਾ ਦੇ ਉਨ੍ਹਾਂ ਕੰਮਾਂ ਨੂੰ ਕੈਪਚਰ ਕੀਤਾ ਜਾ ਸਕੇ ਜੋ ਜਲਵਾਯੂ ਤਬਦੀਲੀ ਦੀ ਪ੍ਰਕਿਰਿਆ ਦੇ ਅਨੁਕੂਲ ਹੋਣ ਦੀ ਜੱਦੋਜਹਿਦ ਵਿੱਚ ਲੱਗੇ ਰਹਿੰਦੇ ਹਨ। ਜਯੋਤੀ ਸ਼ਿਨੋਲੀ ਨੇ ਪੇਂਡੂ ਮਹਾਰਾਸ਼ਟਰ ਵਿੱਚ ਮੌਜੂਦ ਅਨਿਆਂ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਹੈ - ਪੀੜਤ ਨੌਜਵਾਨ ਖਿਡਾਰੀ, ਪ੍ਰਵਾਸੀ ਮਜ਼ਦੂਰਾਂ ਦੇ ਬੱਚਿਆਂ ਲਈ ਸਿੱਖਿਆ ਪ੍ਰਣਾਲੀ, ਮਾਹਵਾਰੀ ਬਾਰੇ ਸਮਾਜਿਕ ਗ਼ਲਤ ਧਾਰਨਾਵਾਂ ਅਤੇ ਹੋਰ ਬਹੁਤ ਕੁਝ। ਅਤੇ ਅਸੀਂ ਬਿਹਾਰ ਦੇ ਮੁਸਾਹਰ ਭਾਈਚਾਰੇ ਅਤੇ ਸ਼ਰਾਬ ਅਤੇ ਦਾਜ ਕਾਰਨ ਹੋਈਆਂ ਮੌਤਾਂ ਬਾਰੇ ਪਾਰੀ ਫੈਲੋ ਉਮੇਸ਼ ਕ. ਰਾਏ ਦੀਆਂ ਰਿਪੋਰਟਾਂ ਦੀ ਇੱਕ ਪ੍ਰਭਾਵਸ਼ਾਲੀ ਲੜੀ ਪ੍ਰਕਾਸ਼ਤ ਕੀਤੀ ਹੈ।

ਇਸ ਸਾਲ, ਅਸੀਂ ਵੱਖ-ਵੱਖ ਭਾਈਚਾਰਿਆਂ ਅਤੇ ਸਾਂਭ-ਸੰਭਾਲ਼ ਦੁਆਲ਼ੇ ਕੇਂਦਰਿਤ ਕੁਝ ਨਵੇਂ ਸਮਾਜਿਕ ਖੇਤਰਾਂ ਵਿੱਚ ਦਾਖਲ ਹੋਏ ਹਾਂ। ਹਿਮਾਲਿਆ ਪਹਾੜਾਂ ਦੇ ਪੂਰਬ ਵਿੱਚੋਂ ਵਿਸ਼ਾਕਾ ਜਾਰਜ ਨੇ ਪੰਛੀਆਂ ਦੀ ਲੁਪਤ ਹੋਣ ਦੀ ਕਗਾਰ ‘ਤੇ ਖੜ੍ਹੀ ਨਸਲ, ਬੁਗੁਨ ਲਿਓਚਿਕਾਲਾ ਨੂੰ ਉਜਾਗਰ ਕੀਤਾ ਤੇ ਨਾਲ਼ ਹੀ ਸਥਾਨਕ ਵਸਨੀਕਾਂ ਦੀਆਂ ਕੋਸ਼ਿਸ਼ਾਂ ਤੇ ਬਚਾਅ ਦੇ ਤਰੀਕਿਆਂ ਨੂੰ ਵੀ ਸਾਹਮਣੇ ਲਿਆਂਦਾ; ਪ੍ਰੀਤੀ ਡੇਵਿਡ ਦੀ ਰਿਪੋਰਟ 'ਗ੍ਰੇਟ ਇੰਡੀਅਨ ਬਸਟਰਡ' ਰਾਜਸਥਾਨ ਵਿੱਚ ਪੂਰੀ ਤਰ੍ਹਾਂ ਖ਼ਾਤਮੇ ਨੂੰ ਜਾ ਪਹੁੰਚੀ ਨਸਲ ਦੇ ਬਾਰੇ ਵੀ ਹੈ ਜੋ ਰੁੱਖਾਂ ਦੇ ਉਨ੍ਹਾਂ ਪਵਿੱਤਰ ਝੁੰਡਾਂ ਬਾਰੇ ਵੀ ਲਿਖਦੀ ਹਨ ਜੋ ਨਵਿਆਉਣਯੋਗ ਊਰਜਾ ਪਲਾਂਟਾਂ ਦੀ ਲਪੇਟ ਵਿੱਚ ਜਾ ਰਹੇ ਹਨ ਤੇ ਜੋ ਵਿਕਾਸ ਦੇ ਨਾਮ ‘ਤੇ ਹੁਣ ਪਵਿੱਤਰ ਨਹੀਂ ਰਹੇ।

