ਕੰਨੀਸਾਮੀ ਉੱਤਰੀ ਤਾਮਿਲਨਾਡੂ ਦੇ ਤਿਰੂਵੱਲੂਰ ਜ਼ਿਲ੍ਹੇ ਦੇ ਤੱਟਵਰਤੀ ਇਲਾਕਿਆਂ ਦੇ ਪਿੰਡਾਂ ਦੀਆਂ ਸਰਹੱਦਾਂ ਦੀ ਰੱਖਿਆ ਕਰਦਾ ਹੈ। ਮੱਛੀ ਫੜ੍ਹਨ ਵਾਲ਼ੇ ਭਾਈਚਾਰੇ ਦਾ ਇਹ ਸਰਪ੍ਰਸਤ ਦੇਵਤਾ ਇਸ ਭਾਈਚਾਰੇ ਦੇ ਕਿਸੇ ਵਿਅਕਤੀ ਵਰਗਾ ਦਿਖਾਈ ਦਿੰਦਾ ਹੈ। ਉਹਨੇ ਚਮਕੀਲੇ ਰੰਗ ਦੇ ਕੱਪੜੇ ਪਾਏ ਹੋਏ ਹਨ। ਉਸਨੇ ਆਪਣੀ ਕਮਰ 'ਤੇ ਵੇਟੀ (ਚਿੱਟੀ ਧੋਤੀ) ਅਤੇ ਸਿਰ 'ਤੇ ਟੋਪੀ ਪਾਈ ਹੋਈ ਹੈ। ਮਛੇਰੇ ਸਮੁੰਦਰ ਅੰਦਰ ਜਾਣ ਤੋਂ ਪਹਿਲਾਂ ਇਸ ਦੇਵਤੇ ਅੱਗੇ ਸੁਰੱਖਿਅਤ ਕਿਨਾਰੇ ਵਾਪਸ ਮੁੜਨ ਲਈ ਪ੍ਰਾਰਥਨਾ ਕਰਦੇ ਹਨ।
ਮੱਛੀ ਫੜ੍ਹਨ ਵਾਲ਼ੇ ਪਰਿਵਾਰ ਕੰਨੀਸਾਮੀ ਦੇ ਵੱਖ-ਵੱਖ ਰੂਪਾਂ ਦੀ ਪੂਜਾ ਕਰਦੇ ਹਨ। ਇਹ ਪੂਜਾ ਉੱਤਰੀ ਚੇਨਈ ਤੋਂ ਪਲਵੇਰਕਾਡੂ (ਪੁਲੀਕਟ) ਦੇ ਇਲਾਕੇ ਦੀ ਇੱਕ ਮਸ਼ਹੂਰ ਪਰੰਪਰਾ ਰਹੀ ਹੈ।
ਏਨੁਰ ਕੁੱਪਮ ਦੇ ਮਛੇਰੇ ਕੰਨੀਸਾਮੀ ਦੀਆਂ ਮੂਰਤੀਆਂ ਖਰੀਦਣ ਲਈ 7 ਕਿਲੋਮੀਟਰ ਦੀ ਯਾਤਰਾ ਕਰਕੇ ਅਤੀਪੱਟੂ ਆਉਂਦੇ ਹਨ। ਹਰ ਸਾਲ ਜੂਨ ਦੇ ਮਹੀਨੇ ਵਿੱਚ ਇਹ ਤਿਉਹਾਰ ਮਨਾਇਆ ਜਾਂਦਾ ਹੈ ਜੋ ਇੱਕ ਹਫ਼ਤੇ ਤੱਕ ਚੱਲਦਾ ਰਹਿੰਦਾ ਹੈ। 2019 ਵਿੱਚ, ਜਦੋਂ ਇਸ ਪਿੰਡ ਦੇ ਮਛੇਰੇ ਕੰਨੀਸਾਮੀ ਦੀ ਮੂਰਤੀ ਖ਼ਰੀਦਣ ਲਈ ਅਤੀਪੱਟੂ ਗਏ, ਤਾਂ ਮੈਨੂੰ ਉਨ੍ਹਾਂ ਦੀ ਇੱਕ ਟੋਲੀ ਨਾਲ਼ ਯਾਤਰਾ ਕਰਨ ਦਾ ਮੌਕਾ ਮਿਲ਼ਿਆ। ਅਸੀਂ ਉੱਤਰੀ ਚੇਨਈ ਦੇ ਏਨੁਰ ਥਰਮਲ ਪਾਵਰ ਸਟੇਸ਼ਨ ਦੇ ਨੇੜੇ ਕੋਸਾਸਤਲੀਅਰ ਨਦੀ ਦੇ ਕੰਢੇ ਇਕੱਠੇ ਹੋਏ ਅਤੇ ਅਤੀਪੱਟੂ ਵੱਲ ਤੁਰਨਾ ਸ਼ੁਰੂ ਕਰ ਦਿੱਤਾ।
ਅਸੀਂ ਦੋ ਮੰਜ਼ਲਾਂ ਵਾਲ਼ੇ ਇੱਕ ਘਰ ਦੇ ਨੇੜੇ ਪਹੁੰਚੇ। ਜ਼ਮੀਨ 'ਤੇ ਕੰਨੀਸਾਮੀ ਮੂਰਤੀਆਂ ਦੀ ਇੱਕ ਕਤਾਰ ਸੀ। ਮੂਰਤੀਆਂ ਚਿੱਟੇ ਕੱਪੜੇ ਨਾਲ਼ ਢੱਕੀਆਂ ਹੋਈਆਂ ਸਨ। ਇੱਕ 40 ਕੁ ਸਾਲਾ ਵਿਅਕਤੀ, ਜਿਹਨੇ ਚਿੱਟੀ ਪੱਟੀਦਾਰ ਕਮੀਜ਼ ਅਤੇ ਵੇਟੀ (ਧੋਤੀ) ਪਾਈ ਹੋਈ ਸੀ ਅਤੇ ਮੱਥੇ 'ਤੇ ਤਿਰੂਨੀਰ (ਪਵਿੱਤਰ ਸਵਾਹ) ਮਲ਼ੀ ਹੋਈ ਸੀ, ਮੂਰਤੀਆਂ ਕੋਲ਼ ਖੜ੍ਹਾ ਹੋ ਕੇ ਕਪੂਰ ਬਾਲ਼ ਰਿਹਾ ਸੀ। ਉਹ ਮੂਰਤੀਆਂ ਨੂੰ ਮਛੇਰਿਆਂ ਦੇ ਮੋਢੇ 'ਤੇ ਰੱਖਣ ਪਹਿਲਾਂ ਪੂਜਈ (ਪੂਜਾ) ਕਰਦਾ ਹੈ।



































