ਡਿਸਟ੍ਰਿਕਟ ਸੈਂਟਰ ਫਾਰ ਪ੍ਰਮੋਸ਼ਨ ਆਫ਼ ਇੰਡਸਟਰੀ ਐਂਡ ਐਂਟਰਪ੍ਰੈਨਯਰਸ਼ਿਪ ਡਿਵੈਲਪਮੈਂਟ (ਡੀਆਈਪੀਈਡੀਸੀ) ਦੇ ਅਨੁਸਾਰ, ਮੇਰਠ ਵਿੱਚ ਕ੍ਰਿਕਟ ਗੇਂਦ ਨਿਰਮਾਣ ਦੀਆਂ 347 ਇਕਾਈਆਂ ਹਨ। ਇਸ ਗਿਣਤੀ ਵਿੱਚ ਉਦਯੋਗਿਕ ਖੇਤਰਾਂ ਵਿੱਚ ਮੌਜੂਦ ਵੱਡੇ ਕਾਰਖ਼ਾਨੇ ਅਤੇ ਜ਼ਿਲ੍ਹੇ ਦੇ ਸ਼ਹਿਰੀ ਅਤੇ ਪੇਂਡੂ ਰਿਹਾਇਸ਼ੀ ਖੇਤਰਾਂ ਵਿੱਚ ਸਥਿਤ ਛੋਟੀਆਂ ਉਤਪਾਦਨ ਇਕਾਈਆਂ ਸ਼ਾਮਲ ਹਨ।
ਹਾਲਾਂਕਿ, ਇਸ ਅੰਕੜੇ ਵਿੱਚ ਖਿੰਡੇ-ਪੁੰਡੇ ਬਹੁਤ ਸਾਰੇ ਅਸੰਗਠਿਤ ਉਤਪਾਦਨ ਕੇਂਦਰ ਅਤੇ ਘਰੇਲੂ ਇਕਾਈਆਂ ਸ਼ਾਮਲ ਨਹੀਂ ਹਨ, ਜਿੱਥੇ ਪੂਰੀਆਂ ਗੇਂਦਾਂ ਬਣਾਈਆਂ ਜਾਂਦੀਆਂ ਹਨ ਜਾਂ ਕੋਈ ਵਿਸ਼ੇਸ਼ ਕੰਮ ਕੀਤੇ ਜਾਂਦੇ ਹਨ। ਇਨ੍ਹਾਂ ਵਿੱਚ ਮੇਰਠ ਜ਼ਿਲ੍ਹੇ ਦੇ ਜੰਗੇਠੀ, ਗਗੌਲ ਅਤੇ ਭਵਨਪੁਰ ਵਰਗੇ ਪਿੰਡ ਸ਼ਾਮਲ ਹਨ। ਮਦਨ ਕਹਿੰਦੇ ਹਨ, " ਆਜ ਗਾਓਂ ਕੇ ਬਿਨਾ ਬਿਲਕੁਲ ਪੂਰਤੀ ਨਹੀਂ ਹੋਗੀ ਮੇਰਠ ਮੇਂ। ''
ਉਹ ਕਹਿੰਦੇ ਹਨ, "ਪਿੰਡਾਂ ਅਤੇ ਸ਼ਹਿਰਾਂ ਦੀਆਂ ਵੱਡੀਆਂ ਫੈਕਟਰੀਆਂ ਦੇ ਜ਼ਿਆਦਾਤਰ ਕਾਰੀਗਰ ਜਾਟਵ ਹਨ ਕਿਉਂਕਿ ਗੇਂਦਾਂ ਚਮੜੇ ਤੋਂ ਬਣਦੀਆਂ ਹਨ।'' ਸਾਲ 1904 ਦੇ ਜ਼ਿਲ੍ਹਾ ਗਜ਼ੇਟਿਅਰ ਮੁਤਾਬਕ, ਜਾਟਵ ਜਾਂ ਚਮਾਰ ਭਾਈਚਾਰੇ (ਯੂਪੀ ਵਿੱਚ ਪਿਛੜੀ ਜਾਤੀ ਵਜੋਂ ਸੂਚੀਬੱਧ) ਮੇਰਠ ਵਿਖੇ ਚਮੜਾ ਉਦਯੋਗ ਵਿੱਚ ਕਾਮਿਆਂ ਦਾ ਸਭ ਤੋਂ ਵੱਡਾ ਸਮਾਜਿਕ ਸਮੂਹ ਸੀ। ਉਨ੍ਹਾਂ ਅੱਗੇ ਕਹਿੰਦੇ ਹਨ, "ਲੋਕਾਂ ਨੂੰ ਕ੍ਰਿਕਟ ਦੀ ਗੇਂਦ ਦੇ ਰੂਪ ਵਿੱਚ ਚਮੜੇ ਤੋਂ ਕੋਈ ਸਮੱਸਿਆ ਨਹੀਂ ਹੈ ਪਰ ਜਦੋਂ ਇਸੇ ਚਮੜੇ ਨਾਲ਼ ਕੰਮ ਕਰਨ ਦੀ ਗੱਲ ਆਉਂਦੀ ਹੈ, ਤਾਂ ਉਨ੍ਹਾਂ ਨੂੰ ਸਮੱਸਿਆਵਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ।''