ਜਿਵੇਂ-ਜਿਵੇਂ ਸਾਡੇ ਸਾਹਵੇਂ ਨਵੀਂ ਰਿਪੋਰਟਾਂ ਆ ਰਹੀਆਂ ਹਨ ਅਸੀਂ ਉਨ੍ਹਾਂ ਨੂੰ ਪ੍ਰਕਾਸ਼ਤ ਕੀਤਾ ਹੈ - ਅਸੀਂ ਮਹਾਰਾਸ਼ਟਰ ਦੇ ਪ੍ਰਦਰਸ਼ਨਕਾਰੀ ਕਿਸਾਨਾਂ ਨਾਲ਼ ਪੈਦਲ ਚੱਲੇ ਹਾਂ, ਅਤੇ ਆਪਣੇ ਹੱਕਾਂ ਲਈ ਮਾਰਚ ਕਰ ਰਹੇ ਆਦਿਵਾਸੀਆਂ ਦੇ ਨਾਲ਼-ਨਾਲ਼ ਅੰਦੋਲਨਕਾਰੀ ਆਂਗਣਵਾੜੀ ਵਰਕਰਾਂ ਨਾਲ਼ ਵੀ ਗੱਲਬਾਤ ਕੀਤੀ ਹੈ। ਅਤੇ ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਵਿੱਚ ਦਸੰਬਰ 2023 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ, ਪਾਰਥ ਐੱਮ. ਐੱਨ. ਨੇ ਉੱਥੇ ਦੀ ਸਥਿਤੀ ਦੀ ਯਥਾਰਥਵਾਦੀ ਤਸਵੀਰ ਪੇਸ਼ ਕੀਤੀ। ਉਨ੍ਹਾਂ ਨੇ ਇਨ੍ਹਾਂ ਦੋਵਾਂ ਚੋਣਾਂ ਵਾਲ਼ੇ ਰਾਜਾਂ ਵਿੱਚ ਬੁਲਡੋਜ਼ਰ ਦੀ ਬੇਇਨਸਾਫੀ, ਆਦਿਵਾਸੀਆਂ 'ਤੇ ਅੱਤਿਆਚਾਰ ਅਤੇ ਹਿਰਾਸਤ ਵਿੱਚ ਹੋਈਆਂ ਮੌਤਾਂ ਤੋਂ ਪ੍ਰਭਾਵਿਤ ਲੋਕਾਂ ਦੀ ਅਸਲ ਜ਼ਿੰਦਗੀ ਬਾਰੇ ਰਿਪੋਰਟ ਕੀਤੀ।

ਅਸਲ ਖੇਤਰ ਤੋਂ ਰਿਪੋਰਟਿੰਗ ਕਰਦੇ ਸਮੇਂ, ਅਕਸਰ ਕੁਝ ਛੋਟੀਆਂ 'ਮੁਸਾਫਿਰ' ਲਿਖਤਾਂ ਵੀ ਬਣਦੀਆਂ ਜਾਂਦੀਆਂ ਹਨ, ਜਿਵੇਂ ਕਿ ਮੁਰਸ਼ਿਦਾਬਾਦ ਜ਼ਿਲ੍ਹੇ ਵਿੱਚ ਔਰਤਾਂ ਦੇ ਗੀਤ ਅਤੇ ਬੱਚਿਆਂ ਦੀਆਂ ਖੇਡਾਂ - ਜਿੱਥੋਂ ਸਮਿਤਾ ਖਟੋਰ ਨੇ ਬੀੜੀ ਮਜ਼ਦੂਰਾਂ ਬਾਰੇ ਖ਼ਬਰਾਂ ਇਕੱਠੀਆਂ ਕੀਤੀਆਂ। ਕੁਝ ਕਹਾਣੀਆਂ ਨਿੱਜੀ ਭਾਵਨਾਵਾਂ ਵਿੱਚੋਂ ਵੀ ਉਪਜਦੀਆਂ ਹਨ- ਜਿਵੇਂ ਕਿ ਮੇਧਾ ਕਾਲੇ ਦੀ ਰਿਪੋਰਟ ਵਿੱਚ ਦੇਖਿਆ ਗਿਆ ਹੈ - ਕਿ ਉਨ੍ਹਾਂ ਨੇ ਵੀ ਇੱਕ ਅਧਿਆਪਕ ਅਤੇ ਵਿਸ਼ੇਸ਼ ਅਧਿਆਪਕ ਬਾਰੇ ਸ਼ਾਨਦਾਰ ਰਿਪੋਰਟਾਂ ਬਣਾਈਆਂ। ਸਾਡੇ ਪੱਤਰਕਾਰਾਂ ਨੇ ਪੇਂਡੂ ਭਾਰਤ ਵਿੱਚ ਮਨਾਏ ਜਾਣ ਵਾਲ਼ੇ ਵੱਖ-ਵੱਖ ਤਿਉਹਾਰਾਂ ਨੂੰ ਦੇਖਿਆ ਅਤੇ ਉਨ੍ਹਾਂ ਬਾਰੇ ਖ਼ਬਰਾਂ ਛਾਪੀਆਂ - ਜਿਵੇਂ ਕਿ ਮਾਂ ਬੋਨਬੀਬੀ, ਸ਼ੈਲਾ ਨ੍ਰਿਤਿਯਾ, ਚਾਦਰ ਬਦਨੀ, ਪੀਲੀ ਵੇਸਾ ਅਤੇ ਇਸ ਦੇ ਨਾਲ਼ ਹੀ, ਸਾਡੇ ਕੋਲ਼ ਇੱਕ ਹੋਰ ਰਿਪੋਰਟ ਹੈ- 'Whose shrine is it anyway? (ਮੁਹੱਬਤ ਦਾ ਪੈਗ਼ਾਮ ਦਿੰਦੀ ਦਰਗਾਹ)’।

ਪਾਰੀ ਦੀ ਟੀਮ ਕਈ ਥਾਵੇਂ ਫੈਲੀ ਹੋਈ ਹੈ, ਇਸ ਗੱਲ ਦਾ ਲਾਹਾ ਲੈਂਦਿਆਂ ਅਸੀਂ ਨਾ ਸਿਰਫ਼ ਗਿਗ ਵਰਕਰਾਂ, ਅਨੁਵਾਦਕਾਂ ਦੇ ਉਲਾਸ ਤੇ ਸੰਤਾਪ, ਪ੍ਰਵਾਸੀ ਮਜ਼ਦੂਰਾਂ ਤੇ ਪ੍ਰਵਾਸੀ ਸ਼ਬਦਾਂ ਬਾਰੇ ਹੀ ਲਿਖਿਆ ਸਗੋਂ ਪੇਂਡੂ ਭਾਰਤ ਦੀਆਂ ਔਰਤਾਂ ਵੱਲੋਂ ਬਿਤਾਏ ਜਾਂਦੇ ‘ਫ਼ੁਰਸਤ ਦੇ ਪਲਾਂ’ ਨੂੰ ਵੀ ਰਿਪੋਰਟ ਕੀਤਾ। ਆਉਂਦੇ ਵਰ੍ਹੇ ਵੀ ਅਸੀਂ ਅਜਿਹੇ ਕੁਝ ਲੇਖ ਲਿਖਣ ਦਾ ਸੋਚ ਰਹੇ ਹਾਂ।

PHOTO • Nithesh Mattu
PHOTO • Ritayan Mukherjee

ਅਸੀਂ ਤੱਟਵਰਤੀ ਕਰਨਾਟਕ ਵਿੱਚ ਕਈ ਤਿਉਹਾਰਾਂ ਬਾਰੇ ਰਿਪੋਰਟ ਕੀਤੀ ਹੈ ਜਿਵੇਂ ਕਿ ਪੀਲੀ ਵੇਸ਼ਾ (ਖੱਬੇ) ਅਤੇ ਲੱਦਾਖ ਦੇ ਜ਼ੰਸਕਾਰ ਖੇਤਰ ਵਿੱਚ ਯਾਕ ਪਾਲਕਾਂ (ਸੱਜੇ) ਨਾਲ਼ ਯਾਤਰਾ ਵੀ ਕੀਤੀ ਹੈ

ਪਾਰੀ ਲਈ ਇਹ ਬਹੁਤ ਮਾਣ ਦੀ ਗੱਲ ਹੈ ਕਿ ਨਮਿਤਾ ਵਾਈਕਰ ਦੇ ਪ੍ਰਬੰਧਨ ਹੇਠ ਬਣੇ ਪ੍ਰੋਜੈਕਟ 'ਦਿ ਗ੍ਰਾਈਂਡਮਿਲ ਸੋਂਗਸ ਪ੍ਰੋਜੈਕਟ' ਦਾ ਯੋਗਦਾਨ ਇਸ ਸਾਲ ਵੀ ਜਾਰੀ ਰਿਹਾ ਅਤੇ ਇਸ ਵਾਰ ਇਸ ਦਾ ਇਤਿਹਾਸ ਇੱਕ ਮਨੋਰੰਜਕ ਵੀਡੀਓ ਵਿੱਚ ਪੇਸ਼ ਕੀਤਾ ਗਿਆ। 2023 ਵਿੱਚ, ਅਸੀਂ ਕੱਛੀ ਗੀਤਾਂ ਦਾ ਇੱਕ ਸੰਗ੍ਰਹਿ ਜੋੜਿਆ ਅਤੇ ਸਾਡੀ ਆਪਣੀ ਸੰਸਥਾ ਦੀ ਕਵਿਤਰੀ ਪ੍ਰਤਿਸ਼ਠਾ ਪਾਂਡਿਆ ਨੇ ਕੱਛ ਦੇ ਰਣ ਖੇਤਰ ਤੋਂ ਕਈ ਗੀਤ ਰਿਕਾਰਡ ਕੀਤੇ।

ਇਸ ਸਾਲ ਪਹਿਲੀ ਵਾਰ ਪਾਰੀ 'ਚ ਕਬਾਇਲੀ ਬੱਚਿਆਂ ਦੀਆਂ ਪੇਂਟਿੰਗਾਂ ਨੂੰ ਥਾਂ ਦਿੱਤੀ ਗਈ। ਕਨਿਕਾ ਗੁਪਤਾ ਨੇ ਪੇਂਡੂ ਓਡੀਸ਼ਾ ਦੇ ਬੱਚਿਆਂ ਦੀਆਂ ਪੇਂਟਿੰਗਾਂ ਨੂੰ ਚੰਗੀ ਤਰ੍ਹਾਂ ਜਾਂਚਣ ਅਤੇ ਉਨ੍ਹਾਂ ਨੂੰ ਇਕੱਠੇ ਕਰਨ ਦਾ ਮੁਸ਼ਕਲ ਕੰਮ ਕੀਤਾ। ਕਲਾਕਾਰ ਲਾਬਾਨੀ ਜੰਗੀ ਨੇ ਆਪਣੇ ਚਿਤਰਣ ਹੁਨਰ ਜ਼ਰੀਏ ਪਹਿਲੀ ਦਫ਼ਾ ਪੱਛਮੀ ਬੰਗਾਲ ਦੇ ਦੇਊਚਾ ਪਚਮੀ ਕੋਲ਼ਾ ਖਾਨ ਖੇਤਰ ਵਿੱਚ ਅੰਦੋਲਨ ਦੀ ਅਗਵਾਈ ਕਰਨ ਵਾਲ਼ੀਆਂ ਔਰਤਾਂ ਦੀਆਂ ਕਹਾਣੀਆਂ ਨੂੰ ਦਰਸਾਇਆ।

ਪਾਰੀ-ਐੱਮਐੱਮਐੱਫ਼ ਫੈਲੋ ਜਾਂ ਖੋਜ ਵਿਦਿਆਰਥੀਆਂ ਨੇ ਸੰਕਟ ਵਿੱਚ ਰਹਿ ਰਹੇ ਕਾਰੀਗਰਾਂ ਦੀਆਂ ਕਹਾਣੀਆਂ ਬਣਾਈਆਂ। ਸੰਕੇਤ ਜੈਨ ਨੇ ਮਹਾਰਾਸ਼ਟਰ ਦੇ ਛੋਟੇ ਪਿੰਡਾਂ ਦੇ ਸਧਾਰਣ, ਅਣਜਾਣ ਪਰ ਸ਼ਾਨਦਾਰ ਕਲਾਕਾਰਾਂ ਦੀ ਕਲਾ ਨੂੰ ਸਾਹਮਣੇ ਲਿਆਂਦਾ ਜੋ ਝੋਪੜੀ , ਜਾਲ਼ੀ ਅਤੇ ਕੁਝ ਹੋਰ ਚੀਜ਼ਾਂ ਬਣਾਉਣ ਦੀ ਮੁਹਾਰਤ ਰੱਖਦੇ ਹਨ; ਸ਼ਰੂਤੀ ਸ਼ਰਮਾ ਨੇ ਭਾਰਤ ਦੇ ਖੇਡ ਦੇ ਮੈਦਾਨ ਤੋਂ ਰਿਪੋਰਟ ਕੀਤੀ - ਜਿਨ੍ਹਾਂ ਨੇ ਨਾ ਸਿਰਫ਼ ਸ਼ਿਲਪਕਾਰੀ ਦੀਆਂ ਕਹਾਣੀਆਂ ਦੱਸੀਆਂ, ਬਲਕਿ ਵੱਖ-ਵੱਖ ਮਹੱਤਵਪੂਰਨ ਖੇਡ ਸਮਾਨ ਅਤੇ ਯੰਤਰਾਂ ਦੇ ਦੁਆਲ਼ੇ ਕੇਂਦਰਿਤ ਸਮਾਜਿਕ-ਸੱਭਿਆਚਾਰਕ ਵਾਤਾਵਰਣ ਦੀਆਂ ਕਹਾਣੀਆਂ ਦੱਸੀਆਂ। ਪ੍ਰਕਾਸ਼ ਭੂਈਆਂ ਨੇ ਅਸਾਮ ਦੇ ਮਾਜੁਲੀ ਤੋਂ ਉੱਥੋਂ ਦੀ ਰਾਸ ਪਰੰਪਰਾ ਬਾਰੇ ਲਿਖਿਆ ਸੀ; ਸੰਗੀਤਾ ਸ਼ੰਕਰ ਨੇ ਉੱਤਰੀ ਕੇਰਲ ਦੀ ਤੋਲਪਾਵਕੂਤੁ ਪਰੰਪਰਾ ਬਾਰੇ ਗੱਲ ਕੀਤੀ ਅਤੇ ਫੈਜ਼ਲ ਅਹਿਮਦ ਨੇ ਕਰਨਾਟਕ ਦੇ ਤੁਲੁਨਾਡੂ ਦੀ ਭੂਤ ਕਹਾਣੀ ਸੁਣਾਈ।