ਉਨ੍ਹਾਂ ਦਾ ਪਰਿਵਾਰ ਵੀ ਸ਼ੋਭਾਪੁਰ ਵਿੱਚ ਚਮੜੇ ਦੀ ਫੈਕਟਰੀ ਦਾ ਮਾਲਕ ਹੈ। ਇਹ ਇੱਕੋ ਇੱਕ ਅਜਿਹਾ ਖੇਤਰ ਹੈ ਜਿੱਥੇ ਕ੍ਰਿਕਟ ਬਾਲ ਉਦਯੋਗ ਲਈ ਕੱਚੇ ਚਮੜੇ ਨੂੰ ਫ਼ਟਕਰੀ ਨਾਲ਼ ਸੋਧਿਆ ਜਾਂਦਾ ਹੈ (ਪੜ੍ਹੋ: ਕ੍ਰਿਕਟ ਗੇਂਦ ਦੀ ਚਮਕ ਮਗਰ ਬੇਰੰਗ ਹੁੰਦੇ ਕਾਰੀਗਰਾਂ ਦਾ ਜੀਵਨ)। ਉਹ ਕਹਿੰਦੇ ਹਨ, "ਫ਼ਟਕਰੀ ਨਾਲ਼ ਚਮੜੇ ਦੀ ਸੁਧਾਈ ਨੂੰ ਦੇਖ ਕੇ ਮੈਨੂੰ ਲੱਗਿਆ ਕਿ ਕ੍ਰਿਕਟ ਗੇਂਦਾਂ ਦੀ ਮੰਗ ਕਦੇ ਘੱਟ ਨਹੀਂ ਹੋਵੇਗੀ।'' ਇਹ ਇਸ ਖੇਤਰ ਦੀਆਂ ਦੋ ਕ੍ਰਿਕਟ ਗੇਂਦ ਨਿਰਮਾਣ ਇਕਾਈਆਂ ਵਿੱਚੋਂ ਇੱਕ ਹੈ।
ਮਦਨ ਕਹਿੰਦੇ ਹਨ ਕਿ ਗੇਂਦ ਬਣਾਉਣ ਵਿੱਚ ਲੱਗਣ ਵਾਲ਼ੇ ਘੰਟਿਆਂ ਦਾ ਸਹੀ ਅੰਦਾਜ਼ਾ ਲਗਾਉਣਾ ਮੁਸ਼ਕਿਲ ਹੈ, ਕਿਉਂਕਿ ਬਹੁਤ ਸਾਰੀਆਂ ਪ੍ਰਕਿਰਿਆਵਾਂ ਇਕੱਠੀਆਂ ਚੱਲਦੀਆਂ ਹਨ। ਮੌਸਮ ਅਤੇ ਚਮੜੇ ਦੀ ਗੁਣਵੱਤਾ ਵੀ ਇਸ ਵਿੱਚ ਲੱਗਣ ਵਾਲ਼ੇ ਸਮੇਂ ਨੂੰ ਪ੍ਰਭਾਵਤ ਕਰਦੀ ਹੈ। ਉਨ੍ਹਾਂ ਨੇ ਕਿਹਾ, "ਦੋ ਹਫ਼ਤੇ ਲਗਤੇ ਹੈਂ ਏਕ ਗੇਂਦ ਕੋ ਤੈਆਰ ਹੋਨੇ ਮੇਂ ਕਮ ਸੇ ਕਮ।''
ਮਦਨ ਦੀ ਇਕਾਈ ਦੇ ਕਰਮਚਾਰੀ ਚਮੜੇ ਨੂੰ ਪਹਿਲਾਂ ਫ਼ਟਕਰੀ ਨਾਲ਼ ਸੋਧਦੇ ਹਨ, ਉਸ ਨੂੰ ਲਾਲ ਪੇਂਟ ਕਰਦੇ ਹਨ, ਇਸ ਨੂੰ ਧੁੱਪ ਵਿੱਚ ਸੁਕਾਉਂਦੇ ਹਨ, ਇਸ ਨੂੰ ਤੇਲ ਜਾਂ ਜਾਨਵਰਾਂ ਦੀ ਚਰਬੀ ਨਾਲ਼ ਚੀਕਣਾ (ਲੁਬਰੀਕੇਟ) ਕਰਦੇ ਹਨ ਅਤੇ ਫਿਰ ਇਸ ਨੂੰ ਨਰਮ ਕਰਨ ਲਈ ਲੱਕੜ ਦੇ ਹਥੌੜੇ ਨਾਲ਼ ਸੱਟਾਂ ਮਾਰਦੇ ਹਨ। ਮਦਨ ਦੇ ਅਨੁਸਾਰ, "ਚਿੱਟੀਆਂ ਗੇਂਦਾਂ ਨੂੰ ਕਿਸੇ ਰੰਗ ਦੀ ਲੋੜ ਨਹੀਂ ਹੁੰਦੀ, ਕਿਉਂਕਿ ਫ਼ਟਕਰੀ ਨਾਲ਼ ਸੋਧੀ ਖੱਲ੍ਹ ਪਹਿਲਾਂ ਹੀ ਚਿੱਟੀ ਹੁੰਦੀ ਹੈ। ਉਨ੍ਹਾਂ ਲਈ ਗਾਂ ਦੇ ਦੁੱਧ ਤੋਂ ਬਣੇ ਦਹੀਂ ਨੂੰ ਚਿਕਨਾਈ ਦੇ ਤੌਰ 'ਤੇ ਵਰਤਿਆ ਜਾਂਦਾ ਹੈ।''