ਪਾਰੀ ਦੀ ਫੈਲੋ ਅਮਰੂਤਾ ਨੇ ਲਿੰਗ ਭੇਦਭਾਵ ਦੇ ਨਜ਼ਰੀਏ ਤੋਂ ਸਾਡੇ ਲਿਖਤਾਂ ਦੇ ਸੰਗ੍ਰਹਿ ਵਿੱਚ ਇੱਕ ਹੋਰ ਅਧਿਆਇ ਜੋੜਿਆ, ਜਿਸ ਵਿੱਚ ਆਂਧਰਾ ਪ੍ਰਦੇਸ਼ ਤੋਂ ਕਰਜ਼ੇ ਦੇ ਬੋਝ ਹੇਠ ਦੱਬੇ ਪਰਿਵਾਰਾਂ ਬਾਰੇ ਰਿਪੋਰਟਿੰਗ ਕੀਤੀ ਗਈ।

ਉਪਰੋਕਤ ਤੋਂ ਇਲਾਵਾ, ਪੁਰਾਣੇ ਪੱਤਰਕਾਰਾਂ, ਜਿਨ੍ਹਾਂ ਨੇ ਕਈ ਸਾਲਾਂ ਤੋਂ ਨਿਯਮਤ ਤੌਰ 'ਤੇ ਰਿਪੋਰਟਿੰਗ ਕਰਕੇ ਪਾਰੀ ਆਰਕਾਈਵ ਨੂੰ ਅਮੀਰ ਬਣਾਇਆ ਹੈ, ਨੇ ਵੀ ਆਪਣਾ ਯੋਗਦਾਨ ਜਾਰੀ ਰੱਖਿਆ: ਪੁਰਸ਼ੋਤਮ ਠਾਕੁਰ ਨੇ ਛੱਤੀਸਗੜ੍ਹ ਅਤੇ ਝਾਰਖੰਡ ਦੇ ਵੱਖ-ਵੱਖ ਆਦਿਵਾਸੀ ਭਾਈਚਾਰਿਆਂ ਦੇ ਜੀਵਨ, ਰੋਜ਼ੀ-ਰੋਟੀ ਅਤੇ ਤਿਉਹਾਰਾਂ ਬਾਰੇ ਲਿਖਿਆ, ਨਾਲ਼ ਹੀ ਫ਼ੋਟੋਆਂ ਅਤੇ ਵੀਡੀਓ ਵੀ ਭੇਜੇ। ਸ਼ਾਲਿਨੀ ਸਿੰਘ ਨੇ ਯਮੁਨਾ ਨਦੀ ਦੇ ਕੰਢਿਓਂ ਉਜਾੜੇ ਕਿਸਾਨਾਂ ਬਾਰੇ ਤੇ ਉਰਵਸ਼ੀ ਸਰਕਾਰ ਨੇ ਕੇਕੜਿਆਂ ਦੇ ਸ਼ਿਕਾਰ ਤੇ ਸੁੰਦਰਬਨ ਦੇ ਤਿਮਾਹੀ ਮੈਗ਼ਜ਼ੀਨ ਬਾਰੇ ਲਿਖਿਆ। ਕਵਿਤਾ ਅਈਅਰ ਨੇ ਪੇਂਡੂ ਓਡੀਸ਼ਾ ਵਿੱਚ ਸਕੂਲ ਬੰਦ ਹੋਣ ਬਾਰੇ ਲਿਖਿਆ ਅਤੇ ਐੱਸ. ਸੇਂਥਾਲੀਰ ਨੇ ਬੇਲਾਰੀ ਵਿੱਚ ਮਹਿਲਾ ਮਾਈਨਰਾਂ ਬਾਰੇ ਗੱਲ ਕੀਤੀ। ਸ਼ਵੇਤਾ ਡਾਗਾ ਨੇ ਹਿਮਾਚਲ ਪ੍ਰਦੇਸ਼ 'ਚ ਆਯੋਜਿਤ 'ਪ੍ਰਾਈਡ ਮਾਰਚ' ਦਾ ਵੇਰਵਾ ਦਿੱਤਾ। ਜਿਗਿਆਸਾ ਮਿਸ਼ਰਾ ਨੇ ਮੁੱਲ ਦੀਆਂ ਨੂੰਹਾਂ ਬਾਰੇ ਲਿਖਿਆ ਤੇ ਉਮੇਸ਼ ਸੋਲੰਕੀ ਨੇ ਲਿਫ਼ਾਫ਼ੇ ਅਤੇ ਛਾਣਨੀ ਜਿਹੀਆਂ ਲੋੜੀਂਦੀਆਂ ਸ਼ੈਆਂ ਦੇ ਕਾਰੀਗਰਾਂ ਬਾਰੇ ਲਿਖਿਆ ਅਤੇ ਅਕਾਂਕਸ਼ਾ ਨੇ ਮੁੰਬਈ ਲੋਕਲ ਟ੍ਰੇਨ ਦੇ ਸੰਗੀਤਕਾਰ ਦੇ ਸਫ਼ਰ ਬਾਰੇ ਲਿਖਿਆ ਅਤੇ ਸਮਿਤਾ ਤੁਮਲੁਰੂ ਦੀ ਰਿਪੋਰਟ ਤਾਮਿਲਨਾਡੂ ਦੇ ਇਰੂਲਾ ਦੀ ਜ਼ਿੰਦਗੀ ਦੀ ਕਹਾਣੀ ਬਾਰੇ ਸੀ।

ਸਾਨੂੰ ਕਡਲੂਰ ਵਿੱਚ ਮੱਛੀ ਫੜ੍ਹਨ ਅਤੇ ਹਿਮਾਲਿਆ ਦੀਆਂ ਪਹਾੜੀਆਂ ਵਿੱਚ ਪਸ਼ੂ ਪਾਲਣ ਬਾਰੇ ਡਾ. ਨਿਤਿਆ ਰਾਓ ਅਤੇ ਡਾ ਓਵੀ ਥੋਰਾਟ ਵਰਗੇ ਵਿਦਵਾਨਾਂ ਅਤੇ ਅਕਾਦਮਿਕਾਂ ਤੋਂ ਬਹੁਤ ਸਾਰੇ ਲੇਖ ਮਿਲੇ। ਉਨ੍ਹਾਂ ਦੇ ਲੇਖਾਂ ਦੇ ਨਾਲ਼-ਨਾਲ਼ ਅੰਡਰਗ੍ਰੈਜੂਏਟ ਅਤੇ ਗ੍ਰੈਜੂਏਟ ਵਿਦਵਾਨਾਂ ਨੇ ਵੀ ਉਨ੍ਹਾਂ ਵਿਅਕਤੀਆਂ ਅਤੇ ਭਾਈਚਾਰਿਆਂ ਨੂੰ ਬਿਹਤਰ ਤਰੀਕੇ ਨਾਲ਼ ਸਮਝਣ ਦੇ ਉਦੇਸ਼ ਨਾਲ਼ ਪਾਰੀ ਲਈ ਲਿਖਿਆ - ਜਿਵੇਂ ਕਿ ਵਿਮੁਕਤ ਕਬੀਲੇ, ਪੇਂਡੂ ਬਿਹਾਰ ਵਿੱਚ ਮਹਿਲਾ ਡਾਂਸਰਾਂ, ਕੋਚੀ ਵਿੱਚ ਕੱਪੜੇ ਸਾਫ਼ ਕਰਨ ਵਾਲ਼ੇ ਮਰਦ ਅਤੇ ਔਰਤਾਂ। ਹਾਈ ਸਕੂਲ ਦੇ ਇੱਕ ਵਿਦਿਆਰਥੀ ਨੇ ਪੇਂਡੂ ਭਾਰਤ ਵਿੱਚ ਕੰਮ ਕਰਨ ਵਾਲ਼ੇ ਇੱਕ ਡਾਕੀਏ ਬਾਰੇ ਲਿਖਿਆ।

PHOTO • PARI Team
PHOTO • Ishita Pradeep

ਅਸੀਂ ਆਦਿਵਾਸੀ ਬੱਚਿਆਂ (ਖੱਬੇ) ਦੀਆਂ ਪੇਂਟਿੰਗਾਂ ਦਾ ਇੱਕ ਨਵਾਂ ਸੰਗ੍ਰਹਿ ਸ਼ੁਰੂ ਕੀਤਾ ਅਤੇ ਮੁੰਬਈ ਦੇ ਆਰੇ ਖੇਤਰ ਵਿੱਚ ਆਦਿਵਾਸੀਆਂ ਦੇ ਅੰਦੋਲਨ (ਸੱਜੇ) ਬਾਰੇ ਰਿਪੋਰਟ ਕੀਤੀ

Now a sneak peek at the Best of PARI 2023 – coming up over the next week – a visual treat as well.
ਹੁਣ, 2023 ਵਿੱਚ ਪਾਰੀ ਦੀਆਂ ਸਭ ਤੋਂ ਵਧੀਆ ਲਿਖਤਾਂ 'ਤੇ ਇੱਕ ਨਜ਼ਰ ਮਾਰਦੇ ਚੱਲੀਏ, ਦਿਲਚਸਪ ਦ੍ਰਿਸ਼ਾਂ ਦੀ ਲੜੀ ਅਗਲੇ ਹਫ਼ਤੇ ਤੋਂ ਉਪਲਬਧ ਹੋਵੇਗੀ।

ਅਸੀਂ 'ਮੋਜ਼ੈਕ' ਸਿਰਲੇਖ ਹੇਠ ਆਪਣੀ ਸਭ ਤੋਂ ਵਧੀਆ ਰਿਪੋਰਟ ਨਾਲ਼ ਸ਼ੁਰੂਆਤ ਕਰਦੇ ਹਾਂ- ਇਸ ਸਾਲ ਸਾਡੇ ਆਰਕਾਈਵਜ਼ ਨੂੰ ਚੋਣਵੀਆਂ ਕਵਿਤਾਵਾਂ, ਸੰਗੀਤ ਅਤੇ ਗੀਤਾਂ ਦੁਆਰਾ ਅਮੀਰ ਅਤੇ ਵਿਸਥਾਰਤ ਕੀਤਾ ਗਿਆ। ਇਸ ਤੋਂ ਬਾਅਦ ਸਾਡੀ 'ਲਾਇਬ੍ਰੇਰੀ' ਟੀਮ ਦੀ ਵਾਰੀ ਆਉਂਦੀ ਹੈ- ਜਿਹਨੇ ਸੈਂਕੜੇ ਲੇਖਾਂ ਦੀ ਸਮੀਖਿਆ ਕਰਨ ਵਰਗੇ ਮਹੱਤਵਪੂਰਨ ਕੰਮ ਕੀਤੇ ਹਨ, ਇਹ ਟੀਮ ਸਾਨੂੰ ਦੱਸੇਗੀ ਕਿ ਉਹ ਕਿਹੜੇ ਲੇਖਾਂ ਨੂੰ ਪਹਿਲ ਦੇ ਅਧਾਰ 'ਤੇ ਪ੍ਰਕਾਸ਼ ਵਿੱਚ ਲਿਆਉਣਾ ਚਾਹੁੰਦੇ ਹਨ। ਇਸ ਸਾਲ ਪਾਰੀ ਫ਼ਿਲਮ ਟੀਮ ਨੇ ਬਾਕਸ ਆਫਿਸ 'ਤੇ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ ਅਤੇ ਕਈ ਫ਼ਿਲਮ ਨਿਰਮਾਤਾਵਾਂ ਅਤੇ ਵੀਡੀਓਗ੍ਰਾਫਰਾਂ ਨੇ ਆਪਣੀਆਂ ਪਹਿਲੀਆਂ ਪ੍ਰਾਪਤੀਆਂ ਨਾਲ਼ ਸਾਡੀ ਯੂਟਿਊਬ ਪਲੇ-ਲਿਸਟ 'ਤੇ ਡੈਬਿਊ ਕੀਤਾ ਹੈ। ਪਾਰੀ ਵਿੱਚ ਪ੍ਰਦਰਸ਼ਿਤ ਸਭ ਤੋਂ ਸ਼ਾਨਦਾਰ ਫ਼ਿਲਮਾਂ ਵਿੱਚ ਮਦਰੱਸੇ ਅਜ਼ੀਜ਼ੀਆ 'ਤੇ ਸ਼੍ਰੇਆ ਕਾਤਿਆਯਾਨੀ ਦੀ ਫ਼ਿਲਮ ਅਤੇ ਜੈਸਲਮੇਰ ਵਿੱਚ ਓਰਾਨ ਦੀ ਸੁਰੱਖਿਆ 'ਤੇ ਊਰਜਾ ਦੀ ਫ਼ਿਲਮ ਸ਼ਾਮਲ ਹੈ। ਸਮਾਜਿਕ ਅਧਿਕਾਰਾਂ ਤੋਂ ਵਾਂਝੀਆਂ ਕੂੜਾ ਚੁਗਣ ਵਾਲ਼ੀਆਂ ਔਰਤਾਂ 'ਤੇ ਬਣੀ ਕਵਿਤਾ ਕਾਰਨੇਰੋ ਦੀ ਫ਼ਿਲਮ ਨੇ ਪਾਰੀ 'ਚ ਹੁਣ ਤੱਕ ਦੇ ਸਭ ਤੋਂ ਵਧੀਆ ਸੰਗ੍ਰਹਿ ਦਾ ਦਰਜਾ ਹਾਸਲ ਕੀਤਾ ਹੈ। ਤੁਸੀਂ ਸਾਲ ਦੇ ਅੰਤ ਵਿੱਚ ਪ੍ਰਕਾਸ਼ਤ ਹੋਣ ਵਾਲ਼ੇ ਲੇਖਾਂ ਦੇ ਸੰਗ੍ਰਹਿ ਵਿੱਚ ਇਹਨਾਂ ਦੇ ਨਾਲ਼-ਨਾਲ਼ ਕਈ ਹੋਰ ਚਲਦੇ ਦ੍ਰਿਸ਼ਾਂ ਬਾਰੇ ਸੁਣ ਸਕਦੇ ਹੋ।

ਪਾਰੀ ਵਿੱਚ ਪ੍ਰਕਾਸ਼ਿਤ ਸਾਰੀਆਂ ਰਿਪੋਰਟਾਂ 14 ਭਾਰਤੀ ਭਾਸ਼ਾਵਾਂ ਵਿੱਚ ਦੁਬਾਰਾ ਪ੍ਰਕਾਸ਼ਿਤ ਕੀਤੀਆਂ ਗਈਆਂ ਹਨ। ਅਸੀਂ ਦੇਖਿਆ ਕਿ ਰਿਪੋਰਟ ਨੂੰ ਜਿੰਨੀਆਂ ਵੀ ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਗਿਆ ਉਹਦਾ ਅਸਰ ਓਨਾ ਹੀ ਵੱਧਦਾ ਗਿਆ। ਇਹ ਪਾਰੀਭਾਸ਼ਾ ਦੇ ਅਨੁਵਾਦਕਾਂ ਅਤੇ ਭਾਸ਼ਾ ਸੰਪਾਦਕਾਂ ਦੀ ਟੀਮ ਦੇ ਯਤਨਾਂ ਸਦਕਾ ਹੀ ਸੰਭਵ ਹੋ ਸਕਿਆ ਹੈ। ਸਾਲ ਦੇ ਅੰਤ 'ਤੇ, ਉਨ੍ਹਾਂ ਵੱਲੋ ਸਿਰਜੇ ਗਏ ਕੰਮਾਂ ਦਾ ਹੈਰਾਨੀਜਨਕ ਵੇਰਵਾ ਸਾਹਮਣੇ ਆਵੇਗਾ।

ਪਾਰੀ ਦੇ ਕੇਂਦਰ ਦੀ ਗੱਲ ਕਰੀਏ ਤਾਂ ਇਹ ਥਾਂ ਫ਼ੋਟੋਆਂ ਲਈ ਹੈ ਅਤੇ ਤੁਸੀਂ ਸਾਡੇ ਦੁਆਰਾ ਚੁਣੀਆਂ ਗਈਆਂ 2023 ਦੀਆਂ ਫ਼ੋਟੋਆਂ ਦੇਖ ਸਕਦੇ ਹੋ ਅਤੇ ਵਿਦਿਆਰਥੀਆਂ ਲਈ ਪਾਰੀ ਇੰਟਰਨਸ਼ਿਪ ਜਾਂ ਪੋਸਟ-ਐਜੂਕੇਸ਼ਨ ਸਿਖਲਾਈ ਦੀ ਮਹੱਤਤਾ ਨੂੰ ਵੀ ਜਾਣ ਸਕਦੇ ਹੋ। ਇਸ ਤੋਂ ਇਲਾਵਾ ਇਸ ਸਾਲ ਵੱਖ-ਵੱਖ ਸੋਸ਼ਲ ਮੀਡੀਆ 'ਤੇ ਪ੍ਰਕਾਸ਼ਿਤ ਸਾਡੀਆਂ ਪੋਸਟਾਂ ਬਾਰੇ ਲਿਖੀ ਐੱਸਐੱਮ ਹਾਈਲਾਈਟ ਰੀਲ ਦੇਖਣਾ ਨਾ ਭੁੱਲਣਾ। ਅੰਤ ਵਿੱਚ, ਅਸੀਂ ਇਸ ਸਾਲ ਨੂੰ ਅਲਵਿਦਾ ਕਹਾਂਗੇ ਅਤੇ ਨਵੇਂ ਸਾਲ ਦੀ ਸ਼ੁਰੂਆਤ ਸਾਡੇ ਸੰਪਾਦਕ ਦੇ ਪਸੰਦੀਦਾ ਫੇਸਸ ਆਨ ਪਾਰੀ ਦੇ ਵੇਰਵਿਆਂ ਨਾਲ਼ ਕਰਾਂਗੇ- ਇੱਕ ਮੋਹਰੀ ਪ੍ਰੋਜੈਕਟ ਜੋ ਭਾਰਤੀ ਚਿਹਰਿਆਂ ਦੀ ਵੰਨ-ਸੁਵੰਨਤਾ ਨੂੰ ਸਪੱਸ਼ਟ ਤੌਰ 'ਤੇ ਦਰਸਾਉਂਦਾ ਹੈ।

2023 ਦੇ ਅੰਤ ਤੱਕ, ਪਿਛਲੇ ਨੌਂ ਸਾਲਾਂ ਵਿੱਚ ਸਾਨੂੰ ਪ੍ਰਾਪਤ ਹੋਏ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੁਰਸਕਾਰਾਂ ਦੀ ਗਿਣਤੀ ਹੈਰਾਨੀਜਨਕ 67 ਤੱਕ ਪਹੁੰਚ ਗਈ ਹੈ। ਪਾਰੀ ਦੀ ਸਹਿ-ਸੰਸਥਾਪਕ ਸ਼ਾਲਿਨੀ ਸਿੰਘ ਨੇ ਦਸੰਬਰ ਵਿੱਚ ਸੰਯੁਕਤ ਰਾਸ਼ਟਰ ਪੱਤਰਕਾਰ ਐਸੋਸੀਏਸ਼ਨ ਦੁਆਰਾ ਪੁਰਸਕਾਰ ਜਿੱਤਿਆ ਸੀ। ਸਾਡਾ ਮੰਨਣਾ ਹੈ ਕਿ ਇਨ੍ਹਾਂ ਪੁਰਸਕਾਰਾਂ 'ਤੇ ਪਹਿਲਾ ਅਧਿਕਾਰ ਆਮ ਲੋਕਾਂ ਦਾ ਹੈ ਜਿਨ੍ਹਾਂ ਨੇ ਸਾਨੂੰ ਆਪਣੀ ਜ਼ਿੰਦਗੀ ਦੀਆਂ ਕਹਾਣੀਆਂ ਪੂਰੇ ਦਿਲੋਂ ਸੁਣਾਈਆਂ ਹਨ ਤੇ ਉਨ੍ਹਾਂ ਪੱਤਰਕਾਰਾਂ ਦਾ ਵੀ ਜੋ ਉਨ੍ਹਾਂ ਨਾਲ਼ ਪੈਦਲ ਚੱਲ ਰਹੇ ਹਨ, ਲਿਖਤਾਂ, ਵੀਡੀਓਜ਼, ਫ਼ੋਟੋ ਸੰਪਾਦਕਾਂ ਅਤੇ ਅਨੁਵਾਦਕਾਂ ਦਾ ਵੀ ਹੈ ਜਿਨ੍ਹਾਂ ਨੇ ਉਨ੍ਹਾਂ ਨੂੰ ਪ੍ਰਕਾਸ਼ਤ ਕਰਨ ਲਈ ਕੰਮ ਕੀਤਾ ਹੈ।

ਪਾਰੀ ਦੇ ਸੰਪਾਦਕ ਪੱਤਰਕਾਰਾਂ ਨਾਲ਼ ਨੇੜਿਓਂ ਕੰਮ ਕਰਦੇ ਹਨ, ਉਨ੍ਹਾਂ ਨੂੰ ਸਲਾਹ ਦਿੰਦੇ ਹਨ ਅਤੇ ਉਨ੍ਹਾਂ ਦੀ ਸਮੱਗਰੀ ਨੂੰ ਨਿਖਾਰਦੇ ਹਨ। ਉਹ ਪਾਰੀ ਲਈ ਬਹੁਤ ਮਹੱਤਵਪੂਰਨ ਹਨ ਅਤੇ ਉਨ੍ਹਾਂ ਵਿੱਚ ਅੰਗਰੇਜ਼ੀ ਅਤੇ ਹੋਰ ਭਾਰਤੀ ਭਾਸ਼ਾ ਲਿਖਣ ਵਾਲ਼ੇ ਸੰਪਾਦਕ, ਸਾਡੇ ਨਾਲ਼ ਕੰਮ ਕਰਨ ਵਾਲ਼ੇ ਫ਼ੋਟੋ ਸੰਪਾਦਕ ਅਤੇ ਸਾਡੇ ਨਾਲ਼ ਕੰਮ ਕਰਨ ਵਾਲ਼ੇ ਫ੍ਰੀਲਾਂਸ ਸੰਪਾਦਕ ਵੀ ਸ਼ਾਮਲ ਹਨ।

ਇਹ ਸਿਰਫ਼ ਪਾਰੀ ਡੈਸਕ ਦੇ ਕਾਰਨ ਹੀ ਸੰਭਵ ਹੈ ਕਿ ਇੱਕ ਆਨਲਾਈਨ ਮੈਗਜ਼ੀਨ ਪ੍ਰਕਾਸ਼ਤ ਕਰਨ ਦੇ ਨਾਲ਼-ਨਾਲ਼ ਇੱਕ ਆਰਕਾਈਵ ਬਣਾਉਣਾ ਹੀ ਨਹੀਂ ਸਗੋਂ ਸੰਪਾਦਨ ਕਰਨ ਦੇ ਨਾਲ਼ ਸਮੱਗਰੀ ਵਿੱਚ ਸ਼ਾਮਲ ਜਾਣਕਾਰੀ ਦੀ ਜਾਂਚ ਕਰਨਾ ਅਤੇ  ਲੇਆਉਟ ਤਿਆਰ ਕਰਨਾ ਸ਼ਾਮਲ ਹੋ ਸਕਿਆ। ਸ਼ੁਰੂ ਤੋਂ ਹੀ, ਉਹ ਪੱਤਰਕਾਰਾਂ ਨਾਲ਼ ਨੇੜਿਓਂ ਕੰਮ ਕਰਦੇ ਹਨ ਅਤੇ ਇਹ ਜੋੜ ਅੰਤ (ਸਟੋਰੀ ਪਬਲਿਸ਼ ਹੋਣ) ਤੱਕ ਬਣਿਆ ਰਹਿੰਦਾ ਹੈ ਜਦੋਂ ਤੱਕ ਗ਼ਲਤੀ ਦੀ ਹਰ ਸੰਭਵ ਗੁੰਜਾਇਸ਼ ਖ਼ਤਮ ਨਹੀਂ ਹੋ ਜਾਂਦੀ। ਪ੍ਰਕਾਸ਼ਨ ਪ੍ਰਕਿਰਿਆ ਦਾ ਹਰ ਕਦਮ ਉਨ੍ਹਾਂ ਦੀ ਦੇਖਰੇਖ ਵਿੱਚ ਵੱਧਦਾ ਹੈ ਭਾਵੇਂ ਉਹ ਸਕ੍ਰੀਨ ਦੀ ਗੱਲ ਹੋਵੇ ਜਾਂ ਜਦੋਂ ਤੱਥਾਂ ਦੀ ਸਮੱਗਰੀ ਪ੍ਰਾਪਤ ਕਰਨ ਦੀ ਗੱਲ ਆਉਂਦੀ ਹੋਵੇ ਤਾਂ ਵੀ। ਉਹ ਕਿਸੇ ਵੀ ਸਥਿਤੀ ਦਾ ਸਾਹਮਣਾ ਕਰਨ ਲਈ ਤਿਆਰ ਹੁੰਦੇ ਹਨ।

ਅਸੀਂ 2 ਜਨਵਰੀ, 2024 ਤੋਂ ਆਪਣੇ ਨਿਯਮਤ ਪ੍ਰਕਾਸ਼ਨ ਵੱਲ ਵਾਪਸ ਮੁੜਾਂਗੇ। ਆਉਣ ਵਾਲ਼ੀਆਂ ਸਟੋਰੀਆਂ ਵਿੱਚ ਅਗਰਤਲਾ ਦੇ ਮੇਲੇ ਵਿੱਚ 'ਮੌਤ ਦਾ ਖੂਹ', ਬਿਹਾਰ ਦੇ ਛਾਪਾ ਕਾਰੀਗਰ, ਮਹਾਰਾਸ਼ਟਰ ਵਿੱਚ ਫਿਰਕੂ ਪੁਲਿਸਿੰਗ, ਮੇਰਠ ਦੇ ਲੋਹੇ ਦੇ ਮਜ਼ਦੂਰ ਅਤੇ ਹੋਰ ਬਹੁਤ ਕੁਝ ਸ਼ਾਮਲ ਹੈ।

ਅਗਲੇ ਸਾਲ, ਸਾਡਾ ਉਦੇਸ਼ ਹੋਰ ਵੀ ਕਈ ਤਰੀਕੇ ਦੀਆਂ ਸਟੋਰੀਆਂ ਦੱਸਣਾ ਰਹੇਗਾ ਜਿਨ੍ਹਾਂ ਵਿੱਚ ਹੋਰ ਵੀ ਨਿਖਰੀ ਰਿਪੋਰਟਿੰਗ, ਬਿਹਤਰ ਚਿੱਤਰ ਅਤੇ ਫ਼ਿਲਮਾਂ ਦੇ ਨਾਲ਼-ਨਾਲ਼ ਬਿਹਤਰ ਸ਼ਿਲਪਕਾਰੀ ਵੀ ਸਾਡੇ ਦਾਇਰੇ ਹੇਠ ਆਉਂਦੀ ਰਹੇਗੀ। ਕਿਉਂਕਿ ਸਾਡਾ ਮਕਸਦ ਹੀ ਹੈ ਆਮ ਲੋਕਾਂ ਦੇ ਰੋਜ਼ਮੱਰਾ ਦੇ ਜੀਵਨ ਬਾਰੇ ਲਿਖਦੇ ਜਾਣਾ।

ਤੁਹਾਡਾ ਸ਼ੁਕਰੀਆ!

ਪਾਰੀ ਟੀਮ

ਤਰਜਮਾ: ਕਮਲਜੀਤ ਕੌਰ

Priti David

प्रीती डेव्हिड पारीची वार्ताहर व शिक्षण विभागाची संपादक आहे. ग्रामीण भागांचे प्रश्न शाळा आणि महाविद्यालयांच्या वर्गांमध्ये आणि अभ्यासक्रमांमध्ये यावेत यासाठी ती काम करते.

यांचे इतर लिखाण Priti David
Translator : Kamaljit Kaur

कमलजीत कौर पंजाबच्या रहिवासी असून मुक्त अनुवादक आहेत. त्यांनी पंजाबी साहित्यामध्ये एमए केलं आहे. समाज न्याय आणि समताधिष्ठित असावा असा त्यांचा ठाम विश्वास असून तो प्रत्यक्षात आणण्यासाठी त्या कार्यरत असतात.

यांचे इतर लिखाण Kamaljit Kaur